ਜਦੋਂ ਮਾਨਵ ਨੇਂ ਆਪਣੀ ਬੁੱਧੀ ਨੂੰ ਤੀਖਣ ਕਰਕੇ ਖ਼ੁਦ ਨੂੰ ਜਾਨਵਰਾਂ ਦੀ ਸ਼ੇਣੀਂ ’ਚੋਂ ਵੱਖ ਕਰਕੇ ਆਪਣੇ-ਆਪ ਨੂੰ ਇਸ ਸ੍ਰਿਸਟੀ ਦਾ ਸਿਰਮੌਰ ਬਣਾ ਲਿਆ ਤਾਂ ਉਸੇ ਨੇਂ ਕੁਝ ਅਜਿਹੀਆਂ ਕਾਢਾਂ ਕੱਢੀਆਂ, ਜਿੰਨ੍ਹਾਂ ਨੇਂ ਅੱਗੇ ਚੱਲ ਕੇ ਉਸ ਦੀ ਵਿਕਾਸਸ਼ੀਲਤਾ ਨੂੰ ਇਨਕਲਾਬੀ ਮੋੜ ਦਿੱਤਾ। ਅਜਿਹੀਆਂ ਕਾਢਾਂ ’ਚੋਂ ਇਕ ਸੀ ਸਮੇਂ ਦੀ ਮਿਣਤੀ। ਪਹਿਲਾਂ ਮਨੁੱਖ ਨੇਂ ਸਮੇਂ ਨੂੰ ਛਿਣ, ਪਲ, ਘੜੀ, ਵਿਸਵੇ ਪਹਿਰ ਆਦਿਕ ’ਚ ਵੰਡਿਆਂ ਤੇ ਫਿਰ ਅੱਗੇ ਚੱਲ ਕੇ ਸਕਿੰਟ, ਮਿੰਟ, ਘੰਟੇ, ਸਾਲ ਅਤੇ ਸਦੀਆਂ ਨਾਲ ਆਪਣੇ ਜੀਵਨ ਅਤੇ ਇਤਿਹਾਸ ਨੂੰ ਤਰਤੀਬਵਾਰ ਕੀਤਾ। ਇਸ ਤੋਂ ਇਲਾਵਾ ਦਿਨ ਅਤੇ ਰਾਤ ਨੂੰ ਦੋ ਭਾਗਾਂ ਵਿਚ ਵੰਡ ਕੇ ਮਨੁੱਖ ਨੇਂ ਦਿਨ ਵਾਲਾ ਭਾਗ ਕੰਮ ਕਰਨ ਅਤੇ ਰਾਤ ਵਾਲਾ ਹਿੱਸਾ ਆਰਾਮ ਕਰਨ ਲਈ ਨਿਯਤ ਕਰ ਲਿਆ।
ਜਿਵੇਂ-ਜਿਵੇਂ ਮਨੁੱਖ ਤਰੱਕੀ ਦੀਆਂ ਪ੍ਰਵਾਜ਼ਾਂ ਭਰਦਾ ਗਿਆ ਤਿਵੇਂ-ਤਿਵੇਂ ਉਸ ਕੋਲ ਸਮੇਂ ਦੀ ਕਮੀਂ ਹੁੰਦੀ ਗਈ। ਇੱਕਵੀਂ ਸਦੀ ’ਚ ਆ ਕੇ ਤਾਂ ਸਮਾਜ ਲਈ ਸਮੇਂ ਦੀ ਕਮੀਂ ਇਕ ਅਲਾਮਤ ਬਣ ਗਈ ਹੈ। ਸਮੇਂ ਦੀ ਘਾਟ ਕਾਰਨ ਨੌਜਵਾਨ ਪੀੜ੍ਹੀ ਪੱਛਮ ਦੇ ਮੁਹਾਂਣ ਨੂੰ ਹੋ ਤੁਰੀ। ਮਾਪੇ ਆਪਣੀਂ ਵਿਅਸਤ ਜਿੰਦਗੀ ’ਚ ਰੋਬੋਟ ਬਣ ਕੇ ਵਿਚਰ ਰਹੇ ਹਨ। ਪਿਤਾ ਦਫ਼ਤਰੀ ਕੰਮਾਂ ’ਚ ਮਸ਼ਰੂਫ਼ ਹੈ ਤੇ ਮਾਂ ਘਰੇਲੂ ਕਾਰਜਾਂ ’ਚ। ਨਤੀਜਾ ਇਹ ਨਿਕਲਿਆ ਕਿ ਔਲਾਦ ਫ਼ੈਸ਼ਨ, ਨਸ਼ਾਖੋਰ੍ਹੀ, ਘੱਟ ਉਮਰ ’ਚ ਸੈਕਸ, ਬਦਮਾਸ਼ੀ ਜਿਹੀਆਂ ਨਾਕਰਾਤਮਕ ਐਬਾਂ ਦੀ ਸ਼ਿਕਾਰ ਹੋ ਗਈ।
ਨੌਜ਼ਵਾਨਾਂ ’ਚ ਆਤਮ-ਹੱਤਿਆ ਦਾ ਰੁਝਾਂਨ ਤੇਜ਼ੀ ਨਾਲ ਵਧਿਆ ਹੈ। ਇਸ ਦਾ ਮੁੱਖ ਕਾਰਨ ਇਹ ਹੀ ਹੈ ਕਿ ਮਾਂ-ਬਾਪ ਕੋਲ ਔਲਾਦ ਲਈ ਸਮਾਂ ਨਹੀਂ ਹੈ। ਪੁਰਾਣਿਆਂ ਸਮਿਆਂ ’ਚ ਕੁੜੀ ਲਈ ਮਾਂ ਤੇ ਮੁੰਡੇ ਲਈ ਬਾਪ ਸਭ ਤੋਂ ਨਜ਼ਦੀਕੀ ਮਿੱਤਰ ਹੁੰਦੇ ਸਨ, ਲੇਕਿਨ ਅੱਜ ਔਲਾਦ ਅਤੇ ਮਾਂ-ਬਾਪ ਵਿਚ ਦੁਸ਼ਮਣਾਂ ਵਰਗਾ ਪਾੜਾ ਹੈ। ਮਾਂ-ਬਾਪ ਕੋਲ ਸਮੇਂ ਦੀ ਕਮਤੀ ਕਾਰਨ ਅਜੋਕੀ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ਕਠੋਰ ਹੁੰਦੀ ਜਾ ਰਹੀ ਹੈ। ਪੀੜ੍ਹੀ ਦਰ ਪੀੜ੍ਹੀ ਹੁੰਦਾ ਆਇਆ ਸੰਸਕਾਰਾਂ ਦਾ ਅਦਾਨ-ਪ੍ਰਦਾਨ ਰੁਕ ਜਾਂਣ ਕਰਕੇ ਨੌਜਵਾਨ ਪੀੜ੍ਹੀ ਕਲੇਸ਼ੀ, ਬਦਕਾਰ, ਨਸ਼ੇੜੀ ਅਤੇ ਮਾਨਸਿਕ ਬਿਮਾਰ ਬਣਦੀ ਜਾ ਰਹੀ ਹੈ।
ਸਮੇਂ ਦੀ ਘਾਟ ਕਾਰਨ ਘਰ ਟੁੱਟ ਰਹੇ ਹਨ। ਧੜਾਧੜ ਹੁੰਦੇ ਤਲਾਕਾਂ ਦਾ ਮੁੱਢ ਸਮੇਂ ਦੀ ਘਾਟ ਬੰਨਦੀ ਹੈ। ਮੀਆਂ-ਬੀਵੀ ਦੋਵਾਂ ਦੀ ਹੀ ਜਿੰਦਗੀ ਫ਼ੁਰਸਤ ਨੂੰ ਤਰਸਦੀ ਹੈ। ਆਪਣੇਂ-ਆਪਣੇਂ ਕੰਮਾਂ ਤੋਂ ਬਾਅਦ ਜੇ ਦੋਵਾਂ ਕੋਲ ਕੋਈ ਸਮਾਂ ਬੱਚਦਾ ਹੈ ਤਾਂ ਉਹ ਪਾਰਟੀਆਂ, ਇੰਟਰਨੈੱਟ, ਟੈਲੀਵਿਜ਼ਨ ਆਦਿ ਦੇ ਭੇਂਟ ਚੜ੍ਹ ਜਾਂਦਾ ਹੈ। ਪਤੀ-ਪਤਨੀ ਬੈਡਰੂਮ ’ਚ ਸਿਰਫ਼ ਸੌਂਣ ਜਾਂਦੇ ਹਨ। ਸਵੇਰੇ ਉੱਠ ਕੇ ਦੋਵੇਂ ‘ਗੁੱਡ ਮੌਰਨਿੰਗ’ ਕਹਿ ਕੇ ਆਪੋ-ਆਪਣੀ ਦੁਨੀਆਂ ’ਚ ਗਵਾਚ ਜਾਂਦੇ ਹਨ। ਦੋਵਾਂ ਦੀ ਭਾਵਨਤਾਮਕ ਸਾਂਝ ਦਮ ਤੋੜਨ ਲੱਗ ਜਾਂਦੀ ਹੈ। ਦੂਰ ਹੋਏ ਜਿਸਮ ਰੂਹਾਂ ’ਚ ਵੀ ਵਿੱਥਾਂ ਪਾ ਦਿੰਦੇ ਹਨ। ਜਿਹੜੀ ਵਿਆਹੁਤਾ ਜਿੰਦਗੀ ਰੰਗੀਨ ਹੋਣੀ ਚਾਹੀਦੀ ਸੀ ਉਹ ‘ਬਲੈਕ ਐਂਡ ਵਾਈਟ’ ਹੋ ਜਾਂਦੀ ਹੈ। ਰੰਗਹੀਣ ਹੋਇਆ ਰਿਸ਼ਤਾ ਜਦੋਂ ਬੋਝ ਬਣ ਜਾਂਦਾ ਹੈ ਤਾਂ ਬੰਦਾ ਉਸ ਤੋਂ ਪਿੱਛਾ ਛੁਡਾਉਂਦਾ ਹੈ। ਅਦਾਲਤਾਂ ’ਚ ਹੋਏ ਲੱਖਾ ਤਲਾਕ ਤੇ ਪੈਡਿੰਗ ਪਏ ਤਲਾਕਾਂ ਦੇ ਮਾਮਲੇ ਇਸ ਦਾ ਸਬੂਤ ਹਨ।
ਸਮੇਂ ਦੀ ਘਾਟ ਨੇਂ ਸਮਾਜ ਦੀ ਭਾਈਚਾਰਕ ਸਾਂਝ ਵੀ ਖਾ ਲਈ ਹੈ। ਲੋਕਾਂ ਦੀ ਮਸਰੂਫ਼ੀਅਤ ਇਸ ਕਦਰ ਵੱਧ ਗਈ ਹੈ ਕਿ ਗਵਾਂਢੀ ਨੂੰ ਖ਼ਬਰ ਨਹੀਂ ਹੁੰਦੀ ਕਿ ਗਵਾਂਢੀ ਦੇ ਘਰ ’ਚ ਕੀ ਹੋ ਰਿਹਾ ਹੈ। ਜੇ ਪਤਾ ਲੱਗ ਜਾਵੇ ਤਾਂ ਵੀ ਖ਼ੁਸ਼ੀ-ਗਮੀਂ ’ਚ ਸ਼ਰੀਕ ਨਹੀਂ ਹੁੰਦੇ। ਕੋਈ ਅਕਾਲ ਚਲਾਣਾਂ ਕਰ ਗਿਆ ਹੈ ਤਾਂ ਲੋਕ ਘਰ ’ਚ ਜਾਂਣ ਦੀ ਬਜਾਇ ਸਿੱਧਾ ਸ਼ਮਸ਼ਾਨਘਾਟ ਜਾਂਦੇ ਹਨ। ਅੰਤਮ ਰਸਮਾਂ ਤੋਂ ਬਾਅਦ ਸ਼ਰਧਾਂਜਲੀ ਸਮਾਗਮ ’ਚ ਹੀ ਦਰਸ਼ਨ ਦਿੰਦੇ ਹਨ। ਇਹੀ ਹਾਲ ਵਿਆਹਾਂ ਦਾ ਹੈ। ਦਸ-ਦਸ ਦਿਨ ਚੱਲਣ ਵਾਲੇ ਵਿਆਹ ਦਸ ਮਿੰਟਾਂ ’ਚ ਸਮਾਪਤ ਹੋ ਜਾਂਦੇ ਹਨ। ਲੋਕ ਗੱਡੀਆਂ ’ਤੇ ਸਵਾਰ ਹੋ ਕੇ ਸਿੱਧੇ ਹੋਟਲਾਂ/ਪੈਲੇਸਾਂ ’ਚ ਪੁੱਜਦੇ ਹਨ। ਸ਼ਗਨ ਪਾ ਕੇ ਖਾਣਾਂ ਸਮੇਟ ਕੇ ਚਾਲੇ ਪਾ ਦਿੰਦੇ ਹਨ। ਰਿਸ਼ਤੇਦਾਰੀ ਕਿੰਨ੍ਹੀ ਵੀ ਨੇੜ ਦੀ ਹੋਵੇ ਅੱਜਕੱਲ੍ਹ ਰਿਸ਼ਤੇਦਾਰਾਂ ਦੀ ‘ਸਟੇਅ’ ਕੁਝ ਮਿੰਟਾਂ ਦੀ ਹੀ ਹੁੰਦੀ ਹੈ। ਕਿਸੇ ਕੋਲ ਰਿਸ਼ੇਦਾਰ/ਸਨੇਹੀ ਦਾ ਦਰਦ ਵੰਡਾਉਂਣ ਦਾ ਸਮਾਂ ਨਹੀਂ ਹੈ। ਸਮੇਂ ਦੀ ਘਾਟ ਕਾਰਨ ਸਮਾਜ ਦੀ ਸਾਂਝ ਵਾਲੀ ਮਾਲਾ ਖਿੰਡਦੀ ਜਾ ਰਹੀ ਹੈ।
ਹੋਰ ਤਾਂ ਹੋਰ ਹੁਣ ਤਾਂ ਲੋਕਾਂ ਕੋਲ ਆਪਣੀ ਸਿਹਤ ਲਈ ਵੀ ਸਮਾਂ ਨਹੀਂ। ਦਸ ਮਿੰਟ ਕਸਰਤ ਲਈ ਕੱਢਣੇ ਮੁਹਾਲ ਹਨ। ਉਹ ਸਮੇਂ ਲੱਦ ਗਏ ਜਦ ਸਵੇਰੇ ਉੱਠ ਕੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਸੈਰ ਕਰਦੇ ਤੇ ਡੰਡ ਪੇਲਦੇ ਸਨ। ਕਸਰਤ ਲਈ ਤਾਂ ਸਮਾਂ ਕੱਢਣਾਂ ਦੂਰ ਸਮੇਂ ਦੀ ਕਮੀਂ ਕਾਰਨ ਲੋਕ ਅਖ਼ਬਾਰ ਵੀ ਪਖਾਨੇ ’ਚ ਪੜ੍ਹਨ ਲੱਗ ਪਏ ਹਨ। ਇਹ ਸਮੇਂ ਦਾ ਹੀ ਦਸਤੂਰ ਹੈ ਕਿ ਉਹ ਲਾਪਰਵਾਹੀਆਂ ਦੇ ਨਤੀਜੇ ਬੜੀ ਜਲਦੀ ਦਿੰਦਾ ਹੈ। ਕਸਰਤ ਤੋਂ ਦੂਰ ਹੋਈਆਂ ਸਿਹਤਾਂ ਬਿਮਾਰੀਆਂ ਦੀ ਪੋਟਲੀਆਂ ਬਣ ਗਈਆਂ ਹਨ। ਦੁਨੀਆਂ ਦੇ ਬਹੁਤੇ ਲੋਕ ਚੱਲਦੇ-ਫਿਰਦੇ ਮੈਡੀਕਲ ਸਟੋਰ ਹਨ।
ਰਿਸਤੇ-ਨ੍ਹਾਤੇ ਸਮਾਂ ਮੰਗਦੇ ਹਨ। ਇਨ੍ਹਾਂ ਲਈ ਕੰਮ ਅਤੇ ਦੌਲਤ ਦੇ ਕੋਈ ਮਾਇਣੇ ਨਹੀਂ ਹਨ। ਪ੍ਰੇਮਿਕਾ ਚਾਹੁੰਦੀ ਹੈ ਕਿ ਉਸ ਦਾ ਪ੍ਰੇਮੀ ਉਸ ਦੇ ਗੋਡੇ ਮੁੱਢ ਬੈਠ ਕੇ ਉਸ ਦੀਆਂ ਸਿਫ਼ਤਾਂ ਦੇ ਕਸੀਦੇ ਪੜ੍ਹੇ। ਬੱਚੇ ਚਾਹੁੰਦੇ ਹਨ ਮੰਮੀ-ਪਾਪਾ ਲਾਡ ਲਡਾਏ ਤੇ ਉਨ੍ਹਾਂ ਨਾਲ ਖੇਡਾਂ ਕਰਨ। ਦੋਸਤ, ਦੋਸਤ ਤੋਂ ਉਮੀਦ ਕਰਦਾ ਹੈ ਕਿ ਉਸ ਦਾ ਦੋਸਤ ਉਸ ਦੇ ਦਰਦਾਂ ਦੀ ਦਵਾ ਬਣੇਂ। ਲੇਕਿਨ, ਕਿਸੇ ਕੋਲ ਸਮਾਂ ਨਹੀਂ ਹੈ। ਰਿਸ਼ਤੇ ਦੇ ਬੂਟੇ ਨੂੰ ਪਿਆਰ ਦੀ ਖਾਦ ਜਰੂਰੀ ਹੁੰਦੀ ਹੈ ਪਰ ਖਾਦ ਪਾਉਂਣ ਲਈ ਵੀ ਤਾਂ ਸਮਾਂ ਚਾਹੀਦਾ ਹੈ। ਲੋਕ ਕਹਿੰਦੇ ਹਨ ਕਿ ਉਨ੍ਹਾਂ ਕੋਲ ਮਰਨ ਲਈ ਵੀ ਸਮਾਂ ਨਹੀਂ ਹੈ ਪਰ ਉਹ ਮਰਦੇ ਹਨ। ਜੇ ਮੌਤ ਟਾਇਮ ਕੱਢ ਸਕਦੀ ਹੈ ਤਾਂ ਫ਼ਿਰ ਜਿੰਦਗੀ ਲਈ ਵੀ ਕੱਢਣਾਂ ਚਾਹੀਦੈ। ਪਰ ਅਫ਼ਸੋਸ ਜਿੰਦਗੀ ਲਈ ਕੋਈ ਸਮਾਂ ਕੱਢਣ ਲਈ ਤਿਆਰ ਨਹੀਂ। ਇਹ ਸਾਰੇ ਜਾਂਣਦੇ ਹਨ ਕਿ ਇਕ ਦਿਨ ਸੰਸਾਰ ਤੋਂ ਜਾਣਾਂ ਹੈ, ਫਿਰ ਇਹ ਅੰਨ੍ਹੀ ਦੌੜ ਕਿਉਂ?
ਕੰਮ ਕਰਨ ਲਈ ਮਸ਼ੀਨਾਂ ਆ ਗਈਆ ਹਨ, ਪਰ ਸਮਾਂ ਫਿਰ ਵੀ ਨਹੀਂ ਬਚਿਆ। ਮਸ਼ੀਨੀ ਯੁੱਗ ’ਚ ਤਾਂ ਸਗੋਂ ਇਨਸਾਨ ਆਪ ਵੀ ਮਸ਼ੀਨ ਹੋ ਗਿਆ ਹੈ, ਪੈਸੇ ਕਮਾਉਂਣ ਵਾਲੀ ਮਸ਼ੀਨ। ਪਹਿਲਾਂ ਲੋਕ ਭਾਰੇ ਕੰਮ ਹੱਥੀਂ ਕਰਕੇ ਰਿਸ਼ਤਿਆਂ ਲਈ ਟਾਇਮ ਕੱਢ ਲੈਂਦੇ ਸਨ। ਹੁਣ ਮਸ਼ੀਨਾਂ ਕੋਲੋਂ ਕੰਮ ਕਰਵਾ ਕੇ ਵੀ ਲੋਕਾਂ ਕੋਲ ਸਮਾਂ ਨਹੀਂ ਹੈ। ਸਿਆਣੇ ਕਹਿੰਦੇ ਨੇਂ ਸਮੇਂ ਦਾ ਪਹੀਆ ਘੁੰਮਦਾ ਰਹਿੰਦਾ ਹੈ, ਹਰ ਹਾਲ ’ਚ ਹਰ ਸੂਰਤ ’ਚ। ਪਰ ਲੱਗਦਾ ਹੈ ਕਿ ਅਜੋਕ ਮਨੁੱਖ ਨੇਂ ਸਮੇਂ ਦਾ ਗੇੜ ਪੁੱਠਾ ਗੇੜ ਦਿੱਤਾ ਹੈ। ਮਨੁੱਖ ਆਪਣੇ ਲਈ ਸਮਾਂ ਨਹੀਂ, ਆਪਣਿਆਂ ਲਈ ਸਮਾਂ ਨਹੀਂ। ਇਸ ਤੋਂ ਪਹਿਲਾਂ ਕਿ ਸੱਚਮੁੱਚ ਸਮੇਂ ਦੀ ਘਾਟ ਪੈ ਜਾਵੇ ਜਿੰਦਗੀ ਲਈ ਸਮਾਂ ਕੱਢ ਲਓ। ਕੁਝ ਪਲ ਜਿੰਦਗੀ ਲਈ, ਕੁਝ ਪਲ ਰਿਸ਼ਤਿਆਂ ਲਈ। ਸਮੇਂ ਦੀ ਬੱਚਤ ਇਉਂ ਕਰੋ ਜਿਉਂ ਮਹਿੰਗਾਈ ’ਚ ਚਾਂਦੀ ਦੀਆਂ ਛਿੱਲੜਾਂ ਦੀ ਕਰਦੇ ਹੋ। ਸਮਾਂ ਜਰੂਰ ਕੱਢੋ, ਆਪਣੇ ਲਈ, ਆਪਣਿਆਂ ਲਈ, ਸਮਾਜ ਲਈ, ਕੌਮ ਲਈ, ਦੇਸ਼ ਲਈ, ਮਾਨਵ ਸੇਵਾ ਲਈ। ਇਹ ਨਾ ਹੋਵੇ ਜਦੋਂ ਅਸੀਂ ਜਹਾਂਨ ਤੋਂ ਜਾਈਏ, ਸਾਡੇ ਜਨਾਜੇ ’ਚ ਸ਼ਾਮਲ ਹੋਣ ਲਈ ਕਿਸੇ ਕੋਲ ਸਮਾਂ ਨਾ ਹੋਵੇ ਤੇ ਫ਼ਿਰ ਇਹ ਚਲਣ ਚੱਲ ਪਵੇ ਕਿ ਬੰਦਾ ਜਿਊਂਦਾ ਹੀ ਆਪਣੇ ਕ੍ਰਿਆ-ਕਰਮ ਲਈ ਕੰਪਨੀਆਂ ਕੋਲ ਪੈਸੇ ਭਰਦਾ ਫਿਰੇ।
ਮਿੰਟੂ ਗੁਰੂਸਰੀਆ
ਪਿੰਡ ਤੇ ਡਾਕ. ਗੁਰੂਸਰ ਯੋਧਾ,
ਤਹਿ. ਮਲੋਟ,
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ (152115)
ਸੰਪਰਕ: 95921-56307


0 comments:
Speak up your mind
Tell us what you're thinking... !