Headlines News :
Home » » ਮੇਰੀ ਬਰਸੀ ਨਾ ਮਨਾਇਓ-ਰਮੇਸ ਸੇਠੀ ਬਾਦਲ

ਮੇਰੀ ਬਰਸੀ ਨਾ ਮਨਾਇਓ-ਰਮੇਸ ਸੇਠੀ ਬਾਦਲ

Written By Unknown on Sunday, 30 June 2013 | 02:45

               ਕਾਰ ਪੂਰੀ ਸਪੀਡ ਨਾਲ ਚੱਲ ਰਹੀ ਸੀ । ਮੈਂ ਦੋ ਤਿੰਨ ਵਾਰ ਡਰਾਇਵਰ ਨੂੰ ਟੋਕਿਆ ਵੀ। ਪਰ ਉਸ ਨੂੰ ਥੋੜੀ ਕਾਹਲੀ ਸੀ ਕਿਉਂਕਿ ਉਹ ਮੈਨੂੰ ਘਰੇ ਛੱਡ ਕੇ ਜਲਦੀ ਆਪਣੇ ਘਰ ਪਹੁੰਚਣਾ ਚਾਹੁੰਦਾ ਸੀ ਖੋਰੇ ਕੋਈ ਖਾਸ ਕੰਮ ਸੀ। ਵੈਸੇ ਤਾਂ ਸੁੱਖ ਗੱਡੀ ਆਪ ਹੀ ਲੈ ਕੇ ਜਾਂਦਾ ਹੈ ਹਰ ਜਗ੍ਹਾ। ਪਰ ਅੱਜ ਬੁੱਧਵਾਰ ਸੀ ਤੇ ਉਸ ਨੇ ਖੁੱਦ ਵੀ ਡਿਊਟੀ ਤੇ ਜਾਣਾ ਸੀ ਤੇ ਵਹੁੱਟੀ ਨੇ ਵੀ । ਇਸੇ ਕਰਕੇ ਉਸਨੇ ਛੋਟੀ ਕਾਰ ਮੈਨੂੰ ਦੇ ਦਿੱਤੀ ਅਖੇ ਡੈਡੀ ਜੀ ਤੁਸੀ ਡਰਾਇਵਰ ਲੈ ਜਾਇਓ ਸ਼ਾਮ ਨੂੰ ਸੋਖੇ ਵਾਪਿਸ ਆਜਾਉਗੇ। ਨਹੀ ਤਾਂ ਇਸ  ਉਮਰ ਚ ਬੱਸ ਤੇ ਦੋ ਸੋ ਕਿਲੋਮੀਟਰ ਸਫਰ ਕਰਨਾ ਕਿਹੜਾ ਸੋਖਾ ਹੈ।
              ਕੰਮ ਤੇ ਕੋਈ ਖਾਸ ਨਹੀ ਸੀ ਪਰ ਮੇਰੇ ਲਈ ਖਾਸ ਹੀ ਸੀ। ਮੈਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਹੈ ਪਿੰਡ ਜਾਣ ਦਾ । ਸਾਰੇ ਭੈਣ ਭਰਾਵਾਂ ਨੂੰ ਮਿਲ ਆਈਦਾ ਹੈ ਨਹੀ ਤਾਂ ਇਸ ਪੱਥਰਾਂ ਦੇ ਸਹਿਰ ਚ ਬੰਦਾ ਤਾਂ ਊਂਈ ਪੱਥਰ ਹੋ ਜਾਏ । ਹੋਰ ਕੋਈ ਸਾਥ ਜੁ ਨਾ ਹੋਇਆ। ਤਿੰਨੇ ਭਰਾਵਾਂ ਦਾ ਵਾਰੀ ਵੱਟੇ ਨਾਲ ਫੋਨ  ਆਇਆ ਕਿ ਪਿਤਾ ਜੀ ਦੀ ਬਰਸੀ ਹੈ ਚਾਚਾ ਜੀ ਤੁਸੀ ਜਰੂਰ ਆਇਉ। ਬਾਈ ਮੇਰੀ ਮਾਸੀ ਦਾ ਪੁੱਤ ਸੀ ਤੇ ਉਧਰੋ ਸਾਡੇ ਸਰੀਕੇ ਚੋ ਮੇਰਾ ਭਰਾ ਸੀ। ਸੋਚਿਆ ਨਾਲੇ ਬਰਸੀ ਤੇ ਹਾਜਰੀ ਲੱਗ ਜੂ ਨਾਲੇ ਮੰਡੀ ਜਾ ਆਵਾਂਗਾ। ਸੁਵੱਖਤੇ ਚਲਿਆ ਸੀ ਦੋ ਘੰਟੇ ਉਹਨਾ ਘਰੇ ਰੁਕਿਆ ਤੇ ਫਿਰ ਮੰਡੀ ਵੀ ਜਾ ਆਇਆ।
            ਬਰਸੀ ਤੇ ਸਾਰੇ ਆਏ ਸੀ।ਬਾਈ ਦੀਆਂ ਤਿੰਨੇ ਭੈਣਾਂ ਦੋਨੇ ਭਰਾ, ਭਤੀਜੇ, ਮੁੰਡਿਆਂ ਦੇ ਸਹੁਰੇ, ਸਾਲੇ, ਸਾਲੇਹਾਰਾਂ । ਤੇ ਸਾਡਾ ਭਾਈਚਾਰਾ । ਮੇਰਾ ਮਤਲਵ ਮਾਸਟਰ ਮਹਿਕਮਾਂ। ਸਾਡੇ ਪਰਿਵਾਰ ਚ ਬਹੁਤੇ ਮਾਸਟਰ ਜੁ ਹਨ । ਸੁੱਖ ਨਾਲ ਪੂਰੀ ਗਹਿਮਾਂ ਗਹਿਮੀ ਸੀ।  ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਸੀ ਤੇ ਫਿਰ ਰੋਟੀ। ਪਹਿਲਾ ਚਿੱਟੇ ਕੁੜਤੇ ਆਲੇ ਭਾਈ ਜੀ ਨੂੰ ਰੋਟੀ ਖਵਾਈ ਗਈ ਤੇ ਲਾਂਗੜ ਜਿਹੀ ਬੰਨੀ ਫਿਰਦੇ ਪੰਡਿਤ ਨੂੰ। ਉਹਨਾ ਦੇ ਘਰੇ ਲੈਜਾਣ ਵਾਸਤੇ ਟਿਫਨ ਵੀ ਭਰੇ ਗਏ। ਸਾਲਾ ਆਹ ਰਿਵਾਜ ਵੀ ਗਲਤ ਹੀ ਹੈ । ਇੱਥੇ ਪੰਡਿਤ ਭਾਈ ਜੀ ਹੀ ਨਹੀ ਹੋਰ ਵੀ ਆਏ ਗਏ ਟਿਫਨ ਭਰੀ ਜਾਂਦੇ ਸਨ। ਜਿਸ ਦਾ ਰਸੋਈ ਤੇ ਕਬਜਾ, ਉਸੇ ਦੀ ਬੱਲੇ ਬੱਲੇ ਸੀ। ਮੇਰੀ ਵੀ ਧੱਕੇ ਨਾਲ ਦੋ ਵਾਰੀ ਖੀਰ ਦੀ ਬਾਟੀ ਭਰਤੀ ਵੱਡੇ ਨੇ , ਅਖੇ ਕਾਂਤਾ ਬਹੁਤ ਸਵਾਦ ਬਨਾਉਂਦੀ ਹੈ ਖੀਰ ਖਾ ਲਉ ਚਾਚਾ ਜੀ। ਬਸ ਨਾ ਨੁਕਰ ਕਰਦੇ ਨੇ  ਖਾ ਹੀ ਲਈ। ਓਦੋ ਦਾ ਔਖਾ ਹੋ ਰਿਹਾ ਹਾਂ। 
              ਰੋਟੀ ਖਾਂਦੇ ਖਾਂਦੇ ਨੂੰ ਖਿਆਲ ਆਇਆ ਕਿ ਨਾ ਗੁੱਡੀ ਨਜਰ ਆਈ ਤੇ ਨਾ ਪ੍ਰਹੁਣਾ।  ਰਹਿਣ ਆਲੇ ਤਾਂ ਬੰਦੇ ਹੈਨੀ ਉਹ। ਕੋਈ ਗੜ੍ਹਬੜ੍ਹ ਜਰੂਰ ਹੈ। ਹੋਰ ਕੋਈ ਮਾਮਲਾ ਹੁੰਦਾ ਤਾਂ ਮੈਵੀ ਚੁੱਪ ਕਰ ਜਾਂਦਾ। ਚੱਲ ਛੱਡ ਯਾਰ ਇਹਨਾਂ ਦਾ ਨਿੱਜੀ ਮਸਲਾ ਹੈ ਆਪਾਂ ਕੀ ਲੈਣਾਂ ਹੈ। ਗੱਲ ਧੀ ਧਿਆਣੀ ਦੀ ਹੈ ਤੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਮੇਰੇ ਕੋਈ ਧੀ ਨਾ ਹੋਣ ਕਰਕੇ ਸਾਨੂੰ ਥੋੜਾ ਜਿਹਾ ਜਿਆਦਾ ਮਹਿਸੂਸ ਹੁੰਦਾ ਹੈ। ਇਹ ਸੋਹਰੀਆਂ ਮੇਰੀ ਕਰਦੀਆਂ ਵੀ ਬਹੁਤ ਹਨ। ਕਦੇ ਧੀ ਦੀ ਕਮੀ ਮਹਿਸੂਸ ਨਹੀ ਹੋਣ ਦਿੰਦੀਆਂ। ਮੈਨੂੰ ਅਚਵੀ ਜਿਹੀ ਲੱਗ ਗਈ ਤੇ ਮੈਥੋਂ ਰਿਹਾ ਨਾ ਗਿਆ। ਮੈਂ ਪੁੱਛ ਹੀ ਲਿਆ ਵੱਡੇ ਤੋਂ। ਉਹ  ਆਂਊ ਗਊਂ ਕਰ ਗਿਆ। ਦੂਜੇ ਦੋਨੋ ਵੀ ਵੱਡੇ ਵੱਲ ਝਾਕ ਕੇ ਚੁੱਪ ਕਰ ਗਏ। ਤੇ  ਮੈਂ ਭਾਬੀ ਨੂੰ ਵੀ ਪੁਛਿਆ ।ਉਹ ਵੀ ਅੱਖਾਂ ਜਿਹੀਆਂ ਭਰ ਆਈ ਤੇ ਜਵਾਬ ਉਸ ਨੇ ਵੀ ਨਹੀ ਦਿੱਤਾ। ਉਸ ਨੂੰ ਤੇ ਦੂਹਰਾ ਦੁੱਖ ਸੀ ਇੱਕ ਤੇ ਬਾਈ ਦੀ ਯਾਦ ਤਾਜਾ ਹੋ ਗਈ ਤੇ ਦੂਜਾ ਧੀ ਦਾ।  ਪਰ ਕੀ ਗੱਲ ਹੋ ਸਕਦੀ ਹੈ?
             ਸਾਲਾ ਮਨ ਹੀ ਬੁਝ ਜਿਹਾ ਗਿਆ। ਉਹ ਬਰਸੀ ਹੀ ਕੀ ਹੋਈ ਕਿ ਧੀ ਜਵਾਈ ਨਾ ਆਵੇ। ਲੱਖ ਮਾੜਾ ਵੀ  ਹੋਵੇ ਜਵਾਈ ਪਰ ਬਰਸੀ ਤੇ ਨਾ ਆਵੇ। ਕਸੂਰ ਕਿਸੇ ਦਾ ਵੀ ਹੋਵੇ। ਵਿਆਹ ਸਾਦੀ ਜੰਮਣੇ ਮਰਨੇ ਮਤਲਵ ਧੀਆਂ ਦੀ ਸਮੂਲੀਅਤ ਜਰੂਰੀ ਹੁੰਦੀ ਹੈ।ਬਾਈ ਤਾਂ ਅਜੇਹਾ ਨਹੀ ਸੀ ਉਹ  ਆਪਣੀ ਧੀ ਤਾਂ ਕੀ ਆਪਣੀਆਂ ਭੈਣਾਂ ਦਾ, ਭਤੀਜੀਆਂ ਦਾ ਬਹੁਤ ਕਰਦਾ ਸੀ। ਹਰ ਗੱਲ ਤੇ ਬਾਈ ਜੋਰ ਜੋਰ ਦੀ ਹੱਸਦਾ। ਸੁੱਖ ਸਾਂਦ ਪੁੱਛਦਾ। ਸੱਚੀ ਗੱਲ ਤਾਂ ਇਹ ਬਾਈ ਸਾਡੇ ਸਾਰਿਆਂ ਤੋਂ ਵੱਡਾ ਸੀ। ਅਸੀ ਹਰ ਕੰਮ ਚ ਬਾਈ ਦੀ ਤੇ ਭਾਬੀ ਦੀ ਰਾਇ ਲੈਂਦੇ। ਪਰ ਬਾਈ ਨੇ ਘਰਦੀ ਚੋਧਰਦਾਰੀ ਬਹੁਤ ਪਹਿਲਾਂ ਹੀ ਛੱਡਤੀ ਸੀ। ਸਾਰੇ ਖੁਦ ਮੁਖਤਿਆਰ ਸਨ। ਸੁੱਖ ਨਾਲ ਪੜ੍ਹੇ ਲਿਖੇ ਸਨ ਤੇ ਵੱਡੇ ਵੱਡੇ ਅਫਸਰ ਲੱਗੇ ਸਨ। ਵਹੁੱਟੀਆਂ ਵੀ ਲੱਗੀਆਂ ਸਨ ਸਰਕਾਰੀ ਨੋਕਰੀ ਤੇ। 
             ਬਾਈ ਨੇ ਗੁੱਡੀ ਨੂੰ ਵੀ ਪੜ੍ਹਾ ਕੇ ਟੀਚਰ ਲਵਾਤੀ ਹਰਿਆਣੇ ਚ ਤੇ ਉੱਥੇ ਲਿਵੇ ਹੀ ਵਿਆਹ ਤੀ। ਬਾਈ ਜਿਨ੍ਹਾ ਚਿਰ ਜਿਉਂਦਾ ਰਿਹਾ ਗੁੱਡੀ ਦਾ ਬਹੁਤ ਕਰਦਾ। ਅਖੇ ਮੇਰਾ ਪੰਜਵਾ ਪੁੱਤ ਹੈ। ਗੁੱਡੀ ਵੀ ਹਰ ਛੁੱਟੀ ਵਾਲੇ ਦਿਨ ਜਰੂਰ ਗੇੜਾ ਮਾਰਦੀ ਤੇ ਜੇ ਕਦੇ ਨਾ ਆਉਂਦੀ ਜਾਂ ਦੱਸ ਦਿਨ ਪੈ ਜਾਦੇ ਤਾਂ ਭਾਬੀ ਬਾਈ ਨੂੰ ਭੇਜ ਦਿੰਦੀ। ਅਸੀ ਤਾਂ ਕਦੇ ਪ੍ਰਹੁਣੇ ਨੂੰ ਵੀ ਉੱਚੀ ਬੋਲਦਾ ਨਹੀ ਸੁਣਿਆ ਸੀ। ਦਾਰੂ ਤਾਂ ਦੂਰ ਦੀ ਗੱਲ ਉਹ ਤਾਂ ਚਾਹ ਵੀ ਨਹੀ ਸੀ ਪੀਂਦਾ। ਘਰੇ ਵੀ ਰੱਬ ਦਾ ਦਿੱਤਾ ਸਭ ਕੁਝ ਸੀ ।ਦੋ ਪੁੱਤ ਸਨ । ਪਰ ਆਏ ਕਿਉਂ ਨਾ? ਇਹ ਵੀ ਖੁੱਲ ਕੇ ਨਹੀ ਦੱਸਦੇ। ਬਾਈ ਦੀ ਬਰਸੀ  ਤੇ ਉਸੇ ਦੀ ਬਰਸੀ ਤੇ ਗੁੱਡੀ ਨਾ ਆਵੇ........।
                       ਮੈਥੋਂ ਅੱਗੇ ਸੋਚ ਨਾ ਹੋਇਆ । ਮੇਰੀ ਬਰਸੀ ਤਾਂ ਨਾਂ ਹੀ ਮਨਾਇਉ ਅਜੇਹੀ। ਦੋ ਤਿੰਨ ਵਾਰ ਮੇਰੇ ਮੂੰਹ ਚੋ ਨਿਕਲਿਆ ਤਾਂ ਡਰਾਇਵਰ  ਡਰ ਗਿਆ ਤੇ ਉਸ ਨੇ ਕਾਰ ਰੋਕ ਦਿੱਤੀ। ਕੀ ਹੋਇਆ ?ਪਰ ਮੇਰੇ ਕੋਲ ਕੋਈ ਜਵਾਬ ਨਹੀ ਸੀ।ਮੈਮੱਥੇ ਤੇ ਆਇਆ ਪਸੀਨਾ ਪੂੰਝਿਆ ਤੇ ਕਿਹਾ ਚੱਲ ਕੁਸ ਨਹੀ। 
                                                                                                                                        ਰਮੇਸ ਸੇਠੀ ਬਾਦਲ
ਮੋ 98 766 27233

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template