ਤੀਜੇ ਨਾਨਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬੜੇ ਹੀ ਸਾਦੇ ਸੁਭਾਅ, ਸਾਦੇ ਪਹਿਰਾਵੇ, ਸੁਹਿੱਰਦ ਅਤੇ ਭਗਤੀ ਭਾਵਨਾ ਵਾਲੇ ਸਨ। ਆਪ ਦਾ ਜਨਮ 5 ਮਈ 1479 ਈ: ਨੂੰ ਪਿਤਾ ਭਾਈ ਤੇਜ ਭਾਨ ਜੀ ਭੱਲੇ ਖੱਤਰੀ ਤੇ ਮਾਤਾ ਸੁਲੱਖਣੀ ਜੀ ਦੇ ਉ ੱਦਰ ਤੋਂ ਪਿੰਡ ਬਾਸਰਕੇ ਗਿੱਲਾਂ ਛੇਹਰਟਾ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਭਾਈ ਅਮਰਦਾਸ ਜੀ, ਭਾਈ ਈਸ਼ਰਦਾਸ ਜੀ, ਭਾਈ ਬਾਬਾ ਖੇਮ ਰਾਇ ਜੀ ਤੇ ਭਾਈ ਮਾਣਕ ਚੰਦ ਜੀ ਚਾਰ ਭਾਈ ਸਨ। ਆਪ ਸਭ ਤੋਂ ਵੱਡੇ ਸਨ। ਆਪ ਜੀ ਦੇ ਸਭ ਤੋਂ ਛੋਟੇ ਭਾਈ ਮਾਣਕ ਚੰਦ ਜੀ ਦੇ ਸਪੁੱਤਰ ਜਸੂ ਜੀ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਵਿਆਹੇ ਹੋਏ ਸਨ। 23 ਸਾਲ ਦੀ ਉਮਰ ਵਿੱਚ 1502 ਈ: ਵਿੱਚ ਆਪ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ। ਮਾਤਾ ਮਨਸਾ ਦੇਵੀ ਜੀ ਬੜੀ ਹੀ ਨੇਕ ਤੇ ਧਾਰਮਿਕ ਵਿਚਾਰਾਂ ਵਾਲੇ ਸਨ। ਆਪ ਜੀ ਦੇ ਗ੍ਰਹਿ ਦੋ ਪੁੱਤਰੀਆਂ ਬੀਬੀ ਦਾਨੀ ਜੀ, ਬੀਬੀ ਭਾਨੀ ਜੀ ਅਤੇ ਦੋ ਸਪੁੱਤਰ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਨੇ ਜਨਮ ਲਿਆ। ਬੀਬੀ ਭਾਨੀ ਜੀ ਦਾ ਵਿਆਹ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨਾਲ ਹੋਇਆ ਸੀ। ਧਰਮ ਦੀ ਕਿਰਤ ਕਰਦਿਆਂ 1521 ਨੂੰ ਆਪ 42 ਵਰਿਆਂ ਦੇ ਹੋ ਗਏ ਸਨ , ਜਦ ਪਹਿਲੀ ਵਾਰ ਦੇਵੀ ਦਰਸਨਾਂ ਲਈ ਗਏ ਲਗਾਤਾਰ ਵੀਹ ਸਾਲ 1541 ਤੱਕ ਹਰ ਛੇ ਮਹੀਨੇ ਬਾਅਦ ਤੀਰਥ ਅਸਥਾਨਾਂ ਤੇ ਦੇਵੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਇੱਕ ਦਿਨ ਦੇਵੀ ਦਰਸਨਾ ਤੋਂ ਵਾਪਸ ਆਉਦਿਆਂ ਇੱਕ ਬ੍ਰਹਮਚਾਰੀ ਦੇ ਮੇਲ ਨੇ ਸਾਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਇਸ ਘਟਨਾ ਦਾ ਆਪ ਜੀ ਦੇ ਜੀਵਨ ਤੇ ਬੜਾ ਗਹਿਰਾ ਪ੍ਰਭਾਵ ਪਿਆ, ਜਿਸ ਨਾਲ ਗੁਰੂ ਧਾਰਨ ਦੀ ਚਾਹ ਪ੍ਰਬਲ ਹੋਈ। ਉਹ ਰਾਤ ਬੜੀ ਬੇਚੈਨੀ ਵਿੱਚ ਲੰਘੀ। ਅੰਮ੍ਰਿਤ ਵੇਲੇ ਆਪ ਜੀ ਦੀ ਨੂੰਹ ਬੀਬੀ ਅਮਰੋ ਜੀ ਦੇ ਕੋਲੋਂ ਇਹ ਸ਼ਬਦ
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।।
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅਮਤੁ ਹਰੇ।।1।।
ਚਿਤ ਚੇਤਸਿ ਕੀ ਨਹੀ ਬਾਵਰਿਆ।।
ਹਰਿ ਬਿਸਰਤ ਤੇਰੇ ਗੁਣ ਗਲਿਆ।।1।। ਰਹਾਉ।।
ਸੁਣ ਕੇ ਤਪਦੇ ਹਿਰਦੇ ਨੂੰ ਸ਼ਾਤੀ ਮਿਲੀ ਤੇ ਗੁਰੂ ਦਰਸ਼ਨਾਂ ਦੀ ਤਾਂਘ ਪੈਦਾ ਹੋਈ। ਜਦ ਆਪ ਨੇ ਆ ਕੇ ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਸਦਾ ਲਈ ਗੁਰੂ ਘਰ ਦੇ ਹੋ ਕੇ ਰਹਿ ਗਏ। ਗੁਰੂ ਅੰਗਦ ਦੇਵ ਜੀ ਲਈ ਅੰਮ੍ਰਿਤ ਵੇਲੇ ਜਲ ਦੀ ਗਾਗਰ ਲਿਆ ਕੇ ਇਸ਼ਨਾਨ ਕਰਾਉਣਾ ਤੇ ਲੰਗਰ ਦੀ ਸੇਵਾ ਕਰਨੀ ਆਪ ਜੀ ਦਾ ਨਿਤਨੇਮ ਬਣ ਚੁੱਕਾ ਸੀ। ਜਦ ਆਪ ਜੀ ਦਾ ਮਿਲਾਪ ਗੁਰੂ ਜੀ ਨਾਲ ਹੋਇਆ ਤਾਂ ਆਪ ਜੀ ਦੀ ਉਮਰ 61 ਸਾਲਾ ਦੀ ਸੀ। ਆਪ ਜੀ ਨੇ ਲਗਾਤਾਰ 11 ਸਾਲ ਗੁਰੂ ਘਰ ਦੀ ਸੇਵਾ ਪੂਰਨ ਨਿਸ਼ਠਾ ਨਾਲ ਨਿਭਾਈ। ਜੁਲਾਹੀ ਦੇ ਅਮਰੂ ਨਿਥਾਵਾਂ ਕਹਿਣ ਤੇ ਆਪ ਨੂੰ ਗੁਰੂ ਜੀ ਨੇ ਬਾਰਾਂ ਵਰ ਦਿੱਤੇ ਕਿਹਾ ਨਿਥਾਵਿਆਂ ਦਾ ਥਾਂਵ, ਨਿਮਾਣਿਆਂ ਦਾ ਮਾਣ, ਨਿਤਾਣਿਆ ਦਾ ਤਾਣ, ਨਿਉਟਿਆਂ ਦੀ ਉਟ, ਨਿਆਸਰਿਆਂ ਦਾ ਆਸਰਾ, ਨਿਪੱਤਿਆਂ ਦੀ ਪੱਤ, ਨਿਗੱਤਿਆਂ ਦੀ ਗੱਤ, ਨਿਧਿਰਿਆਂ ਦੀ ਧਿਰ, ਨਿਲੱਜਿਆਂ ਦੀ ਲੱਜ, ਗਈ ਬਹੋੜ ਬੰਦੀ ਛੋੜ, ਭੰਨਣ ਘੜਣ ਸਮਰੱਥ, ਜਗ ਜੀਵਕਾ ਸਭ ਹੱਥ ਕਹਿ ਆਪ ਦੀ ਵਡਿਆਈ ਕੀਤੀ ਤੇ 1552 ਨੂੰ ਆਪ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਆਪ ਜੀ ਨੇ ਗੋਇੰਦਵਾਲ ਨਗਰ ਵਸਾ ਕੇ ਇਸ ਨੂੰ ਸਿੱਖੀ ਦਾ ਧੁਰਾ ਆਖਿਆ ਤੇ ਗੋਇੰਦਵਾਲ ਸਿੱਖੀ ਪ੍ਰਚਾਰ ਦਾ ਮੁੱਖ ਕੇਂਦਰ ਬਣਿਆ। ਆਪ ਨੇ ਸਿੱਖੀ ਦੇ ਪ੍ਰਚਾਰ ਲਈ 22 ਕੇਂਦਰ ਨਿਯੁਕਤ ਕੀਤੇ ਜਿੰਨ੍ਹਾਂ ਨੂੰ ਮੰਜੀਆਂ ਆਖਿਆ ਜਾਂਦਾ ਹੈ। ਅੱਗੇ ਸਬ ਕੇਂਦਰ ਬਣਾਏ ਜਿੰਨ੍ਹਾਂ ਨੂੰ ਪੀੜ੍ਹੀਆਂ ਦਾ ਨਾਂ ਦਿੱਤਾ ਗਿਆ। ਉ ੱਚੇ ਸੁੱਚੇ ਤੇ ਸੱਚੇ ਕਿਰਦਾਰ ਵਾਲੇ ਸਿੱਖਾਂ ਨੂੰ ਸੇਵਾਦਾਰ ਥਾਪਿਆ ਗਿਆ। ਆਪ ਨੇ ਗਰੀਬ, ਮਜਲੂਮ ਤੇ ਦੱਬੇ ਕੁਚਲੇ ਲੋਕਾਂ ਨੂੰ ਮਾਨ ਸਨਮਾਨ ਬਖਸ਼ਿਆ ਤੇ ਸੀਨੇ ਨਾਲ ਲਾਇਆ। ਲੰਗਰ ਦੀ ਮਰਿਆਦਾ ਵੱਲ ਆਪ ਨੇ ਵਿਸ਼ੇਸ਼ ਧਿਆਨ ਦਿੱਤਾ। ਗੁਰੂ ਦਰਸ਼ਨਾਂ ਲਈ ਆਈਆਂ ਸੰਗਤਾਂ ਲਈ ਪਹਿਲਾਂ ਲੰਗਰ ਛੱਕਣਾ ਆਪ ਨੇ ਜਰੂਰੀ ਬਣਾ ਦਿੱਤਾ। ‘ਪਹਿਲੇ ਪੰਗਤ ਪਾਛੈ ਸੰਗਤ’ ਦੀ ਲੜੀ ਤਹਿਤ ਅਕਬਰ ਬਾਦਸ਼ਾਹ ਨੂੰ ਵੀ ਪੰਗਤ ਵਿੱਚ ਬੈਠ ਕੇ ਲੰਗਰ ਛੱਕਣਾ ਪਿਆ ਸੀ। ਗੁਰੂ ਸਾਹਬ ਨੇ ਊਚ-ਨੀਚ, ਜਾਤ-ਪਾਤ ਦੇ ਅਭਿਮਾਨ ਨੂੰ ਖਤਮ ਕੀਤਾ। ਉਸ ਸਮੇਂ ਦੌਰਾਨ ਔਰਤ ਦੀ ਬਹੁਤ ਦੁਰਦਸ਼ਾ ਹੋ ਰਹੀ ਸੀ। ਔਰਤ ਨੂੰ ਮਰਦ ਪ੍ਰਧਾਨ ਸਮਾਜ ਆਪਣੇ ਪੈਰ ਦੀ ਜੁੱਤੀ ਸਮਝਦਾ ਸੀ। ਗੁਰੂ ਸਾਹਬ ਨੇ ਸਦੀਆਂ ਤੋਂ ਚਲੀ ਆ ਰਹੀ ਸਤੀ ਪ੍ਰਥਾ ਦਾ ਅੰਤ ਕੀਤਾ। ਜਿਸ ਵਿੱਚ ਹਰ ਪਤਨੀ ਨੂੰ ਆਪਣੇ ਪਤੀ ਦੀ ਮੌਤ ਤੇ ਚਿਤਾ ਵਿੱਚ ਜਿੰਦਾ ਸਾੜ ਦਿੱਤਾ ਜਾਦਾ ਸੀ। ਜਿਹੜੀਆਂ ਇਸਤਰੀਆਂ ਨਾਂਹ ਕਰਦੀਆਂ ਸਨ। ਉਹਨਾਂ ਨੂੰ ਜਬਰਦਸਤੀ ਚਿਤਾ ਵਿੱਚ ਸੜਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਆਪ ਨੇ ਸਦੀਆਂ ਤੋਂ ਲਿਤਾੜੇ ਹੋਏ ਮਜ਼ਲੂਮ, ਅਨਪੜ੍ਹ ਤੇ ਗਰੀਬ ਲੋਕਾਂ ਨੂੰ ਭਰਮ-ਭੁਲੇਖੇ ਤੇ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਿਆ ਤੇ ਉਸ ਮਾਲਕ, ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਦਾ ਰਾਹ ਦੱਸਿਆ। ਆਪ ਨੇ ਸਮਾਜ ਵਿੱਚੋਂ ਮਨੁੱਖੀ ਸਮਾਨਤਾ ਨੂੰ ਪਹਿਲ ਦਿੱਤੀ, ਇਸਤਰੀ ਨੂੰ ਮਰਦ ਦੇ ਬਰਾਬਰ ਸਮਾਨਤਾ ਦਿੱਤੀ, ਪਰਦੇ ਦਾ ਰਿਵਾਜ ਹਟਾਇਆ (ਘੁੰਡ ਕੱਢਣਾ), ਸਤੀ ਦੀ ਰਸਮ ਨੂੰ ਰੋਕਿਆ, ਕੁੜੀ ਮਾਰਾਂ ਦਾ ਵਿਰੋਧ ਕੀਤਾ, ਵਿਧਵਾ ਵਿਆਹ ਤੇ ਅੰਤਰ ਸ਼ਰੇਣੀ ਵਿਆਹ ਨੂੰ ਇਜ਼ਾਜਤ ਦਿੱਤੀ, ਵਿਆਹ ਤੇ ਦਾਨ ਦਾ ਵਿਰੋਧ ਕੀਤਾ, ਨਸ਼ਿਆ ਦਾ ਵਿਰੋਧ ਕੀਤਾ, ਭਰਮ ਨਵਿਰਤੀ ਲੋਕਾਈ ਨੂੰ ਭਰਮ-ਭੁਲੇਖਿਆ ‘ਚੌਂ ਕੱਢਿਆ, ਮਿਰਤਕ ਕੁਰੀਤੀਆਂ ਰੋਣ ਪਿੱਟਣ ਤੋਂ ਵਰਜਿਆ, ਮਰਨ ਸਮੇਂ ਦੀਵਾ ਜਗਾਣਾ, ਪਿੰਡ ਪੱਤਲ, ਬਬਾਣ ਕੱਢਣਾ (ਮਰੇ ਨੂੰ ਸਜਾਉਣਾ ਤੇ ਮਖਾਣੇ ਛੁਆਰੇ ਵੰਡਣੇ), ਘੜਾ ਭੰਨਣਾ, ਅਸਥੀਆਂ ਪ੍ਰਵਾਹ ਕਰਨੀਆਂ, ਭੂਤਾਂ ਪ੍ਰੇਤਾਂ ਤੇ ਕਿਰਿਆਂ ਕਰਨ ਵਰਗੇ ਹੋਰ ਵੀ ਅਨੇਕਾਂ ਵਹਿਮਾਂ ਭਰਮਾਂ ਤੋਂ ਵਰਜਿਆ। ਗੁਰੂ ਜੀ ਨੇ ਇੰਨ੍ਹਾਂ ਸਾਰੀਆਂ ਕੁਰੀਤੀਆਂ ਦਾ ਅੰਤ ਕੀਤਾ ਤੇ ਮਨੁੱਖ ਦੇ ਅੰਤ ਵੇਲੇ ਸਿਰਫ ਕੀਰਤਨ ਕਰਨ ਨੂੰ ਪਹਿਲ ਦਿੱਤੀ। ਉਸ ਪ੍ਰਭੂ ਪ੍ਰਮਾਤਮਾ ਨਾਲ ਮੇਲ ਮਿਲਾਪ ਦਾ ਰਾਹ ਸੱਚੀ ਬਾਣੀ ਪੜ੍ਹਨੀ ਦੱਸਿਆ। ਨਾਮ ਜੱਪਣਾ ਦੱਸਿਆ। ਦਸਾਂ ਨਹੁੰਆਂ ਦੀ ਹੱਥੀਂ ਕਿਰਤ ਕਰਨਾ ਦੱਸਿਆ। ਲੋੜਵੰਦਾਂ ਦੀ ਮਦਦ ਕਰਨਾਂ ਦੱਸਿਆ ਜੋ ਸਾਰੀ ਸੰਗਤ ਨੇ ਪ੍ਰਵਾਨ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਦੀ ਸਾਹਿਤ ਨੂੰ ਵੀ ਵਡਮੁੱਲੀ ਦੇਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੀ ਬਾਣੀ ਸਿਰੀ, ਮਾਝ, ਗਉੜੀ, ਆਸਾ, ਗੁਜਰੀ, ਵਡਹੰਸ, ਸੋਰਿਠ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਭੇਰਉ, ਬਸੰਤ, ਸਾਰੰਗ, ਮਲਾਰ ਤੇ ਪ੍ਰਭਾਤੀ 17 ਰਾਗਾਂ ਵਿੱਚ 907 ਸ਼ਬਦ ਹਨ। (ਮਹਾਨ ਕੋਸ਼ ਅਨੁਸਾਰ ਸ਼ਬਦਾਂ ਦੀ ਗਿਣਤੀ 869 ਹੈ) ‘ਅਨੰਦ ਸਾਹਿਬ’ ਆਪ ਜੀ ਦੀ ਮਹਾਨ ਰਚਨਾ ਹੈ। ਇਸ ਬਾਣੀ ਦਾ ਹਰ ਅਵਸਰ ਜਾਂ ਸਮਾਗਮ ਤੇ ਪਾਠ ਹੁੰਦਾ ਹੈ। 40 ਪਉੜੀਆਂ ਦੀ ਇਹ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਪੋਤਰੇ ਅਨੰਦ ਦੇ ਜਨਮ ਸਮੇਂ 1554 ਵਿੱਚ ਉਚਾਰਣ ਕੀਤੀ ਸੀ। ਆਪ ਨੇ ‘ਸਤਿਗੁਰੂ ਬਿਨ੍ਹਾਂ ਹੋਰ ਕੱਚੀ ਹੈ ਬਾਣੀ’ ਦੀ ਚੇਤਾਵਨੀ ਦੇ ਕੇ ਸੰਗਤਾਂ ਨੂੰ ਸੱਚੀ ਬਾਣੀ ਨਾਲ ਜੋੜਿਆ। ਗੋਇੰਦਵਾਲ ਸਾਹਬ ਵਿੱਚ 84 ਪਉੜੀਆਂ ਵਾਲੀ ਬਾਉਲੀ ਆਪ ਦੀ ਉ ੱਤਮ ਦੇਣ ਹੈ। ਜ਼ਿਆਦਾ ਸਮਾਂ ਆਪ ਮਾਝੇ ਵਿੱਚ ਹੀ ਰਹੇ। ਆਪ ਨੇ ਗੁਮਟਾਲਾ, ਤੁੰਗ, ਸੁਲਤਾਨਵਿੰਡ ਅਤੇ ਗਿਲਵਾਲੀ ਆਦਿ ਪਿੰਡਾਂ ਲਾਗੇ 1570 ਨੂੰ ਅੰਮ੍ਰਿਤਸਰ ਵਸਾਉਣ ਲਈ ਮੋਹੜੇ ਗਡਵਾਏ ਤੇ ਉਸ ਅਸਥਾਨ ਦਾ ਨਾਂ ਚੱਕ-ਗੁਰੂ ਰੱਖਿਆ । ਜਿਸਦਾ ਕੰਮ ਗੁਰੂੁ ਰਾਮਦਾਸ ਜੀ ਨੇ ਆਪਣੀ ਨਿਗਰਾਨੀ ਹੇਠ ਆਪ ਕਰਵਾਇਆ। ਆਪ 95 ਵਰੇ 3 ਮਹੀਨੇ ਤੇ 27 ਦਿਨ ਦੀ ਆਯੂ ਵਿੱਚੋਂ 22 ਸਾਲ 5 ਮਹੀਨੇ ਅਤੇ 3 ਦਿਨ ਗੁਰਗੱਦੀ ਤੇ ਬਿਰਾਜਮਾਨ ਰਹੇ। ਆਪ 1 ਸਤੰਬਰ 1574 ਨੂੰ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਂ ਗਏ।
ਪਿੰਡ ਤੇ ਡਾਕ:ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ-143022,
ਮੋਬਾ: 97817-51690



0 comments:
Speak up your mind
Tell us what you're thinking... !