ਸਿਆਣੇ ਕਹਿੰਦੇ ਹੁੰਦੇ ਆ ਕਿ ‘ਕਿਸੇ ਦੇ ਪੱਕੇ ਵੇਖ ਕੇ ਆਪਣੇ ਕੱਚੇ ਨਹੀਂ ਢਾਈਦੇ’, ਜਿੰਨਾਂ ਹੈ ਬਸ ਉਸ ਨਾਲ ਹੀ ਗੁਜ਼ਾਰਾ ਕਰੋ, ਜਿੰਨੀ ਚਾਦਰ ਹੈ ਓਨੇ ਹੀ ਪੈਰ ਪਸਾਰੋ। ਪਰ ਅੱਜ ਦੇ ਸਮੇਂ ’ਚ ਉਲਟਾ ਹੀ ਹੋ ਰਿਹਾ ਹੇ, ਲੋਕ ਪੱਕੇ ਵੇਖ ਕੇ ਆਪਣੇ ਕੱਚੇ ਢਾਹ ਰਹੇ ਨੇ ਤੇ ਚਾਦਰ ਛੋਟੀ ਹੋਣ ਦੇ ਬਾਵਜ਼ੂਦ ਵੀ ਪੈਰ ਬਾਹਰ ਕੱਢ ਰਹੇ ਹਨ। ਅੱਜ ਦੇ ਸਮੇਂ ’ਚ ਕਰਜ ਲੈਣਾ ਇੱਕ ਫੈਸ਼ਨ ਬਣਦਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਲੋਨ ਦੀ ਸੁਵਿਧਾ ਜ਼ਮੀਨ, ਕਾਰ, ਮੋਟਰ ਸਾਈਕਿਲ ਜਾਂ ਹੋਰ ਜ਼ਰੂਰੀ ਚੀਜ਼ਾਂ ਆਦਿ ’ਤੇ ਹੁੰਦੀ ਸੀ। ਲੋਕਾਂ ਦੀਆਂ ਜ਼ਰੂਰਤਾਂ ਵੀ ਘੱਟ ਸਨ ਤੇ ਲੋਕਾਂ ’ਚ ਲੋਕ ਵਿਖਾਵਾ ਕਰਨ ਦਾ ਵੀ ਪ੍ਰਚਲਨ ਨਹੀਂ ਸੀ। ਪਰ ਅੱਜ ਲਗਭਗ ਹਰ ਛੋਟੀ-ਵੱਡੀ ਚੀਜ਼ ’ਤੇ ਲੋਨ ਦੀ ਸੁਵਿਧਾ ਉਪਲਬਧ ਹੈ।ਅੱਜ ਦੇ ਸਮੇਂ ’ਚ ਕਰਜ ਲੈ ਕੇ ਆਪਣੇ ਸ਼ੌਂਕ ਪੂਰੇ ਕਰਨ ਦਾ ਰੁਝਾਨ ਕਾਫੀ ਵਧ ਗਿਆ ਹੈ। ਕਿਉਂਕਿ ਜ਼ਰੂਰਤ ਦੀ ਹਰ ਚੀਜ਼ ’ਤੇ ਲੋਨ ਦੀ ਸੁਵਿਧਾ ਮਿਲ ਜਾਂਦੀ ਹੈ ਤੇ ਇਨਸਾਨ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਰਜ ਚੁੱਕ ਲੈਂਦਾ ਹੈ। ਅੱਜ ਦੇ ਸਮੇਂ ’ਚ ਅਮੀਰਾਂ ਤੋਂ ਇਲਾਵਾ ਮੱਧਮ ਵਰਗੀ ਪਰਿਵਾਰ ਤੇ ਗਰੀਬ ਪਰਿਵਾਰ ਵੀ ਆਪਣੇ ਸ਼ੌਂਕ ਪੂਰੇ ਕਰਨ ਲਈ ਕਰਜ਼ ਹੇਠ ਦੱਬੇ ਪਏ ਹਨ। ਬੈਂਕਾਂ ਤੋਂ ਇਲਾਵਾ ਫਾਈਨਾਂਸਰ ਵੀ ਅੱਜ ਇਸ ਧੰਦੇ ’ਚ ਸਰਗਰਮ ਹਨ। ਬੈਂਕ ਵੀ ਬੰਦੇ ਦੀ ਹੈਸੀਅਤ ਮੁਤਾਬਿਕ ਕਰਜ਼ ਦੇ ਦਿੰਦਾ ਹੈ ਤੇ ਫਾਈਨਾਂਸਰ ਵੀ। ਪਰ ਲੋਨ ਨਾ ਮੋੜਨ ’ਤੇ ਜਿਹੜੀ ਕੁੱਤੇ ਖਾਣੀ ਹੁੰਦੀ ਹੈ, ਉਹ ਕਰਜ਼ ਲੈਣ ਵਾਲਿਆਂ ਨੂੰ ਤੇ ਆਮ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ।
ਕਰਜ਼ ਲੈ ਕੇ ਖੇਤਾਂ ਦੀ ਵਹਾਈ ਕਰਨ ਲਈ ਪਤਾ ਨਹੀਂ ਕਿੰਨੇ ਜੱਟਾਂ ਨੇ ਟਰੈਕਟਰ ਲਏ ਪਰ ਕਰਜ਼ ਸਮੇਂ ਸਿਰ ਨਾ ਮੋੜਨ ਕਰਕੇ ਪਤਾ ਨਹੀਂ ਕਿੰਨੇ ਹੀ ਕਿਸਾਨਾਂ ਨੇ ਆਤਮ ਹੱਤਿਆ ਵਰਗਾ ਕਦਮ ਚੁੱਕਿਆ। ਪੰਜਾਬ ’ਚ ਲੱਗਦੀਆਂ ਟਰੈਕਟਰ ਮੰਡੀਆਂ ਇਸ ਗੱਲ ਦਾ ਗਵਾਹ ਹਨ ਕਿ ਕਰਜ਼ ਲੈ ਕਿਸਾਨ ਟਰੈਕਟਰ ਤਾਂ ਖਰੀਦ ਲੈਂਦਾ ਹੈ ਪਰ ਕਰਜ਼ ਮੋੜਨ ਦਾ ਡਰ ਉਸਨੂੰ ਆਪਣੇ ਟਰੈਕਟਰ ਨੂੰ ਮੰਡੀ ’ਚ ਲਿਆ ਕੇ ਖੜ੍ਹਾ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ। ਕਰਜ਼ ਨਾ ਮੋੜਨ ਕਰਕੇ ਸਿਰਫ ਕਿਸਾਨਾਂ ਨੇ ਹੀ ਖੁਦ ਖੁਸ਼ੀਆਂ ਨਹੀਂ ਕੀਤੀਆਂ, ਕਿਸਾਨਾਂ ਤੋਂ ਇਲਾਵਾ ਸਮਾਜ ’ਚ ਲਗਭਗ ਹਰ ਵਰਗ ਜਿਹੜਾ ਕਰਜ਼ ਮੋੜਨ ’ਚ ਅਸਫਲ ਰਿਹਾ ਹੈ ਜਾਂ ਤਾਂ ਉਸਨੇ ਆਪਣਾ ਘਰ ਬਾਰ ਛੱਡ ਦਿੱਤਾ ਜਾਂ ਫਿਰ ਆਤਮ ਹੱਤਿਆ ਵਰਗਾ ਕਦਮ ਚੁੱਕ ਲਿਆ।
ਅੱਜ ਦੇ ਸਮੇਂ ’ਚ ਲਗਭਗ ਜ਼ਰੂਰਤ ਦੀ ਹਰ ਵਸਤੂ ਕਰਜ਼ ’ਤੇ ਮਿਲ ਜਾਂਦੀ ਹੈ। ਬਜ਼ਾਰ ’ਚ ਬੈਠੇ ਫਾਈਨਾਂਸਰ ਤਾਂ 2000 ਰੁਪਏ ਦੀ ਚੀਜ਼ ਲਈ ਵੀ ਕਰਜ਼ਾ ਦੇ ਦਿੰਦੇ ਹਨ। ਬੈਂਕ ਆਪਣੀਆਂ ਸ਼ਰਤਾਂ ’ਤੇ ਕਰਜ਼ ਦਿੰਦਾ ਹੈ ਪਰ ਫਾਈਨਾਂਸਰ ਆਪਣੇ ਲਾਭ ਲਈ ਹੀ ਕਰਜ਼ ਦਿੰਦਾ ਹੈ। ਜਿੱਥੇ ਬੈਂਕਾਂ ’ਚ ਕਈ ਵਾਰ ਜ਼ੀਰੋ ਪ੍ਰਤੀਸ਼ਤ ਵਿਆਜ਼ ’ਤੇ ਵੀ ਕਰਜ਼ ਦਿੱਤਾ ਓਥੇ ਹੀ ਫਾਈਨਾਂਸਰਾਂ ਵੱਲੋਂ ਕਿਸੇ ਜ਼ਰੂਰਤਮੰਦ ਵਿਅਕਤੀ ਨੂੰ 5 ਪ੍ਰਤੀਸ਼ਤ ਤੋਂ ਲੈ ਕੇ 25 ਪ੍ਰਤੀਸ਼ਤ ਦੀ ਵਿਆਜ਼ ਦਰ ’ਤੇ ਵੀ ਕਰਜ਼ ਦਿੱਤਾ ਜਾਂਦਾ ਹੈ। ਬੈਂਕ ਤਾਂ ਲੋਕਾਂ ਕਰਜ਼ਾ ਮੋੜਨ ਲਈ ਜ਼ਿਆਦਾ ਪਰੇਸ਼ਾਨ ਨਹੀਂ ਕਰਦੇ ਪਰ ਫਾਈਨਾਂਸਰ ਆਪਣੇ ਪੈਸੇ ਕਢਵਾਉਣ ਲਈ ਹਦ ਤੋਂ ਵੀ ਵੱਧ ਮਾੜਾ ਸਲੂਕ ਕਰਦੇ ਹਨ। ਅੱਜ ਦੇ ਸਮੇਂ ’ਚ ਤਾਂ ਪੜ੍ਹਾਈ ’ਤੇ ਵੀ ਲੋਨ ਦਿੱਤਾ ਜਾਣ ਲੱਗ ਪਿਆ ਹੈ। ਲੋਨ ਨਾ ਮੋੜਨ ਦੀ ਸੂਰਤ ’ਚ ਬੈਂਕ ਵੀ ਤੇ ਫਾਈਨਾਂਸ ਵੀ ਤੁਸੀਂ ਲੋਨ ’ਤੇ ਜਿਹੜੀ ਵੀ ਚੀਜ਼ ਖਰੀਦੀ ਹੈ ਚੁੱਕ ਕੇ ਲੈ ਜਾਂਦੇ ਹਨ।
ਅੱਜ ਦਾ ਯੁੱਗ ਇੰਟਰਨੈੱਟ ਯੁੱਗ ਹੈ, ਵੱਡੀਆਂ ਕੰਪਨੀਆਂ ਨੇ ਵੀ ਇੰਟਰਨੈੱਟ ’ਤੇ ਆਪਣੇ ਪ੍ਰੋਡਕਟ ਵੇਚਣ ਲਈ ਵੈਬਸਾਈਟਾਂ ਬਣਾਈਆਂ ਹੋਈਆਂ ਹਨ। ਇੰਟਰਨੈੱਟ ’ਤੇ ਵੀ ਅੱਜ ਦੇ ਸਮੇਂ ’ਚ ਲੋਨ ਦੀ ਸੁਵਿਧਾ ਹੈ। ਇੰਟਰਨੈੱਟ ’ਤੇ ਕਈ ਕੰਪਨੀਆ ਈਐਮਆਈ (ਐਵਰੀ ਮੰਥ ਇਨਸਟਾਲਮੈਂਟ) ’ਤੇ ਆਪਣੇ ਪ੍ਰੋਡਕਟ ਵੇਚ ਰਹੀਆਂ ਹਨ, ਜਿਹੜੀਆਂ ਚੰਗੇ ਬੈਂਕਾਂ ਦੇ ਕਰੈਡਿਟ ਕਾਰਡ ਹੀ ਲੋਨ ਲਈ ਮੰਗਦੀਆਂ ਹਨ। ਇਨ੍ਹਾਂ ਵੈਬਸਾਈਟਾਂ ’ਤੇ ਘਰੇਲੂ ਵਸਤਾਂ ਜਾਂ ਮੋਬਾਈਲ ਫੋਨ ਦੀ ਵਿੱਕਰੀ ਜ਼ਿਆਦਾ ਹੁੰਦੀ ਹੈ। ਕਿਉਂਕਿ ਅੱਜ ਦੇ ਸਮੇਂ ’ਚ ਹਰ ਬੰਦਾ ਚਾਹੁੰਦਾ ਹੈ ਕਿ ਉਸਦੇ ਹੱਥ ’ਚ ਵਧੀਆ ਮੋਬਾਈਲ ਹੋਵੇ, ਪਰ ਇਕੱਠੇ ਪੈਸੇ ਨਾ ਦੇਣ ਕਰਕੇ ਉਹ ਮਹਿੰਗਾ ਮੋਬਾਈਲ ਨਹੀਂ ਖਰੀਦ ਸਕਦਾ। ਜਿਸਦਾ ਲਾਭ ਕੰਪਨੀਆਂ ਨੇ ਬਖੂਬੀ ਚੁੱਕਿਆ ਹੈ। ਕੰਪਨੀਆਂ ਲਗਭਗ ਤਿੰਨ ਮਹੀਨੇ ਤੋਂ ਛੇ ਮਹੀਨੇ ਤੱਕ ਲੋਨ ਵਾਪਿਸ ਕਰਨ ਦੀ ਸ਼ਰਤ ’ਤੇ ਤੁਹਾਨੂੰ ਵਧੀਆ ਫੋਨ ’ਤੇ ਲੋਨ ਦੇ ਦਿੰਦੀਆਂ ਹਨ।
ਅੱਜ ਸਮੇਂ ’ਚ ਕਰੋੜਾਂ ਭਾਰਤ ਵਾਸੀ ਕਰਜ਼ ਦੇ ਬੋਝ ਹੇਠ ਦੱਬੇ ਪਏ ਹਨ, ਜਿਸਦਾ ਸਭ ਤੋਂ ਵੱਡਾ ਕਾਰਨ ਹੈ ਲੋਕ ਵਿਖਾਵਾ। ਲੋਕ ਵਿਖਾਵਾ ਕਰਨ ਲਈ ਲੋਕ ਕਰਜ਼ ਲੈ ਕੇ ਆਪਣੇ ਸ਼ੌਂਕ ਨੂੰ ਤਾਂ ਪੂਰਾ ਕਰ ਲੈਂਦੇ ਹਨ ਪਰ ਲੋਨ ਵਾਪਸ ਨਾ ਕਰਨ ਦੀ ਸੂਰਤ ’ਚ ਜੋ ਸਲੂਕ ਓਨ੍ਹਾਂ ਨਾਲ ਕੀਤਾ ਜਾਂਦਾ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਜੇਕਰ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨਾ ਹੈ ਤਾਂ ਲੋਨ ਤੋਂ ਬਚੋ, ਕਿਉਂਕਿ ਕਰਜ਼ ਇੱਕ ਅਜਿਹੀ ਚੀਜ਼ ਹੈ ਜਿਹੜੀ ਕਦੇ ਘਟਦੀ ਨਹੀਂ ਸਗੋਂ ਵਧਦਾ ਹੀ ਜਾਂਦੀ ਹੈ। ਅੱਜ ਹਰ ਮਨੁੱਖ ਨੂੰ ਜ਼ਰੂਰਤ ਹੈ ਇੱਕ ਸਾਫ ਸੁਥਰੀ ਤੇ ਕਰਜ਼ ਮੁਕਤ ਜ਼ਿੰਦਗੀ ਜਿਊਣ ਦੀ, ਕਿਉਂਕਿ ਜਿਸ ਬੰਦੇ ਸਿਰ ਕਰਜ਼ ਹੁੰਦਾ ਹੈ ਨਾ ਤਾਂ ਉਹ ਆਪ ਸੁਖੀ ਰਹਿੰਦਾ ਹੈ ਤੇ ਨਾ ਹੀ ਉਸਦੇ ਪਰਿਵਾਰਕ ਮੈਂਬਰ।
ਸੰਦੀਪ ਜੈਤੋਈ
81465-73901

0 comments:
Speak up your mind
Tell us what you're thinking... !