ਭਾਰਤ ਵਿਚ ਕ੍ਰਿਕਟ ਇਕ ਖੇਡ ਨਹੀਂ ਧਰਮ ਹੈ। ਉਹ ਧਰਮ, ਜਿਸ ਵਿਚ ਆ ਕੇ ਸਭ ਬੁਰਾਈਆਂ ਪਵਿੱਤਰ ਹੋ ਜਾਂਦੀਆਂ ਹਨ। ਕ੍ਰਿਕਟ ਦੇ ਜਨੂੰਨੀ ਲੋਕ ਖਿਡਾਰੀਆਂ ਨੂੰ ਰੱਬ ਦਾ ਦਰਜਾ ਦੇ ਕੇ ਉਨ੍ਹਾਂ ਦੇ ਨਾਂਅ ਦੇ ਮੰਦਰ ਬਣਾਕੇ ਵਿਚ ਪੂਜਾ ਕਰਦੇ ਹਨ, ਪਰ ਦਹਾਕਿਆਂ ਤੋਂ ਕ੍ਰਿਕਟ ਦਾ ਧਰਮ ਤੇ ਧਰਮ ਦੇ ਸੰਚਾਲਕ ਖਿਡਾਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਛਲ ਰਹੇ ਹਨ। ਖਿਡਾਰੀ ਮੈਚ ਫ਼ਿਕਸ ਕਰਕੇ ਮਾਲਾਮਾਲ ਹੋ ਰਹੇ ਹਨ ਤੇ ਆਪਣੇ ਭਰੋਸੇ ਦੇ ਟੁੱਕੜਿਆਂ ਨੂੰ ਦੇਖ ਕੇ ਕ੍ਰਿਕਟ ਪ੍ਰੇਮੀ ਅੱਖਾਂ ’ਚ ਘਸੁੰਨ ਦੇ ਕੇ ਰੋ ਰਹੇ ਹਨ। ਕ੍ਰਿਕਟ ਪ੍ਰੇਮੀ ਆਹਤ ਹੋ ਕੇ ਇਕ ਵਾਰ ਤਾਂ ਕ੍ਰਿਕਟ ਨਾ ਦੇਖਣ ਦੀ ਸਹੁੰ ਖਾ ਲੈਂਦੇ ਹਨ, ਪਰ ਜਦੋਂ ਉਨ੍ਹਾਂ ਦੇ ਹੀਰੋ ਹੱਥ ’ਚ ਬੱਲਾ ਫੜ੍ਹ ਕੇ ਮੈਦਾਨ ’ਚ ਨਿੱਤਰਦੇ ਹਨ ਤਾਂ ਉਹ ਇਹ ਸੋਚ ਕੇ ਆਪਣੀ ਸਹੁੰ ਨੂੰ ਤੋੜ੍ਹ ਦਿੰਦੇ ਹਨ ਕਿ ਸ਼ਾਇਦ ਅੱਗੇ ਤੋਂ ਅਜਿਹਾ ਨਾ ਹੋਵੇ, ਪਰ ਹੁੰਦਾ ਹਰ ਵਾਰ ਇਸ ਤੋਂ ਉਲਟ ਹੀ ਹੈ।
ਆਈ.ਪੀ.ਐਲ. 6 ਵਿਚ ਤਿੰਨ ਖਿਡਾਰੀਆਂ ਨੂੰ ਦਿੱਲੀ ਪੁਲਿਸ ਵੱਲੋਂ ਸਪਾਟ ਫਿਕਸਿੰਗ ਦੇ ਦੋਸ਼ਾਂ ਹੇਠ ਨੱਪ ਲੈਂਣਾ, ਕ੍ਰਿਕਟ ਦੇ ਮੱਥੇ ’ਤੇ ਉਹ ਦਾਗ਼ ਹੈ, ਜਿਸ ਨੂੰ ਧੋ ਪਾਉਂਣਾ ਸ਼ਾਇਦ ‘ਭਗਵਾਨ’ ਦੇ ਵੱਸ ਦੀ ਵੀ ਗੱਲ ਨਹੀਂ। ਇਸ ਘਟਨਾ ਨਾਲ ਇਕ ਵਾਰ ਫਿਰ ਬਹਿਸ ਛਿੜ ਗਈ ਹੈ ਕਿ ਕ੍ਰਿਕਟ ਅਤੇ ਦੇਸ਼ ਦੀ ਸਾਖ ਨੂੰ ਬਚਾਉਂਣ ਲਈ ਇਸ ਤਮਾਸ਼ੇ ਨੂੰ ਬੰਦ ਕਿਉਂ ਨਹੀਂ ਕੀਤਾ ਜਾਂਦਾ।
ਵੈਸੇ ਤਾਂ ਕ੍ਰਿਕਟ ’ਚ ਫਿਕਸਿੰਗ ਬਹੁਤ ਪੁਰਾਣੀ ਹੈ। ਏਨੀ ਪੁਰਾਣੀ ਕਿ ਕ੍ਰਿਕਟ ਦੇ ਜਨਮ ਨਾਲ ਹੀ ਇਸ ਦਾ ਜਨਮ ਹੋ ਗਿਆ ਸੀ। ਬਸ, ਫਿਕਸਿੰਗ ਕਰਨ ਦੇ ਢੰਗ ਅਤੇ ਇਹ ਖੇਡ ਖੇਡਣ ਵਾਲੇ ਚੇਹਰੇ ਬਦਲਦੇ ਰਹੇ। ਅੱਜ-ਕੱਲ੍ਹ ਫਿਕਸਿੰਗ ਦਾ ਨਵਾਂ ਰੂਪ ‘ਸਪਾਟ ਫਿਕਸਿੰਗ’ ਦੇਖਣ ਨੂੰ ਮਿਲ ਰਿਹਾ ਹੈ। ਸਪਾਟ ਫਿਕਸਿੰਗ ਉਦੋਂ ਸੁਰਖੀਆਂ ’ਚ ਆਈ ਸੀ, ਜਦੋਂ 2010 ਵਿਚ ਇੰਗਲੈਂਡ ਦੇ ਦੌਰੇ ’ਤੇ ਗਈ ਪਾਕਿਸਤਾਨ ਦੀ ਟੀਮ ਦੇ ਕਪਤਾਨ ਸਲਮਾਨ ਬੱਟ, ਮੁਹੰਮਦ ਆਸਿਫ ਅਤੇ ਮੁਹੰਮਦ ਆਮਿਰ ਨੂੰ ਸਟੋਰੀਏ ਮਜ਼ਹਰ ਮਾਜਿਦ ਦੇ ਜਰੀਏ ਸਪਾਟ ਫਿਕਸਿੰਗ ਕਰਨ ਦੇ ਜ਼ੁਰਮ ਵਿਚ ਸਜ਼ਾ ਸੁਣਾਈ ਗਈ ਸੀ। ਉਸ ਤੋਂ ਠੀਕ ਤਿੰਨ ਸਾਲ ਬਾਅਦ ਸਪਾਟ ਫਿਕਸਿੰਗ ਦੀ ਕਹਾਣੀ ਭਾਰਤ ਵਿਚ ਦੁਹਰਾਈ ਗਈ। ਜਿੱਥੇ ਆਈ.ਪੀ.ਐਲ. ਖੇਡ ਰਹੇ ਰਾਜਸਥਾਨ ਰਾਇਲਸ ਦੇ ਤਿੰਨ ਖਿਡਾਰੀਆਂ ਸ੍ਰੀਸੰਥ, ਅਜੀਤ ਚੰਦੇਲਾ ਅਤੇ ਅੰਕਿਤ ਚਵਾਨ ਤੇ ਦਰਜ਼ਨ ਭਰ ਸਟੋਰੀਆਂ ਨੂੰ ਪੁਲਿਸ ਨੇ ਸੱਟੇਬਾਜ਼ੀ ਦਾ ਸ਼ੜਯੰਤਰ ਰਚਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ।
ਇਨ੍ਹਾਂ ਗ੍ਰਿਫਤਾਰੀਆਂ ਨਾਲ ਦੇਸ਼ ਤਾਂ ਹਿੱਲਿਆ ਹੀ, ਨਾਲ ਹੀ ਇਸ ਘਟਨਾ ਨੇ ਆਈ.ਪੀ.ਐਲ. ਨੂੰ ਇਕ ਵਾਰ ਫਿਰ ਸਵਾਲਾਂ ਘੇਰੇ ’ਚ ਖੜ੍ਹਾ ਕਰ ਸੁੱਟਿਆ। 1994 ਅਤੇ 2000 ਵਿਚ ਆਏ ਸੱਟੇਬਾਜ਼ੀ ਦੇ ਭੂਚਾਲ ਨੇ ਕ੍ਰਿਕਟ ਦੇ ਮਜਬੂਤ ਰੁੱਖ ਦੀਆਂ ਜੜਾਂ ਹਿਲਾ ਦਿੱਤੀਆਂ ਸੀ। ਉਸ ਤੋਂ ਬਾਅਦ ਆਈ.ਸੀ.ਸੀ. (ਅੰਤਰ-ਰਾਸ਼ਟਰੀ ਕ੍ਰਿਕਟ ਕੌਂਸਲ) ਨੇ ਸੱਟੇਬਾਜ਼ੀ ਰੋਕਣ ਲਈ ਕੁਝ ਸਖਤਾਈ ਕਰ ਦਿੱਤੀ। ਕ੍ਰਿਕਟਰਾਂ ’ਤੇ ਕਰੜਾ ਕੋਡ ਆਡ ਕਡੰਕਟ ਲਾਗੂ ਕਰ ਦਿੱਤਾ ਗਿਆ, ਜਿਸ ਤਹਿਤ ਕ੍ਰਿਕਟ ਮੈਚਾਂ ਦੋਰਾਂਨ ਖਿਡਾਰੀ ਕਿਸੇ ਬਾਹਰ ਵਿਅਕਤੀ ਨਾਲ ਸਬੰਧ ਨਹੀਂ ਰੱਖ ਸਕਦਾ, ਬਿਨਾ ਇਜਾਜ਼ਤ ਕੋਈ ਖਿਡਾਰੀ ਪਾਰਟੀ ’ਚ ਜਾਂ ਘੁੰਮਣ ਨਹੀਂ ਜਾ ਸਕਦਾ। ਇੱਥੋਂ ਤੱਕ ਕਿ ਮੈਚ ਦੌਰਾਂਨ ਕੋਈ ਖਿਡਾਰੀ ਮੋਬਾਇਲ/ਫੈਕਸ ਦਾ ਇਸਤਮਾਲ ਨਹੀਂ ਕਰ ਸਕਦਾ। ਇਸੇ ਸਖ਼ਤਾਈ ਨੇ ਸਪਾਟ ਫਿਕਸਿੰਗ ਨੂੰ ਜਨਮ ਦਿੱਤਾ।
ਆਈ.ਸੀ.ਸੀ. ਅਤੇ ਕ੍ਰਿਕਟ ਬੋਰਡਾਂ ਦੀਆਂ ਪਾਬੰਦੀਆਂ ਕਰਕੇ ਖਿਡਾਰੀਆਂ ਅਤੇ ਸੱਟੇਬਾਜ਼ਾ ਦਾ ਨੈਕਸਸ ਟੁੱਟ ਗਿਆ। ਫਿਰ ਇਸ ਦੇ ਉਪਾਅ ਵੱਜੋਂ ਸੱਟੇਬਾਜ਼ਾਂ ਤੇ ਖਿਡਾਰੀਆਂ ਨੇ ਤਮਾਮ ਸਖ਼ਤਾਈਆਂ ਨੂੰ ਠੇਂਗਾ ਦਿਖਾਉਂਦਿਆਂ ਸਪਾਟ ਫਿਕਸਿੰਗ ਦਾ ਫ਼ਾਰਮੂਲਾ ਇਜ਼ਾਦ ਕਰ ਲਿਆ। ਸਪਾਟ ਫਿਕਸਿੰਗ, ਮੈਚ ਫਿਕਸਿੰਗ ਵਾਂਙ ਸਾਰੇ ਮੈਚ ਦੀ ਨਹੀਂ ਹੁੰਦੀ ਬਲਕਿ ਇਹ ਕੁਝ ਓਵਰਾਂ ਦੀ ਹੁੰਦੀ ਹੈ। ਸਪਾਟ ਫਿਕਸਿੰਗ ਟੈਸਟ ਅਤੇ ਵਨ ਡੇ ਕ੍ਰਿਕਟ ਵਿਚ ਵੀ ਹੁੰਦੀ ਹੈ ਪਰ ਟਵੰਟੀ-ਟਵੰਟੀ ਜਿਹੀ ਤੇਜ ਕ੍ਰਿਕਟ ਵਿਚ ਇਸ ਦਾ ਪ੍ਰਚਲਣ ਕੁਝ ਜ਼ਿਆਦਾ ਹੀ ਹੈ। ਟਵੰਟੀ-ਟਵੰਟੀ ’ਚ ਪਹਿਲੇ 6 ਓਵਰਾਂ ਲਈ ਸੱਟਾ ਲੱਗਦਾ ਹੈ। ਆਮ ਤੌਰ ’ਤੇ ਇਹ ਸੱਟਾ ਇਸ ਗੱਲ ਨੂੰ ਲੈ ਕੇ ਲੱਗਦਾ ਹੈ ਪਹਿਲੇ 6 ਓਵਰਾਂ ’ਚ 67 ਰਨ ਬਣਨਗੇ ਜਾਂ ਘੱਟ। ਇਸ ਤੋਂ ਇਲਾਵਾ 10 ਓਵਰਾਂ ਤੋਂ ਬਾਅਦ ਸ਼ਰਤ ਇਸ ਨੂੰ ਲੈ ਕੇ ਲਗਾਈ ਜਾਂਦੀ ਹੈ ਕਿ ਓਵਰ ’ਚ 14 ਰਨਾਂ ਤੋਂ ਵੱਧ ਆਉਂਣਗੇ ਜਾਂ ਘੱਟ। ਆਪਣੇ ਫ਼ਾਇਦੇ ਦੇ ਹਿਸਾਬ ਨਾਲ ਸੱਟੇਬਾਜ਼ ਖ਼ਰੀਦੇ ਹੋਏ ਗੇਂਦਬਾਜ਼ ਤੋਂ 14 ਤੋਂ ਘੱਟ ਜਾਂ ਵੱਧ ਰਨ ਪੁਆ ਲੈਂਦੇ ਹਨ। ਕਿਹੜੇ ਓਵਰ ’ਚ ਕੀ ਕਰਨਾ ਹੈ, ਇਹ ਸਭ ਗੁਪਤ ਕੋਡਾਂ ਅਤੇ ਲੁਕਵੇਂ ਇਸ਼ਾਰਿਆਂ ਰਾਹੀਂ ਤੈਅ ਕੀਤਾ ਜਾਂਦਾ ਹੈ। ਇਸ ਕੰਮ ਲਈ ਸੱਟੇਬਾਜ਼ ਅਤੇ ਦਲਾਲ ਸਟੇਡੀਅਮ ਵਿਚ ਮੌਜੂਦ ਰਹਿੰਦੇ ਹਨ। ਇਸ ਤਰ੍ਹਾਂ ਸਪਾਟ ਫਿਕਸਿੰਗ ਤਹਿਤ ਫਿਕਸ ਹੋਇਆ ਓਵਰ ਗਰਾਂਊਂਡ ’ਚ ਗੇਂਦਬਾਜ਼ ਸੁੱਟਦਾ ਹੈ ਤੇ ਅਸਲੀ ਖੇਡ ਬਾਹਰ ਬੈਠੇ ਸੱਟੇਬਾਜ਼ ਖੇਡਦੇ ਹਨ। ਸੱਟੇਬਾਜ਼ ਕੁਝ ਕੁ ਲੱਖ ਬਾਊਲਰ ਨੂੰ ਦੇ ਕੇ ਇਕ ਓਵਰ ’ਚ ਕਰੋੜਾਂ ਕਮਾ ਲੈਂਦੇ ਹਨ।
ਸਪਾਟ ਫਿਕਸਿੰਗ, ਮੈਚ ਫਿਕਸਿੰਗ ਨਾਲੋਂ ਪੂਰੀ ਤਰ੍ਹਾਂ ਵੱਖਰੀ ਤੇ ਸਰਲ ਹੈ। ਮੈਚ ਫਿਕਸਿੰਗ ਲਈ ਸਾਰੀ ਟੀਮ ਖ਼ਰੀਦਣੀਂ ਪੈਂਦੀ ਸੀ ਜਦਕਿ ਸਪਾਟ ਫਿਕਸਿੰਗ ਦੀ ਗੇਂਮ ਦੋ-ਤਿੰਨ ਖਿਡਾਰੀਆਂ ਨੂੰ ਖ਼ਰੀਦ ਕੇ ਚੱਲ ਜਾਂਦੀ ਹੈ। ਇਸ ਵਿਚ ਸਿਰਫ ਗੇਂਦਬਾਜ ਖ਼ਰੀਦ ਕੇ ਵੀ ਗੱਡੀ ਚੱਲ ਜਾਂਦੀ ਹੈ। ਨਾਲੇ, ਇਸ ਵਿਚ ਵਕਤ ਵੀ ਘੱਟ ਲੱਗਦਾ ਹੈ ਤੇ ਸੂਹੀਆ ਅੱਖਾਂ ਲਈ ਵੀ ਇਸ ‘ਗੋਲਮਾਲ’ ਨੂੰ ਫੜ੍ਹਨਾ ਕੋਈ ਸੌਖਾ ਕਾਰਜ ਨਹੀਂ ਹੁੰਦਾ। ਸਪਾਟ ਫਿਕਸਿੰਗ ਤਹਿਤ ਸੱਟੇਬਾਜ਼ਾਂ ਦੇ ਹੱਥਾਂ ’ਚ ਖੇਡ ਰਹੇ ਖਿਡਾਰੀ ਮੈਚ ਦੌਰਾਂਨ ਵਿਸ਼ੇਸ਼ ਪ੍ਰਕਾਰ ਦੇ ਇਸ਼ਾਰਿਆਂ ਨਾਲ ਬਾਹਰ ਬੈਠੇ ਆਪਣੇ ਆਕਿਆਂ ਨੂੰ ਦੱਸਦੇ ਰਹਿੰਦੇ ਹਨ ਕਿ ਹੁਣ ਕੀ ਚੰਦ ਚੜ੍ਹੇਗਾ। ਇਸੇ ਤਰ੍ਹਾਂ ਬਾਹਰੋਂ ਵੀ ਲਗਾਤਾਰ ਭੇਦਭਰੇ ਇਸ਼ਾਰੇ ਹੁੰਦੇ ਰਹਿੰਦੇ ਹਨ। ਰੁਮਾਲ ਨਾਲ ਪਸੀਨਾ ਪੂੰਂਝਣਾ, ਲੌਕਟ ਨੂੰ ਚੁੰਮਣਾ, ਵਾਲਾਂ ਨੂੰ ਹੱਥ ਮਾਰਨਾ ਇਤਿਆਦਿ ਉਹ ਇਸ਼ਾਰੇ ਹੁੰਦੇ ਹਨ ਜਿੰਨ੍ਹਾਂ ਤਹਿਤ ਸਪਾਟ ਫਿਕਸਿੰਗ ’ਚ ਲੁਪਤ ਖਿਡਾਰੀ ਦੱਸ ਦਿੰਦੇ ਹਨ ਕਿ ਹੁਣ ਊਠ ਨੇਂ ਕਿਸ ਕਰਵਟ ਬੈਠਣਾ ਹੈ।
ਸੱਟੇਬਾਜ਼ੀ ਤਾਂ ਕ੍ਰਿਕਟ ਦੀ ਪੁਰਾਣੀ ਸਾਥਣ ਹੈ, ਲੇਕਿਨ ਜਦੋਂ 2007 ਵਿਚ ਆਈ.ਪੀ.ਐਲ. ਜਨਮੀ ਸੀ ਤਾਂ ਕ੍ਰਿਕਟ ਦੇ ਦਿੱਗਜਾਂ ਨੇਂ ਇਹ ਸ਼ੱਕ ਪ੍ਰਗਟਾਇਆ ਸੀ ਕਿ ਆਈ.ਪੀ.ਐਲ. ‘ਸੱਟਾ ਫ਼ੈਕਟਰੀ’ ਬਣ ਜਾਵੇਗੀ, ਕਿਉਂਕਿ ਇਸ ਵਿਚ ਗਲੈਮਰਸ ਅਤੇ ਨਾਈਟ ਪਾਰਟੀਆਂ ਦਾ ਤੜਕਾ ਹੈ, ਜਿਸ ਦੇ ਜਰੀਏ ਸੱਟੇਬਾਜ਼ ਆਸਾਨੀ ਨਾਲ ਖਿਡਾਰੀਆਂ ਤੱਕ ਪਹੁੰਚ ਜਾਣਗੇ। ਇਹ ਸ਼ੰਕੇ ਸੱਚ ਸਾਬਤ ਹੋ ਰਹੇ ਹਨ। ਪਿਛਲੀ ਆਈ.ਪੀ.ਐਲ. ਵਿਚ ਵੀ ਚਾਰ ਖਿਡਾਰੀਆਂ ’ਤੇ ਮੈਚ ਫਿਕਸਿੰਗ ਦੇ ਦੋਸ਼ ਲੱਗੇ ਸਨ। ਬਾਅਦ ਵਿਚ ਇਨ੍ਹਾਂ ਦੇ ਖੇਡਣ ’ਤੇ ਪਾਬੰਦੀ ਵੀ ਲੱਗੀ ਸੀ। ਇਸ ਵਾਰ ਤਾਂ ਸਪਾਟ ਫਿਕਸਿੰਗ ਨੇ ਸਾਰੀ ਆਈ.ਪੀ.ਐਲ. ਨੂੰ ਹੀ ਲਪੇਟੇ ’ਚ ਲੈ ਲਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਆਈ.ਪੀ.ਐਲ. ’ਤੇ 45,000 ਕਰੋੜ ਦਾ ਸੱਟਾ ਲੱਗਿਆ ਤੇ ਇਸ ਸੀਜ਼ਨ ਦੇ ਬਹੁਤੇ ਮੈਚ ਫਿਕਸਿੰਗ ਦੇ ਸਾਏ ਹੇਠ ਖੇਡੇ ਗਏ। ਏਨੇ ਵੱਡੇ ਪੱਧਰ ’ਤੇ ਸੱਟਾ ਲੱਗਣ ਨੇ ਇਹ ਸਾਬਤ ਕਰ ਦਿੱਤਾ ਕਿ ਆਈ.ਸੀ.ਸੀ. ਵੱਲੋਂ ਗਠਿਤ ਕੀਤੀ ਗਈ ਭ੍ਰਿਸ਼ਟਾਚਾਰ ਰੋਕੂ ਯੂਨਿਟ ਸਿਰਫ ਂਿੲਕ ਰਸਮਪੂਰਤੀ ਬਣਕੇ ਰਹਿ ਗਈ ਹੈ।
ਸਭ ਤੋਂ ਖ਼ਤਰਨਾਕ ਰੁਝਾਨ ਤਾਂ ਇਹ ਹੈ ਕਿ ਸੱਟੇਬਾਜ਼ ਖਿਡਾਰੀਆਂ ਨਾਲ ਸਬੰਧ ਕਾਇਮ ਕਰਨ ਲਈ ਕੁੜੀਆਂ ਮੁਹੱਈਆ ਕਰਵਾ ਰਹੇ ਹਨ। ਕੁੜੀਆਂ ਅਸਾਨੀ ਨਾਲ ਖਿਡਾਰੀਆਂ ਦੇ ਹੋਟਲਾਂ ਤੱਕ ਪਹੁੰਚ ਜਾਦੀਆਂ ਹਨ ਤੇ ਐਂਟੀ ਕੁਰੱਪਸ਼ਨ ਯੂਨਿਟ ਦੀ ਬਾਜ਼ ਅੱਖ ਵੀ ਇਨ੍ਹਾਂ ਨੂੰ ਨਿਹਾਰ ਨਹੀਂ ਸਕਦੀ। ਇਕ ਕੁੜੀਆਂ ਸੱਟੇਬਾਜ਼ਾਂ ਦੀਆਂ ਸੰਦੇਸ਼ਵਾਹਕ ਬਣਕੇ ਗੋਟੀਆਂ ਫਿੱਟ ਕਰਵਾ ਦਿੰਦੀਆਂ ਹਨ। ਜਿਸ ਦੇ ਬਦਲੇ ਇਨ੍ਹਾਂ ਨੂੰ ਮੋਟੀ ਰਕਮ ਦਾ ਭੁਗਤਾਣ ਕੀਤਾ ਜਾਂਦਾ ਹੈ। ਇਹ ਕੁੜੀਆਂ ਖਿਡਾਰੀਆਂ ਨਾਲ ਰਾਤਾਂ ਵੀ ਗੁਜ਼ਾਰਦੀਆਂ ਹਨ। ਖਿਡਾਰੀਆਂ ਨਾਲ ਇਨ੍ਹਾਂ ਕੁੜੀਆ ਦਾ ਮੇਲ-ਜੋਲ ਖਿਡਾਰੀਆਂ ਦੀ ਸੁਰੱਖਿਆ ਅਤੇ ਕ੍ਰਿਕਟ ਦੋਵਾਂ ਲਈ ਖ਼ਤਰਨਾਕ ਹੈ। ਕਹਾਣੀ ਦਾ ਸਭ ਤੋਂ ਭਿਆਨਕ ਪਹਿਲੂ ਇਹ ਹੈ ਕਿ ਪੁਲਸੀਆ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੱਟੇਬਾਜ਼ਾ ਦਾ ਕੇਂਦਰੀ ਧੁਰਾ ਅੰਡਰਵਰਲਡ ਹੈ। ਜਿਸ ਦੀ ਕਮਾਨ ਦਾਊਦ ਦੇ ਹੱਥਾਂ ’ਚ ਹੈ ਤੇ ਜੋ ਭਾਰਤ ਦਾ ਦੁਸ਼ਮਣ ਨੰਬਰ ਇਕ ਹੈ।
ਫਿਕਸਿੰਗ ਕ੍ਰਿਕਟ ਨੂੰ ਘੁਣ ਵਾਂਙ ਖਾ ਰਹੀ ਹੈ। ਇਹੀ ਕਾਰਨ ਹੈ ਕਿ 2000 ਵਿਚ ਜਦੋਂ ਭਾਰਤੀ ਕ੍ਰਿਕਟ ਵਿਚ ਸੱਟੇਬਾਜ਼ੀ ਦਾ ਭੂਚਾਲ ਆਇਆ ਸੀ ਤੇ ਜਿਸ ਵਿਚ ਮੁਹੰਮਦ ਅਜ਼ਹਰੂਦੀਨ, ਅਜੈ ਜਦੇਜਾ ਅਤੇ ਮਨੋਜ ਪ੍ਰਭਾਕਰ ਜਿਹੇ ਘਾਗ ਖਿਡਾਰੀਆਂ ਦੀ ਹਸਤੀ ਦਾ ਕਿਲ੍ਹਾ ਟਿੱਲੂ ਰੇਤ ਦੇ ਮਹਿਲ ਵਾਂਙ ਢਹਿ ਗਿਆ ਸੀ ਤੋਂ ਬਾਅਦ ਵਿਚ ਭਾਰਤ ’ਚ ਟੈਸਟ ਕ੍ਰਿਕਟ ਖ਼ਾਤਮੇ ਵੱਲ ਵੱਧ ਰਹੀ ਹੈ। ਖਿਡਾਰੀ ਦਰਸ਼ਕ-ਵਿਹੂਣੇ ਮੈਦਾਨਾਂ ’ਚ ਆਪਣੇ ਜ਼ੌਹਰ ਦਿਖਾ ਰਹੇ ਹਨ। ਵਨ ਡੇ ਕ੍ਰਿਕਟ ’ਚ ਵੀ ਇਹੋ ਹਾਲ ਹੈ। ਟਵੰਟੀ-ਟਵੰਟੀ ਲੋਕਾਂ ਨੂੰ ਭਾਅ ਰਿਹਾ ਸੀ, ਪਰ ਆਈ.ਪੀ.ਐਲ. ’ਚ ਵਾਪਰੇ ਫਿਕਸਿੰਗ ਕਾਂਡ ਨੇ ਟਵੰਟੀ-ਟਵੰਟੀ ਨੂੰ ਵੀ ਦਰਸ਼ਕਾਂ ਦੇ ਮਨ੍ਹਾਂ ’ਚੋਂ ਫ਼ਿੱਕਾ ਪਾ ਸੁੱਟਿਆ ਹੈ। ਇਹੀ ਕਾਰਨ ਹੈ ਕਿ ਫਿਕਸਿੰਗ ਕਾਂਡ ਵਾਪਰਨ ਤੋਂ ਕੁਝ ਘੰਟੇ ਬਾਅਦ ਇਕ ਟੀ.ਵੀ. ਚੈਨਲ ਨੇ ਸਰਵੇਖਣ ਕਰਵਾਇਆ ਤਾਂ 70 ਫੀਸਦੀ ਲੋਕਾਂ ਨੇ ਆਈ.ਪੀ.ਐਲ. ਨੂੰ ਨਕਾਰ ਦਿੱਤਾ। ਭਾਵਨਾਵਾਂ ਨੂੰ ਕਤਲ ਕਰਵਾਕੇ ਤੇ ਲੁੱਟੇ ਭਰੋਸੇ ਨਾਲ ਲੋਕ ਖਿਡਾਰੀਆਂ ਲਈ ਤਾਲੀ ਕਿੰਨ੍ਹੀ ਕੁ ਦੇਰ ਵਜਾਉਂਣਗੇ।
ਬੇਸ਼ੱਕ ਆਈ.ਪੀ.ਐਲ. ਨੂੰ ਫਟਾਫਟ ਕ੍ਰਿਕਟ ਦੀ ਦਿਲਕਸ਼ ਵੰਨਗੀ ਵੱਜੋਂ ਪ੍ਰਚਾਰਿਆ ਜਾ ਰਿਹਾ ਹੈ, ਪਰ ਜੇਕਰ ਇਸ ਵਿਚ ਛਾਏ ਗਲੈਮਰ ਦੇ ਰੰਗ ਦੇ ਨਾਕਰਾਤਮ ਚੀਜ਼ਾਂ ਨੂੰ ਘੋਖੀਏ ਤਾਂ ਸ਼ੀਸ਼ੇ ਵਾਙ ਸਾਫ਼ ਹੋ ਜਾਂਦਾ ਹੈ ਕਿ ਆਈ.ਪੀ.ਐਲ. ਕ੍ਰਿਕਟ ਦਾ ਭਲਾ ਨਹੀਂ ਸਗੋਂ ਬੇੜਾ ਗ਼ਰਕ ਕਰ ਰਹੀ ਹੈ। ਆਈ.ਪੀ.ਐਲ. ’ਚ ਗਲੈਮਰ ਦੇ ਨਾਂਅ ’ਤੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ। ਦੇਰ ਰਾਤ ਦੀਆਂ ਪਾਰਟੀਆਂ ਖਿਡਾਰੀਆਂ ’ਚ ਜਿਨਸੀ ਸਬੰਧਾਂ ਦੀਆਂ ਪ੍ਰਵਿਰਤੀ ਪਾ ਰਹੀਆਂ ਹਨ ਅਤੇ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਫਿਕਸਿੰਗ ਦੇ ਜਰੀਏ ਕ੍ਰਿਕਟ ਦੇ ਮੱਥੇ ’ਤੇ ਕਾਲਖ਼ ਪੋਤੀ ਜਾ ਰਹੀ ਹੈ। ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਅੰਤਰ-ਰਾਸ਼ਟਰੀ ਕ੍ਰਿਕਟ ਦਾ ਘੜੱਮ ਚੌਧਰੀ ਹੈ। ਦੁਨੀਆਂ ਦੇ ਸਭ ਤੋਂ ਅਮੀਰ ਇਸ ਕ੍ਰਿਕਟ ਬੋਰਡ ਨੇਂ ਧੌਲ ਦਿਖਾ ਕੇ ਆਈ.ਪੀ.ਐਲ. ਨੂੰ ਅੰਤਰ-ਰਾਸ਼ਟਰੀ ਕ੍ਰਿਕਟ ਕਲੈਂਡਰ ’ਚ ਜਗ੍ਹਾ ਦੁਆਈ ਹੈ। ਇਸ ਗੱਲ ਨੂੰ ਲੈ ਕੇ ਕਈ ਦੇਸ਼ਾਂ ਦੇ ਬੋਰਡਾਂ ਅਤੇ ਖਿਡਾਰੀਆਂ ਨੇ ਹਾਅ-ਹੱਲਾ ਵੀ ਮਚਾਇਆ, ਕਿ ਆਈ.ਪੀ.ਐਲ. ਟੈਸਟ ਅਤੇ ਵਨ ਡੇ ਕ੍ਰਿਕਟ ਨੂੰ ਤਾਂ ਖਾਵੇਗੀ ਹੀ ਨਾਲ ਹੀ ਇਹ ਕਈ ਖਿਡਾਰੀਆਂ ਦਾ ਕੈਰੀਅਰ ਵੀ ਧੋ ਦੇਵੇਗੀ। ਵਾਪਰਿਆ ਵੀ ਇੰਂਝ, ਆਈ.ਪੀ.ਐਲ. ਦੀ ਰੰਗੀਨਅਤ ਨੇਂ ਹੇਡਨ, ਗਿਲਕ੍ਰਿਸਟ, ਗਿਬਸ, ਸਾਇੰਮਡਸ ਵਰਗੇ ਖਿਡਾਰੀਆਂ ਨੂੰ ਵਕਤ ਤੋਂ ਪਹਿਲਾਂ ਹੀ ਅੰਤਰ-ਰਾਸ਼ਟਰੀ ਕ੍ਰਿਕਟ ਨੂੰ ਬਾਏ-ਬਾਏ ਕਹਿਣ ਲਈ ਮਜਬੂਰ ਕਰ ਦਿੱਤਾ। ਹੋਰ ਪਤਾ ਨਹੀਂ ਕਿੰਨ੍ਹੇ ਖਿਡਾਰੀਆਂ ਦੇ ਕੈਰੀਅਰ ਦੀ ਬਲੀ ਲਵੇਗੀ, ਸਾਡੀ ਆਈ.ਪੀ.ਐਲ.।
ਭਾਰਤੀ ਕ੍ਰਿਕਟ ਬੋਰਡ ਨੇ ਆਈ.ਪੀ.ਐਲ. ਨੂੰ ਸੋਨੇ ਦੀ ਖਾਨ ਬਣਾ ਲਿਆ, ਪਰ ਕ੍ਰਿਕਟ ਕੰਗਾਲ ਹੋ ਗਈ। ਦੇਸ਼ ਨੂੰ ਜੋ ਜ਼ਿੱਲਤ ਝੱਲਣੀ ਪੈ ਰਹੀ ਹੈ, ਉਹ ਵੱਖਰੀ। ਆਈ.ਪੀ.ਐਲ. ਨਾਲ ਜੁੜਿਆ ਇੰਡੀਅਨ ਸ਼ਬਦ ਦਾਗ਼ਦਾਰ ਹੋ ਰਿਹਾ ਹੈ, ਪਰ ਸਵਾਰਥਾਂ ਲਈ ‘ਸਭ ਅੱਛਾ’ ਦਾ ਹੌਕਾ ਦਿੱਤਾ ਜਾ ਰਿਹਾ ਹੈ। ਇਹ ਨਹੀਂ ਹੈ ਕਿ ਆਈ.ਪੀ.ਐਲ. ’ਚ ਇਹ ਸਭ ਕੁਝ ਪਹਿਲੀ ਵਾਰ ਵਾਪਰਿਆ ਹੈ ਬਲਕਿ ਆਈ.ਪੀ.ਐਲ. ਦਾ ਹਰ ਮੈਚ ਕੋਈ ਨਾ ਕੋਈ ਵਿਵਾਦ ਉਪਜਾਉਂਦਾ ਰਿਹਾ ਹੈ। ਕਦੇ ਸ਼ੇਨ ਵਾਰਨ ਨੇ ਮੈਦਾਨ ’ਚ ਹੀ ਬੀਅਰ ਪੀਤੀ ਤੇ ਕਦੇ ਭੱਜੀ ਨੇ ਮੈਦਾਨ ’ਚ ਸ੍ਰੀਸੰਥ ਦੇ ਤਮਾਚਾ ਜੜ੍ਹ ਦਿੱਤਾ। ਆਈ.ਪੀ.ਐਲ. ਦਾ ਮੁੱਢ ਬੰਨਣ ਵਾਲਾ ਮੋਦੀ ਤਾਂ ਕਰੋੜਾਂ-ਅਰਬਾਂ ਦੇ ਵਾਰੇ-ਨਿਆਰੇ ਕਰਕੇ ਸਮੁੰਦਰਾਂ ਤੋਂ ਪਾਰ ਜਾ ਬੈਠਾ। ਪਰ ਹਰ ਵਾਰ ਬੀ.ਸੀ.ਸੀ.ਆਈ. ਤੇ ਆਈ.ਪੀ.ਐਲ. ਗਵਰਨਿੰਗ ਕਮੇਟੀ ਅੱਖਾਂ ਮੀਟ ਕੇ ਕ੍ਰਿਕਟ ਨੂੰ ਤਬਾਹ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਫ਼ਨਾ ਹੁੰਦਾ ਦੇਖਦੀ ਰਹੀ। ਹੁਣ ਤਾਂ ਮਸਲਾ ਦੇਸ਼ ਦੀ ਇੱਜ਼ਤ ਨਾਲ ਜੁੜ ਗਿਆ ਹੈ, ਪਰ ਲੱਗਦਾ ਨਹੀਂ ਕਿ ਇਸ ਵਾਰ ਵੀ ਕੋਈ ਸਖ਼ਤ ਕਦਮ ਉਠਾਏ ਜਾਣਗੇ। ਸਖਤ ਕਦਮ ਉਠਾਏ ਵੀ ਕਿਉਂ ਜਾਣ, ਇਸ ਤਮਾਸ਼ੇ ਨਾਲ ਪੈਸਾ ਬਣਦਾ ਹੈ ਤੇ ਪੈਸਾ ਬੀ.ਸੀ.ਸੀ.ਆਈ. ਦੀ ਤਾਕਤ ਹੈ। ਉਹ ਆਈ.ਪੀ.ਐਲ. ’ਤੇ ਲਗਾਮ ਕੱਸ ਕੇ ਆਪਣੀ ਤਾਕਤ ਨੂੰ ਘੱਟ ਕਿਵੇਂ ਕਰ ਸਕਦੀ ਹੈ, ਦੇਸ਼-ਹਿੱਤ ਅਤੇ ਕ੍ਰਿਕਟ-ਹਿੱਤ ਪੈਂਣ ਖੂਹ ’ਚ।
ਸਾਲ ’ਚ ਇਕ ਵਾਰੀ ਹੋਣ ਵਾਲੀ ਆਈ.ਪੀ.ਐਲ. ਹੁਣ ਦੇਸ਼ ਲਈ ਨਸੂਰ ਬਣ ਗਈ ਹੈ। ਇਸ ਤੋਂ ਨਿਜ਼ਾਤ ਪਾਉਂਣ ਲਈ ਸਰਕਾਰ ਨੂੰ ਅੱਗੇ ਆਉਂਣਾ ਪਵੇਗਾ। ਸਰਕਾਰ ਜਾਂ ਤਾਂ ਹੋਸ਼ੀ ਹੋਈ ਆਈ.ਪੀ.ਐਲ. ’ਤੇ ਸਖਤੀ ਨਾਲ ਨਕੇਲ ਕੱਸੇ ਜਾਂ ਇਸ ’ਤੇ ਲੱਗਣ ਵਾਲੀ ਸ਼ਰਤਬਾਜ਼ੀ ਨੂੰ ਮਾਨਤਾ ਦੇ ਦੇਵੇ। ਸ਼ਰਤਬਾਜ਼ੀ ’ਤੇ ਮੋਟਾ ਟੈਕਸ ਵਸੂਲਿਆ ਜਾਵੇ। ਇਸ ਨਾਲ ਘੱਟੋ-ਘੱਟ ਸਰਕਾਰੀ ਖਜਾਨਾ ਤਾਂ ਨੱਕੋ-ਨੱਕ ਭਰੇਗਾ। ਜੇਕਰ ਅਜਿਹਾ ਨਾ ਹੋਇਆ ਤੇ ਆਈ.ਪੀ.ਐਲ. ਇਵੇਂ ਹੀ ਜਲਵਾਫ਼ਰੋਸ਼ ਰਹੀ ਤਾਂ ਕ੍ਰਿਕਟ ਜੈਂਟਲਮੈਨ ਗੇਮ ਤੋਂ ‘ਗੈਂਬਲਰ ਗੇਮ’ ਤਾਂ ਬਣੇਗੀ ਹੀ, ਦੇਸ਼ ਦੀ ਇੱਜ਼ਤ ਵੀ ਮਿੱਟੀ ’ਚ ਮਿਲ ਜਾਵੇਗੀ ਅਤੇ ਘਰੇਲੂ ਖਿਡਾਰੀਆਂ ਦੇ ਕੈਰੀਅਰਾਂ ਨੂੰ ਤਰਾਸ਼ਣ ਦੇ ਨਾਂਅ ’ਤੇ ਸ਼ੁਰੂ ਕੀਤੀ ਗਈ ਆਈ.ਪੀ.ਐਲ. ਖਿਡਾਰੀਆਂ ਦੇ ਕੈਰੀਅਰ ਤਾਂ ਭਾਂਵੇ ਨਾ ਬਣਾਵੇ ਪਰ ਉਨ੍ਹਾਂ ਨੂੰ ਅੱਯਾਸ਼ ਤੇ ਸੱਟੇਬਾਜ਼ ਜਰੂਰ ਬਣਾ ਦੇਵੇਗੀ।
ਮਿੰਟੂ ਗੁਰੂਸਰੀਆ
ਪਿੰਡ ਤੇ ਡਾਕ ਗੁਰੂਸਰ ਯੋਧਾ (ਮਲੋਟ) 152115
ਮੋਬਾ. 95921-56307


0 comments:
Speak up your mind
Tell us what you're thinking... !