
ਅੱਜ ਕੱਲ੍ਹ ਤਾਂ ਸਭ ਨੂੰ ਪਤਾ ਹੀ ਹੈ ਕੀ ਪੰਜਾਬ ’ਚ ਨੌਜਵਾਨਾਂ ਦੀ ਕੀ ਦਸ਼ਾ ਹੈ। ਕੁੜੀਆਂ ਤੇ ਮੁੰਡੇ ਕੋਈ ਘੱਟ ਨਹੀਂ, ਸਭ ਨਸ਼ੇ ਵਿਚ ਗਰਕ ਨੇ। ਬਾਕੀ ਰਹਿੰਦੀ ਖੁੰਹਦੀ ਕਸਰ ਗੀਤਕਾਰ ਕੱਢੀ ਜਾਂਦੇ ਹਨ। ਇਹਨਾਂ ਨੇ ਸਮਾਜ ਨੂੰ ਸੇਧ ਤਾਂ ਕੀ ਦੇਣੀ, ਸਗੋਂ ਉਲਟਾ ਗਰਕ ਕਰ ਰਹੇ ਹਨ। ਜਿਹੜਾ ਸ਼ਰਾਬ ਬਗੈਰਾ ਨਹੀਂ ਵੀ ਪੀਂਦਾ ਹੁੰਦਾ, ਉਹ ਵੀ ਚਾਪਰ ਕੇ ਪੀਂਦਾ ਹੈ। ਸਭ ਤੋਂ ਵੱਧ ਹੱਦ ਤਾਂ ਉਸ ਸਮੇਂ ਹੁੰਦੀ ਹੈ, ਜਦੋਂ ਕੋਈ ਪਿਆਰ ’ਚ ਫੇਲ੍ਹ ਹੋ ਜਾਵੇ ਤੇ ਸੁਭਾਵਿਕ ਹੀ ਇਸ ਤਰ੍ਹਾਂ ਦੇ ਗਾਣੇ ਸੁਣਦੇ ਹਨ, ਬੱਸ ਉਹਨਾਂ ਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਇਸਦਾ ਹੱਲ ਹੁਣ ਬਸ ਸ਼ਰਾਬ ਹੀ ਹੈ। ਜਿਸ ਤਰ੍ਹਾਂ ਇੱਕ ਗਾਣਾ ਸੀ ਮਿਸ ਪੂਜਾ ਤੇ ਵੀਰ ਦਵਿੰਦਰ ਦਾ :- ‘‘ਠੇਕਿਆਂ ’ਚ ਪਈ, ਜਿਹੜੀ ਬੋਤਲਾਂ ’ਚ ਬੰਦ, ਫਿਰ ਉਹੀ ਟੂੱਟੇ ਦਿਲਾਂ ਨੂੰ ਸਹਾਰੇ ਦਿੰਦੀ ਏ।’’ ਕੀ ਮਨ ਨੂੰ ਟਿਕਾਣ ਦਾ ਹੱਲ ਕੇਵਲ ਸ਼ਰਾਬ ਹੀ ਹੁੰਦੀ ਹੈ। ਇਸ ਦੀ ਬਜਾਏ ਜੇ ਦੋ ਬੌਲ ਗੁਰਬਾਣੀ ਦੇ ਸੁਣ ਲਈਏ ਤਾਂ ਮਨ ਹਲਕਾ ਵੀ ਹੋ ਜਾਂਦਾ ਹੈ ਤੇ ਜੀਵਨ ਨੂੰ ਇੱਕ ਸੇਧ ਵੀ ਮਿਲਦੀ ਹੈ।
ਗੀਤਕਾਰਾਂ ਨੇ ਸ਼ਰਾਬੀਆਂ ਨੂੰ ਉਸੀ ਤਰ੍ਹਾਂ ਉਚਾ ਰੁਤਵਾ ਬਖਸ਼ਿਆ ਏ, ਜਿਸ ਤਰ੍ਹਾਂ ਇੱਕ ਸਿੱਧੀ ਸਾਧੀ ਬੀਬੀ ਕਿਸੇ ਦੇਹਧਾਰੀ ਸਾਧ ਨੂੰ ਬਖਸ਼ਦੀ ਏ। ਇਹਨਾਂ ਦੇ ਅਨੁਸਾਰ ਸ਼ਰਾਬ ਤੋਂ ਬਿਨ੍ਹਾਂ ਕੁਝ ਸੰਭਵ ਹੀ ਨਹੀਂ ਹੈ। ਜਿਸ ਤਰ੍ਹਾਂ ਇੱਕ ਗੀਤ ਸੀ ਬਾਈ ਅਮਰਜੀਤ ਤੇ ਮਿਸ ਪੂਜਾ ਦਾ
ਸੌਫੀਆਂ ਦੇ ਹੁੰਦੇ ਕਾਹਦੇ ਵਿਆਹ ਨੀ, ਪੈੱਗ ਲਾਣਦੇ ਸੋਹਣੀਏ।
ਫਿਰ ਜਦੋਂ ਸਾਰੇ ਟੱਲੀ ਹੋ ਜਾਂਦੇ ਹਨ ਤਾਂ ਸੁਭਾਵਿਕ ਹੀ ਹੈ ਕਿ ਲੜਾਈ ਤਾਂ ਹੋਣੀ ਹੀ ਹੈ, ਫਿਰ ਸਵੇਰੇ ਜਦੋਂ ਥਾਣੇ ’ਚ ਬੈਠੇ ਹੁੰਦੇ ਫਿਰ ਸਾਰੀ ਉਤਰੀ ਹੁੰਦੀ ਹੈ। ਇਹੋ ਜਿਹੇ ਮੌਕਿਆਂ ਤੇ ਡੀ.ਜੇ. ਵਾਲੇ ਵੀ ਫਿਰ ਇਹੋ ਜਿਹੇ ਗਾਣੇ ਵਜਾਉਂਦੇ ਹਨ ਫਿਰ ਸ਼ਰਾਬੀ ਮਸਤ ਹੋ ਕੇ ਨੱਚਦੇ ਹਨ, ਜਿਵੇਂ ਸੱਪ ਬੀਨ ਤੇ ਮਸਤ ਹੁੰਦਾ ਹੈ। ਬਾਕੀ ਗੱਲਾਂ ਦਾ ਸਵੇਰ ਨੂੰ ਪਤਾ ਲੱਗਦਾ ਹੈ, ਫਲਾਨੇ ਨੇ ਫਲਾਨੇ ਦੀ ਕੁੜੀ ਛੇੜ ਦਿੱਤੀ। ਉਸਦਾ ਬਹੁਤ ਕੁਟਾਪਾ ਹੋਇਆ।
ਬਾਕੀ ਗੀਤਕਾਰਾਂ ਅਨੁਸਾਰ ਜੱਟ ਤਾਂ ਪੱਕੇ ਸ਼ਰਾਬੀ ਹੁੰਦੇ ਹਨ, ਭਾਵੇਂ ਵਿਚਾਰਾ ਕੋਈ ਹੋਵੇ ਜਾਂ ਨਾ ਹੋਵੇ ਜਿਵੇਂ ਦਿਲਜੀਤ ਦੁਸਾਂਝ ਦਾ ਗਾਣਾ ਸੀ :-
ਪਰੇ ਹੋ ਜੋ ਜੱਟ ਨੂੰ ਸ਼ਰਾਬ ਚੜ੍ਹ ਗਈ
ਕੋਈ ਪੁੱਛਣ ਵਾਲਾ ਹੋਵੇ ਸ਼ਰਾਬ ਪੀ ਕੇ ਜੱਟ ਹਾਥੀ ਬਣ ਗਿਆ, ਜਿਹੜੀ ਉਸਨੂੰ ਜਿਆਦਾ ਜਗ੍ਹਾ ਚਾਹੀਦੀ ਹੈ ਨੱਚਣ ਲਈ।
ਕੁੜੀਆਂ ਦੀ ਨਸ਼ਿਆਂ ਨਾਲ ਆਮ ਕਰਕੇ ਸ਼ਰਾਬ ਨਾਲ ਤੁਲਨਾ ਕਰਨੀ ਤਾਂ ਇਹਨਾਂ ਗੀਤਕਾਰਾਂ ਤੇ ਗਾਇਕਾ ਦੀ ਆਮ ਗੱਲ ਹੈ। ਜਿਵੇਂ :-
1. ਬਿਨ ਪੀਤੇ ਨਸ਼ਾ ਚੜ੍ਹਾ ਗਈ, ਓਏ ਦੇਸੀ ਦਾਰੂ ਵਰਗੀ - ਦਿਲਜੀਤ ਦੁਸਾਂਝ
2. ਦਾਰੂ ਵਿਚ ਪਿਆਰ ਮਿਲਾਦੇ, ਨਸ਼ੇ ਦੀਏ ਬੰਦ ਬੋਤਲੇ - ਸਟੀਰੀਓ ਨੇਸ਼ਨ
3. ਖਾਲੀ ਕਰਕੇ ਮੰਜੇ ਥੱਲੇ ਰੋੜ੍ਹ ਦੇਣਗੇ - ਰਾਏ ਜੁਝਾਰ
4. ਬੰਦ ਬੋਤਲੇ ਗਿੱਧੇ ਦੇ ਵਿਚ ਖੁੱਲ੍ਹ ਖੁੱਲ੍ਹ ਜਾਵੇਂ - ਫਿਰੋਜ ਖਾਨ
ਹੋਰ ਪਤਾ ਨਹੀਂ ਕਿੰਨੇ ਕੁ ਗਾਣੇ ਹੋਣਗੇ। ਇਹੋ ਜਿਹੇ ਗਾਣੇ ਲਿਖਣ ਤੇ ਗਾਉਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੇ ਕਿ ਅਸੀਂ ਕੀ ਲਿਖ ਰਹੇ ਹਾਂ ਤੇ ਕੀ ਗਾ ਰਹੇ ਹਾਂ? ਇਹੋ ਜਿਹੇ ਗਾਣੇ ਸਮਾਜ ਨੂੰ ਕੀ ਸੇਧ ਦੇ ਰਹੇ ਹਨ, ਉਲਟਾ ਇਹ ਨੌਜਵਾਨ ਪੀੜ੍ਹੀ ਨੂੰ ਨਸ਼ੇ ਵੱਲ ਧਕੇਲ ਰਹੇ ਹਨ।
ਇਕ ਪਾਸੇ ਤਾਂ ਇਹ ਗਾਇਕ ਭਗਤ ਸਿੰਘ ਨੂੰ ਬੁਲਾ ਰਹੇ ਹਨ।
ਮੈਂ ਫੈਨ ਭਗਤ ਸਿੰਘ ਦਾ .... ਮੁੜ ਆ ਜਾ ਵੀਰਿਆ, ਓਏ ਅਰਦਾਸ ਇਹੋ ਨਿੱਤ ਕਰਦਾ।
ਮੈਂ ਦਿਲਜੀਤ ਵੀਰ ਨੂੰ ਕਹਿਣਾ ਚਾਵਾਂਗੀ, ਕਿ ਜੇ ਉਹ ਵਾਪਸ ਆ ਜਾਂਦੇ ਹਨ, ਤਾਂ ਪਹਿਲਾਂ ਤੇਰੇ ਕੋਲ ਆ ਕੇ ਪੁੱਛਣਗੇ, ‘ਲੱਕ ਟਵੰਟੀ ਏਟ ਕੁੜੀ ਦਾ’ ਤੇ ‘15 ਸਾਲਾਂ ਤੋਂ ਘੱਟ’ ਇਹ ਤੂੰ ਹੀ ਗਾਇਆ? ਪਹਿਲਾਂ ਤੂੰ ਦੱਸ, ਤੂੰ ਇਹ ਕੀ ਕਰਦਾ ਫਿਰਦਾ?
ਉਹਨਾਂ ਨੇ ਤਾਂ ਵਾਪਸ ਨਹੀਂ ਆਉਣਾ, ‘ਭਗਤ ਸਿੰਘ’ ਅੱਜ ਦੀ ਨੌਜਵਾਨ ਪੀੜ੍ਹੀ ’ਚੋਂ ਹੀ ਪੈਦਾ ਕੀਤੇ ਜਾ ਸਕਦੇ ਹਨ, ਬਾਕੀ ਗੀਤਕਾਰ ਤੇ ਗਾਇਕ ਕਿਸ ਤਰ੍ਹਾਂ ਦੀ ਸੇਧ ਦੇ ਰਹੇ ਹਨ। ਇਹ ਸਭ ਨੂੰ ਪਤਾ ਹੀ ਹੈ। ਇਹ ਲੋਕ ਸਿਰਫ ਸ਼ਹੀਦਾ ਦੇ ਨਾਂ ਬਿਜਨੈਸ ਕਰਦੇ ਹਨ।
ਮੇਰੀ ਸਭ ਗਾਇਕਾਂ ਤੇ ਗੀਤਕਾਰਾਂ ਦੇ ਅੱਗੇ ਬੇਨਤੀ ਹੈ। ਇਹੋ ਜਿਹੇ ਗਾਣੇ ਨਾ ਗਾਉਣ ਤੇ ਨਾ ਲਿਖਣ ਜਿਸ ਨਾਲ
ਨੌਜਵਾਨਾਂ ਦੀ ਸੋਚ ਤੇ ਪਰਦਾ ਪੈ ਜਾਵੇ। ਅੱਜ ਕੱਲ੍ਹ ਨੌਜਵਾਨ ਪੀੜ੍ਹੀ ਜਿਆਦਾਤਰ ਇਸ ਪਾਸੇ ਵੱਲ ਹੀ ਤੁਰੀ ਹੋਈ ਹੈ। ਹਰ ਕਿਸੇ ਅੰਦਰ ਗਾਇਕ ਜਰੂਰ ਮੌਜੂਦ ਹੁੰਦਾ ਹੈ। ਇਸ ਲਈ ਉਹ ਵਧੇਰੇ ਗਾਇਕਾਂ ਨੂੰ ਸੁਣਨਾ ਵੀ ਪਸੰਦ ਕਰਦੇ ਹਨ। ਅੱਜ ਕੱਲ ਦੇ ਨੌਜਵਾਨ ਸੇਧ ਹੀ ਗਾਣਿਆਂ ਤੋਂ ਲੈਂਦੇ ਹਨ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ, ਇਹ ਮਨੋਰੰਜਨ ਲਈ ਉਚਰੇ ਗਏ ਕੁੱਝ ਕੁ ਸ਼ਬਦ ਹੁੰਦੇ ਹਨ। ਇਹ ਕੋਈ ਕਿਸੇ ਦੀ ਪੂਰੀ ਜਿੰਦਗੀ ਦਾ ਨਿਚੋੜ ਨਹੀਂ ਹੁੰਦੇ। ਜਿਆਦਾਤਰ ਗਾਣਿਆਂ ’ਚ ਨਸ਼ੇ ਦੀ ਵਡਿਆਈ ਹੀ ਕੀਤੀ ਗਈ ਹੁੰਦੀ ਹੈ। ਬਹੁਤ ਘੱਟ ਗਾਣੇ ਹੀ ਇਸ ਤਰ੍ਹਾਂ ਦੇ ਹੁੰਦੇ ਹਨ, ਜਿਹਨਾਂ ਵਿਚ ਨਸ਼ੇ ਦੀ ਨਿਖੇਧੀ ਕੀਤੀ ਗਈ ਹੋਵੇ। ਅਜਿਹੇ ਗੀਤਾਂ ਨੂੰ ਲੋਕ ਸੁਣਦੇ ਵੀ ਘੱਟ ਨੇ। ਜੇਕਰ ਗੀਤਕਾਰ ਆਪਣੇ ਗੀਤਾਂ ਦੁਆਰਾ ਵਧੀਆ ਸੰਦੇਸ਼ ਦੇਣ ਤਾਂ ਕੁੱਝ ਹੱਦ ਤੱਕ ਸਮਾਜ ਨੂੰ ਸਹੀ ਸੇਧ ਮਿਲ ਸਕਦੀ ਹੈ। ਜਿਆਦਾਤਰ ਗਾਣਿਆਂ ਵਿਚ ਸ਼ਰਾਬ ਪੀਣੀ ਇੱਕ ਆਮ ਤੇ ਮਾਡਰਨ ਯੁੱਗ ਦੀ ਨਿਸ਼ਾਨੀ, ਦਰਸਾਈ ਗਈ ਹੁੰਦੀ ਹੈ। ਜਿਸ ਕਾਰਣ ਨੌਜਵਾਨਾਂ ਵਿਚ ਇਸ ਦੀ ਵਰਤੋਂ ਫੈਸ਼ਨ ਦੇ ਤੌਰ ਤੇ ਕੀਤੀ ਜਾਂਦੀ ਹੈ। ਇਸ ਪ੍ਰਕਾਰ ਉਹ ਹੌਲੀ ਹੌਲੀ ਹੋਰ ਨਸ਼ਿਆਂ ਵੱਲ ਵੱਧ ਜਾਂਦੇ ਹਨ। ਫਿਰ ਉਹਨਾਂ ਦੀ ਇਹ ਜਰੂਰਤ ਬਣ ਜਾਂਦੀ ਹੈ। ਇਸ ਜਰੂਰਤ ਨੂੰ ਪੂਰਾ ਕਰਨ ਲਈ ਕਈ ਵਾਰ ਉਹ ਗਲਤ ਕਦਮ ਵੀ ਚੁੱਕ ਲੈਂਦੇ ਹਨ। ਕਈ ਵਾਰ ਬੇਰੁਜਗਾਰੀ ਦੇ ਮਾਰੇ ਨੌਜਵਾਨ ਵੀ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਉਹ ਗਲਤ ਸੰਗਤ ਵਿਚ ਪੈ ਜਾਣ। ਕਿਸੇ ਵੀ ਸਮਝਦਾਰ ਵਿਅਕਤੀ ਨੂੰ ਇਹ ਪਤਾ ਹੁੰਦਾ ਹੈ ਕੀ ਇਸ ਤਰ੍ਹਾਂ ਕਰਨ ਨਾਲ ਨਾ ਤਾਂ ਨੌਕਰੀ ਮਿਲਣੀ ਹੈ ਨਾ ਹੀ ਇਹ ਕਿਸੇ ਮੁਸ਼ਕਿਲ ਦਾ ਹੱਲ ਨੇ। ਸਫਲਤਾ ਸਿਰਫ ਮਿਹਨਤ ਤੇ ਲਗਨ ਨਾਲ ਮਿਲਦੀ ਹੈ। ਦ੍ਰਿੜ ਇਰਾਦੇ ਨਾਲ ਮਿਲਦੀ ਹੈ। ਮੈਂ ਉਹਨਾਂ ਸ਼ੈਤਾਨਾ ਨੂੰ ਵੀ ਕਹਿਣਾ ਚਾਵਾਂਗੀ, ਕੀ ਜੇਕਰ ਉਹ ਲੋਕ ਪੈਸੇ ਦੀ ਖਾਤਿਰ, ਨੌਜਵਾਨਾਂ ਨੂੰ ਗਲਤ ਗਾਈਡ ਕਰਕੇ, ਕਾਲਜਾਂ, ਸਕੂਲਾਂ ਤੇ ਪਿੰਡਾਂ, ਸ਼ਹਿਰਾਂ ਵਿਚ ਨਸ਼ੇ ਵੇਚਦੇ ਹਨ, ਤਾਂ ਇਹ ਅੱਗ ਇੱਕ ਨਾ ਇੱਕ ਦਿਨ ਉਹਨਾਂ ਦੇ ਘਰ ਤੱਕ ਵੀ ਜਰੂਰ ਪੁੱਜੇਗੀ। ਨਸ਼ਿਆਂ ਕਰਕੇ ਕਈ ਪਰਿਵਾਰ ਉਜੜ ਗਏ ਹਨ। ਮੇਰੇ ਪਿੰਡ ਵਿਚ ਵੀ ਕਈ ਨੌਜਵਾਨ ਇਸਦੇ ਸ਼ਿਕਾਰ ਹਨ। ਮੇਰੇ ਪਿੰਡ ਵਿਚ ਵੀ ਨਸ਼ੇ ਦੀ ਸਪਲਾਈ ਹੁੰਦੀ ਹੈ। ਮੈਨੂੰ ਇਹ ਇਸ ਲਈ ਪਤਾ ਹੈ ਕਿਉਂਕਿ ਮੈਂ ਵੀ ਉਸ ਭਰਾ ਦੀ ਭੈਣ ਹਾਂ, ਜੋ ਇਸ ਦੀ ਚਪੇਟ ਵਿਚ ਹੈ।
ਸਰਬਜੀਤ ਕੌਰ
ਪਿੰਡ ਤੇ ਡਾਕ ਬੜਵਾ
(ਨੂਰਪੁਰ ਬੇਦੀ)
ਜਿਲ੍ਹਾ ਰੋਪੜ।

0 comments:
Speak up your mind
Tell us what you're thinking... !