ਸੋ ਕਿਉ ਮੰਦਾ ਆਖੀਐ
ਜਿਤ ਜੰਮਹੁ ਰਾਜਾਨ।
ਗੁਰੂ ਨਾਨਕ ਪਿਤਾ ਜੀ ਦੇ ਇਹ ਸ਼ਬਦ ਔਰਤ ਨੂੰ ਸੰਬੋਧਿਤ ਕਰਦੇ ਔਰਤ ਦੀ ਵਡਿਆਈ ਨੂੰ ਦਰਸਾਉਂਦੇ ਹਨ। ਜਿਸ ਮਹਾਨ ਔਰਤ ਨੇ ਰਾਜਿਆਂ ਮਹਾਰਾਜਿਆਂ, ਰਿਸ਼ੀਆਂ, ਮੁਨੀਆ, ਪੀਰ ਪੈਗੰਬਰਾਂ ਨੂੰ ਜਨਮ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਔਰਤ ਨੂੰ ਰੱਬ ਤੋਂ ਵੀ ਉੱਚਾ ਦਰਜਾ ਦਿੱਤਾ। ਪਰ ਅੱਜ ਉਸ ਔਰਤ ਦਾ ਦਰਜਾ ਕਿੱਥੋਂ ਤੋਂ ਕਿਥੇ ਪਹੁੰਚ ਗਿਆ ਕਿਉਂਕਿ ਅਜੋਕੀ ਗਾਇਕੀ ਵਿਚ ਜਿਸ ਪ੍ਰਕਾਰ ਲਚਰਤਾ ਤੇ ਬੇਸ਼ਰਮੀ ਵਧਦੀ ਜਾ ਰਹੀ ਹੈ, ਔਰਤ ਦਾ ਸਰੂਪ ਵੀ ਵਿਗੜਦਾ ਜਾ ਰਿਹਾ ਹੈ। ਅਜੋਕੇ ਗਾਇਕ ਆਪਣੀ ਗਾਇਕੀ ਦੇ ਬੋਲਾਂ ਵਿਚ ਔਰਤ ਨੂੰ ਘਟੀਆ ਤੋਂ ਘਟੀਆ ਲਫਜਾਂ ਨਾਲ ਸੰਬੋਧਿਤ ਕਰ ਰਹੇ ਨੇ। ਅਜੋਕੀ ਗਾਇਕੀ ਵਿਚ ਔਰਤ ਦਾ ਇੰਨਾਂ ਗੰਦਾ ਸਰੂਪ ਚਿਤਰਿਆ ਗਿਆ ਹੈ, ਕਿ ਇਕ ਔਰਤ ਹੀ ਵੇਖ ਕੇ ਇਹ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਕਿ ਇਹ ਤਾਂ ਮੇਰੀ ਅਸਲੀਅਤ ਨਹੀਂ...। ਅੱਜ ਸਮਾਜ ਅੰਦਰ ਔਰਤ ਤੇ ਹੋ ਰਹੇ ਜਿੰਨੇ ਵੀ ਅਪਰਾਧ ਸਾਡੇ ਸਾਹਮਣੇ ਆ ਰਹੇ ਨੇ, ਉਨ੍ਹਾਂ ਦੇ ਕਸੂਰਵਾਰ ਅਪਰਾਧੀਆਂ ਨੂੰ ਬਹੁਤ ਉਤਸ਼ਾਹ ਗੰਦੇ ਗੀਤਕਾਰਾਂ ਤੇ ਗੰਦੇ ਗਾਇਕਾਂ ਨੇ ਦਿੱਤਾ ਹੈ। ਪਤਾ ਨਹੀਂ; ਕਿਸ ਗੰਦੀ ਕਲਮ ਨੇ ਇਹ ਚਾਰ ਸਤਰਾਂ ਔ ਦੇਖੋ, ਸੜਕਾਂ ਤੇ ਅੱਗ ਤੁਰੀ ਜਾਂਦੀ ਐ’ ਲਿਖ ਦਿੱਤੀਆਂ ਕੋਈ ਉਸ ਗੀਤਕਾਰ ਨੂੰ ਪੁੱਛਣ ਵਾਲਾ ਹੋਵੇ, ਕਿ ਜਿਸ ਵੇਲੇ ਤੂੰ ਇਸ ਗੀਤ ਦੀਆਂ ਸਤਰਾਂ ਲਿਖ ਰਿਹਾ ਸੀ, ਕੀ ਉਸ ਵੇਲੇ ਤੇਰੀਆਂ ਅੱਖਾਂ ਮੂਹਰੇ ਤੇਰੀ ਮਾਂ ਤੇ ਭੈਣ ਦਾ ਸਰੂਪ ਨਾ ਆਇਆ? ਕੀ ਉਸ ਮਾਤਾ ਗੁਜਰ ਕੌਰ ਦਾ ਸਰੂਪ ਤੇਰੀਆਂ ਅੱਖਾਂ ਮੂਹਰੇ ਨਾ ਆਇਆ, ਜਿਸ ਨੇ ਸਰਹੰਦ ਵਿੱਚ, ਠੰਡੇ ਬੁਰਜ ਵਿਚ ਸ਼ਹੀਦੀ ਪਾ ਲਈ ਸੀ। ਉਸ ਔਰਤ ਨੂੰ ਅੱਗ ਲਿਖਣ ਲੱਗੇ ਤੇਰੀ ਕਲਮ ਨੇ ਤੇਰਾ ਸਾਥ ਕਿੰਝ ਦਿੱਤਾ? ਅਜੋਕੇ ਗਾਇਕਾਂ ਵਿਚ ਕੁੱਝ ਕੁ ਗਾਇਕ ਤਾਂ ਅਜਿਹੇ ਹਨ, ਜਿਨਾਂ ਨੇ ਔਰਤ ਦੇ ਸਰੂਪ ਨੂੰ ਹੱਦ ਤੱਕ ਵਿਗਾੜ ਕੇ ਰੱਖ ਦਿੱਤਾ ਹੈ। ਆਪਣੇ ਗੀਤਾਂ ਦੇ ਬੋਲਾਂ ਵਿਚ ਔਰਤ ਨੂੰ ਸ਼ਰਾਬ, ਪੁਰਜਾ, ਪਟੋਲਾ ਲਿਖਣ ਵਾਲੇ ਗੀਤਕਾਰ ਤੇ ਗਾਉਣ ਵਾਲੇ ਗਾਇਕ ਇਹ ਸੋਚ ਲੈਣ, ਜੇ ਇਹ ਗੀਤ ਅੱਜ ਦੂਜਿਆਂ ਦੀਆਂ ਧੀਆਂ ਭੈਣਾਂ ਤੇ ਢੁਕ ਕੇ ਉਨਾਂ ਨੂੰ ਸ਼ਰਮਸਾਰ ਕਰ ਰਹੇ ਨੇ, ਤਾਂ ਕੱਲ੍ਹ ਤੁਹਾਡੀਆਂ ਧੀਆਂ, ਭੈਣਾਂ ਤੇ ਵੀ ਢੁਕਣਗੇ। ਕਿਸੇ ਗਾਇਕ ਵੱਲੋਂ ਗਾਇਆ ਗੀਤ ‘ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ੍ਹ ਲਈ, ਡਾਕਾ ਤਾਂ ਨਈ ਮਾਰਿਆ’ ਉ ਭਲੇ ਮਾਣਸਾ, ਤੇਰੇ ਲਈ ਹੁਣ ਇਹ ਮਾਮੂਲੀ ਜਿਹੀ ਗੱਲ ਹੋਊ, ਪਰ ਜਦ ਤੇਰੀ ਭੈਣ ਜਾਂ ਧੀ ਨਾਲ ਵਾਪਰੀ ਉਦੋਂ ਪਤਾ ਲੱਗੂ, ਡਾਕਾ ਮਾਰਨ ਤੋਂ ਵੀ ਕਿੰਨੀ ਵੱਡੀ ਗੱਲ ਏ, ਕਿਸੇ ਦੀ ਧੀ ਭੈਣ ਦੀ ਬਦਨਾਮੀ।
ਸ਼ਰਮ ਵਾਲੀ ਗੱਲ ਹੈ ਕਿ ਇਨਾਂ ਗਾਇਕ ਕਲਾਕਾਰਾਂ ਤੋਂ ਬਿਨਾਂ ਤਾਂ ਸਾਡਾ ਆਨੰਦ ਕਾਰਜ ਵੀ ਨਹੀਂ ਹੁੰਦਾ। ਇਨ੍ਹਾਂ ਕਲਾਕਾਰਾਂ ਨੂੰ ਦੇਣ ਲਈ ਲੋਕ ਲੱਖਾਂ ਰੁਪਏ ਖਰਚ ਦਿੰਦੇ ਹਨ। ਵੱਡਾ ਗਾਇਕ ਬੁਕ ਕੀਤਾ ਜਾਂਦਾ ਏ। ਤੇ ਉਹ ਵਿਆਹ ਸਮਾਗਮ ਵਿਚ ਚਾਰ ਅਸ਼ਲੀਲ ਗੀਤ ਗਾ ਕੇ ਤੁਰ ਜਾਂਦਾ ਹੈ, ਤੇ ਆਪਣੇ ਗੀਤਾਂ ਦੇ ਬੋਲਾਂ ਰਾਹੀਂ ਸਾਡੀਆਂ ਧੀਆਂ ਭੈਣਾਂ ਦੀ ਰੱਜ ਕੇ ਬਦਨਾਮੀ ਕਰ ਜਾਂਦਾ ਏ।
ਗੱਲ ਕਰ ਲਉ, ਬੱਸਾਂ, ਆਟੋਆਂ ਦੀ। ਜਿੰਨਾਂ ਵਿਚ ਬੈਠ ਕੇ ਸਫਰ ਕਰਨਾ ਮੁਨਾਸਿਬ ਨਹੀਂ ਰਿਹਾ। ਜਦੋਂ ਕੋਈ ਬਾਪ ਆਪਣੀ ਧੀ ਨਾਲ ਜਾਂ ਭਰਾ ਆਪਣੀ ਭੈਣ ਨਾਲ ਬੱਸ ਵਿਚ ਸਫਰ ਕਰਦਾ ਹੈ। ਉਸ ਵੇਲੇ ਬੱਸ ਵਿਚ ਅਸ਼ਲੀਲ ਗੀਤ ਚਲਾ ਦਿੱਤਾ ਜਾਂਦਾ ਹੈ। ਉਸ ਵੇਲੇ ਉਸ ਬਾਪ ਨੂੰ ਕਿੰਨੀ ਸ਼ਰਮ ਆਉਂਦੀ ਏ। ਇਹ ਤਾਂ ਉਹੀ ਜਾਣਦਾ ਏ।
ਅੱਜ ਸਮਾਜ ਅੰਦਰ ਇੱਕ ਗੰਦੀ ਬੁਰਾਈ ‘ਬਲਾਤਕਾਰ ਪੈਦਾ ਹੋ ਗਈ ਏ ਜਿਸ ਦਾ ਸ਼ਿਕਾਰ ਦੋ ਸਾਲ ਦੀਆਂ ਮਾਸੂਮ ਬੱਚੀਆਂ ਤੋਂ ਲੈ ਕੇ ਅੱਸੀ ਸਾਲ ਦੀਆਂ ਬਜੁਰਗ ਔਰਤਾਂ ਹੋ ਰਹੀਆਂ ਹਨ। ਕਹਿਣਾ ਗਲਤ ਨਹੀਂ ਹੋਏਗਾ ਕਿ ਅਜੋਕੇ ਗੀਤਕਾਰ ਤੇ ਗਾਇਕਾਂ ਦੀ ਇਸ ਘਟੀਆ ਜੁਰਮ ਵਿਚ ਬਹੁਤ ਦੇਣ ਹੈ। ਜਿੰਨਾਂ ਨੇ ਪਹਿਲਾਂ ਆਪਣੇ ਗੀਤਾਂ ਦੇ ਬੋਲਾਂ ਰਾਹੀਂ ਔਰਤ ਨੂੰ ਘਟੀਆ ਸਾਬਤ ਕੀਤਾ ਤੇ ਫਿਰ ਆਪਣੇ ਗੀਤਾਂ ਦੀ ਵੀਡੀਓ ਰਾਹੀਂ ਔਰਤ ਦੇ ਨੰਗੇਜ ਦਾ ਪ੍ਰਦਰਸ਼ਨ ਕੀਤਾ।
ਅੱਜ ਗਾਇਕੀ ਵਿਚ ਅਸ਼ਲੀਲਤਾ ਤੇ ਲਚਰਤਾ ਨੂੰ ਪਰੋਸਣ ਵਾਲੇ ਬਹੁਤ ਨੇ, ਤਾਂ ਸਾਫ ਗਾਇਕੀ ਗਾਉਣ ਵਾਲੇ ਵੀ ਬਹੁਤ ਨੇ, ਸਤਿੰਦਰ ਸਰਤਾਜ ਵਰਗੇ ਗਾਇਕਾਂ ਨੇ ਗਾਇਕੀ ਵਿਚ ਸਾਦਗੀ ਨੂੰ ਬਹੁਤ ਅਪਣਾਇਆ ਤੇ ਵਿਰਸੇ ਨਾਲ ਸੰਬੰਧਿਤ ਬੋਲ ਹੀ ਬੋਲੇ ਪਰ ਕਿਸੇ ਇਕ ਦਾ ਯਤਨ ਹੀ ਕਾਫੀ ਨਹੀਂ। ਸੋ ਸਾਨੂੰ ਇਕ ਜੁੱਟ ਹੋ ਕੇ ਅਸ਼ਲੀਲ ਗਾਇਕੀ ਦਾ ਵਿਰੋਧ ਕਰਨਾ ਚਾਹੀਦਾ ਹੈ। ਇਨਾ ਘਟੀਆ ਗੀਤਕਾਰਾਂ ਤੇ ਗਾਇਕਾਂ ਨੂੰ ਅਹਿਸਾਸ ਕਰਵਾਉਣਾ ਪਵੇਗਾ ਕਿ ਔਰਤ ਕੋਈ ਵਸਤੂ ਨਹੀਂ, ਤੁਹਾਡੀ ਧੀ ਏ, ਮਾਂ ਏ, ਭੈਣ ਏ। ਜਿਸ ਪ੍ਰਕਾਰ ਇਸਤਰੀ ਜਾਤੀ ਮੰਚ ਵੱਲੋਂ ਅਸ਼ਲੀਲ ਗਾਇਕੀ ਵਿਰੁੱਧ ਧਰਨੇ ਦਿੱਤੇ ਜਾਂਦੇ ਹਨ। ਉਸੇ ਪ੍ਰਕਾਰ ਸਿੱਖ ਨੌਜਵਾਨ ਵੀ ਅੱਗੇ ਆਉਣ ਤੇ ਔਰਤ ਦੀ ਇੱਜਤ ਦੀ ਰੱਖਿਆ ਲਈ ਪੰਜਾਬ ਵਿਚੋਂ ਅਸ਼ਲੀਲ ਗਾਇਕੀ ਦੀ ਜੜ੍ਹ ਪੁੱਟ ਦੇਣ ਤੇ ਅਸ਼ਲੀਲ ਲਿਖਣ ਵਾਲੇ ਗੀਤਕਾਰਾਂ ਤੇ ਗਾਉਣ ਵਾਲੇ ਗਾਇਕਾਂ ਦਾ ਹਮੇਸ਼ਾ ਲਈ ਬਾਈਕਾਟ ਕਰ ਦੇਣ।
ਪੁੱਤਰੀ ਸ੍ਰੀ ਹਰਭਜਨ ਸਿੰਘ
ਮਕਾਨ ਨੰ: 34, ਪਿੰਡ ਸਰਲੀ ਕਲਾਂ, ਤਹਿ: ਖਡੂਰ ਸਾਹਿਬ,
ਜਿਲ੍ਹਾ ਤਰਨ ਤਾਰਨ ਪਿੰਨ 143115


0 comments:
Speak up your mind
Tell us what you're thinking... !