ਪਿੰਡ ਵਿਚ ਸਾਰੇ ਹੀ ਉਸ ਨੂੰ ਬਾਬਾ ਕੈਲੋਂ ਆਖਦੇ ਸਨ। ਤੁਰਿਆ ਤੁਰਿਆ ਜਾਂਦਾ ਇਕੱਲਾ ਹੀ ਕੁਝ ਬੁੜ ਬੁੜਾਉਂਦਾ ਜਾਂਦਾ ਸੀ ਤੇ ਜਦੋਂ ਕੋਈ ਉਸਦੇ ਕੋਲ ਆਉਂਦਾ ਤਾਂ ਉਸ ਨੂੰ ਕਹਿੰਦਾ, ‘ਬੁੱਕ ਰੁਪਈਆ ਦਾ ਮਿਲਣਾ ਏ ਮੈਨੂੰ, ਬੁਢਾਪਾ ਪੈਨਸ਼ਨ ਲੱਗ ਜਾਣੀ ਏ ਮੇਰੀ, ਵੇਖੀਂ। ਇੰਨਾਂ ਬੁੱਕ ਰੁਪਈਆ ਦਾ।’ ਇਹ ਸਭ ਕੁੱਝ ਉਹ ਇਕੋ ਸਾਹੇ ਹੀ ਕਹਿ ਜਾਂਦਾ। ਕਈ ਵਾਰ ਤਾਂ ਕਈ ਉਸਦੀ ਗੱਲ ਨੂੰ ਅਣਗੌਲਿਆ ਕਰਕੇ ਹੀ ਚਲੇ ਜਾਂਦੇ ਤੇ ਕੲ. ਵਾਰ ਕੋਈ ਉਸਦਾ ਦਿਲ ਰੱਖਣ ਲਈ ਉਸਨੂੰ ਕਹਿ ਦਿੰਦਾ, ‘ਹਾਂ, ਹਾਂ ਬਾਪੂ ਜਰੂਰ ਮਿਲੇਗਾ ਤੈਨੂੰ ਬੁੱਕ ਰਪਈਆਂ ਦਾ।’ ਤੇ ਉਹ ਖੁਸ਼ੀ ਵਿਚ ਦੁਹਰਾ ਹੋ ਹੋ ਜਾਂਦਾ। ਕੁਝ ਸਮੇਂ ਬਾਦ ਉਸ ਨੇ ਬੁੱਕ ਰੁਪਈਆਂ ਦੀ ਥਾਂ ਤੇ ਪੰਡ ਰੁਪਈਆਂ ਦੀ ਕਹਿਣਾ ਸ਼ੁਰੂ ਕਰ ਦਿੱਤਾ ਤੇ ਸ਼ਾਇਦ ਉਸ ਨੇ ਮਨ ਹੀ ਮਨ ਹਿਸਾਬ ਲਾ ਲਿਆ ਹੋਣੈ ਕਿ ਉਸਦਾ ਰੁਪਈਆਂ ਦਾ ਬੁੱਕ ਜਰੂਰ ਹੁਣ ਤੱਕ ਪੰਡ ਰੁਪਈਆਂ ਦੀ ਹੋ ਗਈ ਹੋਵੇਗੀ। ਇਕ ਦਿਨ ਮੈਂ ਆਪਣੇ ਪਤੀ ਨੂੰ ਇਸਦਾ ਕਾਰਨ ਪੁੱਛਿਆ ਕਿ ਇਹ ਬਾਪੂ ਇਸ ਤਰ੍ਹਾਂ ਕਿਉਂ ਬੁੜ ਬੁੜਾਉਂਦਾ ਰਹਿੰਦਾ ਹੈ ਪੰਡ ਰੁਪਈਆਂ ਦੀ, ਪੰਡ ਰੁਪਈਆਂ ਦੀ ਤਾਂ ਉਹਨਾਂ ਉਤਰ ਦਿੱਤਾ ਕਿ ਇਸ ਬਜੁਰਗ ਦੇ ਪੁੱਤ ਨੇ ਦੋ ਕੁ ਵਾਰ ਇਸ ਬਜੁਰਗ ਦੇ ਬੁਢਾਪੇ ਪੈਨਸ਼ਨ ਲਈ ਫਾਰਮ ਭਰੇ ਨੇ ਪਰ ਸਰਪੰਚ ਉਸਦੇ ਫਾਰਮ ਤੇ ਦਸਤਖਤ ਨਹੀਂ ਕਰਦਾ, ਕਿਉਂਕਿ ਇਹ ਉਸਦੀ ਵਿਰੋਧੀ ਧਿਰ ਨੂੰ ਵੋਟਾਂ ਪਾਉਂਦੇ ਨੇ। ਨਾਲ ਦੇ ਬਜੁਰਗਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਵੇਖ ਕੇ ਇਸ ਬਜੁਰਗ ਨੂੰ ਵਹਿਮ ਹੋ ਗਿਆ ਹੈ ਕਿ ਉਸ ਨੂੰ ਵੀ ਜਰੂਰ ਉਸਦੇ ਜਮਾਂ ਹੋਏ ਪੈਸੇ ਮਿਲਣਗੇ ਇਸੇ ਹੀ ਕਰਕੇ ਇਹ ਇਸ ਤਰਾਂ ਬੁੜ ਬੁੜਾਉਂਦਾ ਰਹਿੰਦਾ ਹੈ। ਅੱਜ ਤੜਕਸਾਰ ਹੀ ਪਤਾ ਲੱਗਾ ਕਿ ਉਹ ਬਜੁਰਗ ਬਾਬਾ ਕੈਲੋ ਚਲ ਵਸਿਆ ਹੈ ਹੁਣ ਉਸਦੀਆਂ ਅੱਧ ਖੁਲੀਆਂ ਅੱਖਾਂ ਤੋਂ ਇੰਝ ਜਾਪ ਰਿਹਾ ਸੀ ਜਿਵੇਂ ਅਜੇ ਵੀ ਸਰਕਾਰੋਂ ਪੰਡ ਰੁਪਈਆਂ ਦੀ ਮਿਲਣ ਦੀ ਉਡੀਕ ਕਰ ਰਹੀਆਂ ਹੋਣ।
ਗੁਰਜੀਤ ਕੌਰ
ਜਿਲ੍ਹਾ ਅੰਮ੍ਰਿਤਸਰ
ਮੋਬਾਇਲ ਨੰਬਰ
8872020381

0 comments:
Speak up your mind
Tell us what you're thinking... !