
ਸਮੇਂ ਦੇ ਬਦਲਾਅ ਨਾਲ ਜਿਵੇਂ ਸੰਦੂਕ, ਰੱਥ, ਗੱਡੇ ਤੇ ਹੋਰ ਚੀਜਾਂ ਦੂਰ ਜਾ ਰਹੀਆਂ ਨੇ, ਬਿਲਕੁਲ ਉਵੇਂ ਹੀ ਵਾਣ ਵਾਲੇ ਮੰਜੇ ਵੀ ਇੱਕ ਤਰ੍ਹਾਂ ਨਾਲ ਅਲੋਪ ਜਿਹੇ ਹੁੰਦੇ ਜਾ ਰਹੇ ਨੇ। ਲੱਕੜ ਦੇ ਮੋਟੇ-ਮੋਟੇ ਪਾਵੇ ਤੇ ਲੱਕੜ ਦੀਆਂ ਗੋਲ ਜਾਂ ਚੌਰਸ ਬਾਹੀਆਂ ਵਾਲੇ ਵਾਣ ਨਾਲ ਬੁਣੇ ਮੰਜੇ ਹੁਣ ਸਿਰਫ ਉਨ੍ਹਾਂ ਘਰਾਂ ਵਿੱਚ ਦਿਸਦੇ ਨੇ ਜਿਨ੍ਹਾਂ ਨੂੰ ਪੁਰਾਣੀਆਂ ਚੀਜਾਂ ਸਾਂਭਣ ਦਾ ਸ਼ੌਂਕ ਹੈ। ਵਾਣ ਦੇ ਮੰਜਿਆਂ ਦੀ ਵੀ ਆਪਣੀ ਸ਼ਾਨ ਸੀ। ਕਸੀ ਹੋਈ ਦੌਣ ਵਾਲੇ ਇਹ ਮੰਜੇ ਬੈ ੱਡ ਨਾਲੋਂ ਰੱਤੀ ਘੱਟ ਨਹੀਂ ਹੁੰਦੇ ਸਨ। ਜਿਵੇਂ ਔਰਤਾਂ ਘਰਾਂ ਵਿੱਚ ਪੱਖੀਆਂ, ਪੀੜ੍ਹੀਆਂ, ਦਰੀਆਂ ਬੁਣਦੀਆਂ ਸਨ, ਉਵੇਂ ਹੀ ਔਰਤਾਂ ਦਾ ਮੰਜੇ ਬੁਣਨਾ ਵੀ ਆਮ ਸ਼ੌਂਕ ਸੀ। ਜੋ ਕਿ ਘਰ ਦੀ ਲੋੜ ਨੂੰ ਵੀ ਪੂਰਾ ਕਰਦਾ ਸੀ। ਮੰਜਿਆਂ ਨੂੰ ਬੁਣਨ ਲਈ ਮੁੰਜ ਜਾਂ ਬੱਬੜ ਦਾ ਬਾਣ ਵਰਤਿਆ ਜਾਂਦਾ ਸੀ। ਪਰ ਮੁੰਜ ਦਾ ਵਾਣ ਸਭ ਤੋਂ ਵੱਧ ਲਾਭਦਾਇਕ ਹੁੰਦਾ ਸੀ। ਔਰਤਾਂ ਆਪਣੀ ਮਰਜੀ ਨਾਲ ਮੰਜੇ ਨੂੰ ਨੌਕੜਾ ਜਾਂ ਚੌਕੜਾ ਬੁਣ ਲੈਂਦੀਆਂ ਸਨ। ਬੀਤੇ ਸਮਿਆਂ ਵਿੱਚ ਮੰਜੇ ਧਰਮਸ਼ਾਲਾ ਵਿੱਚ ਜੰਝ ਦੇ ਬੈਠਣ – ਸੌਣ ਲਈ ਸਾਰੇ ਪਿੰਡ ਵਿੱਚੋਂ ‘ਕੱਠੇ ਕਰਕੇ ਰੱਖੇ ਜਾਂਦੇ ਸਨ। ਜਦੋਂ ਬਿਜਲੀ ਦੇ ਵੀ ਅੱਜ ਵਾਂਗ ਸਾਧਨ ਮੌਜੂਦ ਨਹੀਂ ਸਨ, ਉਨ੍ਹਾਂ ਵੇਲਿਆਂ ‘ਚ ਰਾਤ ਨੂੰ ਸਾਰੇ ਲੋਕ ਛੱਤਾਂ ‘ਤੇ ਸੌਂਦੇ ਸਨ, ਦਿਨ ਛਿਪਦਿਆਂ ਮੰਜੇ ਛੱਤਾਂ ‘ਤੇ ਚੜ੍ਹਾਏ ਜਾਂਦੇ ਤੇ ਪਹੁ ਫੁਟਾਲੇ ਵੇਲੇ ਲਾਹ ਲਏ ਜਾਂਦੇ। ਬੈਠਣ-ਸੌਣ ਤੋਂ ਇਲਾਵਾ ਮੰਜੇ ਦੀ ਹੋਰ ਵੀ ਬਹੁਤ ਸਾਰੇ ਕੰਮਾਂ ਲਈ ਵਰਤੋਂ ਕੀਤੀ ਜਾਂਦੀ ਸੀ। ਜਿਵੇਂ ਕਿ ਸੇਵੀਆਂ ਵੱਟਣ ਵਾਲੀ ਮਸ਼ੀਨ ਨੂੰ ਮੰਜੇ ਦੀ ਬਾਹੀਂ ਬੰਨ੍ਹਿਆਂ ਜਾਂਦਾ ਸੀ, ਵਿਆਹਾਂ ਦੇ ਮੌਕੇ ਮੰਜਿਆਂ ਨੂੰ ਛੱਤ ਤੇ ਜੋੜ ਕੇ ਸਪੀਕਰ ਲਗਾਇਆ ਜਾਂਦਾ ਸੀ, ਘਰਾਂ ‘ਚ ਜਦੋਂ ਵੜੀਆਂ ਬਣਾਈਆਂ ਜਾਂਦੀਆਂ ਸਨ ਉਦੋਂ ਵੀ ਮੰਜੇ ਦੀ ਵਰਤੋਂ ਕੀਤੀ ਜਾਂਦੀ ਸੀ, ਲਾੜੇ ਅਤੇ ਲਾੜੀ ਨੂੰ ਜੋ ਕੱਪੜੇ ਗਹਿਣੇ, ਬਿਸਤਰੇ, ਭਾਂਡੇ ਦਿੱਤੇ ਜਾਂਦੇ ਸਨ ਉਨ੍ਹਾਂ ਨੂੰ ਵੀ ਮੰਜਿਆਂ ‘ਤੇ ਰੱਖ ਕੇ ਰਿਸ਼ਤੇਦਾਰਾਂ ਤੇ ਸਰੀਕਾਂ ਨੂੰ ਦਿਖਾਇਆ ਜਾਂਦਾ ਸੀ। ਇਸ ਤੋਂ ਇਲਾਵਾ ਵਾਣ ਵਾਲੇ ਮੰਜਿਆਂ ਦਾ ਸਰੀਰ ‘ਤੇ ਥੋੜ੍ਹਾ- ਥੋੜ੍ਹਾ ਚੁਭਣਾ ਵੀ ਐਕਯੂਪ੍ਰੈਸ਼ਰ ਪ੍ਰਣਾਲੀ ਕਰਕੇ ਲਾਹੇਵੰਦ ਹੁੰਦਾ ਹੈ। ਜਿਵੇਂ ਅੱਜ ਕੱਲ੍ਹ ਵਿਆਹਾਂ ਮੌਕੇ ਬੈ ੱਡ ਦਿੱਤੇ ਜਾਂਦੇ ਹਨ ਕਿਸੇ ਵੇਲੇ ਏਦਾਂ ਹੀ ਦਹੇਜ ਵਿੱਚ ਰੰਗ-ਬਰੰਗੇ ਸੂਤ ਦੇ ਬਣੇ ਮੰਜੇ ਦਿੱਤੇ ਜਾਂਦੇ ਸਨ। ਸੂਤ ਦੇ ਮੰਜਿਆਂ ‘ਤੇ ਪਾਏ ਮਨ ਲੁਭਾਉਣੇ ਨਮੂਨੇ ਆਂਢਣਾਂ-ਗੁਆਂਢਣਾ ਨੂੰ ਵੀ ਨਮੂਨੇ ਲਾਹੁਣ ਲਈ ਮਜਬੂਰ ਕਰ ਦਿੰਦੇ ਸਨ। ਸੂਤ ਤੋਂ ਤਿਆਰ ਕੀਤੀ ਨਮਾਰ ਦੇ ਮੰਜੇ, ਜਿਸ ਨੂੰ ਪ¦ਘ ਨਮਾਰੀ ਵੀ ਕਿਹਾ ਜਾਂਦਾ ਸੀ, ਵੀ ਦਾਜ ਵਿੱਚ ਦੇਣ ਦੀ ਰਵਾਇਤ ਸੀ। ਪਰ ਹੁਣ ਦੌਰ ਬਦਲ ਗਿਆ ਹੈ। ਅੱਜ ਦਾ ਵੇਲਾ ਪਲਾਸਟਿਕ ਦੇ ਬਾਣ ਨਾਲ ਬੁਣੇ ਲੋਹੇ ਦੇ ਮੰਜਿਆਂ ਦਾ ਤੇ ਸ਼ਾਨਦਾਰ ਡਿਜ਼ਾਈਨਾਂ ਵਾਲੇ ਬੈ ੱਡਾਂ ਵਾਲਾ ਹੈ। ਜਿਸ ਕਰਕੇ ਹੁਣ ਵਾਣ ਵਾਲਾ ਮੰਜਾ ਅਲੋਪ ਹੋ ਰਿਹਾ ਹੈ।
ਤਸਵਿੰਦਰ ਸਿੰਘ ਬੜੈਚ
ਪਿੰਡ: ਦੀਵਾਲਾ, ਤਹਿਸੀਲ-ਸਮਰਾਲਾ (ਲੁਧਿ:)
ਮੋਬ : 98763-22677

0 comments:
Speak up your mind
Tell us what you're thinking... !