13 ਨਵੰਬਰ 2012 ਦਿਵਾਲ਼ੀ ਦਾ ਦਿਨ ਸੀ । ਪੁਰੀ ਅਵਾਮ ਇਸ ਪਵਿੱਤਰ ਤਿਉਹਾਰ ਦੀ ਤਿਆਰੀ ਦੇ ਆਹਰ ਵਿੱਚ ਲੱਗੀ ਹੋਈ ਸੀ । ਸ਼ਾਮ ਦੇ ਚਾਰ ਵੱਜਣ ਨਾਲ਼ ਹੀ ਰੁਕ-ਰੁਕ ਕੇ ਪਟਾਕਿਆਂ ਦੀ ਅਵਾਜ਼ ਸੁਣਾਈ ਦੇਣ ਲੱਗ ਪਈ ਸੀ । ਲੋਕ ਆਪਣੇ -2 ਘਰਾਂ ਦੇ ਬਨੇਰਿਆਂ ਤੇ ਦੀਵੇ ਲਗਾਉਣ ਦੀ ਤਿਆਰੀ ਕਰ ਰਹੇ ਸਨ । ਬੱਚੇ ਅਤੇ ਔਰਤਾਂ ਪਿੰਡ ਦੀਆਂ ਸਾਂਝੀਆਂ ਥਾਂਵਾਂ ਤੇ ਦੀਵੇ ਜਗਾਉਣ ਲਈ ਆਪਣੀਆਂ ਥਾਲ਼ੀਆਂ ਵਿੱਚ ਦੀਵੇ ਧਰ ਕੇ ਲੰਘ ਰਹੇ ਸਨ । ਬੱਚਿਆ ਨੂੰ ਪਟਾਕਿਆਂ ਦੀ ਖਰੀਦੋ ਫਰੋਖਤ ਦਾ ਚਾਅ ਚੜਿਆ ਹੋਇਆ ਸੀ ਤੇ ਸੁਆਣੀਆਂ ਘਰਾਂ ਵਿੱਚ ਤਰ੍ਹਾਂ-2 ਦੈ ਪਕਵਾਨ ਬਣਾਉਣ ਵਿੱਚ ਰੁਝੀਆਂ ਹੋਈਆਂ ਸਨ । ਮੇਰੇ ਮਨ ਅੰਦਰ ਵੀ ਦਿਵਾਲ਼ੀ ਦਾ ਚਾਅ ਪੁਰੇ ਉਸਲਵੱਟੇ ਲੈ ਰਿਹਾ ਸੀ ਤੇ ਨਾਲ਼ ਹੀ ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਸਾਡੇ ਗੁਰੂਆਂ ਨਾਲ਼ ਸਬੰਧਤ ਇਹ ਪਵਿੱਤਰ ਤਿਉਹਾਰ ਕਿਸ ਤਰ੍ਹਾਂ ਪ੍ਰਦੂਸ਼ਣ ਦਾ ਤਿਉਹਾਰ ਬਣਦਾ ਜਾ ਰਿਹਾ ਹੈ , ਕਿਵੇਂ ਲੋਕ ਪਟਾਕਿਆਂ ਤੇ ਪੈਸੇ ਖਰਚ-2 ਕੇ ਵਾਤਾਵਰਨ ਗੰਧਲਾ ਕਰਦੇ ਹਨ । ਮੈਂ ਇਹਨਾਂ ਹੀ ਸੋਚਾਂ ਵਿੱਚ ਡੁਬਿਆ ਹੋਇਆ ਸੀ ਕਿ ਅਚਾਨਕ ਮੇਰੇ ਕੰਨਾਂ ਵਿੱਚ ਉੱਚੀ-2 ਅਵਾਜ਼ ਪਈ ਜਿਹੜੀ ਮੇਰੇ ਘਰ ਨਜ਼ਦੀਕ ਹੀ ਬਣੀ ਆਟਾ ਚੱਕੀ ਤੋਂ ਆ ਰਹੀ ਸੀ । ਪਤਾ ਨੀ ਕੀ ਸੋਚ ਕਿ ਮੈਂ ਇਸ ਰੌਲ਼ੇ ਵੱਲ ਹੋ ਤੁਰਿਆ । ਜਦੋਂ ਉੱਥੇ ਜਾਕੇ ਵੇਖਿਆ ਤਾਂ ਚੱਕੀ ਵਾਲ਼ਾ ਭਾਈ ਇੱਕ ਸ਼ਰਾਬੀ ਨਾਲ਼ ਬਹਿਸ ਕਰ ਰਿਹਾ ਸੀ । ਚੱਕੀ ਵਾਲ਼ੇ ਦਾ ਕਹਿਣਾ ਸੀ ਕਿ ਸ਼ਰਾਬੀ ਉਸਦਾ ਅਧੀਆ ਸ਼ਰਾਬ ਦਾ ਚੱਕ ਕੇ ਪੀ ਗਿਆ ਪਰੰਤੂ ਉਹ ਇਸ ਗੱਲ ਤੋਂ ਮੁਨਕਰ ਹੋ ਰਿਹਾ ਸੀ ਕਿ ਉਸਨੇ ਨੇ ਸ਼ਰਾਬ ਨਹੀਂ ਚੱਕੀ ।ਵੇਖਦਿਆਂ ਹੀਂ ਵੇਖਦਿਆਂ ਜਦੋਂ ਗੱਲ ਜਿਆਦਾ ਵਧ ਗਈ ਤਾਂ ਸ਼ਰਾਬੀ ਗੁਰੂਦੁਆਰੇ ਦੀਆਂ ਸਹੁੰਆਂ ਖਾਣ ਲੱਗਿਆ ਕਿ ਉਸਨੇ ਸ਼ਰਾਬ ਨਹੀਂ ਚੱਕੀ ਹੱਦ ਤਾਂ ਉਦੋਂ ਹੋ ਗਈ ਜਦੋਂ ਸ਼ਰਾਬੀ ਨੇ ਕਿਹਾ ਕਿ ਜੇ ਉਸਨੂੰ ਯਕੀਨ ਨਹੀਂ ਆਉਂਦਾ ਤਾਂ ਉਹ ਅਧੀਆ ਸ਼ਰਾਬ ਦਾ ਗੁਰਦੁਆਰੇ ਧਰਦਾ ਹੈ ਜੇ ਉਹ ਸੱਚਾ ਹੈ ਤਾਂ ਚੱਕ ਲਵੇ । ਸ਼ਰਾਬੀ ਦੇ ਮੂੰਹੋਂ ਇਹ ਗੱਲ ਸੁਨ ਕੇ ਸਾਰੇ ਸੁਨਣ ਵਾਲ਼ਿਆਂ ਦੇ ਅੰਦਰੋਂ ਧਾਹਾਂ ਨਿਕਲ ਗਈਆਂ ਕਿ ਇਹ ਕਿੱਡਾ ਧਿਰਗ ਆਦਮੀ ਹੈ ਜਿਹੜਾ ਸ਼ਰਾਬ ਗੁਰੂਦੁਆਰੇ ਧਰਨ ਦੀ ਗੱਲ ਕਰ ਰਿਹਾ ਹੈ ।ਮਨ ਹੈਰਾਨੀ ਵਿੱਚ ਡੁੱਬ ਗਿਆ ਕਿ ਸਰਕਾਰਾਂ ਵੱਡੇ-ਵੱਡੇ ਅੰਕੜੇ ਦਿਖਾਕੇ ਕਿਵੈਂ ਦੇਸ ਨੁੰ ਸ਼ਾਖਰ ਦਿਖਾ ਰਹੀਆਂ ਹਨ ਜਦੋਂ ਕਿ ਅਸੀਂ ਤਾਂ ਕਿੰਨੇ ਅਨਪੜ੍ਹ ਹਾਂ।
ਕੁਲਦੀਪ ਸਿੰਘ ਜਟਾਣਾ .
ਅਧਿਆਪਕ ਐੱਫ.ਐੱਸ.ਡੀ.ਸੀਨੀ.ਸੈਕੰ.ਸਕੂਲ .
ਜੌੜਕੀਆਂ ਮਾਨਸਾ ।

0 comments:
Speak up your mind
Tell us what you're thinking... !