ਇੱਕ ਚਿੱਠੀ ਬਾਬੇ ਨਾਨਕ ਦੇ ਨਾਮ ਸਤਿਕਾਰਯੋਗ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਵਹਿਗੁਰੂ ਜੀ ਕਾ ਖ਼ਾਲਸਾ॥
ਸ੍ਰੀ ਵਹਿਗੁਰੂ ਜੀ ਕੀ ਫ਼ਤਿਹ॥
ਮੈਂ ਆਪਣੀਆਂ ਪਾਠ ਪੁਸਤਕਾਂ ਵਿਚ ਪੜ੍ਹਿਆ ਹੈ ਅਤੇ ਆਪਣੇ ਅਧਿਆਪਕਾਂ ਤੇ ਵਡੇਰਿਆਂ ਤੋਂ ਵੀ ਸੁਣਿਆਂ ਹੈ ਕਿ ਜਦੋਂ ਤੁਹਾਡਾ ਇਸ ਧਰਤੀ ‘ਤੇ ਜਨਮ ਹੋਇਆ ਸੀ ਤਾਂ ਉਸ ਵਕਤ ਚਾਰੇ ਪਾਸੇ ਧੁੰਦ ਪਈ ਹੋਈ ਸੀ।ਉਨ੍ਹਾਂ ਦੇ ਦੱਸੇ ਅਨੁਸਾਰ ਇਹ ਧੁੰਦ ਕੋਈ ਮੌਸਮੀ ਨਹੀਂ ਸੀ।ਕਿਉਂਕਿ ਮੌਸਮੀ ਧੁੰਦ ਤਾਂ ਕੁੱਝ ਸਮੇਂ ਬਾਅਦ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਪਰ ਜਿਹੜੀ ਧੁੰਦ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ ਇਹ ਤਾਂ ਅਗਿਆਨਤਾ ਦੀ ਧੁੰਦ ਸੀ ਜਿਹੜੀ ਉਸ ਵਕਤ ਦੇ ਧਾਰਮਿਕ ਰਹਿਬਰਾਂ (ਜੋਗੀਆਂ,ਜਤੀਆਂ ਸੰਨਿਆਸੀਆਂ,ਬ੍ਰਹਮਣਾਂ ਮੁਲਾਣਿਆਂ ਅਦਿ) ਨੇ ਆਪਣੇ ਤੋਰੀ-ਫੁਲਕੇ ਦੀ ਉਮਰ ਲੰਮੀ ਕਰਨ ਲਈ ਫੈਲਾਈ ਹੋਈ ਸੀ।ਇਸ ਧੁੰਦ ਕਾਰਨ ਲੋਕਾਈ ਨਾ ਸਿਰਫ਼ ਭਟਕੀ ਹੋਈ ਸੀ ਸਗੋਂ ਬੇਆਸੀ ਵੀ ਹੋਈ ਪਈ ਸੀ।1469 ਈ. ਨੂੰ ਮਹਿਤਾ ਕਾਲੂ ਜੀ ਅਤੇ ਬੇਬੇ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਤੁਹਾਡਾ ਜਨਮ ਇੱਕ ਸੂਰਜ ਦੀ ਨਿਆਈਂ ਸੀ।ਸੱਚ ਦਾ ਸੂਰਜ ਬਣ ਕੇ ਜੱਦੋਂ ਤੁਸੀਂ ਜਗਤ ਜਲੰਦੇ ਨੂੰ ਠਾਰਨ/ਤਾਰਨ ਹਿੱਤ ਲੱਗਭਗ 40000 ਕਿਲੋ ਮੀਟਰ ਦਾ ਸਫ਼ਰ ਉਦਾਸੀਆਂ ਦੇ ਰੂਪ ਵਿਚ ਤਹਿ ਕੀਤਾ ਸੀ ਤਾਂ ਤੁਸੀਂ ਉਸ ਵਕਤ ਦੀ ਪੁਜਾਰੀ ਜਮਾਤ ਨੂੰ ਧਰਮ ਦੇ ਸਹੀ ਅਤੇ ਸਾਰਥਿਕ ਅਰਥਾਂ ਤੋਂ ਜਾਣੂੰ ਕਰਵਾਇਆ ਸੀ।ਤੁਸੀਂ ਚੋਰਾਂ,ਡਾਕੂਆਂ,ਠੱਗਾਂ ਅਤੇ ਹੰਕਾਰੀਆਂ ਨੂੰ ਸਮਝਾਇਆ ਸੀ ਕਿ ਧਰਮ ਕੋਈ ਕਰਮ-ਕਾਂਡੀ ਵਿਹਾਰ ਨਹੀਂ ਸਗੋਂ ਇਹ ਤਾਂ ਇੱਕ ਸੱਚੀ ਅਤੇ ਸੁੱਚੀ ਜੀਵਨ-ਜਾਂਚ ਹੈ।ਕੋਈ ਵੀ ਆਦਮੀ ਸਹੀ ਅਤੇ ਸ਼ੁੱਧ ਜੀਵਨ-ਵਿਹਾਰ ਰਾਹੀਂ ਨਿਰੰਕਾਰ ਦੀ ਨੇੜ੍ਹਤਾ ਹਾਸਲ ਕਰ ਸਕਦਾ ਹੈ।ਇਸ ਨੇੜ੍ਹਤਾ ਸਦਕਾ ਉਹ ਰੱਬੀ ਮੇਹਰ ਦਾ ਵੀ ਪਾਤਰ ਬਣ ਸਕਦਾ ਹੈ।ਪਰ ਇਹ ਖਤ ਮੈਂ ਬੜੇ ਹੀ ਦੁੱਖ ਨਾਲ ਲਿਖ ਰਿਹਾ ਹਾਂ ਕਿ ਤੁਹਾਡੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਬਿਗਾਨਿਆਂ ਨੇ ਤਾਂ ਕੀ ਤੁਹਾਡੇ ਆਪਣਿਆਂ ਨੇ ਵੀ ਤੁਹਾਡੀਆਂ ਸਿੱਖਿਆਵਾਂ ਤੋਂ ਮੂੰਹ ਮੋੜ ਲਿਆ ਹੈ। ਸਤਿਕਾਰਯੋਗ ਬਾਬਾ ਨਾਨਕ ਜੀ, ਅਜੇ ਵੀ ਸਾਧਾਂ ਦੇ ਭੇਸ ਵਿਚ ਬਹੁਤ ਸਾਰੇ ਚੋਰ ਫਿਰਦੇ ਹਨ ਜੋ ਤੁਹਾਡੇ ਦੁਆਰਾ ਚਲਾਏ ਨਿਰਮਲ ਪੰਥ ਨੂੰ ਗੰਧਲਾ ਕਰੀ ਜਾ ਰਹੇ ਹਨ।ੳੇੁਹ ਕੇਵਲ ਨਾਮ ਜੱਪਣ ਦੀ ਗੱਲ ਤਾਂ ਕਰਦੇ ਹਨ ਪਰ ਕਿਰਤ ਕਰਨ ਅਤੇ ਵੰਡ ਛੱਕਣ ਦੇ ਸੁਨਿਹਰੀ ਸਿਧਾਤਾਂ ਤੋਂ ਬੇਮੁੱਖ ਹੋਈ ਜਾ ਰਹੇ।ਇਨ੍ਹਾਂ ਦੀ ਕਥਨੀ ਅਤੇ ਕਰਨੀ ਵਿਚਲਾ ਪਾੜਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਬਾਬਾ ਜੀ! ਭਾਈ ਲਾਲੋ ਦੇ ਵੇਹੜੇ ਨੂੰ ਹੁਣ ਵੀ ਕੰਮੀਆਂ ਦਾ ਵੇਹੜਾ ਕਹਿ ਕੇ ਦੁਰਕਾਰਿਆ ਜਾ ਰਿਹਾ ਹੈ।ਸੱਜਣ ਨਾਲੋ ਵੱਧ ਕੇ ਹੁਣ ਵੀ ਕਈ ਠੱਗ ਹਨ।ਤੁਸੀਂ ਤਾਂ ਇੱਕ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਸੀ ਪਰ ਹੁਣ ਤਾਂ ਬੇਅੰਤ ਕੰਧਰੀ ਹਨ ਜੋ ਹਉਮੇ ਦੇ ਰੋਗ ਦੇ ਰੋਗੀ ਹਨ।ਤੁਹਾਡੇ ਨਾਂ ‘ਤੇ ਕਾਰੋਬਾਰ ਤਾਂ ਕਈਆਂ ਦੇ ਚੱਲ ਰਹੇ ਹਨ ਪਰ ਸੱਚੇ ਸੌਦੇ ਦੀ ਘਾਟ ਸਦਾ ਬਣੀ ਰਹਿੰਦੀ ਹੈ। ਬਾਬਾ ਜੀ! ਤਹਾਨੂੰ ਮਿਲਣ ਤੋਂ ਬਾਅਦ ਚੋਰਾਂ ਨੇ ਚੋਰੀ ਛੱਡ ਦਿੱਤੀ ਸੀ,ਠੱਗਾਂ ਨੇ ਠੱਗੀ, ਹੰਕਾਰੀਆਂ ਨੇ ਹੰਕਾਰ ਅਤੇ ਰਾਖਸ਼ਾਂ ਨੇ ਰਾਖਸ਼ ਬਿਰਤੀਆਂ। ਪਰ ਹੁਣ ਵਾਲੇ ਠੱਗਾਂ,ਚੋਰਾਂ ਅਤੇ ਰਾਖਸ਼ਾਂ ਦਾ ਵਿਹਾਰ ਤਾਂ ਇਨ੍ਹਾਂ ਜਿਆਦਾ ਸ਼ੂਗਰਕੋਟਡ ਹੋ ਗਿਆ ਹੈ ਕਿ ਆਮ ਬੰਦੇ ਨੂੰ ਤਾਂ ਇਨ੍ਹਾ ਦੇ ਦਾਅ-ਪੇਚਾਂ ਦੀ ਸਮਝ ਵੀ ਨਹੀਂ ਆਉਂਦੀ। ਇਹ ਨਾਮ ਤਾਂ ਤੁਹਾਡਾ ਹੀ ਵਰਤਦੇ ਹਨ ਪਰ ਕਰਦੇ ਆਪਣੇ ਮਨ ਦੀਆਂ ਹਨ।ਕਈਆਂ ਦੀ ਬਾਣੀ ਨਾਲ ਘੱਟ ਪਰ ਬਾਣੇ ਨਾਲ ਵੱਧ ਬਣ ਆਉਂਦੀ ਹੈ। ਜਾਤ-ਪਾਤ ਦੀਆਂ ਜਿਹੜੀਆਂ ਦੀਵਾਰਾਂ ਤੁਸੀਂ ਪੰਗਤ ਰੂਪੀ ਸੰਸਥਾ ਨਾਲ ਢਹਿ ਢੇਰੀ ਕੀਤੀਆਂ ਸਨ ਉਹ ਦੀਵਾਰਾਂ ਕੁੱਝ ਜਾਤ-ਅਭਿਮਾਨੀ ਬੰਦਿਆਂ ਨੇ ਮੁੜ ਉਸਾਰਨੀਆਂ ਆਰੰਭ ਕਰ ਦਿੱਤੀਆਂ ਹਨ। ਸੱਚੇ ਸਾਹਿਬ ਜੀ! ਤੁਸੀਂ ਤਾਂ ਇਸਤਰੀ ਜਾਤੀ ਨੂੰ ਰਾਜਿਆਂ-ਮਹਾਂਰਾਜਿਆਂ ਦੀ ਜਨਣੀ ਦੱਸ ਕੇ ਉਸ ਨੂੰ ਰੱਜਵਾਂ ਮਾਣ ਬਖ਼ਸ਼ਿਆ ਸੀ ਪਰ ਹੁਣ ਉਸ ਨੂੰ ਫਿਰ ਆਪਣੀ ਹੋਂਦ ਖਾਤਰ ਲੜ੍ਹਨਾ ਪੈ ਰਿਹਾ ਹੈ। ਵਿਗਿਆਨਕਾਂ ਸਹੂਲਤਾਂ ਦਾ ਲਾਹਾ ਲੈ ਕਿ ਦੁਨੀਆਂ ਵਿਚ ਉਸ ਦੀ ਆਮਦ ਹੀ ਰੋਲ ਕੇ ਰੱਖ ਦਿੱਤੀ ਜਾਂਦੀ ਹੈ।ਪੁੱਤ ਕਪੁੱਤ ਹੋਏ ਵੀ ਲਾਹੇਵੰਦੇ ਸਮਝੇ ਜਾਂਦੇ ਹਨ ਪਰ ਧੀਆਂ ਜੰਮਦੀਆਂ ਹੀ ਬਿਗਾਨੀਆਂ ਕਰ ਦਿੱਤੀਆਂ ਜਾਂਦੀਆਂ ਹਨ।ਉਹ ਵਿਚਾਰੀਆਂ ਆਪਣਾ ਸਾਰਾ ਜੀਵਨ ਬੇਗਾਨਗੀ ਦੀ ਭਾਵਨਾ ਨਾਲ ਹੀ ਬਸਰ ਕਰ ਦਿੰਦੀਆਂ ਹਨ। ਬਾਬਾ ਜੀ! ਬਹੁਤ ਸਾਰੇ ਰਾਗੀ,ਢਾਡੀ,ਕਥਾਵਾਚਕ ਅਤੇ ਪ੍ਰਚਾਰਕ ਤੁਹਾਡੇ ਸਾਂਝੀਵਾਲਤਾ ਵਾਲੇ ਧਰਮ ਦਾ ਪ੍ਰਚਾਰ ਤਾਂ ਕਰੀ ਹੀ ਜਾ ਰਹੇ ਹਨ ਪਰ ਉਨ੍ਹਾਂ ਵਿਚੋਂ ਬਹੁਤ ਸਾਰੇ ਇਸ ਪ੍ਰਚਾਰ ਦਾ ਅਸਰ ਆਪਣੇ ਆਪ ਉਪਰ ਘੱਟ-ਵੱਧ ਹੀ ਕਬੂਲਦੇ ਹਨ।ਜੇਕਰ ਕੋਈ ਨਿਮਾਣਾ ਬਣ ਕੇ ਇਨ੍ਹਾਂ ਨੂੰ ਸਮਝਾਉਣ ਦਾ ਯਤਨ ਵੀ ਕਰਦਾ ਹੈ ਤਾਂ ਉਸ ਉੱਪਰ ਨਾਸਤਿਕ ਹੋਣ ਦੀ ਤੋਹਮਤ ਲਾ ਦਿੰਦੇ ਹਨ। ਅੱਜ ਪੂਰੇ ਵਿਸ਼ਵ ਵਿਚ ਤੁਹਾਡੇ ਆਗਮਨ ਪੁਰਬ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।ਨਾਨਕ ਨਾਮ ਲੇਵਾ ਸੰਗਤਾਂ ਇਕ-ਦੂਜੇ ਤਾਈਂ ਵਧਾਈਆਂ ਵੀ ਦੇ ਰਹੀਆਂ ਹਨ।ਪਰ ਇਹ ਸਾਰਾ ਕੁਝ ਰਸਮੀ ਜਿਹਾ ਹੀ ਬਣਦਾ ਜਾ ਰਿਹਾ ਹੈ।ਸਿਧਾਤਾਂ ਦੀ ਗੱਲ ਤਾਂ ਉੱਚੀ ਆਵਾਜ਼ ਵਿੱਚ ਕੀਤੀ ਜਾਂਦੀ ਹੈ ਪਰ ਅਮਲ ਦੀ ਗੱਲ ਕੁੱਝ ਮੱਠੀ ਆਵਾਜ਼ ਵਿਚ ਹੁੰਦੀ ਹੈ।ਆਸ ਕਰਦਾ ਹਾਂ ਇਸ ਆਗਮਨ ਪੁਰਬ ‘ਤੇ ਤੁਸੀਂ ਆਪਣੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਨਾਲ ਸਾਨੂੰ ਸਾਰਿਆਂ ਨੂੰ ਇਹ ਸੁਮਤ ਬਖ਼ਸ਼ੋਗੇ ਜਿਸ ਨਾਲ ਅਸੀਂ ਉਪਰੋਕਤ ਵਰਨਣ ਕੀਤੇ ਹਲਾਤਾਂ ਨੂੰ ਤੁਹਾਡੀ ਫ਼ਿਲਾਸਫੀ ਦੇ ਹਾਣੀ ਬਣਾਉਣ ਵਿਚ ਕਾਮਯਾਬ ਹੋ ਜਾਈਏ।
ਅਮੀਨ!
ਰਮੇਸ਼ ਬੱਗਾ ਚੋਹਲਾ(ਲੁਧਿਆਣਾ)

0 comments:
Speak up your mind
Tell us what you're thinking... !