ਸਿੱਖ ਇਤਿਹਾਸ ਵਿਚ ਜਿਥੇ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਨਾਮ ਬੜੀ ਹੀ ਸ਼ਰਧਾ ਅਤੇ ਸਤਿਕਾਰ ਭਾਵਨਾ ਨਾਲ ਲਿਆ ਜਾਂਦਾ ਹੈ ਉਥੇ ਭਾਈ ਮਰਦਾਨਾ ਜੀ ਦਾ ਨਾਂ ਵੀ ਬਹੁਤ ਹੀ ਅਦਬੀ ਤਰਜ਼ ‘ਤੇ ਲਿਆ ਜਾਂਦਾ ਹੈ।ਧਰਤ ਲੋਕਈ ਨੂੰ ਸੋਧਣ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਕਈ ਮੀਲ ਬਿਖਰਿਆਂ ਪੈਂਡਿਆਂ ਦਾ ਸਫਰ ਤਹਿ ਕੀਤਾ ਹੈ।ਇਸ ਸਫਰ ਵਿਚ ਬਾਬੇ ਦਾ ਡੱਟਵਾਂ ਸਾਥ ਦੇਣ ਵਾਲਿਆਂ ਵਿੱਚ ਭਾਈ ਮਰਦਾਨਾ ਜੀ ਦਾ ਨਾਮ ਉੱਭਰਵੇਂ ਰੂਪ ਵਿੱਚ ਲਿਆ ਜਾਂਦਾ ਹੈ।
ਭਾਈ ਮਰਦਾਨਾ ਜੀ ਦਾ ਜਨਮ 6 ਫਰਵਰੀ 1459 ਈ.ਨੂੰ ਪਿੰਡ ਤਲਵੰਡੀ(ਰਾਏ ਭੋਏ ਦੀ) ਦੇ ਵਸਨੀਕ ਚੌਂਭੜ ਜਾਤ ਦੇ ਮਿਰਾਸੀ ਮੀਰ ਬਾਦਰੇ ਦੇ ਘਰ ਹੋਇਆ। ਉਮਰ ਪੱਖੋਂ ਭਾਈ ਮਰਦਾਨਾ ਜੀ ਗੁਰੂੁ ਨਾਨਕ ਪਾਤਿਸ਼ਾਹ ਨਾਲੋਂ ਲੱਗਭਗ ਸਵਾ 10 ਸਾਲ ਵੱਡੇ ਸਨ।ਮਿਰਾਸੀਆਂ ਦੇ ਘਰ ਦੀ ਪੈਦਾਇਸ਼ ਹੋਣ ਕਰਕੇ ਸੰਗੀਤ ਉਨ੍ਹਾਂ ਦੀ ਵਿਰਾਸਤੀ ਦਾਤ ਸੀ।
ਭਾਈ ਮਰਦਾਨਾ ਜੀ ਦੀ ਜੋਟੀ ਗੁਰੁ ਨਾਨਕ ਦੇਵ ਜੀ ਨਾਲ ਛੋਟੀ ਉਮਰ ਵਿੱਚ ਪੈ ਗਈ ਸੀ ਜੋ ਗੁਰੁ ਸਾਹਿਬ ਵੱਲੋਂ ਮਿਲੇ ਰੱਜਵੇਂ ਪਿਆਰ ਅਤੇ ਸਤਿਕਾਰ ਕਾਰਣ ਆਖ਼ਰੀ ਦਮ ਤੱਕ ਨਿਭਦੀ ਗਈ।ਇਹ ਜੋਟੀ ਜਿੱਥੇ ‘ਨਾਨਕੁ ਤਿਨ ਕੈ ਸੰਗਿ ਸਾਥਿ’ਵਰਗੀ ਭਰਾਤਰੀਭਾਵ ਵਾਲੀ ਅਤੇ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੀ ਵਿਚਾਰਧਾਰਾ ਦੀ ਤਰਜ਼ਮਾਨੀ ਕਰਦੀ ਹੈ,ਉਥੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਵੀ ਪਕਿਆਈ ਬਖ਼ਸ਼ਦੀ ਹੈ।ਭਾਈ ਸਾਹਿਬ ਜਿਥੇ ਇੱਕ ਉੱਚਕੋਟੀ ਦੇ ਸੰਗੀਤਕਾਰ ਸਨ ਉਥੇ ਗੁਰੁ ਸਾਹਿਬ ਦੇ ਪੱਕੇ ਯਾਰ ਵੀ ਸਨ। ਸੁੱਖ-ਦੁੱਖ ਦੇ ਭਾਈਵਾਲ ਹੋਣ ਦੇ ਨਾਲ ਨਾਲ ਭਾਈ ਮਰਦਾਨਾ ਜੀ ਗੁਰੁ ਨਾਨਕ ਸਾਹਿਬ ਵੱਲੋਂ ਪ੍ਰਵਾਨਿਤ ਪ੍ਰਚਾਰਕ ਸਨ ਜਿਨ੍ਹਾਂ ਨੂੰ ਗੁਰੁ ਸਾਹਿਬ ਵੱਲੋਂ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ।ਇਨ੍ਹਾਂ ਅਧਿਕਾਰਾਂ ਦੀ ਵਰਤੋਂ ਉਹ ਗੁਰੁ ਨਾਨਕ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਕਰਦੇ ਸਨ।ਭਾਈ ਸਾਹਿਬ ਦੇ ਇਸ ਉਪਰਾਲੇ ਨੇ ਬਹੁਤ ਸਾਰੇ ਜਗਿਆਸੂਆਂ ਨੂੰ ਸਿੱਖੀ ਦੇ ਲੜ ਲਾਇਆ ਜਿਨ੍ਹਾਂ ਵਿੱਚ ਭਾਈ ਨੀਰੂ ਦਾ ਨਾਮ ਵਰਨਣਯੋਗ ਹੈ।
ਭਾਈ ਮਰਦਾਨਾ ਜੀ ਦਾ ਇਹ ਵੀ ਇੱਕ ਸੁਭਾਗ ਰਿਹਾ ਹੈ ਕਿ ਉਨ੍ਹਾਂ ਨੂੰ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੁ ਨਾਨਕ ਸਾਹਿਬ ਦਾ ਵਡੇਰਾ ਅਤੇ ਲੰਮੇਰਾ(ਲੱਗਭਗ ਛੇ ਦਹਾਕੇ) ਸਾਥ ਪ੍ਰਾਪਤ ਹੋਇਆ ਹੋਇਆ ਹੈ।ਇਸ ਸਾਥ ਸਦਕਾ ਸਿੱਖ ਹਲਕਿਆਂ ਵਿੱਚ ਉਨ੍ਹਾਂ ਦਾ ਸਥਾਨ ਵੀ ਪੂਜਣਯੋਗ ਬਣ ਗਿਆ ਹੈ। ਗੁਰੁ ਘਰ ਦੇ ਪਲੇਠੇ ਕੀਰਤਨੀਏ ਹੋਣ ਦਾ ਸ਼ਰਫ ਹਾਸਲ ਕਰਨ ਵਾਲੇ ਭਾਈ ਮਰਦਾਨਾ ਜੀ ਆਪਣਾ ਜੀਵਨ ਪੰਧ ਮੁਕਾਉਂਦੇ ਅਖੀਰ 12 ਨਵੰਬਰ 1534 ਈ: ਨੂੰ ਇਸ ਭੌਤਿਕ ਸੰਸਾਰ ਨੂੰ ਅਲਵਿਦਾ ਕਹਿ ਗਏ।
-ਰਮੇਸ਼ ਬੱਗਾ ਚੋਹਲਾ

0 comments:
Speak up your mind
Tell us what you're thinking... !