ਜਨਵਰੀ ਮਹੀਨੇ ਦੇ ਅੱਧ ਵਿਚ ਸਕੂਲ ਪਹੁੰਚੀ ਚਿੱਠੀ ਨੇ ਮਿਡਲ ਸਕੂਲ ਦੇ ਸਟਾਫ ਦੀ ਨੀਂਦ ਹਰਾਮ ਕਰ ਦਿੱਤੀ। ਚਿੱਠੀ ’ਚ ਦਰਜ ਹੁਕਮ ਮੁਤਾਬਿਕ ਜਿਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ 50 ਤੋਂ ਘੱਟ ਹੈ। ਉਨ੍ਹਾਂ ਸਕੂਲਾਂ ਨੂੰ ਤੋੜ ਕੇ ਵਿਦਿਆਰਥੀਆਂ ਨੂੰ ਨੇੜੇ ਦੇ ਸਕੂਲ ਵਿਚ ਦਾਖਲ ਕੀਤਾ ਜਾਵੇਗਾ। ਭਾਵੇਂ ਇਹ ਹੁਕਮ ਨਵੇਂ ਸ਼ੈਸ਼ਨ ਤੋਂ ਲਾਗੂ ਹੋਣੇ ਸਨ। ਮਿਡਲ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਹੀ 35 ਸੀ, ਜਿਸ ਕਾਰਨ ਸਟਾਫ ਨੂੰ ਚਿੰਤਾ ਹੋਣੀ ਸੁਭਾਵਿਕ ਹੀ ਸੀ। ਇਸ ਲਈ ਸਟਾਫ ਮੀਟਿੰਗ ਵਿਚ ਨਵੇਂ ਸੈਸ਼ਨ ਲਈ ਦਾਖਲਾ ਵਧਾਉਣ ਹਿੱਤ ਹੁਣ ਤੋਂ ਹੀ ਯਤਨ ਕਰਨ ਦਾ ਫੈਸਲਾ ਕੀਤਾ ਗਿਆ। ਦੂਜੇ ਦਿਨ ਮੁੱਖ ਅਧਿਆਪਕ ਨੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਮੋਹਤਵ ਸੱਜਣ ਅਤੇ ਸਟਾਫ ਦੇ ਤਿੰਨ ਮੈਂਬਰਾਂ ਨੂੰ ਨਾਲ ਲੈ ਕੇ ਲੋਕਾਂ ਨੂੰ ਦਾਖਲੇ ਲਈ ਪ੍ਰੇਰਿਤ ਕਰਨ ਲਈ ਪਿੰਡ ਵਿਚ ਚਲੇ ਗਏ। ਦਸ-ਪੰਦਰਾਂ ਘਰਾਂ ਵਿਚ ਜਾਣ ਤੋਂ ਬਾਅਦ ਉਨ੍ਹਾਂ ਗੁਰਦੀਪ ਸਿੰਘ ਦਾ ਦਰਵਾਜ਼ਾ ਖੜਕਾਇਆ। ਜਿਸ ਦੇ ਬੱਚੇ ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਸਨ। ਉਹ ਸਾਰਿਆਂ ਨੂੰ ਅੰਦਰ ਡਰਾਇੰਗ ਰੂਮ ਵਿਚ ਲੈ ਗਿਆ ਅਤੇ ਘਰਵਾਲੀ ਨੂੰ ਚਾਹ ਬਣਾਉਣ ਲਈ ਵੀ ਕਹਿ ਦਿੱਤਾ।
ਦੋ ਕੁ ਮਿੰਟ ਦੀ ਚੁੱਪ ਤੋਂ ਬਾਅਦ ਸਕੂਲ ਕਮੇਟੀ ਦੇ ਚੇਅਰਮੈਨ ਨੇ ਕਿਹਾ,‘‘ਗੁਰਦੀਪ ਸਿੰਘ ਜੀ! ਮਾਸਟਰ ਜੀ ਆਏ ਨੇ ਤੁਹਾਡੇ ਕੋਲ... ।’’ ਸਕੂਲ ਮੁੱਖੀ ਨੇ ਬੋਲਣਾ ਸ਼ੁਰੂ ਕੀਤਾ,‘‘ ਗੁਰਦੀਪ ਸਿੰਘ ਜੀ! ਅਸੀਂ ਤਾਂ ਤੁਹਾਡੇ ਕੋਲ ਆਏ ਸੀ ਕਿ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਦਾਖਲ ਕਰਵਾਉ, ਕਿਉਂ ਇੰਨੀਆਂ ਫੀਸਾਂ ਭਰਦੇ ਹੋ? ਸਾਡੇ ਇਥੇ ਨਾ ਕੋਈ ਫੀਸ, ਨਾ ਕੋਈ ਫੰਡ... ਦਾਖਲਾ ਬਿਲਕੁਲ ਮੁਫ਼ਤ। ਕਿਤਾਬਾਂ ਤੇ ਵਰਦੀ ਵੀ ਫਰੀ... ਦੁਪਿਹਰ ਦਾ ਪੌਸ਼ਟਿਕ ਭੋਜਨ, ਨਾਲੇ ਵੈਲ ਕੁਆਲੀਫਾਈਡ ਸਟਾਫ। ਉਹ ਤਾਂ ਠੀਕ ਆ ਮਾਸਟਰ ਜੀ... ਪਰ?’’ ਗੁਰਦੀਪ ਸਿੰਘ ਬੋਲਦਾ-ਬੋਲਦਾ ਰੁਕ ਗਿਆ।
‘ਪਰ ਕੀ... ?’ ਮੁੱਖ ਅਧਿਆਪਕ ਨੇ ਹੈਰਾਨੀ ਨਾਲ ਪੁੱਛਿਆ। ‘ਗੁਰਦੀਪ ਸਿੰਘ ਜੀ ਮੇਰਾ ਸਟਾਫ ਬਹੁਤ ਮਿਹਨਤੀ ਏ। ਪੜ੍ਹਾਈ ਦੀ ਕੋਈ ਕਸਰ ਨਹੀਂ ਰਹਿਣ ਦੇਵਾਂਗੇ। ਸਾਡਾ ਵਿਸ਼ਵਾਸ਼ ਕਰੋ...। ਇਸ ਵਾਰ ਆਪਣੇ ਬੱਚੇ ਸਾਡੇ ਕੋਲ ਦਾਖਲ ਜਰੂਰ ਕਰਾਉ।’ ਸਕੂਲ ਮੁੱਖੀ ਨੇ ਗੁਰਦੀਪ ਸਿੰਘ ਨੂੰ ਹੋਰ ਤਸੱਲੀ ਦਿਵਾਉਣ ਲਈ ਕਿਹਾ।
ਮਾਸਟਰ ਜੀ! ਗੁੱਸਾ ਨਾ ਕਰਿਓ, ਅਸੀਂ ਤਾਂ ਤੁਹਾਡੇ ਤੇ ਇਸ ਲਈ ਵਿਸ਼ਵਾਸ਼ ਕਰੀਏ, ਜੇ ਤੁਹਾਨੂੰ ਆਪਣੇ ਆਪ ’ਤੇ ਵਿਸ਼ਵਾਸ਼ ਹੋਵੇ? ਗੁਰਦੀਪ ਸਿੰਘ ਨੇ ਮਨ ਦੀ ਗੱਲ ਕਹਿ ਹੀ ਦਿੱਤੀ।
‘ਆਪਣੇ ਆਪ ’ਤੇ ਵਿਸ਼ਵਾਸ਼! ਮੈਂ ਕੁਝ ਸਮਝਿਆ ਨਹੀਂ।’ ਗੁਰਦੀਪ ਸਿੰਘ ਜੀ। ਸਕੂਲ ਮੁੱਖੀ ਨੇ ਹੈਰਾਨੀ ਭਰੇ ਲਹਿਜੇ ਕਿਹਾ।
ਮਾਸਟਰ ਜੀ, ਜੇਕਰ ਸਰਕਾਰੀ ਸਕੂਲਾਂ ਵਿਚ ਬਹੁਤ ਵਧੀਆ ਪੜ੍ਹਾਈ ਹੈ ਤਾਂ ਸਰਕਾਰੀ ਮਾਸਟਰਾਂ ਦੇ ਬੱਚੇ ਇਨ੍ਹਾਂ ਸਕੂਲਾਂ ਵਿਚ ਕਿਉਂ ਨਹੀਂ ਪੜ੍ਹਦੇ?
ਹੁਣ ਸਾਰੇ ਅਧਿਆਪਕਾਂ ਨੂੰ ਹੱਥਾਂ ’ਚ ਫੜੇ ਚਾਹ ਦੇ ਕੱਪਾਂ ਦਾ ਸਵਾਦ ਕੌੜਾ ਕੌੜਾ ਲੱਗ ਰਿਹਾ ਸੀ।
ਮੇਘ ਦਾਸ ਜਵੰਦਾ
ਸਾਇੰਸ ਮਾਸਟਰ
ਸਰਕਾਰੀ ਮਿਡਲ ਸਕੂਲ, ਭਰਥਲਾ,
ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ
ਮੋਬਾ: 8427500911

0 comments:
Speak up your mind
Tell us what you're thinking... !