ਵਿਦਿਆਰਥੀ ਜੀਵਨ, ਮਨੋਰਥ ਅਤੇ ਉਸ ਦੀ ਪ੍ਰਾਪਤੀ ਮਨੁੱਖ ਨੂੰ ਅਸ਼ਰਫ-ਉਲ-ਮਖਲੂਕਾਤ ਕਿਹਾ ਜਾਂਦਾ ਹੈ,ਜਿਸ ਦਾ ਅਰਥ ਹੈ ਕੁਦਰਤ ਦਾ ਸਭ ਤੋਂ ਉੱਤਮ ਜੀਵ। ਮਨੁੱਖ ਦੀ ਇਹ ਉੱਤਮਤਾਈ ਉਸ ਦੇ ਦਿਮਾਗਦਾਰ (ਬੁੱਧੀਜੀਵੀ) ਹੋਣ ਕਰਕੇ ਹੀ ਬਣਦੀ ਹੈ। ਸੋਚ ਸ਼ਕਤੀ ਦਾ ਮਾਲਕ ਹੋਣ ਕਰਕੇ ਉਹ ਆਪਣਾ ਭਲਾ-ਬੁਰਾ ਆਪ ਸੋਚ ਸਕਦਾ ਹੈ। ਚੰਗੇ-ਮਾੜੇ ਦੀ ਪਹਿਚਾਣ ਜਿਥੇ ਉਸ ਦੇ ਮਾਨ ਜਾਂ ਅਪਮਾਨ ਦਾ ਸਬੱਬ ਬਣਦੀ ਹੈ ਉਥੇ ਨਾਲ ਹੀ ਉਸ ਦੇ ਜੀਵਨ ਵਿਕਾਸ ਦਾ ਆਧਾਰ ਵੀ ਬਣਦੀ ਹੈ। ਹਰੇਕ ਮਨੁੱਖ ਧੁਰ ਤੋਂ ਹੀ ਕੁੱਝ ਵਿਲੱਖਣ ਪ੍ਰਤੀਭਾਵਾਂ ਅਤੇ ਸਮੱਰਥਾਵਾਂ ਦਾ ਮਾਲਕ ਹੁੰਦਾ ਹੈ। ਮਨੋਵਿਗਿਆਨੀਆਂ ਦੀ ਰਾਇ ਵੀ ਇਹੋ ਹੀ ਆਖਦੀ ਹੈ ਕਿ ਧਰਤੀ ‘ਤੇ ਵਿਚਰਨ ਵਾਲਾ ਹਰੇਕ ਪ੍ਰਾਣੀ ਕੁੱਝ ਅਦਭੁੱਤ ਗੁਣਾਂ ਦਾ ਧਾਰਨੀ ਹੁੰਦਾ ਹੈ, ਲੋੜ ਕੇਵਲ ਇਨ੍ਹਾਂ ਗੁਣਾਂ ਨੂੰ ਕਿਸੇ ਮਨੋਰਥ-ਏ-ਮਖ਼ਸੂਸ ਲਈ ਨਿਖਾਰਨ ਅਤੇ ਸੰਵਾਰਨ ਦੀ ਹੁੰਦੀ ਹੈ। ਵਿਚਾਰਵਾਨ ਅਰਸਤੂ ਦੀ ਸੋਚ ਮਨੁੱਖ ਨੂੰ ਇੱਕ ਸਮਾਜਿਕ ਜੀਵ ਵਜੋਂ ਬਿਆਨਦੀ ਹੈ। ਇਸ ਬਿਆਨ ਦੀ ਰੋਸ਼ਨੀ ਵਿੱਚ ਜਿਥੇ ਉਸ ਨੇ ਆਪਣੇ ਹਿੱਸੇ ਦੀਆਂ ਕੁੱਝ ਸਮਾਜਿਕ ਜਿਮੇਵਾਰੀਆਂ ਨੂੰ ਨਿਭਾਉਣਾ ਹੁੰਦਾ ਹੈ ਉਥੇ ਆਪਣੇ ਵਿਅਕਤੀਗਤ ਮਨੋਰਥਾਂ ਦੀ ਪੂਰਤੀ ਵੀ ਕਰਨੀ ਹੁੰਦੀ। ਇਨ੍ਹਾਂ ਮਨੋਰਥਾਂ ਦੀ ਉਚਾਣ ਹੀ ਉਨ੍ਹਾਂ ਦੀ ਪ੍ਰਾਪਤੀ ਦੇ ਪੈਂਡੇ ਨੂੰ ਨਿਰਧਾਰਿਤ ਕਰਦੀ ਹੈ। ਇਸ ਪੈਂਡੇ ‘ਤੇ ਚੱਲਣ ਲਈ ਸੁਚੱਜੇ ਢੰਗ-ਤਰੀਕਿਆਂ ਤੋਂ ਛੁੱਟ ਸਖਤ ਮਿਹਨਤ ਦੀ ਵੀ ਲੋੜ ਹੁੰਦੀ ਹੈ। ਭਾਵੇਂ ਕਦੇ-ਕਦੇ ਦਾਅ-ਪੇਚਕ ਭੂਮਿਕਾ ਵੀ ਕੁੱਝ ਹਾਂ-ਪੱਖੀ ਪ੍ਰਭਾਵਾਂ ਦੀ ਸਿਰਜਕ ਹੋ ਨਿਬੜਦੀ ਹੈ ਪਰ ਸਖਤ ਮਿਹਨਤ ਤੋਂ ਬਗ਼ੈਰ ਕਿਸੇ ਮਹਾਨ ਮਨੋਰਥ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਸਿਆਣਿਆਂ ਨੇ ਮਿਹਨਤ (ਵਿਸ਼ੇਸ਼ ਕਰਕੇ ਸਖਤ ਮਿਹਨਤ) ਨੂੰ ਸਫਲਤਾ ਦੀ ਕੁੰਜੀ ਕਿਹਾ ਹੈ। ਇਸ ਕੁੰਜੀ ਨਾਲ ਕੋਈ ਵੀ ਵਿਅਕਤੀ ਆਪਣੀ ਬੰਦ ਕਿਸਮਤ ਦੇ ਤਾਲੇ ਨੂੰ ਖੋਲ੍ਹ ਸਕਦਾ ਹੈ। ਇਸ ਤਾਲੇ ਦਾ ਸਹੀ ਸਮੇਂ ਅਤੇ ਸਹੀ ਢੰਗ ਖੁੱਲ੍ਹਣਾ ਹੀ ਕਿਸੇ ਨਿਰਧਾਰਿਤ ਮਨੋਰਥ ਪ੍ਰਾਪਤੀ ਹੋ ਸਕਦੀ ਹੈ। ਇਸ ਪ੍ਰਾਪਤੀ ਤੱਕ ਪਹੁੰਚ ਹਿੱਤ ਜਿਥੇ ਯੋਗ ਮਾਰਗ ਦਰਸ਼ਨ ਸੋਨੇ ‘ਤੇ ਸੁਹਾਗੇ ਦਾ ਕੰਮ ਕਰਦਾ ਹੈ ਉਥੇ ਚੜ੍ਹਦੀਕਲ੍ਹਾ ਵਾਲੀ ਜੀਵਨ-ਜਾਚ ਵੀ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਦੂਜੇ ਪਾਸੇ ਨਿਰਾਸ਼ਤਾਂਵਾਂ ਦੇ ਗਹਿਰੇ ਬੱਦਲ ਅਤੇ ਢਹਿੰਦੀਕਲ੍ਹਾ ਦੀ ਤਰਜ਼-ਏ-ਜ਼ਿੰਦਗੀ ਮਨੁੱਖ ਅਤੇ ਉਸ ਦੇ ਮਨੋਰਥ ਵਿੱਚ ਵਿੱਥ ਦਾ ਕਾਰਣ ਹੋ ਸਕਦੀ ਹੈ। ਸਮੇਂ ਦਾ ਸਦਉਪਯੋਗ ਵੀ ਇੱਕ ਅਜਿਹਾ ਹਥਿਆਰ ਹੈ ਜੋ ਕਿਸੇ ਮਨੁੱਖੀ ਮਨੋਰਥ ਨੂੰ ਫੁੰਡਣ ਵਿਚ ਸਹਾਈ ਰੋਲ ਅਦਾ ਕਰਦਾ ਹੈ। ਵਿਦਿਆਰਥੀ ਜੀਵਨ ਵਿਚ ਤਾਂ ਇਹ ਹਥਿਆਰ ਹੋਰ ਵੀ ਲਾਹੇਵੰਦਾ ਸਾਬਤ ਹੁੰਦਾ ਹੈ। ਇਸ ਲਾਹੇ ਨੂੰ ਲੈਣ ਲਈ ਵਿਦਿਆਰਥੀ ਵਰਗ ਨੂੰ ਆਪਣੇ ਇਸ ਰੋਲ ਨੂੰ ਪਹਿਚਾਣਨਾ ਪਵੇਗਾ। ਮਨੋਰਥ ਦੀ ਪ੍ਰਾਪਤੀ ਨਾਲ ਜੁੜ੍ਹੇ ਲੋੜੀਂਦੇ ਸਾਧਨਾਂ ਦੀ ਹੋਂਦ ਵੀ ਪ੍ਰਾਪਤੀ ਤੇ ਮਨੋਰਥ ਵਿਚ ਨੇੜੂਤਾ ਕਾਇਮ ਕਰ ਸਕਦੀ ਹੈ। ਜਿਥੇ ਮਨੁੱਖੀ ਮਨੋਰਥ ਦੀ ਪ੍ਰਾਪਤੀ ਹਿੱਤ ਉਪਰੋਕਤ ਤੱਤ ਆਪਣਾ ਬਣਦਾ-ਸਰਦਾ ਰੋਲ ਅਦਾ ਕਰਦੇ ਹਨ ਉੱਥੇ ਉਸ ਮਨੋਰਥ ਦੀ ਹਾਣੀ(ਪੱਧਰ ਦੀ) ਮਾਨਸਿਕਤਾ ਦੀ ਵੀ ਵਿਸ਼ੇਸ਼ ਜ਼ਰੂਰਤ ਹੁੰਦੀ ਹੈ। ਮਾਨਸਿਕਤਾ ਦਾ ਵਿਸ਼ੇਸ਼ ਪੱਧਰ ਹੀ ਵਕਤ-ਬ-ਵਕਤ ਜਿਸਮਾਨੀ ਯਤਨਾਂ ਨੂੰ ਲਾਹੇਵੰਦ ਹੁਲਾਰਾ ਦਿੰਦਾ ਰਹਿੰਦਾ ਹੈ। ਸੋ ਅੰਤ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਮਨੋਰਥ ਭਰਪੂਰ ਜੀਵਨ ਜਿਥੇ ਸਾਰਥਿਕ ਹੋ ਸਕਦਾ ਹੈ ਉਥੇ ਲਾਹੇਵੰਦ ਵੀ ਹੋ ਸਕਦਾ ਪਰ ਇਹ ਲਾਹਾ ਉਸ ਮਨੋਰਥ ਦੇ ਹੱਕ ਵਿਚ ਸਖਤ ਮਿਹਨਤ ਕਰਕੇ ਅਤੇ ਹੋਰ ਸਹਾਇਕ ਉਪਰਾਲਿਆਂ ਨਾਲ ਹੀ ਲਿਆ ਜਾ ਸਕਦਾ ਹੈ। ਰਮੇਸ਼ ਬੱਗਾ ਚੋਹਲਾ
#1348/17/1
ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ
(ਹੈਬੋਵਾਲ) ਲੁਧਿਆਣਾ
ਮੋਬ:9463132719

0 comments:
Speak up your mind
Tell us what you're thinking... !