Headlines News :
Home » » ਤੀਸਰਾ ਸ਼ਬਦ-ਲਾਲ ਸਿੰਘ ਦਸੂਹਾ

ਤੀਸਰਾ ਸ਼ਬਦ-ਲਾਲ ਸਿੰਘ ਦਸੂਹਾ

Written By Unknown on Monday, 19 August 2013 | 04:22

ਆਪਣੇ ਨਾਂ ਨਾਲ ਤੀਸਰਾ ਸ਼ਬਦ ਜੋੜਨ ਦਾ ਫੈਸਲਾ ਆਖਿ਼ਰ ਕਰ ਹੀ ਲਿਆ ਮੋਹਨ ਲਾਲ ਨੇ ਮਜ਼ਬੂਰਨ
ਹੁਣ ਤੱਕ ਬਚਿਆ ਰਿਹਾ ਸੀ ਉਹ ਅਵੱਲ ਬਚਾਈ ਰੱਖਿਆ ਸੀ ਉਸਨੇ ਆਪਣੇ ਆਪ ਨੂੰ ਢੇਰ ਸਾਰੇ ਯਤਨ ਕਰਨੇ ਪਏ ਸਨ ਉਸਨੂੰ ਇਉਂ ਕਰਨ ਲਈ ਉਸ ਨੂੰ ਪਤਾ ਵੀ ਸੀ ਸ਼ਬਦ ਕਿਨਾਂ ਗੁਣਕਾਰੀ ਸੀ ਕਿੰਨਾਂ ਕੁਝ ਪ੍ਰਾਪਤ ਕਰ ਸਕਦਾ ਸੀ ਉਸ ਲਈ ਨੌਕਰੀ ਤਰੱਕੀ ਤੋਂ ਲੈ ਕੇ ਉੱਚੀ ਅਹੁਦੇਦਾਰੀ ,ਵੱਡੀ ਅਫ਼ਸਰੀ ਤੱਕ ਵੀ ਇਵੇਂ ਹੀ ਵਾਪਰਦਾ ਰਿਹਾ ਸੀ ਉਸ ਆਸ ਪਾਸ ਉਸ ਤੋਂ ਪਿੱਛੋਂ ਤੁਰੇ ਕਿੰਨੇ ਸਾਰੇ ਅੱਗੇ ਲੰਘ ਗਏ ਸਨ ਰਾਜਧਾਨੀ ਤੱਕ ਜਾ ਪੁੱਜੇ ਸਨ ਕੋਠੀਆਂ-ਬੰਗਲੇ ਉਸਾਰ ਲਏ ਸਨ ਵੱਡੇ ਸ਼ਹਿਰੀਂ , ਤੀਸਰੇ ਸ਼ਬਦ ਦੀ ਬਦੌਲਤ ਪਰ , ਉਸਦਾ ਇਉਂ ਕਰਨ ਨੂੰ ਮੰਨ ਹੀ ਨਾ ਮੰਨਿਆ ਉਮਰ ਭਰ ਨਹੀਂ ਸੀ ਮੰਨਿਆ
ਹੁਣ , ਉਸਦੇ ਮਨ ਉਸਦੇ ਦਿਲ-ਦਿਮਾਗ਼ ਨੇ ਕੋਈ ਉਜਰ ਕੀਤੀ ਵੀ ਤਾਂ ਵੀ ਉਸ ਨੇ ਸਮਝਾ-ਬੁਝਾ ਲਿਆ ਸੀ ਇਸ ਨੁੰ
ਕਿੰਨਾ ਕੁਝ ਗੁਆ ਆਇਆ ਸੀ ਉਹ ਬੀਤੇ ਕਈ ਸਾਰੇ ਵਰ੍ਹਿਆਂ ਦੀਆਂ ਪੰਗਡੰਡੀਆਂ 'ਤੇ ਤੁਰਦਾ ਇਹ ਪਗਡੰਡੀਆਂ ,ਵਿਚ-ਵਾਰ ਪੱਕੇ-ਰਾਹਾਂ ,ਛਾਂ-ਦਾਰ ਸੜਕਾਂ ਅੰਦਰ ਤਬਦੀਲ ਹੋ ਕੇ ਉਸ ਅੱਗੇ ਵਿਛੀਆਂ ਵੀ ਇਸ ਦਾ ਵੀ ਉਸ ਉੱਤੇ ਕੋਈ ਅਸਰ ਨਹੀਂ ਸੀ ਹੋਇਆ
ਆਪਣੇ ਸਿਰ ਤੇ ਆਪਣੀ ਛੱਤ ਹੋਣ ਦੀ ਸੱਧਰ ਵੀ ਕਿਧਰੇ ਮਸਾਂ ਪੂਰੀ ਹੋਈ ਸੀ , ਅਖੀਰਲੀ ਉਮਰੇ ।
ਹੁਣ , ਆਪਣੇ ਸਿਰ ਤੇ ਆਪਣੇ ਛੱਤ ਹੇਠਾਂ ਬੈਠੇ ਦੀ ਉਸਦੀ ਦ੍ਰਿੜਤਾ ਇਕ ਤਰ੍ਹਾਂ ਨਾਲ ਝੋਲਾ ਮਾਰ ਗਈ ।
ਉਸ ਨੇ ਆਪਣੇ ਨਾਂ ਨਾਲ ਤੀਸਰਾ ਸ਼ਬਦ ਜੋੜਨ ਦਾ ਫੈਸਲਾ ਕਰ ਹੀ ਲਿਆ ।
ਰੰਗ-ਬੁਰਸ਼ ਉਸਦੇ ਪਾਸ ਸਨ । ਪਲੱਸਤਰ ਕੀਤੇ ਪੀਲ-ਪਾਵੇ ਉਸਦੇ ਸਾਹਮਣੇ ਸਨ । ਉਸਨੇ ਬੱਸ ਇਕ ਡੱਬੀ ਬਣਾਉਣੀ ਸੀ ਚੌਰਸ ਜਾਂ ਆਇਤਕਾਰ । ਹੇਠਾਂ ਗਰਾਂਉਡ ਭਰਨੀ ਸੀ ਚਿੱਟੀ ਜਾਂ ਬੋਨ –ਵਾਈਟ । ਇਸ ਅੰਦਰ ਨਾਂ ਲਿਖਣਾ ਸੀ ਆਪਣਾ ਕਾਲੇ ਰੰਗ ਨਾਲ । ਉਸ ਨੂੰ ਇਹੀ ਰੰਗ-ਤਰਤੀਬ ਚੰਗੀ ਲੱਗੀ ।
ਇਹੀ ਰੰਗ ਤਰਤੀਬ ਉਸਦੀ ਮਾਂ ਵੀ ਚੁਣਿਆ ਕਰਦੀ ਸੀ ।....ਭਰਵੀਂ ਬਰਸਾਤ ਮੁੱਕਣ ਤੇ ਉਹਨਾਂ ਦਾ ਕੱਚਾ ਘਰ-ਵਾਗਲਾ ਹਰ ਵਰ੍ਹੇ ਨਵੇਂ ਸਿਰਿਉਂ ਲਿੱਪ-ਪੋਚ ਹੁੰਦਾ । ਲਾਗਲੇ ਛੱਪੜ ਚ ਗੋਈ ਚੀਕਣੀ ਮਿੱਟੀ ਉਹ ਸਿਰ ਤੇ ਢੋਅ ਲਿਆਉਂਦਾ ਤਸਲੇ-ਪਰਾਤ ਚ ਭਰ ਕੇ । ਕੱਚੇ ਭਿੱਤਾਂ ਤੋਂ ਉੱਖੜੇ ਖੱਪੜ ਲਾਹ- ਖੁਰਚ ਕੇ ਚਾੜ੍ਹੀ ਮੋਟੀ ਲੇਈ ਨਾਲ ਵੀ ਉਸਦੀ ਮਾਂ ਦਾ ਚਿੱਤ ਨਹੀਂ ਸੀ ਭਰਦਾ । ਥੋੜਾ ਕੁ ਆਠੁਰ ਜਾਣ ਤੇ ਇਸ ਉੱਪਰ ਪਹਿਲਾਂ ਉਹ ਗੋਹੇ –ਮਿੱਟੀ ਦਾ ਪਤਲਾ-ਪਤਲਾ ਪੋਚਾ ਮਾਰਦੀ , ਫਿਰ ਈਸ਼ਰ ਘੋੜੀ ਵਾਲੇ ਤੋਂ ਕਣਕ ਵੱਟੇ ਅਗਾਊਂ ਖ਼ਰੀਦ ਰੱਖੇ ਸੇਰ-ਦੋ-ਸੇਰ ਚਿੱਟੇ ਪੀਲੇ ਗੋਲੂ ਦਾ ਸੰਘਣਾ ਘੋਲ ਚੁੱਲੇ ਚੌਂਕੇ ਸਮੇਤ ਸਾਰੇ ਓਟੇ ਤੇ ਫੇਰਦੀ । ਇਸ ਦੇ ਅੰਦਰ-ਬਾਹਰ । ਰਹਿੰਦਾ –ਬਚਦਾ ਘੋਲ਼ ਦਾਣਿਆਂ ਵਾਲੀ ਭੜੋਲੀ ਤੇ ਵੀ ਪੋਚ ਹੁੰਦਾ ।
ਪਿਛਲੇ ਅੰਦਰ ਪਈ ਭੜੋਲੀ ਤਾਂ ਲੁਕੀ ਛਿਪੀ ਰਹਿੰਦੀ ਸੀ  । ਉਹਲੇ-ਹਨੇਰੇ ਚ , ਪਰ ਵਿਹੜੇ ਵਿਚਲਾ ਓਟਾ ਚਿੱਟੀ-ਪੀਲੀ ਭਾਅ ਮਾਰਦਾ ਪੂਰੀ ਤਰਾਂ ਲਿਸ਼ਕਣ ਲੱਗ ਪੈਂਦਾ । ਇਸ ਦੇ ਕੋਣੇ ਕਿਨਾਰੇ ਸ਼ਾਹ-ਕਾਲਾ ਹਾਸ਼ੀਆ ਵੱਜਣ ਤੇ ਹੋਰ ਵੀ ਉੱਘੜ ਆਉਂਦੇ । ਵਲ੍ਹ-ਵਲੇਵੇਂ ਖਾਂਦੀ ਹਾਸ਼ੀਆ ਵੇਲ੍ਹ ਪੱਤੀ , ਉਸਦੇ ਬਾਲ ਮੰਨ ਉੱਤੇ ਵੀ ਜਿਵੇਂ ਉਸੇ ਤਰ੍ਹਾਂ ਛੱਪ ਜਾਂਦੀ । ਉਹ ਇਸ ਦੀ ਨਕਲ-ਛਾਪ ਕਦੀ ਆਪਣੀ ਕਾਪੀ ਦੇ ਚੌਰਸ ਜਿਹੇ ਸਫੇ਼ ਤੇ ਉਤਾਰ ਲੈਂਦਾ , ਕਦੀ ਆਇਤਕਾਰ ਵਰਗੀ ਸਲੇਟ ਤੇ ।
ਨਵੇਂ ਘਰ ਦੇ ਬਾਹਰਲੇ ਪੀਲ-ਪਾਵੇ ਤੇ ਅਪਣਾ ਨਾਂ-ਸਰਨਾਵਾਂ ਲਿਖਣ ਲਈ , ਹੁਣ ਵੀ ਉਸਨੇ ਇਕ ਡੱਬੀ ਬਣਾਉਣੀ ਸੀ ਚੌਰਸ ਜਾਂ ਫਿਰ ਆਇਤਕਾਰ । ਉਹ ਝੱਟ ਦੇਣੀ ਉੱਠਿਆ । ਝੱਟ ਦੇਣੀ ਅੰਦਰ ਵਲ਼ ਨੂੰ ਹੋ ਤੁਰਿਆ । ਝੱਟ ਦੇਣੀ ਉਸਦੇ ਪੈਰ ਬਾਹਰ ਵਲ਼ ਨੂੰ ਨਿਕਲ ਆਏ । ਪਰ ,ਚਾਨਚੱਕ ਫਿਰ ਰੁਕ ਗਏ ,
ਧੁੱਪ ਸੇਕਣ ਲਈ ਡਿੱਠੀ ਕੁਰਸੀ ਉਸਨੇ ਕੰਧ ਦੇ ਹੋਰ ਨੇੜੇ ਵਲ਼ ਨੂੰ ਸਰਕਾ ਲਈ ।
ਇਕ ਵਾਰ ਫਿਰ ਉਹ ਆਪਣੇ ਪਿੰਡ ਵਾਲੇ ਕੱਚੇ ਘਰ ਚ ਸੀ ,.......ਉਸ ਦਿਨ ਉਹ ਵਿਹੜੇ ਚ ਬੈਠਾ ਸੀ ,ਬੋਰੀ ਵਿਛਾਈ , ਆਸ ਪਾਸ ਕਿਤਾਬਾਂ ਕਾਪੀਆਂ । ਸਾਹਮਣੇ ਨੜੇ-ਕਾਨਿਆਂ ਦੀ ਛੱਤ ਵਾਲੇ ਕਾਣ-ਸੂਤੇ ਛੱਤੜੇ ਹੇਠ ਉਸਦਾ ਪਿਓ ਹੁੱਕੀ ਪੀ ਰਿਹਾ ਸੀ , ਗਠੜੀ ਜਿਹੀ ਬਣਿਆ ।ਉਸ ਲਾਗੇ , ਪਾਟੀ-ਪੁਰਾਣੀ ਦਰੀ ਤੇ ਤਰਤੀਬ ਸਿਰ ਪਏ ਉਸਦੇ ਸੰਦ-ਉਜ਼ਾਰ ਉਸਨੇ ਅਜੇ ਰਾਜ ਤੋਂ ਨਹੀਂ ਸੀ ਉਠਾਲੇ ਕਈ ਸਾਰੇ ਜੁੱਤੀਆਂ-ਜੋੜੇ ਵੀ ਉਸਦੇ ਆਸ ਪਾਸ ਪਏ ਸਨ , ਟੁੱਟੇ-ਉੱਖੜੇ ਇਕ ਪਾਸੇ ਗੰਢੇ ਸੁਆਰੇ ਇਕ ਪਾਸੇ । ਨਾਲ ਦੇ ਘਰੋਂ ਉਸਦਾ ਤਾਇਆ ਲੱਗਦਾ ਸ਼ਿੱਬੂ ਸਿੱਧਾ ਉਸਦੇ ਪਿਓ ਲਾਗੇ ਆ ਬੈਠਾ , ਫੱਟੀ ਤੇ । ਬੈਠਦਿਆਂ ਸਾਰ ਉਸਨੇ ਅੰਦਰਲਾ ਗੁਬਾਰ ਇਕੋ-ਸਾਹ ਢੇਰੀ ਕਰ ਦਿੱਤਾ ਕਰਤਾਰਿਆ , ਆਹ ਨਮੀਓ ਮੁਸੀਬਤ ਕਿੱਥੋਂ ਜੰਮ ਪੀ ! ਸੁਣਿਆ ,ਬਾਬਿਆ ਦੇ ਵਾੜੇ ਤੋਂ ਲੈ ਕੇ ਛੱਪੜ ਤੱਕ ਦੀ ਸਾਰੀ ਥਾਂ , ਉਨ੍ਹਾਂ ਦੇ ਕਿਸੇ ਵੱਡੇਰੇ ਕੇਹਰੂ ਦੇ ਨਾਂ ਬੋਲਦੀ ਆ । ਉਦ੍ਹੇ ਕਿਸੇ ਪੇਏ –ਦਾਦੇ ਨੇ ਦਾਨ ਦਿੱਤੀ ਸੀ ਕੰਮੀਂ-ਕਮੀਨਾਂ ਨੂੰ, ਕੋਠੇ-ਢਾਰੇ ਬਣਾਉਣ ਲਈ ਕਿਸੇ ਟੈਮ....।
ਆਹੋ ਜ਼ਾਰ ........ਏਹ ਗੱਲ ਤਾਂ ਮੈਂ ............ਮੈਨੂੰ ਵੀ ਦੱਸੀ ਆ ..........ਇੰਦਰ ਬਾਬੇ ਨੇ ਕਈ ਵੇਰਾਂ .......ਮੈਂ ਈ ਸੱਚੀ ਗੱਲ ਆ .......ਅੱਗੇ ਨੀ ਕੀਤੀ ਏਹ.......ਕਿਸੇ ਨਾ ਬੀ ਨਹੀਂ ਕੀਤੀ । ..........ਮੈਂ ਸੋਚਿਆ , ਮਿੱਟੀ ਪਾਓ ਏਹਤੇ......ਏਦ੍ਹੇ ਚੋਂ ਕੀ ਕੱਢਣਾ –ਪਉਣਾ ! .......ਆਪਾਂ ਸਾਰੇ ਰੈਹੀ ਜਾਨੇਂ ਆਂ......ਕੰਧਾਂ ਕੋਠੇ ਬਣੇ ਵੇ ਆ .........ਕੈਹ ਕੋਈ ਸਕਦਾ ਨਈਂ.......ਉੱਠੋ ਇਥੋਂ ਥਾਂ ਸਾਡੀ ਆ, ਦਮਾਂ ਮਾਰੇ ਸਾਹਾਂ ਨੂੰ ਸੂਤ-ਸਿਰ ਰੱਖਦੇ ਉਸਦੇ ਪਿਓ ਤੋਂ ਏਨੀਂ ਕੁ ਗੱਲ ਮਸਾਂ ਆਖ ਹੋਈ ਸੀ ।
ਇਸ ਨਾਲ ਵੀ ਸ਼ਿੱਬੂ ਦੀ ਤਲਖ਼ੀ ਨਹੀਂ ਸੀ ਘਟੀ । ਅਵੱਲ ਹੋਰ ਵਧ ਗਈ ਸੀ ਕਰਤਾਰੇ ਦੀ ਸੁਣ ਕੇ ।ਉਸਦੇ ਗੁਸੈਲੇ ਬੋਲ ਹੋਰ ਵੀ ਉੱਚੇ ਹੋ ਗਏ । ਕੈਹ ਵੀ ਦੇਣ ਤਾਂ ਮੂੰਹ ਫੜ ਲੈਣਾਂ ਕਿਸੇ ਦਾ ! ਕੈਹ ਈ ਦਿੱਤਾ ਪੁੱਟਆਰਖ਼ਾਨੇ ਆਲਿਆਂ, ਜ਼ਰਾ ਰੁਕ ਕੇ ਉਸਨੇ ਜ਼ਰਾ ਕੁ ਰੋਕੀ ਵਾਰਤਾ ਪੂਰੀ ਕਹੀ ਸੁਣਾਈ , ਗੱਲ ਏਹ ਆ ਭਰਾਵਾ , ਪਈ ਪਾਸ਼ੇ ਸਾਡੇ ਦਾ ਤਾਂ ਤੈਨੂੰ ਪਤਾਅ ਈ ਆ । ਨਪੈਥਰ ਆ ਸਿਰੇ ਦਾ । ਉਦ੍ਹੀ ਘਰ ਆਲੀ ਸਾਨੂੰ ਊਈਂ ਦੇਖ ਕੇ ਰਾਜ਼ੀ ਨਈਂ ਦੋਨਾਂ ਜੀਆਂ ਨੂੰ । ਹਰ ਟੈਮ ਖਾਊਂ ਵੱਡੂੰ ਕਰੀ ਰੱਖਦੀ ਆ । ਵਿੱਚੇ ਸਾਨੂੰ ਵਿੱਚੇ ਈ ਪਾਸ਼ੇ ਨੂੰ । ਛੋਟਾ ਬੰਸਾ ਆ ਨਾ ਮੇਰਾ ,ਸ਼ਪਾਈ !ਉਨ੍ਹੇ ਸਲਾਹ ਦਿੱਤੀ ਪਈ –“ ਮੇਰਾ ਹੈਥੇ ਆਲਾ ਜਿੰਨਾਂ ਕੁਥਾਂ ਹੈਗਾ , ਵੇਚ ਕੇ ਐਥੇ ਆ ਜੇ ਮੇਰੇ ਕੋਲ ਸ਼ੈਹਰ । ਐਥੇ ਲੈ ਲੈਨੇਂ ਆ ਕੋਈ ਛੋਟਾ ਮੋਟਾ ਘਰ ਬਣਿਆ-ਬਣਾਇਆ  । ਜਾਂ ਕੋਈ ਪਲਾਟ ਖਰੀਦ ਲੈਨੇ ਆ ਨੇੜੇ-ਤੇੜੇ ।ਬੜ੍ਹੀਆਂ ਕਲੋਨੀਆਂ ਕੱਟ ਹੋਣ ਡੈਈਆਂ ਆ ਐਥੇ ........। ਐਨਾ ਕੁਝ ਆਖ-ਦੱਸ ਕੇ ਵੀ ਉਹ ਅਜੇ ਪੂਰਾ ਸਹਿਜ ਨਹੀਂ ਸੀ ਹੋਇਆ , ਸੱਚ ਦਸਾਂ ਕਰਤਾਰਿਆਂ , ਮੈਨੂੰ ਉਦ੍ਹੀ ਸਕੀਮ ਵਾਹਲੀਓ ਖ਼ਰੀ ਲੱਗੀ । ਮੈਂ ਪਿੰਡ ਆਲੇ ਪੁਟਆਰੀ ਤੋਂ ਕਾਗ਼ਤ ਜਾ ਮੰਗੇ । ਉਨ੍ਹੇ ਵਿਚੋਂ ਹਾਅ ਘੁੰਨਤਰ ਕੱਢ ਮਾਰੀ । ਅਖੇ-ਰੈਹੀ ਤਾਂ ਜਾਓ ਭਾਮੇਂ ਜਿੰਨਾ ਚਿਰ ਮਰਜ਼ੀ ਆ , ਪਰ ਵੇਚ ਨੀਂ ਸਕਦਾ ਤੁਹਾਡੇ ਚੋਂ ਕੋਈ ਵੀ ਜਣਾ .......। ਛੱਤੜੇ ਹੇਠ ਬੈਠੇ ਉਸਦੇ ਪਿਓ ਦੀ ਹੁੱਕੀ ਗੁੜ-ਗੁੜ ਕਰਨੋਂ ਉਸੇ ਵੇਲੇ ਬੰਦ ਹੋ ਗਈ ਸੀ । ਨਿਮੋਂਝਾਣ ਹੋਇਆ ਤਾਇਆ ਸ਼ਿਬੂ ਸੋਟੀ ਆਸਰੇ ਉੱਠਿਆ , ਡੋਲਦੀ ਚਾਲੇ ਬਾਹਰ ਵਲ੍ਹ ਨੂੰ ਨਿਕਲ ਤੁਰਿਆ ਸੀ । ਪਰ ਕੱਚੀ ਕੰਧ ਨਾਲ ਢੋਅ ਲਾਈ ਬੈਠੇ ਮੋਹਣੇ ਦੀ ਹੋਂਦ-ਹੋਣੀਂ ਜਿਵੇਂ ਹਵਾ ਵਿਚ ਲਟਕਦੀ ਹੋ ਗਈ ।
ਅਪਣਾ ਪਿੰਡ ਘਰ ,ਥਾਂ ਗਰਾਂ ਉਸਨੂੰ ਓਪਰੇ-ਪਰਾਏ ਲੱਗਣ ਲੱਗ ਪਏ ਸਨ ।
ਉਪਰਾਮ ਤਾਂ ਪਹਿਲੋਂ ਵੀ ਹੁੰਦਾ ਰਿਹਾ ਸੀ ਉਹ । ਹੇਠੀ ਤਾਂ ਪਹਿਲੋਂ ਵੀ ਕਈ ਵਾਰ ਹੁੰਦੀ ਦੇਖੀ ਸੀ ਉਸਦੇ ਵਿਹੜੇ ਦੀ । ਪਿੰਡ ਦੀ ਕਿਸੇ ਵੀ ਸਭਾ-ਸੋਸੈਟੀ , ਕੱਠ-ਵੱਠ ਚ ਫ਼ਾਲਤੂ ਗਿਣ ਹੁੰਦੇ , ਨੁੱਕਰੇ ਲੱਗੇ ਉਸਦੇ ਤਾਏ-ਚਾਚੇ ਪਹਿਲੋਂ ਵੀ ਚੁੱਭਦੇ ਰਹੇ ਸਨ ਉਸਨੂੰ , ਪਰ ਅਗਲੇ ਹੀ ਦਿਨ ਖੇਤਾਂ-ਘਰਾਂ , ਕੰਮਾਂ-ਕਾਰਾਂ ਚ ਬਣੀ ਦਿੱਸਦੀ ਨੇੜਤਾ ਉਸਨੂੰ ਹੋਇਆ-ਬੀਤਿਆ ਸਭ ਕੁਝ ਭੁਲਦਾ ਕਰ ਦਿੰਦੀ ।
ਉਸਦੀ ਮਾਂ ਬਿਸ਼ਨੀ ਬਾਬਿਆਂ ਦੀ ਅੱਲ ਚੋਂ ਆਪਣੇ ਸਾਂਝੀ ਇੰਦਰ ਬਾਬੇ ਦੇ ਘਰ-ਵਾੜੇ ਦਾ ਗੋਹਾ-ਕੂੜਾ ਕਰਨ ਚ ਰੁੱਝੀ ਹੁੰਦੀ,ਪਿਓ ਕਰਤਾਰਾ ਡੰਗਰਾਂ-ਪਸ਼ੂਆਂ ਦੇ ਪੱਠੇ ਦੱਬੇ ਚ ਸਾਂਭ ਸੰਭਾਲ ਚ । ਉਹਨਾਂ ਦਾ ਛਾਹ ਵੇਲਾ,ਲੌਢਾ ਵੇਲਾ , ਉਥੇ । ਪਰ , ਭਾਂਡੇ ਵੱਖਰੇ ਹੁੰਦੇ ਸਨ ਉਹਨਾਂ ਦੇ ਕਿਸੇ ਵੀ ਆਲੇ-ਮੋਘੇ ਚ ਧਰੇ ਟਿਕਾਏ ।
ਛੁੱਟੀ ਵਾਲੇ ਦਿਨ ਉਸਦਾ ਵੀ ਲੱਸੀ ਪਾਣੀ ਇੰਦਰ ਬਾਬੇ ਦੇ ਘਰ ।ਉਸ ਵਾਰ ਵੀ ਇਉਂ ਹੀ ਹੋਇਆ । ਨਿੱਕੀ ਮੋਟੀ ਚੱਕ-ਥੱਲ ਮੁਕਾ ਕੇ , ਉਹ ਅਜੇ ਬੈਠਣ ਹੀ ਲੱਗਾ ਸੀ ਇਕੱਲਵੰਜੇ ਹੋ ਕੇ । ਉਸਦੀਆਂ ਕਿਤਾਬਾਂ ਕਾਪੀਆਂ ਵੀ ਅਜੇ ਉਸਦੇ ਮੋਢੇ ਲਟਕਦੇ ਤਣੀਆਂ ਵਾਲੇ ਝੋਲੇ ਚੋਂ ਬਾਹਰ ਨਹੀਂ ਸੀ ਆਈਆ । ਕਿ , ਦੁੜਕੀ ਪਏ ਇੰਦਰ ਬਾਬੇ ਦ ਦੋਨੋਂ ਛੋਹਰ ਉਸਨੂੰ ਜ਼ੋਰ-ਜਬਰੀ ਬਾਹਰ ਵਲ੍ਹ ਨੂੰ ਧੂਹ ਲਗਏ । ਦਿਨ ਛਿੱਪਦੇ ਤੱਕ ਉਹ ਕੋਡ-ਕਬੱਡੀ , ਛੂਹ-ਛੂਹਾਈ,ਲੁਕਣ-ਮਿਚੀ ਜੋ ਵੀ ਮੰਨ ਚਿੱਤ ਆਈ ਖੇਡਦੇ ਰਹੇ ।
ਉਸ ਦਿਨ ਉਹ ਖੁਸ਼ ਪ੍ਰਸੰਨ ਰਿਹਾ ਸੀ ਸਾਰਾ ਦਿਨ । ਘਰ-ਵਿਹੜੇ ਨਾਲ ਜੁੜਿਆ ਕਮੀਂ ਕਮੀਣ ਸ਼ਬਦ ਉਸਨੂੰ ਰਤੀ ਭਰ ਵੀ ਯਾਦ ਚਿੱਤ ਨਹੀ਼ ਸੀ ਰਿਹਾ । ਪਰ ,ਸ਼ਾਮੀਂ ਘਰ ਪਰਤੇ ਨੂੰ ਸ਼ਿੱਬੂ ਤਾਏ ਦੇ ਬੋਲ ਉਸ ਨੂੰ ਜਿਵੇਂ ਫਿਰ ਤੋਂ ਸੁਣਾਈ ਦੇਣ ਲੱਗ ਪਏ , .....ਬਾਬਿਆਂ ਦੇ ਵਾੜੇ ਤੋਂ ਲੈ ਕੇ ਛੰਪੜ ਤੱਕ ਸਾਰੀ ਥਾਂ ਇੰਦਰ ਬਾਬੇ ਦੇ ਕਿਸੇ ਵਡੇਰੇ ਕੇਹਰੂ ਦੇ ਨਾਂ ਬੋਲਦੀ ਆ । ਉਦ੍ਹੇ ਕਿਸੇ ਪਿਓ-ਦਾਦੇ ਨੇ ਦਾਨ ਦਿੱਤੀ ਸੀ  ਕਮੀਂ ਕਮੀਣਾਂ ਨੂੰ ਕੋਠੇ ਢਾਰੇ ਖੜੇ ਕਰਨ ਲਈ ......।
ਉਸ ਰਾਤ ਮੁੜ ਉਹ ਪਹਿਲੋਂ ਜਿਹਾ ਬੇਚੈਨ ਸੀ ।
ਕਈ ਦਿਨ ਫਿਰ ਘੋਰ-ਸੰਘਣੀ ਉਦਾਸੀ ਉਸਦੇ ਮਨ ਮਸਤੱਕ ਸਮੇਤ ਉਸਦੇ ਸਾਰੇ ਵਜ਼ੂਦ ਤੇ ਛਾਈ ਰਹੀ । ਪਿੰਡ ਦੇ ਹਮ-ਉਮਰ, ਹਮ-ਜਮਾਤੀਆਂ ਤੇ ਦਰਾਂ ਮੂਹਰਿਉਂ ਲੰਘਦੇ ਦਾ ਉਸਦਾ ਅੰਦਰ ਇਕ ਤਰ੍ਹਾਂ ਨਾਲ ਜਿਵੇਂ ਟੁੱਟਦਾ-ਭੁਰਦਾ ਰਿਹਾ । ਤਾਂ ਵੀ ਨਾ ਤਾਂ ਉਸ ਨੇ ਆਪਣੀ ਸਕੂਲੀ ਪੜ੍ਹਾਈ ਨੂੰ ਕਿਸੇ ਤਰ੍ਹਾਂ ਦੀ ਆਂਚ ਆਉਣ ਦਿੱਤੀ ਸੀ ਨਾ ਇੰਦਰ ਬਾਬੇ ਦੇ ਘਰ-ਖੇਤੀ ਜਾਣੋਂ ਆਉਣੋਂ ਰੁਕਿਆ ਸੀ ।
...ਦਸਵੀਂ ਜਮਾਤ ਦੇ ਸਲਾਨਾ ਪਰਚੇ ਖ਼ਤਮ ਹੋ ਗਏ ਸਨ ।ਨਤੀਜੇ ਦੀ ਉਡੀਕ ਲਈ ਡੇੜ ਦੋ ਮਹੀਨੇ ਦਾ ਵਕਫ਼ਾ ਸੀ । ਉਸਦੀ ਮਾਂ ਸਵੇਰੇ ਲੋਅ ਲੱਗਦਿਆਂ ਸਾਰ ਸਿੱਟੇ ਚੁੱਗਣ ਨਿਕਲੀ , ਕਿਧਰੇ ਭਖੇ-ਤਪੇ ਛਾਹ ਵੇਲੇ ਮੁੜਦੀ । ਉਹ ਬੇ-ਚੈਨ  ਹੋਇਆ ਰਹਿੰਦਾ , ਘਰ । ਆਖਿ਼ਰ ਉਸ ਨੇ ਵੀ ਇਕ ਦਿਨ ਝੋਲੀ ਲੰਮਕਦੀ ਕਰ ਲਈ ਆਪਣੇ ਮੋਢੇ ਨਾਲ । ਉਸ ਦੇ ਚੁਗੇ ਸਿੱਟੇ ਮਾਂ ਦੇ ਚੁਗੇ ਸਿੱਟਿਆ ਚ ਜਮਾਂ ਹੋ ਕੇ ਵੱਡੀ ਢੇਰੀ ਬਨਣ ਲੱਗ ਪਏ ।
ਹਾਅ ਕੰਮ ਤਾਂ ਬਿਸ਼ਨੀ ਕੱਲੀ ਨੇ ਵੀ ਕਰੀ-ਕੁਰੀ ਜਾਣਾਂ , ਤੂੰ ਐਧਰ ਆ ਮੇਰੇ ਨਾਲ । ਆਹ ਫੜ ਦਾਤੀ , ਲਾਵੀ ਬਣ ਜਾ ਲਾਵੀ । ਭਾਪੇ ਆਪਣੇ ਵਰਗਾ । ਉਹ ਕੋੜ੍ਹੀ ਦਾ ਤਾਂ ਬੱਸ ਦਿਨਾਂ ਚ ਈ ਜੁੜ ਗਿਆ । ਪਤਆ ਨਹੀਂ ਕੀ ਹੋਇਆ ਉਨੂੰ । ਪਰੂੰ ਖ਼ਰਾ-ਭਲਾ ਸੀ । ਉਨ੍ਹੇ ਕੱਲੇ ਨੇ ਈ ਸਾਂਭ ਲਈ ਸੀ ਸਾਰੀ ਰੌਂਅ । ਤੀਲ੍ਹੇ ਵੀ ਹਾਲ੍ਹੀ ਵਿਰਲੇ ਈ ਸੀਂ ਬਾਹਲੇ । ਮੀਂਹ ਨਈ ਸੀ ਪਿਆ ਖ਼ਰੀ ਤਰ੍ਹਾਂ । ਇਸ ਵਾਰ ਤਾਂ ਉੱਪਰ ਆਲਾ ਵੀ ਮੇਰ੍ਹਬਾਨ ਈ ਰਿਹਾ ਜੱਟਾਂ ਤੇ ......। ਇੰਦਰ ਬਾਬਾ ਬਿਨਾਂ ਰੁਕੇ ਉਸਨੂੰ ਕਿੰਨਾਂ ਕੁਝ ਆਖ-ਦੱਸ ਗਿਆ ਸੀ ।
ਉਹ ਜੇ-ਜੱਕ ਚ ਫਸਿਆ ਥੋੜਾ ਕੁ ਚਿਰ ਖੜਾ ਰਿਹਾ ਸੀ । ਚੁੱਪ ਦਾ ਚੁੱਪ ।
ਉਸਦੀ ਅੱਧੀ ਕੁ ਹਾਂ ਜਾਚ ਕੇ , ਇੰਦਰ ਨੇ ਫਿਰ ਤੋਂ ਹੱਲਾ-ਸ਼ੇਰੀ ਦਿੱਤੀ ਸੀ ਉਸਨੂੰ , ਕੰਮ ਕੋਈ ਵੀ ਔਖਾ ਨਹੀਂ ਹੁੰਦਾ ਮੋਹਣਿਆ , ਬੱਸ ਹਿੰਮਤ ਫੜਨ ਦੀ ਲੋੜ ਹੁੰਦੀ ਰਤਾ-ਮਾਸਾ ।
ਇਸ ਵਾਰ ਉਸਦੇ ਪਿਓ ਦੀ ਲਾਚਾਰਗੀ ਨੇ ਉਸਨੂੰ ਦੁਬਿਧਾ ਚੋਂ ਬਾਹਰ ਕੱਢ ਲਿਆ । ਉਸਨੇ ਉਸੇ ਦਿਨ ਤੋਂ ਹੀ ਦਾਤੀ ਸਾਂਭ ਲਈ ਸੀ , ਵਾਢੀ ਕਰਨ ਲਈ ।
ਦੋ ਕੁ ਦਿਨ ਉਸ ਨੂੰ ਤੱਪਦੀ ਰੇਤ ਤੇ ਪੈਰਾਂ ਭਾਰ ਤੁਰਨਾ , ਬੇ-ਹੱਦ ਔਖਾ ਲੱਗਾ । ਔਖਾ ਤੇ ਅਕਾਊ ਵੀ ।ਥੋੜੇ ਕੁ ਛਾਲੇ ਵੀ ਉੱਭਰ ਆਏ ਸਨ ਉਸਦੇ ਹੱਥਾਂ ਤੇ ਦਾਤੀ ਸੱਥਰ ਸਾਂਭਦੇ ਕੱਟਦੇ ਦੇ । ਤਾਂ ਵੀ  ਉਸ ਨੇ ਹਿੰਮਤ ਨਹੀਂ ਸੀ ਹਾਰੀ । ਡਟਿਆ ਰਿਹਾ ਸੀ ਤਕੜਾ ਹੋ ਕੇ । ਤਰਕਾਲੀਂ ਘਰ ਪੁੱਜ ਕੇ ਗਰਮ ਪਾਣੀ ਨਾਲ ਧੋਤੇ ਹੱਥ-ਮੂੰਹ ਤੋਂ ਮਿਲਦੀ ਰਾਹਤ ਉਸਨੂੰ ਅਗਲੇ ਦਿਨ ਦੀ ਮੁਸ਼ਕੱਤ ਲਈ ਫਿਰ ਤੋਂ ਰਮਾਂ ਕਰਦੀ ਰਹੀ । ਦੁਪਹਿਰ ਵੇਲੇ ਤੱਕ ਉਹ ਪੂਰਾ ਦੰਮ ਰੱਖਦਾ । ਦੂਜੇ ਵੇਲੇ ਜੇ ਕਿਧਰੇ ਉਸ ਦੀ ਪਰਾਤ ਪੱਛੜ ਵੀ ਜਾਂਦੀ , ਇੰਦਰ ਉਸਨੂੰ ਆਪਣੇ ਨਾਲ ਮੇਚਦਾ ਕਰ ਲੈਂਦਾ । ਪੂਰੇ ਪੰਦਰਾਂ ਦਿਨਾਂ ਚ ਰੌਂਅ ਪੱਟੀ ਦੇ ਸਵਾ ਛੇ ਖੇਤ ਵੱਢ-ਸੰਭਾਲ ਲਏ ਸਨ , ਉਹਨਾਂ ਦੋਨਾਂ ਨੇ ।
ਆਖ਼ਰੀ ਦਿਨ ਦੀ ਭਰੀ ਚੱਕਾਉਂਦੇ ਇੰਦਰ ਬਾਬੇ ਨੇ ਬੇ-ਹੱਦ ਮਾਣ ਨਾਲ ਕਿਹਾ ਸੀ ਉਸਨੂੰ ਲੈਅ ਬਈ  ਮੋਹਣਿਆਂ , ਸਾਵਾਂ ਤੁੱਲਿਆਂ ਤੂੰ ਮੇਰੇ ਨਾਲ ਐਨੇ ਦਿਨ । ਹੁਣ ....ਤੂੰ ਉਮਰ ਭਰ ਮਾਰ ਨਈਂ ਖਾਂਦਾ ਕਿਧਰੇ ਵੀ ।
ਇੰਦਰ ਬਾਰੇ ਤੋਂ ਮਿਲੀ ਥਾਪੀ ਉਸ ਨੂੰ ਹੋਰ ਵੀ ਨਵਾਂ ਨਰੋਆ ਕਰ ਗਈ ਸੀ । ਆਪਣੇ ਅੰਗਾਂ ਪੈਰਾਂ ਦੀ ਸਮਰੱਥਾ ਆਪਣੀ ਯੋਗਤਾ ਆਪਣੀ ਕਾਬਲੀਅਤ ਦੀ ਹੇਠੀ ਨਹੀਂ ਸੀ ਹੋਣ ਦਿੱਤੀ ਉਸਨੇ , ਵਾਹ ਲੱਗਦੀ ਨੂੰ ਕਦੀ ਵੀ ।
ਪਰ ਹੁਣ , ਆਪਣੀ ਮਾਲਕੀ ਵਾਲੇ ਪੰਜ ਕੁ ਮਰਲੇ ਦੇ ਪੱਕੇ ਵਿਹੜੇ ਚ ਬੈਠੇ ਦੀ ਉਸਦੀ ਸਮਰੱਥਾ-ਯੋਗਤਾ ਨੇ ਵੀ ਜਿਵੇਂ ਹਥਿਆਰ ਸੁੱਟ ਦਿੱਤੇ ਹੋਣ ।
.......ਬੈਠਕ ਅੰਦਰੋਂ ਲਿਆਂਦੀ ਲਿੱਖਣ ਸਮੱਗਰੀ , ਰੰਗ-ਬੁਰਸ਼ ਸਾਂਭ ਕੇ ਉਹ ਮੁੜ ਬਾਹਰਲੇ ਗੇਟ ਤੱਕ ਆ ਪੁੱਜਾ । ਦਿਨ ਅਜੇ ਖੜਾ ਸੀ । ਟਾਂਵੇ-ਟਾਵੇਂ ਅਗੜ-ਦੁਗੜ ਬਣੇ ਘਰਾਂ ਨੂੰ ਮੁੜਦੇ ਕਈ ਜਾਣ-ਪਛਾਣ ਵਾਲੇ ਉਸਨੂੰ ਸਾਬ-ਸਲਾਮ ਵੀ ਕਰਦੇ ਗਏ । ਉਸਨੇ ਗੇਟ ਦੇ ਪੀਲ ਪਾਵੇ ਨਾਲ ਲੱਗੀ ਨੇਮ ਪਲੇਟ ਉਤਾਰ ਦਿੱਤੀ । ਇਥੇ ਚਿਪਕੀ ਰਹੀ ਨੇ ਇਸ ਨੇ , ਉਸ ਦੇ ਸਾਦ-ਮੁਰਾਦੇ ਨਾਂ ਦਾ ਬਿਲਕੁਲ ਸਾਥ ਨਹੀਂ ਸੀ ਦਿੱਤਾ । ਉਸ ਤੱਕ ਪੁੱਜਣ ਵਾਲੀ ਚਿੱਠੀ ਕਦੀ ਮੋਹਣ ਲਾਲ ਸ਼ਾਸ਼ਤਰੀ ਘਰੋਂ ਘੁੰਮ ਕੇ ਮੁੜਦੀ , ਕਦੀ ਮੋਹਣ ਲਾਲ ਹਲਵਾਈ ਦੀ ਹੱਟੀਓ , ਕਦੀ ਕਮੇਟੀ ਘਰ ਵਾਲੇ ਮੋਹਨ ਲਾਲ ਦੀ ਬੈਠਕੋਂ  ।
ਬਹੁਤੀ ਵਾਰ ਉਸਦੀ ਜ਼ਰੂਰੀ ਸ਼ਮੂਲੀਅਤ ਵਾਲੀਆ ਮਿਤੀਆਂ ਹੀ ਲੰਘ ਚੁੱਕੀਆਂ ਹੁੰਦੀਆਂ ।
ਇਸ ਵਾਰ ਇਹੋ ਕੁਝ ਵਾਪਰਿਆ ਸੀ ਉਸ ਨਾਲ । ਜ਼ਿਲਾ ਪੱਧਰੀ ਸੈਮੀਨਾਰ ਸੀ , ਉਸਦੀ ਤਿੱਖੀ ਪਕੜ ਵਾਲੇ ਵਿਸ਼ੇ ਬੁੱਧ ਬਨਾਮ ਵੇਦਾਂਤ ਤੇ ਮੁੱਖ ਬੁਲਾਰਾ ਭਾਵੇਂ ਨਹੀਂ ਸੀ ਉਹ , ਤਾਂ ਵੀ ਉਸਦੀ ਹਾਜ਼ਰੀ ਉਸਦੇ ਕਿੰਤੂ-ਪਰੰਤੂ ਅਹਿਮ ਨੁਕਤੇ ਉਭਾਰ ਸਕਦੇ ਸਨ । ਬਹਿਸ ਵਿਚਾਰ ਪ੍ਰਚੰਡ ਕਰ ਸਕਦੇ ਸਨ ਰੱਬ,ਰੂਹ,ਰੂਹਾਨੀਅਤ , ਪਾਪ-ਪੁੰਨ,ਗਿਆਨ-ਧਿਆਨ,ਮੁਕਤੀ-ਭਗਤੀ,ਯੱਗ-ਬਲੀ ਵਰਗੀਆਂ ਪ੍ਰਚੱਲਤ ਮਨੌਤਾਂ ਤੇ ।
ਪਰ ਨਹੀਂ ਸੀ ਜਾ ਸਕਿਆ । ਸੱਦਾ ਪੱਤਰ ਪੱਛੜ ਕੇ ਪੁੱਜਾ ਸੀ ਕਿੰਨੇ ਸਾਰੇ ਦਿਨ ।
ਇਕ ਵਾਰ ਪਹਿਲੋਂ ਵੀ ਖੁੰਝਾ ਸੀ ਉਹ, ਇਕ ਅਹਿਮ ਸੰਮੇਲਣ ਚ ਭਾਗ ਲੈਣੋਂ । ਉਸ ਵਾਰ ਮੁੱਦਾ ਵੀ ਉਸਨੇ ਆਪ ਦਿੱਤਾ ਸੀ ਸਮੇਲਣ ਪ੍ਰਬੰਧਕਾਂ ਨੂੰ । ਪੜ੍ਹਨਾ ਵੀ ਉਸਨੇ ਆਪ ਹੀ ਸੀ  , ਕੁੰਜੀਵਤ ਭਾਸ਼ਣ ਵਜੋਂ । ਉਦੋਂ ਸੱਦੇ-ਪੱਤਰ ਨੇ , ਉਸਦੇ ਨੌਕਰੀ ਵਾਲੇ ਸ਼ਹਿਰੋਂ ਪਰਤੇ ਨੇ ਵੀ ਇਥੇ ਤਿੰਨਾਂ ਘਰਾਂ ਚ ਤਸਤੱਕ ਦਿੱਤੀ ਸੀ , ਉਸ ਤੱਕ ਅੱਪੜਦਾ ਹੋਣ ਤੋਂ ਪਹਿਲਾਂ ।
ਤਦ ਤੱਕ ਨਿਸਚਿੱਤ ਮਿਤੀ ਲੰਘ ਚੁੱਕੀ ਸੀ ।
ਹੁਣ ਉਸਦੇ ਸਾਹਮਣੇ ਦੋ ਹੀ ਵਿਕਲਪ ਸਨ-ਜਾਂ ਤਾਂ ਆਪਣੇ ਦੋ-ਸ਼ਬਦੀ ਨਾਂ ਨਾਲ ਤੀਸਰਾ ਸ਼ਬਦ ਜੋੜੇ ਜਾਂ ਆਪਣੇ ਘਰ ਦੀ ਹੋਂਦ ਨੂੰ ਲਾਗੇ ਦੇ ਕਿਸੇ ਉੱਘੇ ਪ੍ਰਸਿੱਧ ਸਥਾਨ ਦੀ ਨੇੜਤਾ ਨਾਲ ਗੰਢੇ ।
ਉਸ ਨੇ ਆਸ-ਪਾਸ ਨਿਗਾਹ ਮਾਰੀ  ।ਨਵੀਂ ਉਸੱਰਦੀ ਕਾਲੋਨੀ ਚ ਅਜੇ ਨਾ ਕੋਈ ਮੰਦਰ ਉੱਸਰਿਆ ਸੀ ਨਾ ਗੁਰਦੁਆਰਾ । ਹਾਂ ਇਕ ਮਾਡਲ ਸਕੂਲ ਜ਼ਰੂਰ ਪ੍ਰਗਟ ਹੋਇਆ ਸੀ , ਇਕ ਛੋਟੇ ਜਿਹੇ ਇਹਾਤੇ ਚ ।
ਉਸ ਨੇ ਸਤਾਈ-ਇੰਚ ਪੀਲ ਪਾਵੇ ਦਾ ਠੀਕ ਠੀਕ ਜਾਇਜ਼ਾ ਲਿਆ । ਕਾਫ਼ੀ ਖੁੱਲ੍ਹੀ ਥਾਂ ਸੀ । ਦੋਨੋਂ ਵਿਕਲਪ .ਇਕੱਲੇ-ਇਕੱਲੇ ਵੀ ਲਿਖੇ ਜਾ ਸਕਦੇ ਸਨ, ਇਕੱਠੇ ਵੀ । ਫੁੱਟਾ ਪੈਨਸਲ ਲੈ ਕੇ ਉਸਨੇ ਇਕ ਚੰਗੀ ਖੁੱਲ੍ਹੀ ਆਇਤਾਕਾਰ ਵਾਹੀ । ਕੁੱਲ ਅੱਖਰਾਂ ਦੀ ਗਿਣਤੀ ਮਿਣਤੀ ਕਰਕੇ ਥਾਂ ਦੀ ਵੰਡ ਵੀ ਕਰ ਲਈ । ਲਿਖਤ ਦੀ ਕੱਚੀ ਰੂਪ-ਰੇਖਾ ਉਕੱਰਦਾ ਜਦ ਉਹ ਨੇੜੇ ਸ਼ਬਦ ਤੇ ਪੁੱਜਾ , ਤਾਂ ਉਸਦਾ ਹੱਥ ਫਿਰ ਕੰਬ ਗਿਆ ।
ਉਸਦੀ ਰੂਹ ਜਾਨ ਨੂੰ ਉਸਦੇ ਅੰਦਰ ਨੂੰ ਇੱਕ ਜ਼ੋਰਦਾਰ ਝੁਣਝੁਣੀ ਆ ਗਈ ਸੀ ,ਉਸਦੀ ਆਤਮ-ਬਲਵਾਨਤਾ ਜਿਵੇ ਕੰਬੀ ਗਈ ਹੋਵੇ । ਉਸਦਾ ਚੌਥੀ ਵਾਰ ਬਦਲ ਹੋਇਆ ਸਿਰਨਾਵਾਂ ਮੁੜ ਉਸੇ ਰੰਗ-ਢੰਗ ਚ ਲਿਖਣਾ ਪੈ ਰਿਹਾ ਸੀ ਉਸਨੂੰ ਨੇੜੇ ਅਰਜਨ ਮਾਡਲ ਸਕੂਲ
ਉਸ ਨੂੰ ਲੱਗਾ ਇਹ ਸ਼ਬਦ ਵੀ ਉਸਦੇ ਵਜੂਦ ਨੂੰ , ਉਸਦੀ ਪਛਾਣ ਨੂੰ ਲੰਗੜਾ ਹੀ ਨਹੀਂ ਇਕ ਤਰ੍ਹਾਂ ਨਾਲ ਸਿਫ਼ਰ ਕਰਨ ਤੇ ਤੁਲਿਆ ਰਿਹਾ ਹੈ । ਵਿਹੜੇ ਨਾਲ ਜੁੜੇ ਤੀਸਰੇ ਸ਼ਬਦ ਦੀ ਮਾਰ ਤੋਂ ਤਾਂ ਉਹ ਹੁਣ ਤੱਕ ਬਚਿਆ ਰਿਹਾ ਸੀ । ਅਵੱਲ ਬਚਾਈ ਰੱਖਿਆ ਸੀ ਆਪਣੇ ਆਪ ਨੂੰ ਪੂਰੀ ਸਿਦਕ-ਦਿੱਲੀ ਨਾਲ ।
ਖੜੇ ਖੜੋਤੇ ਦੇ ਉਸਦੇ ਕੰਨਾਂ ਚ ਇੰਦਰ ਬਾਬੇ ਦੇ ਬੋਲ ਜਿਵੇਂ ਫਿਰ ਤੋਂ ਗੂੰਜੇ ਹੋਣ ਲੈਅ ਬਈ ਮੋਹਣਿਆਂ , ਸਾਵਾਂ ਤੁਲਿਆ ਤੂੰ ਮੇਰੇ ਨਾਲ ਐਨੇ ਦਿਨ । ਬੱਸ .......ਹੁਣ ਉਮਰ ਭਰ ਮਾਰ ਨਹੀਂ ਖਾਂਦਾ ਕਿਧਰੇ ਵੀ ........।
ਇੰਦਰ ਬਾਬੇ ਨਾਲ ਤੱਪਦੀ ਰੋਂਅ ਚ ਬਿਤਾਏ  ਬਾ-ਮਸ਼ਕੱਤ ਪੰਦਰਾਂ ਕੁ ਦਿਨ ਉਸਦੇ ਤਨ-ਬਦਨ ਨੂੰ , ਉਸਦੀ ਰੂਹ-ਜਾਨ ਨੂੰ ਜਾਗ ਦਾ ਕਰ ਗਏ ਸਨ । ਪੁਰਖਿਆ ਕਾਰਨ ਉਸਦੇ ਅੰਦਰ ਵਲ੍ਹ ਨੂੰ ਪੱਸਰ ਆਈ ਹੀਣਤਾ ਉਸ ਨੂੰ ਆਪ ਸਹੇੜੇ ਰੋਗ ਲੱਗਣ ਲੱਗ ਪਈ ਸੀ । ਇਸ ਤੋਂ ਬਚਦਾ ਹੋਣ ਲਈ ਉਸਦੀ ਕਿਸ਼ੋਰ ਉਮਰੀ ਭਾਵੁਕਤਾ ਅਜੀਬ ਤਰਾਂ ਦੇ ਔਖੇ ਓਜੜੇ ਰਾਹੀ ਤੁਰਦੀ ਰਹੀ । ਤੀਸਰੇ ਸ਼ਬਦ ਦੇ ਅਰਥ-ਸੰਚਾਰ ਤੋਂ ਉਸ ਨੇ ਉਮਰ ਭਰ ਤੋੜ ਵਿਛੋੜਾ ਕੀਤੀ ਰੱਖਿਆ ।
ਇਸ ਸਾਰੇ ਕੁਝ ਦਾ ਪਤਾ ਸੀ ਉਸਦੇ ਘਰ ਦੇ ਜੀਆਂ ਨੂੰ । ਇਕ ਵਾਰ ਨਹੀਂ ਕਈ ਵਾਰ ਦੱਸ ਚੁੱਕਾ ਸੀ , ਪਹਿਲਾਂ ਪਤਨੀ ਨੂੰ ਫਿਰ ਪੁੱਤਰ ਧੀ ਨੂੰ । ਉਹਨਾਂ ਨਾ ਕਦੀ ਉਸਦੀ ਰਮਜ਼ ਸਮਝੀ , ਨਾ ਉਸਦਾ ਸਾਥ ਦਿੱਤਾ । ਉਲਟਾ ਲੜਦੇ-ਝਗੜਦੇ ਹਰ ਤਰ੍ਹਾਂ ਦਾ ਨਿਰਾਦਰ ਕਰਦੇ ਰਹੇ ਸਨ ਉਸਦਾ ।
ਲੰਘੇ ਜੀਵਨ ਦੀ ਤਿਲਕਵੀਂ ਜਿਹੀ ਲਿਸ਼ਕੋਰ ਉਸਦੀ ਸਿਮਰਤੀ ਚ ਆ ਲਿਸ਼ਕੀ । ......ਤਿੰਨ ਤਰ੍ਹਾਂ ਦੀ ਨੌਕਰੀ ਕਰਨੀ ਪਈ ਸੀ ਉਸਨੂੰ । ਸਰਕਾਰੀ  , ਅਰਧ ਸਰਕਾਰੀ ਤੇ ਨਿਰੋਲ ਨਿੱਜੀ ਮਾਲਕਾਂ ਦੀ । ਉਸਦੀਆਂ ਕੰਮ ਕਾਜੀ ਉਲਝਣਾਂ ਉਸ ਲਈ ਬੀ.ਏ.ਐਮ.ਏ. ਕਰਨ ਦੇ ਰਾਹ ਚ ਰੁਕਾਵਟਾਂ ਤਾਂ ਬਣੀਆਂ ਪਰ ਉਹ ਰੁਕਿਆ ਨਾ । ਨੌਵੀ ਦੱਸਵੀਂ ਚ ਤੀਰਥ ਰਾਮ ਮਾਸਟਰ ਤੋਂ ਸਿੱਖੀ ਪੈਨਸਲ-ਬੁਰਸ਼ ਕਲਾ ਵੀ ਥੋੜੀ ਬਹੁਤ ਸਾਂਭੀ ਰੱਖੀ ਸੀ ਉਸਨੇ । ਇੰਦਰ ਬਾਬੇ ਦੇ ਬੋਲ ਵੀ ਇਕ ਤਰ੍ਹਾਂ ਦੀ ਊਰਜਾ ਭਰਦੇ ਰਹੇ ਸਨ ਉਸ ਅੰਦਰ ਬੀਤੇ ਚਾਲੀ ਪੰਜਤਾਲੀ ਵਰ੍ਹੇ ।
ਉਸਦੀ ਵੱਡੇ ਡੈਮ ਦੀ ਨੌਕਰੀ ਸਮੇਂ ਉਸਦਾ ਪਤਾ ਬੈਰਕ ਨੰਬਰ ਅੱਠ ਕਮਰਾ ਨੰਬਰ ਚਾਲੀ ,ਨੇੜੇ ਡਬਲ ਐਫ ਬਲਾਕ ਰਿਹਾ । ਫਿਰ ਸਨਅਤੀ ਸ਼ਹਿਰ ਦੀ ਠਹਿਰ ਸਮੇਂ ਇਹ ਕੋਠੀ ਬਨਾਰਸੀ ਦਾਸ ,ਨੇੜੇ ਕੇ.ਐਮ.ਵੀ ਬਣ ਗਿਆ । ਤੇ ....ਤੇ ਸਰਕਾਰੀ ਕਲਰਕੀ ਕਰਦਿਆਂ ਵੀ ਇਹ ਨਾਲੋਂ ਨੇੜੇ ਸ਼ਬਦ ਦੀ ਵਸਾਖ਼ੀ ਨਹੀਂ ਸੀ ਲੱਥੀ । ਇਸ ਸਮੇਂ ਇਹ ਨੇੜੇ ਬੀ.ਡੀ.ਓ.ਦਫ਼ਤਰ ਲਿਖ ਹੁੰਦਾ ਰਿਹਾ ।
ਉਦੋਂ ਤਾਂ ਚਾਰਾ ਕੋਈ ਨਹੀਂ ਸੀ ਹੋਰ । ਬੇਗਾਨੇ ਘਰ ਸਨ,ਮਾਲਕੀ ਹੋਰਾਂ ਦੀ ਸੀ । ਉਹ ਜਾਂ ਤਾਂ ਕਰਾਏ ਦੇ ਮਕਾਨ ਸਨ , ਜਾਂ ਅਲਾਟ ਹੋਏ ਕਮਰੇ । ਪਰ ਹੁਣ ......ਹੁਣ ਤਾਂ ਉਸਦਾ ਆਪਣਾ ਘਰ ਸੀ , ਆਪਣੀ ਮਾਲਕੀ ਵਾਲੇ ਪੰਜ ਕੁ ਮਰਲੇ ਦਾ ਪੱਕਾ ਘਰ । ਲੋੜ ਅਨੁਸਾਰ ਉਸਾਰੇ ਦੋ ਕਮਰੇ , ਬੈਠਕ ,ਰਸੋਈ ,ਲੈਟਰੀਨ-ਬਾਥ । ਪੂਰੀ ਉਮਰ ਲਾ ਕੇ ਉਸਦੀ ਇਹ ਸੱਧਰ ਮਸਾਂ ਪੂਰੀ ਹੋਈ ਸੀ । ਕਿਧਰੇ ।
ਫਿਰ....ਫਿਰ ਇਸ ਨਾਲ ਵੀ ਆ ਜੁੜਿਆ ਨੇੜੇ ਸ਼ਬਦ ਉਸ ਅੰਦਰ ਤਿੱਖੀ ਲੰਮੀਂ ਸੂਲ ਵਾਂਗ ਖੁੱਭ ਗਿਆ ।
ਫੁੱਟਾ-ਪੈਨਸਲ,ਰੰਗ-ਬੁਰਸ਼ ਥਾਏਂ ਛੱਡ ਕੇ , ਉਹ ਮੁੜ ਕੁਰਸੀ ਤੇ ਆ ਬੈਠਾ , ਵਿਹੜੇ ਚ ਡਿੱਠੀ ਪਾਲਸਟਕੀ ਕੁਰਸੀ ਤੇ । ਬੈਠੇ ਬੈਠੇ ਨੂੰ ਉਸਨੂੰ ਜਿਵੇਂ ਕਿਸੇ ਨੇ ਆਵਾਜ਼ ਮਾਰੀ ਹੋਵੇ । ਉਸ ਨੇ ਆਸ-ਪਾਸ ਦੇਖਿਆ । ਕੋਈ ਵੀ ਨਹੀਂ ਸੀ ਨਾ ਬਾਹਰ ਨਾ ਅੰਦਰ । ਇਹ ਉਸਦੀ ਬੈਠਕ ਅੰਦਰਲਾ ਸਪੀਕਿੰਗ ਕਲਾਕ ਸੀ । ਪੰਜ ਵੱਜੇ ਹੋਣ ਦੀ ਸੂਚਨਾ ਬੋਲੀ ਸੀ ਇਸਨੇ । ਉਹ ਮੁੜ ਆਪਣੇ ਆਪ ਨਾਲ ਜੁੜ ਗਿਆ । ਪੰਜ ਵਜੇ ਤੱਕ ਤਾਂ ਮੁੜਨਾ ਚਾਹੀਦਾ ਸੀ , ਘਰ ਦੇ ਜੀਆਂ ਨੂੰ । ਪਿੰਡ ਗਏ ਸਨ ਉਹ ਸਵੇਰੇ ਸਵੱਖਤੇ । ਇਕ ਖ਼ਾਸ ਸਮਾਗਮ ਸੀ ਪਿੰਡ ਦ ਵੱਖਰੇ ਗੁਰਦੁਆਰੇ । ਹਰਿ ਸ਼ਬਦ ਜੋੜਿਆ ਜਾਣਾ ਸੀ ਨਿਸ਼ਾਨ ਸਾਹਿਬ ਦੀ ਟੀਸੀ ਤੇ , ਖੰਡੇ ਦੀ ਥਾਂ । ਕਈ ਦਿਨ ਉਸਦੀ ਧੀ-ਪੁੱਤਰ ਨਾਲ , ਘਰ ਵਾਲੀ ਨਾਲ ਤਲਖ਼ ਕਲਾਮੀਂ ਹੁੰਦੀ ਰਹੀ । ਨਾ ਘਰ ਦੇ ਜੀਆਂ ਨੇ ਆਪਣਾ ਹੱਠ ਛੱਡਿਆ , ਨਾ ਮੁਖੀ ਨੇ । ਉਸਦਾ ਤਰਕ ਸੀ ਇਉਂ ਕਰਨ ਤੇ ਮੁੱਢਦਾ ਭਾਈਚਾਰਾ ਰਹਿੰਦਾ ਵੀ ਤਿੜਕ ਜਾਊ । ਮਨਾਂ ਚ ਉੱਕਰ ਹੋਈ ਵੰਡ ਤਨਾਂ ਤੇ ਆ ਲਿਪਟੂ । ਦੂਜਾ ਬੰਨਾ ਮੁੜ ਪਹਿਲਾਂ ਵਾਲੀ ਅੜੀ ਤੇ ਕਾਇਮ ਸੀ ਤੁਹਾਡੀ ਹੈਸ ਮੁੱਚ-ਮੁੱਚ ਨੇ ਈ ਸਿਰ ਨਈਂ ਚੁੱਕਣ ਦਿੱਤਾ ਸਾਡੇ ਲੋਕਾਂ ਨੂੰ ! ਨਹੀਂ ਹੁਣ ਨੂੰ ਹੇਠਲੀ ਉਪਰ ਹੋਈ ਹੁੰਦੀ ।
ਹੇਠਲੀ ਉੱਪਰ ਲੜਾਈਆਂ-ਝਗੜਿਆਂ , ਜੰਗਾਂ-ਯੁੱਧਾਂ ਨੇ ਨਈਂ ਚਿੰਤਨ-ਚੇਤਨਾ ਨੇ ਕੀਤੀ ਐ । ਵਰਗ ਜਾਗ੍ਰਿਤੀ , ਵਰਗ ਸੰਘਰਸ਼ਾਂ ਰਾਹੀ ਹੁੰਦੀ ਆਈ ਆ । ਇਹ ਜੰਗ ਯੁੱਗ ਤਾਂ ਮਨੁੱਖੀ ਇਤਿਹਾਸ ਨੂੰ ਹੁਣ ਤੱਕ ਕਲੰਕਤ ਹੀ ਕਰਦੇ ਰਹੇ । ਹੋਰ ਤਾਂ ਹੋਰ ਇਹ ਵਸੀਲਾ ਰਹਿਤ ਹੱਥਾਂ ਦੀ ਕਿਰਤ ਸ਼ਕਤੀ , ਕਿਰਤ ਸਮਰੱਥਾ ਨੂੰ ਵੀ ਕੋਂਹਦੇ-ਨਪੀੜਦੇ ਰਹੇ ਆ । ਧਰਮਾਂ,ਜਾਤਾਂ,ਗੋਤਾਂ , ਰੰਗਾਂ , ਨਸਲਾਂ ਦੇ ਠੀਹੇਂ ਬਣਾ ਕੇ ।
ਉਸਦੀ ਗੌਰੀ-ਭਾਲੀ ਦਲੀਲ ਤਿੰਨਾਂ ਚੋਂ ਕਿਸੇ ਨੇ ਵੀ ਨਹੀਂ ਸੀ ਸੁਣੀ ।
ਉਸਦੀ ਪਤਨੀ, ਉਸਦੇ ਪੜਾਕੂ ਧੀ-ਪੁੱਤਰ ਉੱਤੇ ਜਿਵੇਂ ਕੋਈ ਜਾਦੂ ਕਰ ਰੱਖਿਆ ਸੀ ਕਿਸੇ ਕਰਮਕਾਂਡੀ ਮੰਤਰ ਨੇ ।
ਸਵੇਰੇ ਝਗੜ-ਬੋਲ ਕੇ ਗਏ ਉਹ ਅਜੇ ਤੱਕ ਵਾਪਿਸ ਨਹੀਂ ਸੀ ਪਰਤੇ ।
ਸਿਆਲੂ ਦਿਨਾਂ ਦੀ ਠੰਡ ਵਿਹੜੇ ਚ ਪਸਰਣ ਲੱਗ ਪਈ । ਉਸ ਨੇ ਗੇਟ ਲਾਗੇ ਰਖਿਆ ਨਿੱਕ ਸੁੱਕ ਚੁੱਕਿਆ ।ਕੁਰਸੀ ਸਮੇਤ ਅੰਦਰ ਚਲਾ ਗਿਆ । ਬੈਠਕ ਚ ਪਈ ਲੋਈ ਦੀ ਬੁੱਕਲ ਮਾਰ ਕੇ ਉਹ ਦਰਵਾਜ਼ਾ ਬੰਦ ਕਰਨ ਹੀ ਲੱਗਾ ਸੀ ਕਿ ਬਾਹਰਲਾ ਗੇਟ ਖੜਕਿਆ । ਉੱਧੜੇ- ਉੱਖੜੇ ਤਿੰਨੋਂ ਜੀਆ ਵਿਹੜੇ ਅੰਦਰ ਲੰਘ ਆਏ ਸਨ । ਲੰਗੜਾ ਕੇ ਤੁਰਦਾ ਪੁੱਤਰ ਮਸਾਂ ਕਮਰੇ ਅੰਦਰ ਦਾਖਿਲ ਹੋਇਆ । ਇਕ ਡਾਂਗ ਉਸਦੀ ਲੱਤ ਤੇ ਵੱਜੀ ਸੀ , ਦੋ ਤਿੰਨ ਮੌਰਾਂ ਤੇ । ਲੜਾਈ-ਝਗੜਾ ਹੋਇਆ ਸੀ ਪਿੰਡ, ਖ਼ੂਨ-ਖਰਾਬੇ ਵਰਗਾ ।
ਉਸਦਾ ਡਰ ਸੱਚ ਸਾਬਤ ਹੋਇਆ ।
ਇਉਂ  ਹੋਣਾ ਹੀ ਹੋਣਾ ਸੀ । ਇਸ ਦਾ ਪੱਕਾ ਪਤਾ ਸੀ ਉਸਨੂੰ ।
ਇਸ ਦੀ ਸਿੱਧ-ਪੱਧਰੀ ਵਿਆਖਿਆ ਕਰਨ ਲਈ , ਉਸਨੇ ਕਹਿਣਾ ਸੀ , ਇਕ ਪਾਸੇ ਖੰਡਾ ਧਿਰ , ਦੂਜੇ ਪਾਸੇ ਹਰਿ ਸਮਰਥੱਕ । ਦੋਨਾਂ ਨੂੰ ਵਰਗਾਂ ਜਾਤਾਂ ਦੀ ਜ਼ਹਿਰੀਲੀ ਪੁੱਠ । ਦੋਨਾਂ ਦੀ ਬੁੱਧ ਵਿਵੇਕ ਇਕ ਦਮ ਖੁੰਡੀ ਹੋਈ ਪਈ ਆ । ਅਵੱਲ ਗਿਰਵੀ ਕੀਤੀ ਪਈ ਆ ਕਿਸੇ ਤੀਸਰੀ ਧਿਰ ਨੇ । ਇਸ ਧਿਰ ਨੇ ਨਾ ਇਕ ਨੂੰ ਸੂਰਤ ਆਉਣ ਦੇਣੀ ਨਾ ਦੂਜੇ ਨੂੰ । .....ਹੁਣ ਤੱਕ ਇਹੀ ਕੁਝ ਹੁੰਦਾ ਰਿਹਾ । ਸਾਡਾ ਸਾਰਾ ਇਤਿਹਾਸ ਪੂਰੀ ਤਰ੍ਹਾਂ ਲਿੱਬੜਦਾ ਕੀਤਾ ਪਿਆ ਇਸ ਨੇ । ਇਸ ਦੇ ਧਰਮ ਤੰਤਰ ਨੇ । ਦੰਗੇ-ਫ਼ਸਾਦ,ਲੜਾਈਆਂ-ਝਗੜੇ ਖੂਨੀ ਜੰਗਾਂ ਇਕ ਤਰ੍ਹਾਂ ਦਾ ਸੁਗਲ ਮੇਲਾ ਐ ਇਸ ਦੀ ਸੁਆਰਥੀ ਬਿਰਤੀ ਲਈ , ਮੁਨਾਫ਼ਖੋਰ ਫਿਤਰਤ ਲਈ ।
ਪਰ ਉਹ ਕਹਿ ਨਾ ਸਕਿਆ , ਡੌਰ-ਭੌਰ ਦਿਸਦੇ ਤਿੰਨੋਂ ਜੀਅ ਉਸ ਅੰਦਰਲੇ ਉਬਾਲ ਨੂੰ , ਉਸ ਦੇ ਅੰਦਰ ਹੀ ਕਿਧਰੇ ਨੱਪਦਾ ਕਰ ਗਏ ।
ਉੰਝ , ਹਰ ਸਭਾ-ਸੋਸਾਇਟੀ , ਹਰ ਸੈਮੀਨਾਰ-ਸੰਮੇਲਨ ਚ ਉਸ ਦੀ ਵਿਆਖਿਆ ਹੋਰ ਵੀ ਉੱਗੜਵੀਂ ਹੁੰਦੀ ਸੀ । ਉਸਦਾ ਸਾਰਾ ਤਾਣ ਇਸ ਤੀਜੀ ਧਿਰ ਨੂੰ ਨੰਗਿਆ ਕਰਨ ਤੇ , ਇਸ ਦੀ ਅਸਲ ਖ਼ਾਸੇ ਦੀ ਛਾਣ ਬੀਣ ਕਰਨ ਤੇ ਲੱਗਦਾ ਸੀ ।
ਇਹ ਸਾਰੇ ਤੱਥ ਉਸ ਦੇ ਧੀ-ਪੁੱਤਰ ਦੀ ਸੂਝ ਸਮਝ ਦਾ ਹਿੱਸਾ ਵੀ ਬਣਦੇ ਰਹੇ ਸਨ , ਅਕਸਰ । ਪਰ ਉਸਦੀ ਘਰ ਵਾਲੀ ਉਸਦੀ ਕੀਤੀ ਕੱਤਰੀ ਨੂੰ ਇਕ ਸਾਰ ਪੋਚਾ ਫੇਰ ਦਿਆ ਕਰਦੀ ।
ਇਸ ਵਾਰ ਵੀ ਉਸਦੀ ਚੁੰਗਲ ਚ ਫਸੇ ਉਹ ਦੋਨੋਂ ਪਿੰਡ ਚਲੇ ਗਏ ਸਨ , ਛੁੱਟੀ ਵਾਲੇ ਦਿਨ । ਰੋਹ ਰੰਜ , ਨਫ਼ਰਤੀ ਭਾਵ ਹੋਰ ਵੀ ਉੱਭਰ ਆਏ ਦਿਸਦੇ ਸਨ ਉਹਨਾਂ ਸਭ ਦੇ ਚਿਹਰਿਆਂ ਤੇ ਸੰਘਣੀ ਤਰ੍ਹਾਂ ਪੱਸਰੇ ।
ਡਰੀ-ਸਹਿਮੀ ਉਸਦੀ ਪਤਨੀ ਸਿੱਧੀ ਪਿਛਲੇ ਅੰਦਰ ਵਿਛੇ ਬੈੱਡ ਤੇ ਜਾ ਡਿੱਗੀ । ਤੇ ਉਹ...ਉਹ ਧੀ-ਪੁੱਤਰ ਨੂੰ ਪਿਆਰਦਾ ਪੁੱਚਕਾਰਦਾ ਵੱਡੇ ਕਮਰੇ ਚ ਲੈ ਗਿਆ । ਉਹਨਾਂ ਦੋਨਾਂ ਨੂੰ ਵਗਲ੍ਹ ਚ ਲੈਂਦੇ ਨੇ ਉਸਨੇ ਇਸ ਵਾਰ ਜਿਵੇਂ ਹਲਕੀ ਜਿਹੀ ਝਿੜਕ ਵੀ ਮਾਰੀ –“ਸਭ ਕੁਝ ਜਾਣ-ਦਿਆਂ ਬੁਝਦਿਆ ਵੀ ਆਪਾਂ ਸਾਧਾਂ ਦੀ ਸਿਆਸਤ ਨੂੰ ਇਲਾਹੀ ਹੁਕਮ ਮੰਨ ਲਿਆ । ਇਕ ਪਾਸੇ ਤਾਂ ਆਪਾਂ ਆਪਣੇ ਉੱਪਰ ਥੋਪੇ ਗਏ ਜਾਤ-ਪ੍ਰਬੰਧ ਤੋਂ ਜਾਤ-ਛਡਜੰਦ ਤੋਂ ਬਾਗੀ ਹੋਣ ਲਈ ਤਰਲੋਮੱਛੀ ਹੋਏ ਬੈਠੇ ਆ , ਦੂਜੇ ਪਾਸੇ ਉਹਨਾਂ ਵਰਗਾ ਹੀ ਜਾਤ-ਅਭਿਮਾਨ ਸਿਰ ਤੇ ਚੁੱਕੀ ਫਿਰਦੇ ਆ । ......ਬੱਸ ਐਸੇ ਗੱਲੋਂ ਮਾਰ ਖਾਨੇ ਆਂ ਅਸੀਂ ਲੋਕੀਂ ।
ਲਗਦੇ ਹੱਥ ਹੀ ਉਸਨੇ ਹੱਡੀ ਹੰਢਾਏ ਅਭਿਆਸ ਦੀ ਵੀ ਥੋੜੀ ਕੁ ਜਿੰਨੀ ਵਿਥਿਆ ਕਹਿ ਸੁਣਾਈ । ਨਾਲ ਦੀ ਨਾਲ ਆਪਣਾ ਹੱਠ-ਧਰਮ,ਨਾਲ ਦੀ ਨਾਲ ਸੱਤੇ ਗੀਬੇ ਦੀ ਕਥਾ ਕਹਾਣੀ । ਇੰਦਰ ਬਾਬੇ ਦੇ ਮੁੰਡਿਆ ਦਾ ਹਾਲ ਹਵਾਲ ।
ਉਸ ਨੇ ਥੋੜਾ ਕੁ ਸਹਿਜ ਹੁੰਦੇ ਨੇ ਦੱਸਿਆ ਸੀ ਆਪਣੇ ਧੀ-ਪੁੱਤਰ ਨੂੰ ਕਿ ਸੀਗੇ ਤਾਂ ਉਹ ਮੇਰੇ ਯਾਰ-ਬੇਲੀ । ਹੱਸਣ ਖੇਲਣ ਵੀ ਖੁੱਲਾ ਸੀ ਉਹਨਾਂ ਨਾਲ । ਪਰ ਦੋਨਾਂ ਚੋਂ ਕੋਈ ਵੀ ਤਣ-ਪੱਤਣ ਨਹੀਂ ਸੀ ਲੱਗਾ । ਸੱਤੇ ਨੇ ਅਠਵੀਂ ਚ ਗੋਡੇ ਟੇਕ ਦਿੱਤੇ ,ਛੋਟੇ ਗੀਬੇ ਦੀਆਂ ਦਸਵੀਂ ਚੋਂ ਦੋ ਵਾਰ ਗੋਟਣੀਆ ਲੱਗੀਆ । ਹਾਰ ਕੇ ਜੰਘੀ ਫੜ ਲਈ ਦੋਨਾਂ ਨੇ । ਪਿਓ ਨਾਲ ਆਡਾ ਲਾ ਕੇ ਖੇਤ ਬੰਨਾ ਵੀ ਵੰਡ ਲਿਆ। ਭਲੀ-ਚੰਗੀ ਤੁਰਦੀ ਤੋਰ ਲੀਹੋਂ ਉੱਤਰ ਗਈ । ਊਂ ਟੈ-ਟੱਸ ਰਤਾ ਮਾਸਾ ਵੀ ਮੱਠੀ ਨਾ ਪਈ ।
ਕਦੇ ਕਦਾਈਂ ਪਿੰਡ ਗਏ ਨੂੰ ਉਹ ਮੈਨੂੰ ਮਿਲਿਆ ਗਿਲਿਆ ਵੀ ਕਰਨ । ਬਾਤ-ਚੀਤ ਵੀ ਕਰਿਆ ਕਰਨ । ਪਰ , ਐਮੇਂ ਕਿਮੇਂ ਦੀ ਉਪਰੀ ਜਿਹੀ ਰੜਕਵੀਂ ਜਿਹੀ । ਕਦੀ ਕਿਹਾ ਕਰਨ-ਜ਼ਾਰ ਤੂੰ ਤਾਂ ਨਿੱਖਰ ਈ ਬੜਾ ਗਿਆ ਸ਼ਹਿਰ ਜਾ ਕੇ ਕੀ ਖਾਨਾਂ ਹੁੰਨਾ ! ਕਦੀ ਆਖਿਆ ਕਰਨ ਤੇਰੀ ਤਾਂ ਮੋਹਣਿਆਂ ਗੋਗੜ ਈ ਗਾਆਂ ਨੂੰ ਤੁਰੀ ਆਉਂਦੀ ਆ , ਤੈਨੂੰ ਹੁਣ ਲਾਵੀ ਦਿਹਾੜੀ ਕੌਣ ਲਜਾਊ ! ਮੈਨੂੰ ,ਆਪਣੇ ਵਾੜੇ ਲਾਗਿਉਂ ਦੀ ਲੰਘਦਾ ਦੇਖ ਕੇ , ਇਕ ਵਾਰ ਤਾਂ ਗੀਬੇ ਮੂੰਹੋਂ ਸਪਾਟ ਈ ਨਿਕਲ ਗਿਆ –‘ਦੇਖ ਸਾਲੀ ਚਮਾੜਲੀ ਕਿੱਦਾਂ ਮੇਲ੍ਹਦੀ ਫਿਰਦੀ ਆ ਬਣ-ਸੰਵਰ ਕੇ । ਸਾਡੇ ਭਾਅ ਦਾ ਤਾਂ ਏਹ ਹਜੇ ਵੀ ਉਹੀ ਆ ਕਮੀਂ ਕਮੀਣ । ਕਰਤਾਰੇ ਮੋਚੀ ਦਾ ਮੁੰਡਾ ਮੋਹਣੂ-ਕੋਹਣੂ ।
ਉਸਦੀ ਬਾਤ ਵਾਰਤਾ ਸੁਣਦੇ , ਉਸਦੇ ਪੁੱਤਰ-ਧੀ ਦੇ ਚਿਹਰੇ ਇਕ ਦਮ ਕੱਸੇ ਗਏ ਸਨ ।ਪਰ ,ਉਹਨਾਂ ਕੇ ਕੁਝ ਵੀ ਕਹਿਣ ਤੋਂ ਪਹਿਲਾਂ ਉਸਨੇ ਝੱਟ ਪੈਂਤੜਾ ਸਾਂਭ ਲਿਆ ਸੀ –“ਮੈਂ ਓਸਲੇ ਤਾਂ ਉਸਨੂੰ ਕੋਈ ਜਵਾਬ ਨਾ ਦਿੱਤਾ । ਜੇ ਦਿੰਦਾ ਵੀ ਤਾਂ ਭੌਂ ਮਾਲਕੀ ਫਿੱਤਰਤ ਤੋਂ ਸਹਾਰ ਨਹੀਂ ਸੀ ਹੋਣਾ । ਪਰ ,ਅਗਲੇ ਹੀ ਦਿਨ , ਉਸਨੂੰ ਗੱਡਾ ਹਿੱਕੀ ਆਉਂਦੇ ਨੂੰ ਵੱਡੇ ਚੁਰਾਹੇ ਚ ਰੋਕ ਕੇ ਮੈਂ ਉਸਦੀ ਹੋਂਦ ਹੋਣੀ ਦਾ ਸ਼ੀਸ਼ਾ ਐਨ ਉਸਦੇ ਸਾਹਮਣੇ ਕਰ ਦਿੱਤਾ –“ ਸੁਣਾ ਬਈ ਗੀਬਾ ਸਿਆਂ , ਬੜਾ ਰੋਲ ਮਧੋਲ ਹੋਇਆ ! ਕੀ ਗੱਲ ਢਾਅ ਲਿਆ ਸੰਧੂ ਸਰਦਾਰ ਨੂੰ ਕਿਸੇ ਲਹਿਣੇਦਾਰ ਨੇ ਹਲ ਵਾਹੁੰਦੇ ਨੂੰ , ਜਾਂ ਊਈਂ ਬੱਸ ਹੋਈ ਪਈ ਆ ਨਸ਼ੇ ਪੱਤੇ ਕਰਦੇ ਦੀ !
ਉਸਨੇ ਅੱਗੇ ਦਸਿਆ ਸੀ ਆਪਣੇ ਧੀ-ਪੁੱਤਰ ਨੂੰ –“ਇਸ ਤੋਂ ਵੱਧ ਉਸਨੂੰ ਕੁਝ ਨਹੀਂ ਸੀ ਕਿਹਾ । ਜੇ ਕਹਿੰਦਾ ਤਾਂ ਮੇਰਾ ਆਪਣਾ ਅਹਿਦ ਟੁੱਟਦਾ ਸੀ । ਮੇਰੇ ਅੰਦਰ ਦੂਰ ਕਿਧਰੇ ਨੱਪ ਘੁੱਟ ਹੋਈ ਕਮੀਂ ਕਮੀਣ ਹਊਂ ਮੁੜ ਤੋਂ ਜ਼ਰਬ ਖਾਂਦੀ ਸੀ । ਤੇ ....ਤੇ ਸਿੱਟਾ ਉਹ ਨਿਕਲਦਾ ਜਿਹੜਾ ਅੱਜ ਕੱਢ ਕੇ ਆਏ ਓ ਤੁਸੀਂ ।
ਇਸ ਵਾਰ ਉਸਨੂੰ ਲੱਗਾ ਸੀ ਕਿ ਲੱਗੀਆਂ ਸੱਟਾਂ ਉੱਤੇ ਗਰਮ ਪਾਣੀ ਦੇ ਫੈਹੇ ਸਹਿੰਦੇ ਸਹਾਰਦੇ ਉਸਦੇ ਪੁੱਤਰ ਨੇ ਵੀ ਉਸਦੀ ਬਾਤ ਵਾਰਤਾ ਧਿਆਨ ਨਾਲ ਸੁਣੀ ਸੀ । ਤੇ ਲਾਗੇ ਬੈਠੀ ਉਸਦੀ ਧੀ ਨੇ ਵੀ ।
ਫਿਰ,ਦੂਜੇ ਚੌਥੇ ਉਹ ਦੋਨੋਂ ਕਲਾਸ ਸਲੇਬਸਾਂ ਤੋਂ ਬਾਹਰ ਵਾਪਰਦਾ ਸੱਚ ਜਾਨਣ ਲਈ ਉਸ ਦੇ ਹੋਰ ਨੇੜੇ ਬੈਠਣ ਲੱਗ ਪਏ । ਉਹ ਖੁਸ਼-ਪ੍ਰਸੰਨ ਸੀ ਹੁਣ । ਉਸ ਦੇ ਵੱਡੀਆਂ ਜਮਾਤਾਂ ਪੜ੍ਹਦੇ ਬੱਚੇ ਉਸਨੂੰ ਜਾਨਣ ਲੱਗ ਪਏ ਸਨ ।  ਉਸਦੀ ਪੈੜ-ਚਾਲ ਪਛਾਨਣ ਲੱਗ ਪਏ ਸਨ । ਹੁਣ ਉਹਨਾਂ ਕਦੀ ਉਸਦੇ ਫੇਰੇ ਤੋਰੇ ਤੇ ਬੇ-ਲੋੜੀ ਟੋਕ-ਟਕਾਈ ਨਹੀਂ ਸੀ ਕੀਤੀ । ਫਾਲਤੂ ਦਾ ਕਿੰਤੂ ਪ੍ਰੰਤੂ ਨਹੀਂ ਸੀ ਕੀਤਾ । ਨਹੀਂ ਪਹਿਲੋਂ ਘਰ ਦੀ ਤੰਗੀ ਤੁਰਛੀ ਤੋਂ ਅੱਕੀ ਉਸਦੀ ਪਤਨੀ ਰੀਸੇ ਉਹ ਵੀ ਉਸ ਨੂੰ ਨਿਖੱਟੂ-ਨਿਕੰਮਾਂ ਵਰਗੇ ਪ੍ਰਵਚਨਾਂ ਨਾਲ ਨਿਵਾਜ਼ ਦਿਆ ਕਰਦੇ ਸਨ । ਤੀਜੇ ਸ਼ਬਦ ਨੂੰ ਛੱਡ ਤਿਆਗ ਕੇ ਹੋਏ ਝੱਲੇ ਢੇਰ ਸਾਰੇ ਮਾਇਕ ਨੁਕਸਾਨ ਦਾ ਮੁੱਖ ਦੋਸ਼ੀ ਉਸ ਨੂੰ ਗਰਦਾਨਦਿਆਂ ਇਥੋਂ ਤੱਕ ਕਹਿ ਦਿਆ ਕਰਦੇ ਸਨ , ਤੁਹਾਨੂੰ ਪਤੀ-ਪਿਤਾ ਨਹੀਂ ਸੀ ਬਨਣਾ ਚਾਹੀਦਾ । ਸਗੋਂ ਸੰਨਿਆਸੀ ਬਨਣਾ ਚਾਹੀਦਾ ਸੀ , ਦੁਨੀਆਂਦਾਰੀ ਤੋਂ ਦੂਰੀ ਰਹਿਣ ਵਾਲਾ ਇਕ ਤਰ੍ਹਾਂ ਦਾ ਜੰਗਲੀ ਜੀਵ । ਉਸਦੀ ਪਤਨੀ ਦੇ ਤਿੱਖੇ ਤੇਵਰ ਤਾਂ ਆਏ ਦਿਨ ਉਹਦੇ ਵਲ ਨੂੰ ਅਗਨ ਬਾਣ ਛੱਡਦੇ ਹੀ ਰਹਿੰਦੇ । ਖਿਝੀ ਖਪੀ ਕਈ ਵਾਰ ਅਪ ਸ਼ਬਦ ਵੀ ਬੋਲ ਜਾਂਦੀ । ਜ਼ਰਾ ਕੁ ਜਿੰਨੀ ਤੰਗੀ ਤੁਰਛੀ ਨੂੰ ਕਿੰਨਾ ਸਾਰਾ ਵਧਾ ਚੜ੍ਹਾ ਕੇ ਉਹ ਉਸ ਉੱਤੇ ਜਿਵੇਂ ਵਰ੍ਹ ਹੀ ਪੈਂਦੀ –“ ਏਸ ਝੁੱਡੂ ਜੇਏ ਨੇ ਘਰ ਚ ਵੀ ਭੁੱਖ ਨੰਗ ਵਰਤਾਈ ਰੱਖੀ ਆ , ਤੇ ਆਪੂੰ ਵੀ ਸਾਰੀ ਉਮਰ ਆਹੀ ਲੀਰਾਂ ਲੰਮਕਾਈ ਰੱਖੀਆਂ ਆਪਣ ਦੁਆਲੇ । ਉਸਦੇ ਕੁੜਤੇ-ਪਜਾਮੇਂ ਦੀ ਪਸੰਦ ਨੂੰ ਉਹ ਲੀਰਾਂ ਦੀ ਸੰਗਿਆ ਦਿਆ ਕਰਦੀ ਸੀ ।
ਕਰਾਏ ਦੇ ਮਕਾਨਾਂ ਦੀ ਔਖ-ਔਖਿਆਈ ਕੱਟਦੀ ਉਹ ਹੋਰ ਵੀ ਚਿੜਦੀ ਰਹੀ ਸੀ । ਉਸਦਾ ਗਿਲਾ ਹੁੰਦਾ-ਏਦੇ, ਨਾਲ ਦੇ ਕਿਤੇ ਦੇ ਕਿਤੇ ਪੁੱਜਿਓ ਆ । ਕੋਈ ਜ਼ਿਲਾ ਅਫ਼ਸਰ ਬਣਿਆ ਪਿਆ  , ਕਿਸੇ ਨੇ ਚੰਦੀਗੜ੍ਹ ਤੱਕ ਮਾਰ ਮਾਰੀ ਪਈ ਆ । ਤੇ ਏਹ ਸਾਧੜਾ ਜਿਹਾ ਐਥੇ ਈ ਧੱਕੇ ਖਾਈ ਜਾਂਦਾ , ਪਿੰਡਾਂ ਥਾਵਾਂ ਤੇ ਸਕੂਲੀ ਦਫ਼ਤਰਾਂ ਚ ........।
ਪਤਨੀ ਦੇ ਬੋਲ-ਕਬੋਲ ਉਸ ਨੂੰ ਤੰਕ-ਪ੍ਰੇਸ਼ਾਨ ਤਾਂ ਕਰਦੇ , ਪਰ ਉਹ ਖਿਝਦਾ ਖੱਪਦਾ ਨਾ ।
ਇੰਦਰ ਬਾਬੇ ਦਾ ਜੁੱਟ ਬਣ ਕੇ ਬਰਦਾਸ਼ਤ ਕੀਤੀ ਪੰਦਰਾਂ ਕੁ ਦਿਨਾਂ ਦੀ ਔਖ ਮੁਸ਼ਕਲ ਨੇ , ਉਸ ਅੰਦਰ ਆਤਮ ਵਿਸ਼ਵਾਸ਼ ਵਰਗਾ ਟਿਕਵੀਂ ਤਰਾ ਦਾ ਠਹਿਰਾਅ ਵੀ ਭਰਦਾ ਕਰ ਦਿੱਤਾ ਸੀ ।
ਉਸ ਦੇ ਨਰਮ ਨਾਜ਼ੁਕ ਹੱਥਾਂ ਪੈਰਾਂ ਚ ਖੁੱਭੇ ਕਿਸਾਰ ਖੁੰਗੇ ਉਸਨੂੰ ਚਾਰ ਛੇ ਦਿਨਾਂ ਚ ਭੁਲ ਭੁਲਾ ਗਏ ਸਨ ।
ਉਸਦੀ ਸਿੱਟੇ ਚੁਗਦੀ ਮਾਂ, ਜੁੱਤੀਆਂ ਗੰਢਦੇ ਪਿਓ ਦੇ ਘਰ ਉਸ ਵਾਰ ਵੀਹ-ਤੀਹ ਸੇਰ ਕਣਕ ਦੀ ਥਾਂ ,ਪੰਜ-ਛੇ ਮਣ ਦਾਣ ਵੀ ਪੁੱਜਦੇ ਹੋਏ ਸਨ ।
ਪਰ, ਉਸਦੀ ਚੜ੍ਹਦੀ ਪੂੰਗਰਦੀ ਉਮਰ , ਇੰਦਰਕਿਆਂ ਦੇ ਕਿਸੇ ਵੱਡੇ ਵਡੇਰੇ ਤੋਂ ਉਸਦੇ ਕਿਸੇ ਬਾਬੇ ਪੜਦਾਦੇ ਨੂੰ ਦਾਨ-ਪੁੰਨ ਚ ਮਿਲੇ ਘਰ ਕੋਠੇ ਚ ਰਹਿਣ ਤੋਂ ਇਨਕਾਰੀ ਹੁੰਦੀ ਗਈ ।
ਵਿਹੜੇ ਨਾਲ ਜੁੜੇ ਕਮੀਂ ਕਮੀਨ ਸ਼ਬਦ ਨੂੰ ਅਲਵਿਦਾ ਕਹਿ ਕੇ ਉਹ ਉਮਰ ਭਰ ਨਾ ਆਪਣੇ ਸਾਹਮਣੇ ਆਪ ਹੀਣ ਹੋਇਆ ਸੀ ,ਨਾ ਕਿਸੇ ਵੀ ਖੱਬੀਖਾਨ ਸਾਹਮਣੇ ਝੁਕਿਆ-ਲਿਫਿਆ ਸੀ ।
ਪਰ, ਹੁਣ...ਹੁਣ ਅਠਵੰਜਾ ਸੱਠ ਸਾਲ ਦੀ ਉਮਰ ਚ ਸੇਵਾ ਮੁਕਤ ਹੋ ਕੇ , ਆਪਣੇ ਘਰ ਆਪਣੇ ਮਕਾਨ ਚ ਪੁੱਜੇ ਦਾ ਉਸਦਾ ਕਿੰਨਾਂ ਸਾਰਾ ਵਜੂਦ ਜਿਵੇਂ ਭੁਰ ਕਿਰ ਗਿਆ । ਉਸਦਾ ਘਰ, ਉਸਦਾ ਨਵਾਂ ਉਸਰਿਆ ਮਕਾਨ , ਮੁੜ ਨੇੜੇ ਸ਼ਬਦ ਦੀ ਗੁਲਾਮੀ ਸਹੇੜਦਾ ਉਸ ਤੋਂ ਬਰਦਾਸ਼ਤ ਨਹੀਂ ਸੀ ਹੋਇਆ ।
ਉਹ ਨਹੀਂ ਸੀ ਚਾਹੁੰਦਾ , ਇਹ ਸ਼ਬਦ ਉਸਦੇ ਧੀ-ਪੁੱਤਰ ਨੂੰ ਵੀ ਉਸ ਵਾਂਗ ਦਾਗ਼ਦਾਰ ਕਰੀ ਰੱਖੇ । ਉਹਨਾਂ ਦੇ ਥੌਹ ਪਤੇ ਨੂੰ ਵੀ ਲੰਗੜਾ ਬਣਾਈ ਰੱਖੇ । ਉਹਨਾਂ ਤਾਂ ਅਜੇ ਸ਼ੁਰੂਆਤ ਹੀ ਕੀਤੀ ਸੀ । ਉਹਨਾਂ ਦਾ ਤਾਂ ਸਾਰਾ ਭਵਿੱਖ ਖੜਾ ਸੀ ਉਹਨਾਂ ਸਾਹਮਣੇ । ਉਹਨਾਂ ਦੇ ਨੰਬਰ-ਨਤੀਜੇ , ਅਰਜੀਆਂ-ਇੰਟਰਵਿਊਆਂ ਸਭ ਏਸੇ ਪਤੇ ਤੇ ਆਉਣੀਆਂ-ਪੁੱਜਣੀਆਂ ਸਨ ।
ਇਹ ਸਾਰੇ , ਉਸਦੇ ਚਿੱਠੀ-ਪੱਤਰ ਵਾਂਗ ਹੋਰਨੀਂ ਘਰੀਂ ਘੁੰਮ ਕੇ ਪੁੱਜਣ ! ਉਸ ਤੋਂ ਇਹ ਨਿਮੋਸ਼ੀ ਬਿਲਕੁਲ ਸਹਿਣ ਨਹੀਂ ਸੀ ਹੋਣੀ । ਉਹ ਆਲੋਕਰ ਤਰ੍ਹਾਂ ਦੀ ਸ਼ਸ਼ੋਪੰਜ ਚ ਜਕੜਿਆ ਗਿਆ ।ਇਕ ਪਾਸੇ ਉਸਦਾ ਛਡਿਆ ਤਿਆਗਿਆ  ਜਾਤੀ ਸੂਚਕ ਵਿਸ਼ੇਸ਼ਣ, ਦੂਜੇ ਪਾਸੇ ਉਮਰ ਭਰ ਉਸਦੀ ਪੀੜ-ਚੀਸ ਦ ਕਾਰਨ ਬਣਦਾ ਰਿਹਾ ਸੰਯੋਜਕ ।
ਦੋਨਾਂ ਚ ਕੋਈ ਇਕ ਤਾਂ ਲਿਖਣਾ ਹੀ ਪੈਣਾ ਸੀ ਬਾਹਰਲੇ ਗੇਟ ਤੇ । ਘਰ ਦੀ ਪਹਿਚਾਣ ਲਈ । ਇਸ ਦੀ ਹੋਂਦ ਨੂੰ ਉਜਾਗਰ ਕਰਨ ਲਈ । ਆਪਣੇ ਨਾਂ ਨੂੰ ਹੋਰਨਾਂ ਸਰਨਾਮਿਆਂ ਤੋਂ ਵੱਖਰਾ ਦਰਸਾਉਣ ਲਈ ।
ਕਿੰਨੇ ਹੀ ਦਿਨ ਉਹ ਇਹਨਾਂ ਦੋ ਪੁੜਾਂ ਵਰਗੇ ਸ਼ਬਦਾਂ ਚ ਫਸਿਆ ਰਗੜ ਹੁੰਦਾ ਰਿਹਾ ।
ਆਖਿਰ ਉਸਦੇ ਘਰ ਪਰਿਵਾਰ ਦੀ , ਉਸਦੇ ਧੀ-ਪੁੱਤਰ ਦੀ ਵਫ਼ਾ ਉਸਦੀ ਚੋਣ ਤੇ ਭਾਰੂ ਹੋ ਗਈ ।
ਬਾਹਰਲੇ ਗੇਟ ਦੇ ਪੀਲ ਪਾਵੇ ਤੇ ਵਾਹੀ ਆਇਤਕਾਰ ਚ ਉੱਕਰੇ ਨੇੜੇ ਸ਼ਬਦ ਨੂੰ ਮੇਟ-ਮੇਸ ਕੇ ਉਸ ਨੇ ਆਪਣੇ ਨਾਂ ਮੋਹਨ ਲਾਲ ਨਾਲ ਜੁੜਵਾਂ ਸ਼ਬਦ ਬੰਗੜ ਲਿਖਣ ਲਈ ਮੁੜ ਤੋਂ ਮਿਣਤੀ-ਗਿਣਤੀ ਕਰ ਲਈ । ਭਾਵੇਂ ਕੰਬਦੇ ਹੱਥਾਂ ਨਾਲ ਹੀ !!

                                                                                                                                                                                                        ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ. ਕੋਰਟ,
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)
Mobile No : 094655-74866







Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template