ਜਿੱਥੇ ਇੱਕ ਪਾਸੇ ਕਰੋੜਾਂਪਤੀ ਲੋਕ ਸ਼ਾਹੀ ਠਾਠ ਨਾਲ ਜਿੰਦਗੀ ਜਿਉਂਦੇ ਹਨ, ਉਥੇ ਦੂਸਰੇ ਕਰਜਾ ਨਾ ਸਹਿਣ ਕਰਦੇ ਹੋਏ ਲੋਕ ਖੁਦਕੁਸ਼ੀਆਂ ਕਰ ਲੈਂਦੇ ਹਨ। ਇਸੇ ਜੱਦੋ ਜਹਿਦ ਤੋਂ ਬਾਹਰ ਕੁੱਝ ਅਜਿਹੇ ਇਨਸਾਨ ਵੀ ਹਨ, ਜੋ ਆਪਣੀ ਸਖਤ ਮਿਹਨਤ ਨਾਲ ਗਰੀਬੀ ਤੋਂ ਉੱਪਰ ਉੱਠਣ ਲਈ ਸੰਘਰਸ਼ਸ਼ੀਲ ਜਿੰਦਗੀ ਦਾ ਰਾਹ ਅਪਨਾਉਂਦੇ ਹਨ ਪਰ ਅਫਸੋਸ ਹੈ ਕਿ ਅਜਿਹੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਜੇਕਰ ਕੋਈ ਹੱਲਾਸ਼ੇਰੀ ਦੇਣ ਵਾਲਾ ਮਿਲ ਜਾਵੇ ਤਾਂ ਅਜਿਹੇ ਸਾਰੇ ਦੇ ਸਾਰੇ ਲੋਕ ਕਾਮਯਾਬ ਹੋ ਸਕਦੇ ਹਨ। ਅਸੀਂ ਅਜਿਹੇ ਇਨਸਾਨ ਦੀ ਗੱਲ ਕਰਨ ਲੱਗੇ ਹਾਂ ਜੋ ਆਪਣੀ ਜਿੰਦਗੀ ਵਿੱਚ ਸਖਤ ਮਿਹਨਤ ਸਦਕਾ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਵਿੱਚ ਲੱਗਾ ਹੋਇਆ ਸੀ ਪਰ ਉਸ ਨੂੰ ਅੱਧਰੰਗ ਦੀ ਬਿਮਾਰੀ ਨੇ ਦੱਬ ਲਿਆ ਤੇ ਸਾਰੇ ਦਾ ਸਾਰਾ ਪਰਿਵਾਰ ਫਿਰ ਕੱਖੋਂ ਹੌਲਾ ਹੋ ਗਿਆ ਹੈ।
ਮਾਨਸਾ ਸ਼ਹਿਰ ਦੀ ਪਿੰਡ ਵਾਲੀ ਸੜਕ ਤੇ ਡੁੰਮ ਵਾਲੇ ਗੁਰਦੁਆਰਾ ਸਾਹਿਬ ਨੇੜੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਾ ਕੁਲਦੀਪ ਸ਼ਰਮਾ ਸ਼ੁੱਧ ਵੈਸ਼ਨੂੰ ਹੈ ਤੇ ਕੁੱਝ ਸਾਲ ਪਹਿਲਾਂ ਮਾਨਸਾ ਤੋਂ ਚੰਡੀਗੜ੍ਹ ਸਾਜਰੇ ਚੱਲ ਕੇ ਰਾਤੀਂ ਮੁੜਨ ਵਾਲੀ ਬੱਸ ’ਤੇ ਡਰਾਇਵਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਸੀ। ਗੁਰਦਿਆਂ ਵਿੱਚ ਨੁਕਸ ਪੈਣ ਕਾਰਨ ਇਸ ਨੂੰ ਨੌਕਰੀ ਛੱਡਣੀ ਪਈ। ਇਸ ਨੇ ਫਿਰ ਵੀ ਹਿੰਮਤ ਨਾ ਹਾਰੀ ਰਿਸ਼ਤੇਦਾਰਾਂ ਤੋਂ ਪੈਸੇ ਇਕੱਤਰ ਕਰਕੇ ਆਪਣਾ ਇਲਾਜ ਕਰਵਾ ਕੇ ਦੁਬਾਰਾ ਫਿਰ ਪਰਿਵਾਰ ਦੇ ਪਾਲਣ ਪੋਸ਼ਣ ਲਈ ਡਰਾਇਵਰੀ ਦੇ ਕਿੱਤੇ ਲੱਗ ਗਿਆ ਪਰ ਫਿਰ ਵੀ ਬਿਮਾਰੀ ਨੇ ਇਸ ਦਾ ਪਿੱਛਾ ਨਾ ਛੱਡਿਆ ਅਤੇ ਕੁੱਝ ਸਮੇਂ ਬਾਅਦ ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸਦੀ ਵੱਡੇ ਵਹੀਕਲ ਚਲਾਉਣ ਅਤੇ ਬੋਲਣ ਦੀ ਸਮਰੱਥਾ ਘੱਟ ਗਈ। ਕੁਲਦੀਪ ਸ਼ਰਮਾ ਨੇ ਫਿਰ ਵੀ ਜਿੰਦਗੀ ਦੀ ਜੰਗ ਨੂੰ ਜਾਰੀ ਰੱਖਦਿਆਂ ਬੈਂਕ ਤੋਂ ਕਰਜਾ ਲੈ ਕੇ ਆਟੋ (ਥ੍ਰੀ ਵ੍ਹੀਲਰ) ਖਰੀਦ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲੱਗਾ ਪਰ ਕੁਦਰਤ ਨੂੰ ਫਿਰ ਵੀ ਇਹ ਮਨਜੂਰ ਨਾ ਹੋਇਆ ਤਾਂ ਕਰੀਬ ਤਿੰਨ ਮਹੀਨਿਆਂ ਬਾਅਦ ਹੀ ਉਸ ਨੂੰ ਅਧਰੰਗ ਦੇ ਦੂਜੇ ਦੌਰੇ ਨੇ ਆਪਣਾ ਸ਼ਿਕਾਰ ਬਣਾ ਲਿਆ। ਜਿਸ ਨਾਲ ਉਸ ਦੇ ਸਰੀਰ ਦਾ ਸੱਜ ਪਾਸਾ ਖੜ੍ਹ ਗਿਆ ਤੇ ਇਸ ਬਿਮਾਰੀ ਦੇ ਇਲਾਜ ਲਈ ਪਰਿਵਾਰ ਨੇ ਹੁਣ ਤੱਕ ਰਿਸ਼ਤੇਦਾਰਾਂ ਅਤੇ ਸ਼ਾਹੂਕਾਰਾਂ ਤੋਂ ਵਿਆਜਾਂ ’ਤੇ ਪੈਸੇ ਫੜ੍ਹ ਕੇ ਇੱਕ ਲੱਖ ਰੁਪਏ ਦੇ ਕਰੀਬ ਖਰਚਾ ਕਰ ਚੁੱਕਾ ਹੈ ਅਤੇ ਹੁਣ ਉਹ ਮੰਜੇ ’ਤੇ ਪਿਆ ਅਧਰੰਗ ਦੀ ਬਿਮਾਰੀ ਨਾਲ ਜੂਝ ਰਿਹਾ ਹੈ। ਪਰਿਵਾਰ ਦਾ ਮੁੱਖੀ ਹੋਣ ਕਾਰਨ ਸਾਰੇ ਪਰਿਵਾਰ ਜਿਸ ਵਿੱਚ ਉਸ ਦੀ ਧਰਮ ਪਤਨੀ ਤੋਂ ਇਲਾਵਾ ਵੱਡੀ ਬੇਟੀ 14 ਸਾਲ, ਛੋਟੀ ਬੇਟੀ 10 ਸਾਲ ਤੇ ਇੱਕ ਬੇਟਾ 12 ਸਾਲ ਦਾ ਹੈ, ਜੋ ਪੜ੍ਹ ਵੀ ਰਹੇ ਹਨ, ਦੀਆਂ ਲੋੜਾਂ ਪੂਰੀਆਂ ਕਰਨ ਦੀ ਜੁੰਮੇਵਾਰੀ ਉਸ ਉੱਪਰ ਹੀ ਸੀ ਜਿਸ ਤੋਂ ਬਾਅਦ ਪਰਿਵਾਰ ਹੁਣ ਘੋਰ ਗੁਰਬੱਤ ਦੀ ਜਿੰਦਗੀ ਬਤੀਤ ਕਰ ਰਿਹਾ ਹੈ। ਦਾਨੀ ਸੱਜਣਾਂ ਅੱਗੇ ਬਿਮਾਰੀ ਨਾਲ ਪੀੜ੍ਹਤ ਕੁਲਦੀਪ ਸ਼ਰਮਾ ਦੇ ਪਰਿਵਾਰ ਦੀ ਅਪੀਲ ਹੈ ਕਿ ਉਹ ਇਲਾਜ ਲਈ ਹਰ ਸੰਭਵ ਮਦਦ ਕਰਨ।
ਜਨਰਲ ਸਕੱਤਰ,
ਸਫਲ ਸੋਚ ਸਮਾਜ ਸੇਵਾ ਸੋਸਾਇਟੀ (ਰਜਿ:)
9463375380
ਸਤੀਸ਼ ਕੁਮਾਰ
ਪ੍ਰਧਾਨ
ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ (ਰਜਿ:)
ngosafalsoch@gmail.com



0 comments:
Speak up your mind
Tell us what you're thinking... !