ਧਰਤੀ ਦੇ ਹਜਾਰਾਂ ਲੋਕ ਅਗਿਆਨਤਾ ਦੇ ਹਨੇਰ ਵਿੱਚ ਪੈਦਾ ਹੁੰਦੇ ਤੇ ਮਰ ਜਾਂਦੇ ਹਨ। ਅਗਿਆਨਤਾ ਦਾ ਹਨੇਰ ਹਰ ਯੁੱਗ ਵਿੱਚ ਰਿਹਾ ਹੈ। ਅੱਜ ਵੀ ਸਮਾਜ ਦੀ ਬਹੁਗਿਣਤੀ ਦਾ ਜੀਵਨ ਉਸ ਹਨੇਰੀ ਰਾਤ ਵਰਗਾ ਹੈ ਜਿਸ ਵਿੱਚ ਅਸਮਾਨ ਬੱਦਲਾਂ ਨਾਲ ਢੱਕਿਆ ਹੋਇਆ ਹੈ। ਕੋਈ ਰੋਸ਼ਨੀ ਕੋਈ ਤਾਰਾ ਨਜਰੀਂ ਨਹੀਂ ਪੈਂਦਾ। ਜੇਕਰ ਧਰਤੀ ਤੇ ਰਹਿਣ ਵਾਲੇ ਮਨੁੱਖਾਂ ਚੋਂ ਦਸ ਫਸਿਦੀ ਵੀ ਜਾਗਦੇ ਮਨੁੱਖ ਹੁੰਦੇ ਤਾਂ ਇਹ ਧਰਤੀ ਹੋਰ ਤਰ੍ਹਾਂ ਦੀ ਹੋਣੀ ਸੀ। ਇਹ ਇੰਨੀ ਸੜਾਂਦ ਅਤੇ ਬਦਬੂ ਮਾਰਦੀ ਨਹੀਂ ਸੀ ਹੋਣੀ। ਸਾਡਾ ਜਿਉਣਾ ਜਿਉਣਾ ਨਹੀਂ ਬਲਕਿ ਜੀਵਣ ਧੀਮੀ ਗਤੀ ਨਾਲ ਹੋਣ ਵਾਲੀ ਮੌਤ ਜਿਹਾ ਹੈ। ਧਰਤੀ ਤੇ ਜਿਥੇ ਵਿਕਾਸ ਹੋਇਆ ਹੈ ਉੱਥੇ ਮਾਨਸਿਕ ਪ੍ਰੇਸ਼ਾਨੀਆਂ ਵਿਕਰਾਲ ਰੂਪ ਲੈ ਰਹੀਆਂ ਹਨ। ਨਸ਼ੇ ਵੱਧ ਰਹੇ ਹਨ। ਜਿੱਥੇ ਜੀਵਣ ਪੱਛੜਿਆ ਹੋਇਆ ਹੈ ਉੱਥੇ ਬਿਮਾਰੀਆਂ ਮਹਾਂਮਾਰੀਆਂ ਕੁਪੋਸ਼ਣ ਅਤੇ ਭੋਖੜੇ ਵਰਗੀਆਂ ਅਲਾਮਤਾਂ ਤੋਂ ਲੋਕ ਪ੍ਰੇਸ਼ਾਨ ਹਨ।
ਇੱਕ ਨੀਂਦ ਵਿੱਚ ਤੁਰਨ ਦੀ ਬਿਮਾਰੀ ਹੁੰਦੀ ਹੈ ਜਿਸ ਨੂੰ (ਸਚੁਨਅਮਬੁਲਅਟੲ) ਕਿਹਾ ਜਾਂਦਾ ਹੈ। ਇਸ ਬਿਮਾਰੀ ਦਾ ਪੀੜਤ ਵਿਅਕਤੀ ਰਾਤ ਨੂੰ ਨੀਦ ਵਿੱਚ ਉੱਠ ਕੇ ਨੀਦ ਵਿੱਚ ਹੀ ਕਈ ਗਲਤ ਠੀਕ ਕੰਮ ਕਰ ਜਾਂਦਾ ਹੈ। ਜਦੋਂ ਸਵੇਰੇ ਉਸ ਨੂੰ ਪੁੱਛੋ ਤਾਂ ਉਸ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ। ਇਸ ਬਿਮਾਰੀ ਦੇ ਸਿ਼ਕਾਰ ਲੋਕ ਵਾਰ ਆਪਣੇ ਆਪ ਨੂੰ ਮੰਜੇ ਨਾਲ ਬੰਨ ਕੇ ਸੌਂਦੇ ਹਨ ਕਿ ਜਦੋਂ ਉਹ ਨੀਦ ਵਿੱਚ ਉੱਠ ਕੇ ਕਿਸੇ ਪਾਸੇ ਤੁਰਨ ਤਾਂ ਉਹਨਾਂ ਦੀ ਨੀਂਦ ਖੁੱਲ੍ਹ ਜਾਵੇ। ਜਾਪਦਾ ਹੈ ਹਰ ਯੁੱਗ ਵਿੱਚ ਸਮਾਜ ਦੀ ਬਹੁਗਿਣਤੀ ਜਿੰਗਦੀ ਭਰ ਲਈ ਨੀਦ ਵਿੱਚ ਤੁਰਨ ਵਾਲੀ ਬਿਮਾਰੀ ਦੀ ਸਿ਼ਕਾਰ ਹੈ। ਨੀਂਦ ਵਿੱਚ ਪੈਦਾ ਹੁੰਦੀ ਹੈ ਅਤੇ ਨੀਂਦ ਵਿੱਚ ਹੀ ਮਰ ਜਾਂਦੀ ਹੈ। ਜੀਵਣ ਵਿੱਚ ਰਸ ਨਹੀਂ। ਸਾਡੀ ਸਮਾਜਿਕ ਧਾਰਨਾਵਾਂ ਅਤੇ ਆਲੇ ਦੁਆਲੇ ਨੇ ਜੋ ਸਾਨੂੰ ਜੀਵਣ ਦੀ ਪ੍ਰੀਭਾਸ਼ਾ ਦੱਸੀ ਹੈ ਉਸ ਵਿੱਚ ਵਸਤਾਂ ਲਈ ਘੋੜ ਦੌੜ ਹੈ, ਉੱਚਾ ਰੁਤਬਾ ਹੈ, ਪਾਠ ਪੂਜਾ ਹੈ, ਮੋਕੁਸ਼ ਮੁਕਤੀ ਦੀਆਂ ਲੰਬੀਆਂ ਵਿਆਖਿਆਵਾਂ ਹਨ। ਅਗਲੇ ਜਨਮ ਨੂੰ ਸੁਧਾਰਨ ਦੀ ਜੁਗਤਾਂ ਹਨ ਪਰ ਜੀਵਨ ਦਾ ਸਾਰ ਤੱਤ ਕੀ ਹੋਵੇ ਇਸ ਦਾ ਕਿਤੇ ਬਹੁਤਾ ਜਿਕਰ ਨਹੀਂ ਹੈ, ਜੇ ਹੈ ਵੀ ਤਾਂ ਉਸ ਨੂੰ ਬਹੁਤ ਪਿਛਾਂਹ ਕਰ ਦਿੱਤਾ ਗਿਆ ਹੈ।
ਅਖੌਤੀ ਵਿਕਾਸ ਦੀ ਰੱਟ ਨਾਲ ਅੱਜ ਅਸੀਂ ਇਸ ਮੁਕਾਮ ਤੇ ਆ ਪਹੁੰਚੇ ਹਾਂ ਜਿੱਥੇ ਅਸੀਂ ਬੜੀ ਵੱਡੀ ਪੱਧਰ ਤੇ ਮੌਤ ਦਾ ਸਮਾਨ ਇਕੱਠਾ ਕੀਤੀ ਬੈਠੇ ਹਾਂ। ਅੱਜ ਦੁਨੀਆਂ ਤਬਾਹੀ ਦੇ ਕਾਗਾਰ ‘ਤੇ ਖੜੀ ਹੈ। ਪੂਰੀ ਧਰਤੀ ਤੇ ਥਾਂ ਥਾਂ ਅਸੀਂ ਬਾਰੂਦ ਦੇ ਇੰਨੇ ਢੇਰ ਲਾ ਦਿੱਤੇ ਹਨ ਕਿ ਆਪਣੀ ਧਰਤੀ ਜਿਹੀਆਂ ਪੱਚੀ ਹੋਰ ਧਰਤੀਆਂ ਨੂੰ ਨੇਸਤੋ ਨਾਬੂਦ ਕਰਕੇ ਅਜਿਹੀ ਹਾਲਤ ਕੀਤੀ ਜਾ ਸਕਦੀ ਹੈ ਕਿ ਫਿਰ ਇੱਥੇ ਕਰੋੜਾਂ ਸਾਲਾਂ ਤੱਕ ਕਿਸੇ ਵੀ ਤਰ੍ਹਾਂ ਦੇ ਜੀਵਨ ਦਾ ਨਾਮ ਨਿਸ਼ਾਨ ਨਹੀਂ ਬਚੇਗਾ। ਆਖਿਰ ਇਹ ਸਭ ਕਿਸ ਵਾਸਤੇ ਹੈ? ਏਡਜ, ਕੈਂਸਰ, ਹੈਪੇਟਾਈਟਸ ਜਿਹੇ ਰੋਗਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਵੀ ਆਪਣਾ ਸਿ਼ਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮਿੱਟੀ, ਪਾਣੀ, ਹਵਾ ਅਤੇ ਖਾਣ ਪੀਣ ਦੀਆਂ ਚੀਜਾਂ ਨੂੰ ਅਸੀਂ ਇਸ ਕਦਰ ਗੰਦਾ ਕਰ ਦਿੱਤਾ ਹੈ ਕਿ ਇਹ ਬਿਮਾਰੀਆਂ ਦੇ ਵਾਹਕ ਬਣ ਕੇ ਰਹਿ ਗਏ ਹਨ। ਬਿਮਾਰੀਆਂ, ਦੁਸ਼ਵਾਰੀਆਂ, ਲਾਚਾਰੀਆਂ ਦੀ ਸਤਾਈ ਧਰਤੀ ਦੀ 95% ਆਬਾਦੀ ਇੱਕ ਤਰਾਂ ਉਮਰ ਦੇ ਸਾਲਾਂ ਨੂੰ ਧੱਕਾ ਦੇ ਰਹੀ ਹੈ। ਮਾਵਾਂ ਆਪਣੇ ਲਾਡਲਿਆਂ ਨੂੰ ਹਸਰਤ ਭਰੀ ਨਜਰ ਨਾਲ ਦੇਖਦੀਆਂ ਹਨ ਕਿ ਇਹਨਾਂ ਮਾਸੂਮਾਂ ਦਾ ਭਵਿੱਖ ਕੀ ਹੋਵੇਗਾ? ਜੀਵਨ ਜਸ਼ਨ ਬਣਨਾ ਤਾਂ ਦੂਰ ਜੀਵਣ ਜੀਵਨ ਵੀ ਨਹੀਂ ਬਣ ਸਕਿਆ। ਸੰਚਾਰ ਸਾਧਨਾਂ ਦਾ ਫੈਲਾਅ ਭਾਵੇਂ ਤੇਜੀ ਨਾਲ ਹੋ ਰਿਹਾ ਹੈ ਪਰ ਜੀਵਨ ਪ੍ਰਤੀ ਅਗਿਆਨ ਵੀ ਵਧ ਰਿਹਾ ਹੈ। ਪ੍ਰਸਿੱਧ ਫਿਲਾਸਫਰ ਸ਼ਾਪਨਹਾਰ ਕਹਿੰਦਾ ਹੈ ‘ਜਿੰਨੀਆਂ ਸਾਡੇ ਪਾਸ ਵਸਤਾਂ ਜਿਆਦਾ ਹੋਣਗੀਆਂ ਉੱਨੇ ਜਿਆਦਾ ਅਸੀਂ ਪ੍ਰੇਸ਼ਾਨ ਹੋਵਾਂਗੇ।’
ਮਨੁੱਖਤਾ ਦੀ ਅਗਵਾਈ ਕਰਨ ਵਾਲਿਆਂ ਨੇ ਤਾਂ ਇਸ ਦੀ ਚਿੰਤਾ ਹੀ ਛੱਡ ਦਿੱਤੀ ਹੈ। ਲੋੜ ਹੀ ਨਹੀਂ ਸਮਝੀ ਜਾ ਰਹੀ ਕਿ ਇਸ ਧਰਤੀ ‘ਤੇ ਪੈਦਾ ਵਾਲੇ ਬੱਚੇ ਨੂੰ ਦੱਸਿਆ ਜਾਵੇ ਕਿ ਜੀਵਣ ਕੀ ਹੈ? ਸਾਡਾ ਇਸ ਧਰਤੀ ‘ਤੇ ਆਉਣ ਦਾ ਅਤੇ ਸਾਡੇ ਜੀਉਣ ਦਾ ਮਕਸਦ ਕੀ ਹੈ? ਅੱਜ ਬੱਚਿਆਂ ਨੂੰ ਜਿਹਨਾਂ ਲੋਕਾਂ ਪਾਸ ਕੁਝ ਸਿੱਖਣ ਲਈ ਭੇਜਿਆ ਜਾਂਦਾ ਹੈ ਉਹ ਵਪਾਰੀ ਕਿਸਮ ਦੇ ਲੋਕ ਹਨ ਉਹਨਾਂ ਦਾ ਸਰੋਕਾਰ ਚੰਗੇ ਇਨਸਾਨ ਪੈਦਾ ਨਹੀਂ ਬਲਕਿ ਆਪਣੇ ਕਾਰੋਬਾਰ ਦਾ ਵਿਸਥਾਰ ਕਰਨਾ ਹੈ। ਗੁਣਾਂਤਮਿਕਤਾ ਵਾਲਾ ਪੱਖ ਹੇਠਾਂ ਚਲਾ ਗਿਆ ਪੈਸਾ, ਵਪਾਰ, ਬਜਾਰ ਅੱਗੇ ਆ ਗਏ।
ਜੇਕਰ ਜੀਵਣ ਪ੍ਰਤੀ ਸਮਝ ਪੈਦਾ ਕਰਨ ਤੇ ਜੋਰ ਦਿੱਤਾ ਜਾਂਦਾ ਤਾਂ ਇਹ ਦੁਨੀਆਂ ਵੱਖਰੀ ਤਰ੍ਹਾ ਦੀ ਹੋਣੀ ਸੀ। ਕੁਝ ਕੁ ਗਿਣਤੀ ਮਹਾਨ ਪੁਰਸ਼ ਹੋਏ ਹਨ ਜਿਹਨਾਂ ਨੇ ਜੀਵਣ ਨੂੰ ਨੇੜਿਓ ਵਾਚਣ ਤੇ ਜੋਰ ਦਿੱਤਾ। ਮਨੁੱਖੀ ਨੂੰ ਇੱਕ ਮੁਸਾਫਰ ਬਣ ਕੇ ਰਹਿਣ ਦੀ ਤਾਗੀਦ ਕੀਤੀ। ਜੀਵਣ ਨੂੰ ਖੂਹ ਦੀਆਂ ਟਿੰਡਾਂ ਨਾਲ ਤੁਲਾਨਾਇਆ ਗਿਆ। ਸਾਡੇ ਤਿੰਨ ਹੱਥ ਧਰਤੀ ਤੇਰੀ ਦੱਸ ਕੇ ਮਨੁੱਖ ਨੂੰ ਉਸਦੀ ਅਸਲੀਅਤ ਤੋਂ ਜਾਣੂ ਕਰਾਉਣ ਦੀ ਕੋਸਿ਼ਸ਼ ਕੀਤੀ ਗਈ। ਅਸੀਂ ਜਾਣਦੇ ਹਾਂ ਕਿ ਬੇਲਗਾਮ ਖਾਹਸ਼ਾਂ ਲਾਲਸਾਵਾਂ ਦੀ ਤ੍ਰਿਸ਼ਨਾ ਦਾ ਸਤਾਇਆ ਮਨੁੱਖ ਜਿਹੜੀ ਘੋੜਦੌੜ ਦੌੜ ਰਿਹਾ ਹੈ ਇਸ ਵਿੱਚ ਇਸ ਦਾ ਹਾਰ ਜਾਣਾ ਨਿਸ਼ਚਿਤ ਹੈ। ਫਿਰ ਮਨੁੱਖ ਦਾ ਹਾਸਲ ਕੀ ਹੈ? ਮਨੁੱਖ ਦਾ ਹਾਸਲ ਇਹੋ ਹੀ ਹੈ ਕਿ ਉਹ ਕਿਵੇਂ ਕਿਸ ਤਰਾਂ ਜੀਵਿਆ। ਉਹਨੇ ਜਿੰਦਗੀ ਦੀ ਜੰਗ ਕਿਸ ਤਰਾਂ ਲੜੀ। ਇਹੋ ਮਨੁੱਖ ਦਾ ਹਾਸਲ ਹੈ। ਕੀ ਮਨੁੱਖ ਦੀ ਜਿੰਗਦੀ ਦਾ ਆਖਰੀ ਪੜਾਅ ਇੱਕ ਥੱਕੇ ਹਾਰੇ ਇਨਸਾਨ ਵਾਲਾ ਹੋਣਾ ਚਾਹੀਦਾ ਹੈ? ਕਿ ਉਹ ਆਖਰੀ ਪੜਾਅ ਤੇ ਸੋਚੇ ਕੀ ਆਖਿਰ ਕੀ ਸੀ ਜਿੰਗਦੀ ਜੋ ਉਸ ਨੇ ਜੀਵੀ ਹੈ। ਜਾਂ ਕੁਝ ਮਾਣ ਕਰਨ ਜਿਹਾ ਵੀ ਹੋਵੇ ਜਿਸ ਨੂੰ ਵੇਖ ਸਮਾਜ ਕੇ ਗੱਲ ਕਰੇ ਕਿ ਠੀਕ ਹੈ ਜਿਊਣਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
ਮਨੁੱਖ ਨੂੰ ਗਿਆਨਵਾਨ ਬਣਾਉਣ ਵਿੱਚ ਕਿਤਾਬਾਂ ਸਭ ਤੋਂ ਵੱਡਾ ਯੋਗਦਾਨ ਪਾ ਸਕਦੀਆਂ ਹਨ। ਕਿਤਾਬ ਹੀ ਹੈ ਜੋ ਮਨੁੱਖ ਨੂੰ ਮਹਾਂਪੁਰਸ਼ ਬਣਾਉਣ ਦਾ ਦਰਜਾ ਰੱਖਦੀ ਹੈ। ਕਿਤਾਬਾਂ ਬੰਦੇ ਦਾ ਸੋਚਣ ਵਿਚਾਰਨ ਅਤੇ ਜਿੰਗਦੀ ਨੂੰ ਜਿਉਣ ਮਾਨਣ ਦੀ ਸਮਰਥਾ ਵਿੱਚ ਇੰਕਲਾਬ ਲਿਆਉਂਦੀਆਂ ਹਨ। ਮਨੁੱਖ ਦੇ ਗਿਆਨ ਦਾ ਘੇਰਾ ਜਿੰਨਾ ਵਿਸ਼ਾਲ ਹੋਈ ਜਾਂਦਾ ਹੈ ਜੀਵਨ ਪ੍ਰਤੀ ਸਮਝ ਵੀ ਉਸੇ ਰਫਤਾਰ ਨਾਲ ਵਧੀ ਜਾਂਦੀ ਹੈ। ਸਦੀਆਂ ਪਹਿਲਾਂ ਹੋਏ ਅਰਸਤੂ, ਪਲੈਟੋ ਅਤੇ ਸੁਕਰਾਤ ਵਰਗਿਆਂ ਵਿਦਵਾਨਾਂ ਨੂੰ ਅਸੀਂ ਅੱਜ ਵੀ ਇਸ ਲਈ ਯਾਦ ਕਰਦੇ ਹਾ ਕਿ ਉਹ ਲੋਕ ਆਪਣੇ ਸਮੇਂ ਦੇ ਗਿਆਨਵਾਨ ਮਨੁੱਖ ਸਨ। ਉਹਨਾਂ ਅੰਦਰ ਗਿਆਨ ਹਾਸਲ ਕਰਨ ਦੀ ਪ੍ਰਬਲ ਇੱਛਾ ਸੀ। ਕਹਿੰਦੇ ਹਨ ਕਿ ਸੁਕਰਾਤ ਨੂੰ ਮਾਰਨ ਲਈ ਜਦੋਂ ਜਹਿਰ ਘੋਟਿਆ ਜਾ ਰਿਹਾ ਸੀ ਤਾਂ ਉਸ ਨੇ ਘੋਟਣ ਵਾਲੇ ਨੂੰ ਕਿਹਾ “ਕਿੰਨੀ ਕੁ ਦੇਰ ਹੋਰ ਲੱਗਣੀ ਹੈ ਅਜੇ?” ਸੁਕਰਾਤ ਦੇ ਇੱਕ ਚੇਲੇ ਨੇ ਪੁਛਿਆ “ਇੰਨੀ ਵੀ ਕੀ ਕਾਹਲੀ ਹੈ ਗੁਰੂ ਜੀ?” ਸੁਕਰਾਤ ਨੇ ਕਿਹਾ “ਮੌਤ ਨੂੰ ਜਾਨਣ ਦੀ ਤੀਬਰ ਇੱਛਾ ਹੋ ਰਹੀ ਹੈ।”
ਇਹ ਗੱਲ ਹਰ ਪਲ ਸਾਡੇ ਧਿਆਨ ਵਿੱਚ ਹੋਣੀ ਚਾਹੀਦੀ ਹੈ ਕਿ ਅਸੀਂ ਸਾਰੇ ਇਸ ਧਰਤੀ ਤੇ ਕੁਝ ਸਮੇਂ ਲਈ ਰਹਿਣ ਲਈ ਆਏ ਹਾਂ। ਅਸੀਂ ਸਭ ਨੇ ਆਪਣੇ ਆਪਣੇ ਹਿੱਸੇ ਦਾ ਰੋਲ ਅਦਾ ਕਰਕੇ ਧਰਤੀ ਦੇ ਰੰਗਮੰਚ ਤੋਂ ਇੱਕ ਦਿਨ ਹੇਠਾਂ ਉੱਤਰ ਜਾਣਾ ਹੈ। ਫਿਰ ਜਿੰਨਾ ਸਮਾਂ ਅਸੀਂ ਇਸ ਧਰਤੀ ਰਹਿਣਾ ਹੈ ਕਿਉਂ ਨਾ ਹਰ ਸਮੇਂ ਇਸ ਨੂੰ ਚਾਰ ਚੰਨ ਲਾਉਣ ਲਈ ਯਤਨਸ਼ੀਲ ਰਹੀਏ। ਹਰ ਪਲ ਕੁਝ ਚੰਗਾ ਕਰਨ ਲਈ ਸੋਚੀਏ। ਆਲੇ ਦੁਆਲੇ ਵਿੱਚ ਮਹਿਕਾਂ ਬਖੇਰੀਏ ਤੇ ਜਿੰਗਦੀ ਦੇ ਹਰ ਪੱਖ ਨੂੰ ਜਾਨਣ ਅਤੇ ਮਾਨਣ ਲਈ ਗਿਆਨ ਦੇ ਲੜ ਲੱਗੀਏ।
ਗੁਰਚਰਨ ਨੂਰਪੁਰ
ਨੇੜੇ ਮੌਜਦੀਨ ਜੀਰਾ
ਮੋ: 98550-51099


0 comments:
Speak up your mind
Tell us what you're thinking... !