ਬਹੁਤ ਪੁਰਾਣੀ ਗੱਲ ਹੈ, ਜਦੋਂ ਭਗਵਾਨ ਨੇ ਮੈਨੂੰ ਨੂੰ ਰੋਟੀ ਦੇਣ ਦਾ ਫੈਸਲਾ ਕੀਤਾ ਸੀ। ਉਸ ਸਮੇਂ ਇਨਸਾਨ ਤੇ ਮੈਂ ਇਕੱਠੇ ਸੀ।
ਭਗਵਾਨ ਨੇ ਮੈਨੂੰ ਰੋਟੀ ਦਿੱਤੀ ਤੇ ਪੁੱਛਿਆ ਕੀ ਤੂੰ ਇਸ ਰੋਟੀ ਨੂੰ ਇਸ ਇਨਸਾਨ ਨਾਲ ਵੰਡੇਗਾਂ। ਮੈਂ ਕਿਹਾ ਭਗਵਾਨ ਜੀ ਮੈਂ ਆਪਣੇ ਹਿੱਸੇ ਦੀ ਸਾਰੀ ਰੋਟੀ ਇਸਨੂੰ ਦੇ ਦਿਆਂਗਾ। ਕਿਉਂਕਿ ਮੈਂ ਜਾਨਵਰ ਹਾਂ ਮੈਂ ਰੋਟੀ ਤਾਂ ਪਕਾ ਨਹੀਂ ਸਕਦਾ ਤੇ ਨਾ ਹੀ ਹੋਰ ਕੁਝ ਕਰ ਸਕਦਾ ਹਾਂ। ਇਸ ਲਈ ਆਪਣੇ ਹਿੱਸੇ ਦੀ ਰੋਟੀ ਇਨਸਾਨ ਨੂੰ ਦੇ ਕੇ ਮੈਂ ਇਸ ਦੇ ਦਰ ’ਤੇ ਪਿਆ ਰਹਾਂਗਾ। ਜਦ ਵੀ ਇਸਨੂੰ ਭੁੱਖ ਲੱਗੇਗੀ ਤਾਂ ਇਹ ਰੋਟੀ ਬਣਾਏਗਾ ਤੇ ਰੋਟੀ ਦੇ ਬਚੇ ਹੋਏ ਦੋ ਟੁਕੜੇ ਮੈਨੂੰ ਵੀ ਪਾ ਦਿਆ ਕਰੇਗਾ। ਇਸ ਨਾਲ ਮੇਰਾ ਵੀ ਢਿੱਡ ਭਰ ਜਾਵੇਗਾ ਤੇ ਇਸਦੇ ਘਰ ਦੀ ਰਾਖੀ ਵੀ ਹੋ ਜਾਵੇਗੀ। ਭਗਵਾਨ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਤੇ ਮੇਰੀ ਤੇ ਇਨਸਾਨ ਦੀ ਦੋਸਤੀ ਸਦਾ ਬਣੀ ਰਹੇ ਦੀਆਂ ਅਸੀਸਾਂ ਦੇ ਕੇ ਚਲਾ ਗਿਆ।
ਸਮਾਂ ਲੰਘਦਾ ਗਿਆ ਮੇਰੀ ਤੇ ਇਨਸਾਨ ਦੀ ਦੋਸਤੀ ਦਾ ਇਹ ਸਿਲਸਿਲਾ ਜਾਰੀ ਰਿਹਾ। ਪਰ ਪਿਛਲੇ ਕੁਝ ਸਾਲਾਂ ਤੋਂ ਮੇਰੇ ਤੇ ਇਨਸਾਨ ਦੀ ਦੋਸਤੀ ਦਾ ਸਿਲਸਿਲਾ ਤਾਂ ਜਾਰੀ ਹੈ। ਪਰ ਮੇਰੀਆਂ ਨਸਲਾਂ ਦਾ ਫਰਕ ਪੈਦਾ ਹੋ ਗਿਆ। ਕਦੇ ਮੈਂ ਇਨਸਾਨ ਨੂੰ ਰੋਟੀ ਦਵਾਈ ਸੀ ਪਰ ਅੱਜ ਮੈਂ ਹੀ ਇਨਸਾਨਾਂ ਲਈ ਅਵਾਰਾ, ਲੱਟਰ ਤੇ ਆਦਮ ਖੋਰ ਬਣ ਗਿਆ। ਮੈਂ ਆਦਮ ਖੋਰ ਨਹੀਂ ਬਣਿਆ ਸਗੋਂ ਬਣਾਇਆ ਗਿਆ ਹਾਂ। ਮੇਰੇ ਤੋਂ ਵਧੀਆ ਨਸਲ ਦੇ ਕੁੱਤਿਆਂ ਲਈ ਵੱਡੇ ਸ਼ਹਿਰਾਂ ’ਚ ਪਾਰਲਰ ਖੁੱਲ੍ਹ ਗਏ ਨੇ। ਉਨ੍ਹਾਂ ਨੂੰ ਘਰਾਂ ’ਚ ਆਪਣੇ ਬੱਚਿਆਂ ਤੋਂ ਵੀ ਜ਼ਿਆਦਾ ਪਿਆਰ ਮਿਲਦਾ ਹੈ। ਉਹ ਚਿਕਨ, ਦੁੱਧ, ਆਂਡੇ, ਬਰੈੱਡ ਤੇ ਫਲ ਫਰੂਟ ਖਾਂਦੇ ਨੇ। ਉਨ੍ਹਾਂ ਨੂੰ ਨਹਾਊਣ ਲਈ ਵੀ ਚੰਗੇ ਚੰਗੇ ਸੈਂਪੂ ਤੇ ਕਰੀਮਾ ਵਰਤੀਆਂ ਜਾਂਦੀਆਂ ਹਨ। ਹੁਣ ਮੇਰੀ ਨਸਲ ਦੇ ਹੋਰ ਕੁੱਤਿਆਂ ਨੂੰ ਲੋਕ ਪਸੰਦ ਨਹੀਂ ਕਰਦੇ।
ਮੈਂ ਕਦੇ ਰੋਟੀ ਖੋਹ ਕੇ ਨਹੀਂ ਖਾਧੀ, ਹਮੇਸ਼ਾ ਤਹਾਡੇ ਸੁੱਟੇ ਹੋਏ ਟੁਕੜੇ ਤੇ ਝੂਠਾ ਹੀ ਖਾਧਾ ਹੈ। ਪਰ ਫਿਰ ਵੀ ਮੈਂ ਸੰਤੁਸ਼ਟ ਸੀ। ਜੇਕਰ ਅੱਜ ਤੁਸੀਂ ਮੈਨੂੰ ਆਦਮ ਖੋਰ ਕਹਿ ਰਹੇ ਹੋ ਤਾਂ ਮੈਨੂੰ ਆਦਮ ਖੋਰ ਬਨਾਉਣ ਪਿੱਛੇ ਵੀ ਤੁਹਾਡਾ ਹੀ ਹੱਥ ਹੈ। ਕਿਉਂਕਿ ਮੈਂ ਇਨਸਾਨ ਦਾ ਸਭ ਤੋਂ ਚੰਗਾ ਦੋਸਤ ਹੋਣ ਦੇ ਬਾਵਜੂਦ ਵੀ ਇਨਸਾਨਾਂ ਨੂੰ ਆਪਣੇ ਲਈ ਖਤਰਾ ਜਾਪਣ ਲੱਗ ਗਿਆ ਹਾਂ। ਮੈਂ ਮਾਸਾਹਾਰੀ ਨਹੀਂ ਹਾਂ। ਪਰ ਮਜ਼ਬੂਰੀ ਵੱਸ ਮੈਨੂੰ ਮਾਸ ਖਾਣਾ ਪੈਂਦਾ ਹੈ। ਕਿਉਂਕਿ ਨੀਂਦ ਬਿਸਤਰਾ ਨਹੀਂ ਵੇਖਦੀ, ਇਸ਼ਕ ਜਾਤ ਨਹੀਂ ਵੇਖਦਾ ਤੇ ਭੁੱਖ ਮਾਂਸ ਨਹੀਂ ਵੇਖਦੀ। ਮੇਰੇ ਢਿੱਡ ਦੀ ਅੱਗ ਮੈਨੂੰ ਇਹ ਸਭ ਕਰਨ ਲਈ ਮਜ਼ਬੂਰ ਕਰਦੀ ਹੈ। ਮੈਂ ਬੀਮਾਰੀ ਦੀ ਹਾਲਤ ’ਚ ਸੜਕਾਂ ’ਤੇ ਪਿਆ ਪਿਆ ਦਮ ਤੋੜ ਦਿੰਦਾ ਹਾਂ। ਮੇਰੇ ਲੱਗੀ ਸੱਟ ਕਰਕੇ ਮੇਰੇ ਜਿਸਮ ’ਚ ਕੀੜੇ ਲੱਗ ਜਾਂਦੇ ਹਨ। ਪਰ ਮੇਰੇ ਤੋਂ ਚੰਗੀ ਨਸਲ ਦੇ ਜਿਹੜੇ ਕੁੱਤੇ ਤੁਸੀਂ ਘਰ ਪਾਲੇ ਹੋਏ ਨੇ ਉਨ੍ਹਾਂ ਨੂੰ ਜੇਕਰ ਕੁਝ ਹੋ ਜਾਵੇ ਤਾਂ ਤੁਸੀਂ ਤੁਰੰਤ ਉਸਦਾ ਇਲਾਜ ਕਰਾਉਂਦੇ ਹੋ। ਮੈਂ ਆਦਮ ਖੋਰ ਨਹੀਂ ਹਾਂ। ਸਗੋਂ ਤੁਸੀਂ ਮੈਨੂੰ ਆਦਮ ਖੋਰ ਬਣਾਇਆ ਹੈ। ਜੇਕਰ ਤੁਸੀਂ ਮੈਨੂੰ ਚੰਗੀ ਨਸਲ ਦੇ ਕੁੱਤਿਆਂ ਦੀ ਤਰ੍ਹਾਂ ਨਹੀਂ ਪਾਲ ਸਕਦੇ ਤਾਂ ਘੱਟੋ ਘੱਟ ਦੋ ਟੁਕੜੇ ਰੋਟੀ ਦੇ ਤਾਂ ਦੇ ਹੀ ਸਕਦੇ ਹੋ ਤਾਂ ਕਿ ਮੇਰੀ ਢਿੱਡ ਦੀ ਅੱਗ ਮੈਨੂੰ ਆਦਮ ਖੋਰ ਬਨਣ ਲਈ ਮਜ਼ਬੂਰ ਨਾ ਕਰੇ।
ਸੰਦੀਪ ਜੈਤੋਈ
81465-73901


0 comments:
Speak up your mind
Tell us what you're thinking... !