ਹਿਮਾਲਿਆ ਦੀਆਂ ਪਹਾੜੀਆਂ ਦੇ ਨੇੜੇ ਵੱਸਿਆ ਹਰਿਆਣੇ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਸ਼ਹਿਰ। ਚੰਡੀਗੜ੍ਹ ਆਪਣੀ ਨਕਸ਼ਾ-ਨਵੀਸੀ ਤੇ ਆਪਣੀ ਹਰਿਆਲੀ ਲਈ ਪੂਰੀ ਦੁਨੀਆਂ ’ਚ ਮਸ਼ਹੂਰ ਹੈ। ਚੰਡੀਗੜ੍ਹ ਨੂੰ ਵੇਖਣ ਲਈ ਭਾਰਤ ਦੇ ਦੇ ਵਿਦੇਸ਼ ਦੇ ਲਗਭਗ ਹਰ ਕੋਨੇ ’ਚੋਂ ਟੂਰਿਸਟ ਆਉਂਦੇ ਹਨ। ਚੰਡੀਗੜ੍ਹ ਦੇ ਕੁਝ ਮੁੱਖ ਆਕਰਸ਼ਣ ਕੇਂਦਰ ਹਨ, ਜਿਨ੍ਹਾਂ ’ਚ ਰੌਕ ਗਾਰਡਨ, ਸੁਖਨਾ ਲੇਕ, ਸੈਕਟਰ 17, ਰੋਜ ਗਾਰਡਨ, ਪੰਜਾਬ ਯੂਨੀਵਰਸਿਟੀ ਤੇ ਹਾਲ ’ਚ ਖੁੱਲ੍ਹਿਆ ਐਲਾਂਟੇ ਮੌਲ ਮੁੱਖ ਹਨ। ਇਨ੍ਹਾਂ ਥਾਵਾਂ ਤੋਂ ਇਲਾਵਾ ਚੰਡੀਗੜ੍ਹ ’ਚ ਹੋਰ ਵੀ ਬਹੁਤ ਕੁਝ ਹੈ ਵੇਖਣ ਲਾਇਕ।
ਮੈਨੂੰ ਚੰਡੀਗੜ੍ਹ ਰਹਿੰਦੇ ਲਗਭਗ 13 ਸਾਲ ਹੋ ਗਏ। ਲਿਖਣਾ ਤਾਂ ਕੁਝ ਕੁ ਮਹੀਨੇ ਪਹਿਲਾਂ ਹੀ ਸ਼ੁਰੂ ਕੀਤਾ ਹੈ। ਇਸ ਲਈ ਕਦੇ ਇਸ ਵੱਲ ਧਿਆਨ ਹੀ ਨਹੀਂ ਗਿਆ ਕਿ ਚੰਡੀਗੜ੍ਹ ’ਚ ਪੈਂਦੇ ਮੀਂਹ ਬਾਰੇ ਕੁਝ ਲਿਖਾਂ। ਹਰਿਆ-ਭਰਿਆ ਤੇ ਪਹਾੜੀਆਂ ਦੇ ਨੇੜੇ ਹੋਣ ਕਰਕੇ ਚੰਡੀਗੜ੍ਹ ’ਚ ਮੀਂਹ ਵੀ ਪਹਿਲਾਂ ਕਾਫੀ ਪੈਂਦਾ ਸੀ। ਪਿਛਲੇ ਕੁਝ ਸਾਲਾਂ ਤੋਂ ਆਸੇ-ਪਾਸੇ ਦੇ ਖੇਤਰਾਂ ’ਚ ਹੋਏ ਬਦਲਾਅ ਕਰਕੇ ਹੁਣ ਚੰਡੀਗੜ੍ਹ ’ਚ ਮੀਂਹ ਪਹਿਲਾਂ ਵਾਂਗ ਨਹੀਂ ਪੈਂਦਾ। ਵੈਸੇ ਤਾਂ ਹੁਣ ਪੂਰੇ ਭਾਰਤ ’ਚ ਕਿਤੇ ਵੀ ਪਹਿਲਾਂ ਵਾਂਗ ਮੀਂਹ ਨਹੀਂ ਪੈਂਦਾ, ਜਿਵੇਂ ਪਹਿਲਾਂ ਝੜੀ ਲੱਗ ਜਾਂਦੀ ਸੀ। ਉਹ ਹਫਤਾ ਹਫਤਾ ਲੱਗੀ ਰਹਿੰਦੀ ਸੀ। ਹੁਣ ਤਾਂ ਮੀਂਹ ਵੀ 1-2 ਘੰਟੇ ਮੁਸ਼ਕਿਲ ਨਾਲ ਹੀ ਪੈਂਦਾ ਹੈ। ਹੁਣ ਤਾਂ ਚੰਡੀਗੜ੍ਹ ’ਚ ਵੀ ਪੰਜਾਬ ਦੇ ਹੋਰਨਾ ਰਾਜਾਂ ਵਾਂਗ ਹੀ ਕਦੇ ਕਦਾਈਂ ਹੀ ਮੀਂਹ ਪੈਂਦਾ ਹੈ।
ਸਾਉਣ ਮਹੀਨੇ ਭਾਰਤ ਦੇ ਹਰ ਹਿੱਸੇ ’ਚ ਮੀਂਹ ਪੈਂਦਾ ਹੈ ਪਰ ਚੰਡੀਗੜ੍ਹ ’ਚ ਮੀਂਹ ਵੀ ਸ਼ਇਦ ਆਪਣੀ ਮਰਜੀ ਨਾਲ ਹੀ ਪੈਂਦਾ ਹੈ। ਚੰਡੀਗੜ੍ਹ ’ਚ ਪੈਣ ਵਾਲੇ ਮੀਂਹ ਦੀ ਆਪਣੀ ਹੀ ਖ਼ਾਸੀਅਤ ਹੈ। ਕਿਉਂਕਿ ਇੱਥੇ ਮੀਂਹ ਵੀ ਸੈਕਟਰ ਅਨੁਸਾਰ ਹੀ ਪੈਂਦਾ ਹੈ। ਸ਼ਹਿਰ ਦੇ ਵਿਭਿੰਨ ਸੈਕਟਰਾਂ ’ਚ ਮੀਂਹ ਮੰਨੋ ਆਪਣੀ ਮਰਜੀ ਨਾਲ ਪੈਂਦਾ ਹੋਵੇ। ਜਦੋਂ ਮੀਂਹ ਪੈਂਦਾ ਹੈ ਤਾਂ ਕੁਝ ਸੈਕਟਰਾਂ ’ਚ ਤਾਂ ਚਾਰੇ ਪਾਸੇ ਪਾਣੀ-ਪਾਣੀ ਹੋ ਜਾਂਦਾ ਹੈ ਤੇ ਕਈ ਸੈਕਟਰ ਸੁੱਕੇ ਹੀ ਰਹਿ ਜਾਂਦੇ ਹਨ। ਕਈ ਲੋਕਾਂ ਨੂੰ ਤਾਂ ਸਵੇਰੇ ਅਖ਼ਬਾਰਾਂ ਦੀਆਂ ਫੋਟੋਆਂ ਵੇਖ ਕੇ ਪਤਾ ਲੱਗਦਾ ਹੈ ਕਿ ਚੰਡੀਗੜ੍ਹ ’ਚ ਫਲਾਨੇ ਸੈਕਟਰਾਂ ’ਚ ਭਾਰੀ ਮੀਂਹ ਪਿਆ ਸੀ। ਫਿਰ ਉਹ ਵਿਚਾਰੇ ਆਪਣੇ ਆਪ ਨੂੰ ਕੋਸਦੇ ਹਨ, ਕਿ ਅਸੀਂ ਕਿਹੜੇ ਪਾਪ ਕੀਤੇ ਨੇ ਜਿਹੜਾ ਸਾਡੇ ਸੈਕਟਰ ’ਚ ਮੀਂਹ ਨਹੀਂ ਪਿਆ।
ਮੈਂ ਸਵੇਰੇ 10 ਵਜੇ ਡਿਊਟੀ ’ਤੇ ਪਹੁੰਚਣਾ ਹੁੰਦਾ ਹੈ। ਮੈਂ ਸੈਕਟਰ 14 ਕੋਲ ਇੱਕ ਪਿੰਡ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਹਾਂ। ਮੇਰੇ ਘਰ ਤੋਂ ਮੇਰਾ ਦਫ਼ਤਰ ਲਗਭਗ 3-4 ਕਿਲੋਮੀਟਰ ਦੀ ਦੂਰੀ ’ਤੇ ਹੈ। ਕਈ ਵਾਰੀ ਸਾਡੇ ਖੇਤਰ ’ਚ ਕਾਫੀ ਮੀਂਹ ਪੈ ਰਿਹਾ ਹੁੰਦਾ ਹੈ ਤੇ ਮੇਰੇ ਦਫ਼ਤਰ ਫੋਨ ਕਰਨ ’ਤੇ ਪਤਾ ਲੱਗਦਾ ਹੈ ਕਿ ਉੱਥੇ ਤਾਂ ਮੀਂਹ ਦੀ ਬੂੰਦ ਵੀ ਨਹੀਂ ਪਈ। ਮਜ਼ਬੂਰੀ ਵੱਸ ਪੈਂਦੇ ਮੀਂਹ ’ਚ ਹੀ ਦਫ਼ਤਰ ਆਉਣਾ ਪੈਂਦਾ ਹੈ ਤੇ ਜਾਂ ਫਿਰ ਆਪਣੇ ਸਰ ਨੂੰ ਇਹ ਕਹਿਣਾ ਪੈਂਦਾ ਹੈ ਕਿ ਮੀਂਹ ਰੁਕਣ ਤੋਂ ਬਾਅਦ ਹੀ ਦਫ਼ਤਰ ਆਵਾਂਗਾ। ਸ਼ਾਮ ਨੂੰ ਪਾਰਟ ਟਾਈਮ ਨੌਕਰੀ ਲਈ ਮੈਂ ਮੋਹਾਲੀ ਜਾਣਾ ਹੁੰਦਾ ਹੈ। ਉੱਥੇ ਵੀ ਇਹੀ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਜਿਸ ਕਰਕੇ ਕਈ ਵਾਰ ਮੋਹਾਲੀ ਤੋਂ ਵੀ ਛੁੱਟੀ ਲੈਣੀ ਪੈਂਦੀ ਹੈ।
ਸਾਉਣ ਦੇ ਇਸ ਮਹੀਨੇ ’ਚ ਮੈਂ 5 ਵਾਰ ਪੈਂਦੇ ਮੀਂਹ ’ਚ ਸ਼ਾਮ ਵੇਲੇ ਮੋਹਾਲੀ ਤੋਂ ਛੁੱਟੀ ਕਰਕੇ ਘਰ ਵਾਪਿਸ ਆਇਆ ਹਾਂ। ਜਦੋਂ ਕਿ ਚੰਡੀਗੜ੍ਹ-ਮੋਹਾਲੀ ਦੀ ਹੱਦ ਦੇ ਨੇੜੇ ਮੀਂਹ ਬਿਲਕੁਲ ਵੀ ਨਹੀਂ ਹੁੰਦਾ। ਕਈ ਵਾਰ ਤਾਂ ਮੋਹਾਲੀ ਦਫ਼ਤਰ ਲਗਭਗ 30 ਮਿੰਟ ਉਡੀਕ ਕਰਨ ਤੋਂ ਬਾਅਦ ਪੈਂਦੇ ਮੀਂਹ ’ਚ ਹੀ ਚੱਲਣਾ ਪੈਂਦਾ ਹੈ, ਕਿਉਂਕਿ ਮੀਂਹ ਤਾਂ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੁੰਦਾ। ਜਦੋਂ ਵੀ ਮੋਹਾਲੀ ਮੀਂਹ ਪੈ ਰਿਹਾ ਹੁੰਦਾ ਹੈ, ਮੈਂ ਪਹਿਲਾਂ ਤਾਂ ਘਰ ਮੇਰੇ ਨਾਲ ਰਹਿ ਰਹੇ ਮੁੰਡੇ ਨੂੰ ਫੋਨ ਕਰਕੇ ਪੁੱਛਦਾ ਹੁੰਦਾ ਕਿ ਯਾਰ ਮੀਂਹ ਤਾਂ ਨਹੀਂ ਪੈ ਰਿਹਾ, ਅੱਗੋਂ ਉਸਦਾ ਜਵਾਬ ਹੁੰਦਾ ਇੱਥੇ ਤਾਂ ਬਾਈ ਸੋਕਾ ਪਿਆ ਹੋਇਆ। ਫੇਰ 41 ਸੈਕਟਰ ਇੱਕ ਦੋਸਤ ਨੂੰ ਪੁੱਛਦਾ ਹੁੰਦਾ, ਉਸਦਾ ਵੀ ਇਹੋ ਜਵਾਬ ਹੁੰਦਾ। ਮਜ਼ਬੂਰੀ ਵੱਸ ਵਰ੍ਹਦੇ ਮੀਂਹ ’ਚ ਹੀ ਘਰ ਆਉਣਾ ਪੈਂਦਾ ਹੈ।
ਪਿੱਛੇ ਜਿਹੇ ਮੈਂ ਚੰਡੀਗੜ੍ਹ ਆਪਣੇ ਦਫ਼ਤਰ ਬੈਠਾ ਕੰਮ ਕਰ ਰਿਹਾ ਸੀ। ਇੱਥੋਂ ਛੁੱਟੀ ਹੋਣ ਤੋਂ ਪਹਿਲਾਂ ਮੀਂਹ ਪੈਣਾ ਸ਼ੁਰੂ ਹੋ ਗਿਆ। ਮੈਂ ਸੋਚਿਆ ਚੱਲਦੇ ਬੱਦਲਾਂ ਦੀਆਂ ਕਣੀਆਂ ਨੇ ਥੋੜ੍ਹੀ ਦੇਰ ਤੱਕ ਰੁਕ ਜਾਣਗੀਆਂ। ਪਰ 6 ਵਜੇ ਤੱਕ ਮੀਂਹ ਨਹੀਂ ਰੁਕਿਆ। ਮੈਂ ਆਪਣੇ ਮੋਹਾਲੀ ਦਫ਼ਤਰ ਫੋਨ ਕੀਤਾ ਕਿ ਮੀਂਹ ਤਾਂ ਨਹੀਂ ਪੈ ਰਿਹਾ, ਉਨ੍ਹਾਂ ਨੇ ਕਿਹਾ ਇੱਥੇ ਥਾਂ ਇੱਕ ਬੂੰਦ ਵੀ ਨਹੀਂ ਡਿੱਗੀ। ਮੇਰੇ ਚੰਡੀਗੜ੍ਹ ਦਫ਼ਤਰ ਤੋਂ ਮੋਹਾਲੀ ਵਾਲਾ ਦਫ਼ਤਰ ਲਗਭਗ 7 ਕਿਲੋਮੀਟਰ ਦੂਰੀ ’ਤੇ ਹੈ। ਉਸ ਦਿਨ ਚੰਡੀਗੜ੍ਹ ਵਾਲੇ ਦਫ਼ਤਰ ’ਚ ਮੈਂ ਲਗਭਗ 1.30 ਘੰਟਾ ਬੈਠਾ ਰਿਹਾ ਪਰ ਮੀਂਹ ਨਹੀਂ ਰੁਕਿਆ ਤੇ ਮੋਹਾਲੀ ਇੱਕ ਬੂੰਦ ਵੀ ਨਹੀਂ ਡਿੱਗੀ। ਮਜ਼ਬੂਰੀ ਵੱਸ ਮੈਨੂੰ ਆਪਣੇ ਚੰਡੀਗੜ੍ਹ ਦੇ ਦਫ਼ਤਰ ’ਚੋਂ ਵੀ ਮੀਂਹ ’ਚ ਹੀ ਘਰ ਜਾਣਾ ਪਿਆ।
ਚੰਡੀਗੜ੍ਹ ’ਚ ਪੈਣ ਵਾਲੇ ਮੀਂਹ ਕਰਕੇ ਕਈ ਵਾਰ ਲੋਕ ਆਪਣੇ ਘਰੋਂ ਆਪਣੇ ਕੰਮਾਂ ਕਾਰਾਂ ’ਤੇ ਘਰੋਂ ਤਾਂ ਬਿਲਕੁਲ ਸਾਫ ਮੌਸਮ ’ਚ ਤੁਰਦੇ ਨੇ ਪਰ 2-4 ਕਿਲੋਮੀਟਰ ਜਾਣ ’ਤੇ ਉਨ੍ਹਾਂ ਨੂੰ ਜਾਂ ਤਾਂ ਕਿਸੇ ਦਰਖਤ ਤੇ ਜਾਂ ਕਿਸੇ ਇਮਾਰਤ ਦਾ ਸਹਾਰਾ ਲੈਣਾ ਪੈਂਦਾ ਹੈ। ਕਿਉਂਕਿ ਰਸਤੇ ’ਚ ਮੀਂਹ ਪੈ ਰਿਹਾ ਹੁੰਦਾ ਹੈ। ਕਈ ਵਾਰ ਤਾਂ ਲੋਕ ਮੀਂਹ ’ਚ ਭਿੱਜ ਕੇ ਦਫ਼ਤਰ ਪਹੁੰਚਦੇ ਹਨ ਤੇ ਜਾਂ ਫਿਰ ਭਿੱਜੇ ਹੋਏ ਘਰ ਵਾਪਿਸ ਆ ਜਾਂਦੇ ਹਨ। ਫਿਰ ਘਰੋਂ ਕੱਪੜੇ ਬਦਲ ਕੇ ਦਫ਼ਤਰ ਨੂੰ ਜਾਂਦੇ ਹਨ।
ਸੰਦੀਪ ਜੈਤੋਈ
81465-73901


0 comments:
Speak up your mind
Tell us what you're thinking... !