Headlines News :
Home » » ਮਨੁੱਖੀ ਨਜ਼ਰੀਏ ਦਾ ਵਖਰੇਵਾਂ-ਰਮੇਸ਼ ਬੱਗਾ ਚੋਹਲਾ

ਮਨੁੱਖੀ ਨਜ਼ਰੀਏ ਦਾ ਵਖਰੇਵਾਂ-ਰਮੇਸ਼ ਬੱਗਾ ਚੋਹਲਾ

Written By Unknown on Monday, 19 August 2013 | 03:36

           ਪਾਣੀ ਦਾ ਅੱਧਾ ਭਰਿਆ ਜਾਂ ਅੱਧਾ ਖਾਲੀ ਗਿਲਾਸ ਮਨੁੱਖੀ ਸੋਚ ਦੀ ਹਾਂ-ਪੱਖੀ ਜਾਂ ਨਾਂਹ ਪੱਖੀ ਪਹੁੰਚ ਨਾਲ ਸਿੱਧੇ ਰੂਪ ਵਿਚ ਜੁੜਿਆ ਹੋਇਆ ਹੈ। ਇਹ ਪਹੁੰਚ ਕਿਸੇ ਵੀ ਵਿਅਕਤੀ ਦੇ ਵਿਅਕਤੀਤੱਵ ਦਾ ਇੱਕ ਅਹਿਮ ਹਿੱਸਾ ਹੁੰਦੀ ਹੈ। ਜੇਕਰ ਕੋਈ ਵਿਅਕਤੀ ਆਪਣੇ ਜੀਵਨ ਵਿਚ ਨਾਕਾਰਾਤਮਕ ਵਿਚਾਰਧਾਰਾ ਦਾ ਧਾਰਨੀ ਹੋਵੇਗਾ ਤਾਂ ਉਸ ਦੀ ਜ਼ਿੰਦਗੀ ਦੇ ਪ੍ਰਤੀ ਪਹੁੰਚ ਵੀ ਨੈਗਟਿਵ ਹੀ ਹੋਵੇਗੀ ਅਤੇ ਉਹ ਪਾਣੀ ਦੇ ਅੱਧ-ਭਰੇ ਹੋਏ ਗਿਲਾਸ ਤੋਂ ਕੋਈ ਅਗਾਂਹਵਧੂ ਪ੍ਰੇਰਨਾ ਨਹੀਂ ਲੈ ਸਕੇਗਾ। ਅਜਿਹਾ ਮਨੁੱਖ ਫਸੀ ਹੋਈ ਨੂੰ ਛੱਡ ਕੇ ਉੱਡਦੀ ਦੇ ਪਿੱਛੇ ਲੱਗਾ ਰਹਿਣ ਵਾਲਾ ਹੁੰਦਾ ਹੈ। ਅਜਿਹੇ ਮਨੁੱਖ ਦੀ ਸੰਤੁਸ਼ਟੀ ਦਾ ਪੱਧਰ ਬਹੁਤ ਹੀ ਨੀਵਾਂ ਹੁੰਦਾ ਹੈ ਅਤੇ ਇਸ ਨੀਵਾਣ ਦੇ ਕਾਰਨ ਉਹ ਭਟਕਣ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਇਹ ਭਟਕਣ ਜਿਥੇ ਉਸ ਦੇ ਜੀਵਨ ਵਿਚ ਅਸਥਿਰਤਾ ਪੈਦਾ ਕਰਦੀ ਹੈ ਉਥੇ ਉਸ ਨੂੰ ਨਿਰਾਸ਼ਾ ਦੀਆਂ ਡੂੰਘੀਆਂ ਖਾਈਆਂ ਵਿਚ ਵੀ ਧਕੇਲਦੀ ਹੈ। ਅਜਿਹੀ ਸੂਰਤ-ਏ-ਹਾਲ ਉਸ ਮਨੁੱਖ ਨੂੰ ਉਸ ਦੇ ਜੀਵਨ-ਮਨੋਰਥ ਦੀ ਪ੍ਰਾਪਤੀ ਤੋਂ ਵਾਝਿਆਂ ਕਰੀ ਰੱਖਦੀ ਹੈ। ਪਾਣੀ ਦਾ ਭਰਿਆ ਹੋਇਆ ਅੱਧਾ ਗਿਲਾਸ ਅਜਿਹੇ ਬਸ਼ਰ ਲਈ ਕੋਈ ਬਹੁਤਾ ਪ੍ਰਰੇਨਦਾਇਕ ਸਾਬਤ ਨਹੀਂ ਹੁੰਦਾ। ਉਸ ਦੀ ਸੁਰ ਹਮੇਸ਼ਾਂ ਹੀ ਨਿਰਾਸ਼ਾਵਾਦੀ ਹੁੰਦੀ ਹੈ। ਗਿਲਾਸ ਦੇ ਸੱਖਣੇਪਨ ਨੂੰ ਦੇਖ ਕੇ ਅਜਿਹਾ ਜੀਊੜਾ ਸਦਾ ਹੀ ਝੂਰਦਾ ਅਤੇ ਘੂਰਦਾ ਰਹਿੰਦਾ ਹੈ।                                                                                       ਦੂਸਰੇ ਪਾਸੇ ਸਮਾਜ ਵਿਚ ਕਈ ਅਜਿਹੇ ਵਿਅਕਤੀ ਵੀ ਮਿਲ ਜਾਂਦੇ ਹਨ ਜਿਹੜੇ ਪਾਣੀ ਦੇ ਅੱਧੇ ਭਰੇ ਹੋਏ ਗਿਲਾਸ ਨੂੰ ਆਸ਼ਾਵਾਦੀ ਜ਼ਾਵੀਏ ਤੋਂ ਤੱਕਦੇ ਹਨ ਅਤੇ ਹਮੇਸ਼ਾਂ ਆਪਣੀ ਚੜ੍ਹਦੀਕਲਾ ਦਾ ਸਬੂਤ ਦਿੰਦੇ ਹਨ। ਇਸ ਵਰਗ ਦੇ ਵਿਅਕਤੀ ਭਰੇ ਹੋਏ ਅੱਧੇ ਗਿਲਾਸ ਤੋਂ ਉਤਸ਼ਾਹਿਤ ਹੋ ਕੇ ਗਿਲਾਸ ਦੇ ਊਣੇਪਨ ਨੂੰ ਭਰਪੂਰ ਕਰਨ ਹਿੱਤ ਯਤਨਸ਼ੀਲ ਬਣੇ ਰਹਿੰਦੇ ਹਨ। ਆਪਣੀ ਯਤਨਸ਼ੀਲਤਾ ਅਤੇ ਵਿਸ਼ੇਸ਼ ਲਗਨ ਸਦਕਾ ਇਹ ਨੇਕਬਫ਼ਤ ਆਪਣੀ ਹਯਾਤੀ ਦੇ ਵਾਧੇ-ਘਾਟੇ ਵਿਚ ਸਮਤੋਲ ਬਣੀ ਰੱਖਦੇ ਹਨ। ਇਸ ਸਮਤੋਲ ਕਾਰਨ ਹੀ ਉਹ ਆਪਣੇ ਜੀਵਨ ਵਿਚ ਆਉਣ ਵਾਲੇ ਉਤਰਾਵਾਂ-ਚੜ੍ਹਾਵਾਂ ਪ੍ਰਤੀ ਬਹੁਤੇ ਉਦਾਸ ਜਾਂ ਹੁਲਾਸ ਨਹੀਂ ਹੁੰਦੇ। ਆਪਣੇ ਸਮਸਰਤਾ ਵਾਲੇ ਦ੍ਰਿਸ਼ਟੀਕੋਣ ਕਾਰਨ ਇਹ ਪੁਰਖ, ਪੁਰਖ ਤੋਂ ਮਹਾਂਪੁਰਖ ਹੋ ਨਿਬੜਦੇ ਹਨ ਕਿਉਂਕਿ ਇਨ੍ਹਾਂ ਦਾ ਸੁਭਾਅ ਸਦਾ ਸ਼ੁਕਰਗੁਜ਼ਾਰੀ ਵਾਲਾ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਸੁਭਾਅ ਦੀ ਮਾਲਕੀਅਤ ਵਾਲਾ ਮਨੁੱਖ ਕਦੇ ਵੀ ਵਹਿਗੁਰੂ ਦੇ ਵਰਤਾਰਿਆਂ ਉਪਰ ਕਿੰਤੂ-ਪ੍ਰੰਤੂ ਨਹੀਂ ਕਰਦਾ, ਸਗੋਂ ਉਸ ਦੀ ਰਜ਼ਾ ਵਿਚ ਰਾਜੀ ਰਹਿ ਕੇ ਆਪਣੇ ਲੋਕ-ਪ੍ਰਲੋਕ ਨੂੰ ਸੁਹੇਲਾ ਬਣਾਉਣ ਲਈ ਤੱਤਪਰ ਰਹਿੰਦਾ ਹੈ।                                                                                      
ਪਾਣੀ ਦਾ ਅੱਧਾ ਭਰਿਆ ਹੋਇਆ ਗਿਲਾਸ ਕਿਸੇ ਵਿਅਕਤੀ ਦੇ ਸੰਤੋਖੀ ਸੁਭਾਅ ਦੀ ਵੀ ਬਾਤ ਪਾਉਂਦਾ ਹੈ। ਇਹ ਬਾਤ ਮਨੁੱਖ ਨੂੰ ਥੋੜ੍ਹੇ ਨੂੰ ਬਹੁਤਾ ਕਰਕੇ ਜਾਣਨ ਦੀ ਜੀਵਨ-ਜਾਚ ਸਿਖਾਉਂਦੀ ਹੈ। ਇਸ ਤਰ੍ਹਾਂ ਦੀ ਜੀਵਨ-ਜਾਚ ਦੀ ਹੀ ਪ੍ਰਤੀ ਨਿਧਤਾ ਕਰਦੇ ਰਹੇ ਹਨ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਵਿਚ ਮੁੱਠੀ ਭਰ ਮਰਜੀਵੜਿਆਂ (ਸਿੰਘਾਂ) ਨੂੰ ਨਾਲ ਲੈ ਕੈ ਵੈਰੀਆਂ ਦੇ ਟਿੱਡੀ-ਦਲ ਨੂੰ ਮਾਤ ਦਿੰਦੇ ਰਹੇ ਹਨ। ਇਥੇ ਹੀ ਬੱਸ ਨਹੀਂ ਉਨ੍ਹਾਂ ਨੇ ਆਪਣਾ ਸਭ ਕੁੱਝ ਨਿਛਾਵਰ ਕਰਕੇ ਵੀ ਆਪਣੇ ਮਿੱਤਰ-ਪਿਆਰੇ (ਅਕਾਲ ਪੁਰਖ) ਨਾਲ ਕਦੇ ਕੋਈ ਗ਼ਿਲਾ-ਸ਼ਿਕਵਾ ਨਹੀਂ ਕੀਤਾ।                                                                               ਸੋ ਅੰਤ ਵਿਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਪਾਣੀ ਦੇ ਅੱਧੇ ਭਰੇ ਹੋਏ ਗਿਲਾਸ ਤੋਂ ਸਾਨੂੰ ਸਦਾ ਹੀ ਧਨਾਤਮਕ ਪ੍ਰੇਰਣਾ ਮਿਲਦੀ ਰਹੇਗੀ ਪਰ ਜੇਕਰ ਸਾਡੀ ਮਾਨਸਿਕ ਅਵਸਥਾ ਇਸ ਦੇ ਹਾਣ ਦੀ ਬਣੀ ਰਹੇਗੀ। ਇਸ ਦੇ ਉਲਟ ਜੇਕਰ ਸਾਡੀ ਮਨੋਸਥਿਤੀ ਰਿਣਾਤਮਕ ਬਣੀ ਰਹੇਗੀ ਤਾਂ ਸਾਡੀ ਲੋਇਣ ਵੀ ਵਧੇਰਾ ਸਮਾਂ ਪਾਣੀ ਦੇ ਗਿਲਾਸ ਦੇ ਖਾਲੀਪਣ ਉਪਰ ਹੀ ਠਹਿਰੀ ਰਹੇਗੀ।                                                                                                                                      
  ਰਮੇਸ਼ ਬੱਗਾ ਚੋਹਲਾ 
# 1348/17/1
 ਗਲੀ ਨੰ: 8
 ਹੈਬੋਵਾਲ ਖੁਰਦ (ਲੁਧਿਆਣਾ)
 ਮੋਬ: 9463132719

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template