ਉੱਚੇ ਪਰਬਤ ਅਤੇ ਅਸਮਾਨ ਛੂੰਹਦੀਆਂ ਪਹਾੜਾਂ ਦੀਆਂ ਚੋਟੀਆਂ ਦੇ ਨਾਮ ਨਾਲ ਪ੍ਰਸਿੱਧ ਹੈ ਭਾਵੇਂ ਹਿਮਾਚਲ ਪ੍ਰਦੇਸ ਪਰੰਤੂ ਦੇਵੀ ਦੇਵਤੀਆਂ ਦੀ ਚਰਨ ਛੋਹ ਪ੍ਰਾਪਤ ਵੀ ਹੈ। ਸੋਲਨ ਜ਼ਿਲ੍ਹੇ ਦੀ ਤਹਿਸੀਲ ਅਰਕੀ ਦਾ ਪਿੰਡ ਬਾਤਲ ਜੋ ਕਿ ਹਿਮਾਚਲ ਪ੍ਰਦੇਸ ਦਾ ਸਭ ਤੋ ਵੱਡਾ ਪਿੰਡ ਹੈ। ਇਸ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਬਨੈੜੀ (ਮੀਆਂਪੁਰ) ਪਿੰਡ ਹੈ ਜਿਸ ਦੇ ਵਿਚੋਂ ਦੀ ਲੰਘਦੀ ਸੜਕ ਹਰੇ ਭਰੇ ਜੰਗਲਾਂ ਦੀ ਹੁੰਦੀ ਹੋਈ ਭਗਵਾਨ ਸ਼ਿਵ ਦਾ ਘਰ ਕਹੇ ਜਾਣ ਵਾਲੇ ਧਾਰਮਿਕ ਅਸਥਾਨ ਜੋ ਲੋਟਰੂ ਮਹਾਂਦੇਵ ਦੇ ਨਾਂ ਨਾਲ ਪ੍ਰਸਿੱਧ ਹੈ। ਪਹਾੜ ਦੇ ਸਿਖਰ ਤੇ ਸਸੋਭਿਤ ਇਹ ਸਥਾਨ ਇੱਕ ਗੁਫ਼ਾ ਹੈ ਜੋ ਪਹਾੜ ਦੇ ਸਿਰ ਤੋਂ ਉਪਰੋਂ ਖੂਬੀ ਹੈ। ਜਿਸ ਰਾਹੀਂ ਹਵਾ ਤੇ ਰੋਸ਼ਨੀ ਤਾਂ ਆਉਂਦੀ ਹੀ ਹੈ ਤੇ ਵਰਖਾ ਸਮੇਂ ਮੀਂਹ ਪੈਂਦਾ ਬੜਾ ਅਲੋਕਿਕ ਲੱਗਦਾ ਹੈ। ਭਾਰਤ ਦੇਸ਼ ਵਿੱਚ ਸ਼ਿਵ ਸ਼ੰਕਰ ਭਗਵਾਨ ਦੇ 12 ਜਯੋਤੀ ਲਿੰਗ ਅਤੇ ਕਈ ਸ਼ਿਵਾਲਿਆਂ ਅਤੇ ਕਈ ਸ਼ਿਵ ਮੰਦਰ ਸਥਾਪਿਤ ਹਨ। ਕਿਹਾ ਜਾਂਦਾ ਹੈ ਕਾਂਸ਼ੀ ਬਨਾਰਸ ਤੋਂ ਲੈ ਕਿ ਕੈਲਾਸ਼ ਤੱਕ ਹਰ ਥਾਂ ਸ਼ਿਵ ਭੋਲੇ ਦਾ ਨਿਵਾਸ ਹੈ। ਪ੍ਰਾਚੀਨ ਸਮੇਂ ਵਿੱਚ ਦਰਜਨਾਂ ਰਿਸ਼ੀਆਂ ਮੁਨੀਆ ਨੇ ਭਗਵਾਨ ਸ਼ਿਵ ਜੀ ਅਰਾਧਨਾ ਕੀਤੀ ਇਥੇ ਸ਼ਿਵ ਭਗਵਾਨ ਆਪਣੇ ਕੁਝ ਸਮਾਂ ਰਹਿਣ ਦੇ ਪ੍ਰਮਾਣ ਦਿੱਤੇ ਹਨ। ਇੱਥੇ ਇਹ ਦੱਸਣ ਦੀ ਜਰੂਰਤ ਤਾਂ ਨਹੀਂ ਕਿ ਇਸ ਦੁਨੀਆਂ ਨੂੰ ਚਲਾਉਣ ਵਾਲੇ ਅਤੇ ਖਤਮ ਕਰਨ ਵਾਲੇ ਸ਼ਿਵ ਸ਼ੰਕਰ ਹਨ। ਪਰੰਤੂ ਇੱਥੇ ਦੁਨੀਆਂ ਤੇ ਉਹਨਾਂ ਦੇ ਹੋਣ ਦੇ ਕਰੋੜਾਂ ਸਬੂਤ ਮਿਲਦੇ ਹਨ। ਇਸ ਲੋਟਰੂ ਮਹਾਂਦੇਵ ਮੰਦਰ ਦੀ ਇਸ ਗੁਫ਼ਾ ਵਿੱਚ ਜੋ ਸ਼ਿਵ ਦੀ ਪਿੰਡੀ ਹੈ ਉਸ ਦੇ ਨੇੜੇ ਭਾਵੇਂ ਪਾਣੀ ਦਾ ਕੋਈ ਪ੍ਰਬੰਧ ਨਹੀਂ, ਪਰ ਫਿਰ ਵੀ ਇਸ ਚਮਤਕਾਰੀ ਪਿੰਡੀ ਤੇ ਸ਼ਿਵਾਲਿੰਗ ਦੇ ਉਪਰ ਕਲਸ਼ ਵਿੱਚ ਹਰ ਕੁਝ ਮਿੰਟ ਬਾਦ ਪਾਣੀ ਦੀ ਇੱਕ ਬੂੰਦ ਲਗਾਤਾਰ ਗਿਰਦੀ ਰਹਿੰਦੀ ਹੈ ਜੋ ਇੱਕ ਖਮਣੀ ਵਾਲੇ ਧਾਗੇ ਉਤੋਂ ਹੋ ਕਿ ਸ਼ੇਸ਼ਨਾਗ ਦੇ ਸਿਰ ਉਪਰ ਹੋ ਕੇ ਸ਼ਿਵਲਿੰਗ ਤੇ ਪੈਂਦੀ ਹੈ। ਇਸ ਗੁਫ਼ਾ ਵਿੱਚ ਕਈ ਚਮਤਕਾਰੀ ਮੂਰਤੀਆਂ ਆਪਣੇ ਆਪ ਪੱਥਰਾਂ ਤੇ ਪ੍ਰਗਟ ਹੋਈਆਂ ਹਨ। ਜਿਵੇਂ ਹਨੂੰਮਾਨ ਜੀ ਦੀ ਮੂਰਤੀ, ਮਾਤਾ ਦੀ ਮੂਰਤੀ ਅਤੇ ਗਣੇਸ਼ ਜੀ ਦੀ ਮੂਰਤੀ ਆਦਿ ਮੂਰਤੀਆਂ ਮੰਦਰ ਦੀ ਦਿਖ ਅਤੇ ਭਗਵਾਨ ਦੀ ਹੋਂਦ ਨੂੰ ਪ੍ਰਗਟ ਕਰਦੀਆਂ ਹਨ। ਇਸ ਮੰਦਿਰ ਦੇ ਦਰਵਾਜ਼ੇ ਤੋਂ ਆਲੇ ਦੁਆਲੇ ਦੇਖਦੇ ਸਮੇਂ ਬੜਾ ਹੀ ਮਨਮੋਹਕ ਦ੍ਰਿਸ਼ ਦਿਖਦੇ ਹਨ ਜਿਨ੍ਹਾਂ ਵਿੱਚ ਹਰੇ ਭਰੇ ਜੰਗਲ ਅਤੇ ਪਹਾੜੀਆਂ ਬੜੀਆਂ ਹੀ ਸੁੰਦਰ ਲੱਗਦੀਆਂ ਹਨ। ਇਕ ਵਾਰ ਤਾਂ ਜੰਨਤ ਦਾ ਨਜ਼ਾਰਾ ਆਉਂਦਾ ਹੈ।
ਇਸ ਮੰਦਿਰ ਵਿੱਚ ਬਣੇ ਧੂਣੇ ਦੀ ਰਾਖ ਮਸਤਿਕ ਦੇ ਲਗਾਉਣ ਤੋਂ ਬਾਦ ਅਗਰ ਭਗਤ ਦੀ ਕੋਈ ਮਨੋਕਾਮਨਾ ਹੁੰਦੀ ਹੈ ਤਾਂ ਮੰਨਿਆ ਜਾਂਦਾ ਉਹ ਤਰੁੰਤ ਪੂਰੀ ਹੋ ਜਾਂਦੀ ਹੈ। ਇਥੇ ਬਰਮਲੀਨ ਸ਼੍ਰੀ ਸ਼੍ਰੀ 1008 ਭਾਸਕਰਨੰਦ ਸੁਆਮੀ ਜੀ ਮਹਾਰਾਜ ਨੇ ਇਸ ਮੰਦਿਰ ਵਿਚ ਲੰਮੇ ਸਮੇਂ ਤੱਕ ਤਪੱਸਿਆ ਕੀਤੀ। ਇਥੇ ਹੀ ਉਹਨਾਂ ਦੀ ਸਮਾਧੀ ਵੀ ਸਥਿਤ ਹੈ। ਦੱਸਿਆ ਜਾਂਦਾ ਹੈ ਕਿ ਗੁਰੂ ਜੀ ਪਹਿਲਾ ਭਾਖੜਾ ਬੰਨ ਤੇ ਇੰਜੀਨੀਅਰ ਦੇ ਤੌਰ ’ਤੇ ਉਥੇ ਕੰਮ ਕਰਦੇ ਸਨ। ਆਪਣੇ ਦ੍ਰਿੜ ਸੰਕਲਪ ਦੇ ਕਾਰਨ ਉਹਨਾਂ ਨੇ ਗਹ੍ਰਿਸਿਥ ਜੀਵਨ ਛੱਡ ਕਿ ਇਸ ਮੰਦਰ ਵਿੱਚ ਤੱਪਸਿਆ ਆਰੰਭ ਕੀਤੀ। ਪਹਿਲਾਂ ਇਸ ਗੁਫ਼ਾ ਬਾਰੇ ਦੱਸਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਵਿਆਹ ਦਾ ਵਿਚਾਰ ਲਿਆ ਤਾਂ ਸਭ 33 ਕਰੋੜ ਦੇਵੀ ਦੇਵਤਾ ਕੈਲਾਸ਼ ਵਿਆਹ ਵਿੱਚ ਸ਼ਾਮਲ ਹੋਣ ਆ ਗਏ। ਧਰਤੀ ਦਾ ਭਾਰ ਸੰਤੁਲਨ ਵਿਗੜ ਗਿਆ। ਇਸ ਲਈ ਸ਼ਿਵ ਸ਼ੰਕਰ ਨੇ ਇਸ ਗੁਫ਼ਾ ਵਿੱਚ ਤਪ ਕਰ ਰਹੇ ਅਗਸਤ ਰਿਸ਼ੀ ਨੂੰ ਦੱਖਣ ਦਿਸ਼ਾ ਵੱਲ ਭੇਜ ਦਿੱਤਾ। ਤਾਂ ਕਿ ਧਰਤੀ ਦਾ ਸੰਤੁਲਨ ਠੀਕ ਰਹੇ। ਕੁਝ ਸਮਾਂ ਸ਼ਿਵ ਇਸ ਗੁਫ਼ਾ ਵਿੱਚ ਆਪਣਾ ਘਰ ਬਣਾਇਆ ਇਸ ਗੁਫ਼ਾ ਦਾ ਅਕਾਰ ਇੱਕ ਘਰ ਵਾਂਗ ਹੈ ਪਾਂਡਵਾਂ ਨੇ ਵੀ ਬਨਵਾਸ ਸਮੇਂ ਕੁਝ ਸਮਾਂ ਇਥੇ ਗੁਜ਼ਾਰਿਆ। ਇਸ ਗੁਫ਼ਾ ਦੇ ਮਿਲਣ ਨਾਲ ਇੱਕ ਪੁਰਾਤਨ ਕਥਾ ਜੁੜੀ ਹੋਈ ਹੈ ਕਿ ਇਥੇ ਕੋਈ ਆਜੜੀ ਆਪਣੀਆਂ ਬੱਕਰੀਆਂ, ਭੇਡਾਂ ਤੇ ਗਾਵਾਂ ਚਾਰਨ ਆਉਂਦਾ ਸੀ । ਇਕ ਗਾਂ ਹਮੇਸ਼ਾ ਉਸ ਵੱਗ ਤੋਂ ਵੱਖ ਹੋ ਕਿ ਇਸ ਮੰਦਰ ਵਿਚ ਆਉਂਦੀ ਤੇ ਸ਼ਿਵ ਪਿੰਡੀ ਕੋਲ ਖੜ੍ਹ ਜਾਂਦੀ ਤਾਂ ਉਸ ਦੇ ਥਣਾਂ ਤੋਂ ਆਪਣੇ ਆਪ ਦੁੱਧ ਚੌਂਦਾ ਰਹਿੰਦਾ ਅਤੇ ਕੁਝ ਸਮੇਂ ਬਾਦ ਵਾਪਸ ਚਲੀ ਜਾਂਦੀ। ਜਦੋਂ ਆਜੜੀ ਸ਼ਾਮ ਨੂੰ ਦੁੱਧ ਚੌਂਦਾ ਤਾਂ ਗਾਂ ਦੇ ਥਣਾਂ ਚੋਂ ਦੁੱਧ ਨਹੀਂ ਸੀ ਆਉਂਦਾ। ਹਰ ਰੋਜ਼ ਇੰਝ ਹੀ ਹੁੰਦਾ। ਇਕ ਦਿਨ ਆਜੜੀ ਵੀ ਉਸ ਦੇ ਪਿੱਛੇ ਮੰਦਰ ਵਿਚ ਚਲਾ ਗਿਆ ਜਦੋਂ ਉਸ ਨੇ ਇਹ ਨਜ਼ਾਰਾ ਦੇਖਿਆ ਤਾਂ ਹੈਰਾਨ ਰਹਿ ਗਿਆ। ਉਥੇ ਬੈਠੇ ਤੱਪਸਿਆ ਕਰ ਰਹੇ ਰਿਸ਼ੀਆਂ ਨੇ ਉਸ ਨੂੰ ਇਸ ਕੌਤਕ ਬਾਰੇ ਕਿਸੇ ਨੂੰ ਨਾ ਦੱਸਣ ਲਈ ਕਿਹਾ ਤੇ ਉਹਨਾਂ ਨੇ ਧੂਣੇ ਵਿਚੋਂ ਕੱਢ ਕਿ ਕੁਝ ਅੱਧ ਕੱਚੇ ਚੌਲ ਤੇ ਰਾਖ ਦਿੱਤੀ ਤੇ ਵਰ ਦਿੰਦਿਆਂ ਕਿਹਾ ਇਸ ਨਾਲ ਤੇਰੀ ਸਾਰੀ ਗਰੀਬੀ ਖ਼ਤਮ ਹੋ ਜਾਉ। ਇਸ ਨੂੰ ਸੰਭਾਲ ਕਿ ਰੱਖੀ ਪਰੰਤੂ ਆਜੜੀ ਨੇ ਉਹ ਤੇਜ਼ੀ ਨਾਲ ਚੱਲ ਰਹੀ ਹਵਾ ਵਿਚ ਉਡਾ ਦਿੱਤੀ, ਕੁਝ ਦਾਣੇ ਚੌਲਾਂ ਦੇ ਉਸ ਦੀ ਜੇਬ ਵਿਚ ਰਹਿ ਗਏ। ਜਦੋਂ ਦੂਜੇ ਦਿਨ ਸਵੇਰੇ ਉਠਿਆ ਆਪਣਾ ਕੁੜਤਾ ਝਾੜਿਆ ਤਾਂ ਦੇਖ ਕਿ ਅਚੰਬਤ ਹੋ ਗਿਆ ਕਿਉਂਕਿ ਉਹ ਚੌਲਾਂ ਦੇ ਦਾਣੇ ਹੁਣ ਸੋਨੇ ਦੇ ਬਣ ਚੁੱਕੇ ਸਨ। ਆਜੜੀ ਨੂੰ ਆਪਣੀ ਕੀਤੀ ਗਲਤੀ ਤੇ ਪਛਤਾਵਾ ਹੋ ਰਿਹਾ ਸੀ। ਉਹ ਉਸੇ ਸਮੇਂ ਫਿਰ ਰਿਸ਼ੀਆਂ ਕੋਲ ਗਿਆ ਪਰੰਤੂ ਹੁਣ ਉਥੇ ਕੋਈ ਰਿਸ਼ੀ ਨਹੀਂ ਸੀ। ਉਸ ਤੋਂ ਬਾਦ ਹੀ ਇਹ ਗੁਫ਼ਾ ਹੌਲੀ ਹੌਲੀ ਪ੍ਰਸਿੱਧ ਹੋਣ ਲੱਗੀ। ਲੋਕਾਂ ਦੀਆਂ ਜਿਉਂ ਜਿਉਂ ਮੰਨਤਾਂ ਪੂਰੀਆਂ ਹੋਣ ਲੱਗੀਆਂ ਇਥੇ ਆ ਕੇ ਸੁਖ-ਸ਼ਾਂਤੀ ਲਈ ਜੋ ਮੰਨਤ ਮੰਨਦੇ ਹਨ। ਉਹ ਹਮੇਸ਼ਾ ਪੂਰੀ ਹੋ ਜਾਂਦੀ ਹੈ। ਗੁਰੂ ਜੀ ਰਾਮ ਕਿਰਪਾਲ ਭਾਰਤੀ ਜੀ, ਸਵਾਮੀ ਹਸਮੁਖ ਨੰਦ ਜੀ ਦੇ ਅਨੇਕਾਂ ਭਗਤ ਉਹਨਾਂ ਦੇ ਦਰਸ਼ਨ ਪ੍ਰਾਪਤ ਕਰਦੇ ਹਨ ਉਹਨਾਂ ਦੇ ਅਸ਼ੀਰਵਾਦ ਲੈਂਦੇ ਹਨ। ਮੰਦਿਰ ਵਿੱਚ ਪਹੁੰਚਣ ਵਾਲੇ ਭਗਤਾਂ ਦੇ ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਬਹੁਤ ਵਧੀਆ ਹੈ। ਇਥੇ ਸਾਰੇ ਪਕਵਾਨ ਦੇਸੀ ਘੀ ਵਿੱਚ ਤਿਆਰ ਕੀਤੇ ਜਾਂਦੇ ਹਨ, ਇਸ ਦੀ ਜਾਣਕਾਰੀ ਦਿੰਦਿਆ ਜਗਦੀਸ਼ ਭਾਰਤੀ ਜੀ ਨੇ ਦੱਸਿਆ ਕਿ ਸ਼ਿਵਰਾਤਰੀ 1 ਜੂਨ ਨਿਰਜਲਾ ਅਕਾਦਸ਼ੀ ਨੂੰ ਮੇਲੇ ਵਿੱਚ ਕਾਂਸੀ, ਬਨਰਾਸ, ਹਰਦੁਆਰ, ਰਿਸ਼ੀਕੇਸ ਆਦਿ ਧਾਰਮਿਕ ਸਥਾਨਾ ਤੋਂ ਭਿਖ਼ਸੂ ਸੰਤ ਮਹਾਤਮਾ ਰਿਸ਼ੀ ਮੁਨੀ ਸ਼ਾਮਲ ਹੁੰਦੇ ਹਨ।
ਚਮਕੌਰ ਸਿੰਘ ਘਣਗਸ
ਸਮਰਾਲਾ
ਮੋਬਾ: 9814132228

0 comments:
Speak up your mind
Tell us what you're thinking... !