Headlines News :
Home » » ਗਲੋਬਲਾਈਜੇਸ਼ਨ ਤੇ ਔਰਤ ਦੀ ਗੁਲਾਮੀ - ਪ੍ਰੋ. ਕਰਮਜੀਤ ਕੌਰ ਕਿਸ਼ਾਂਵਾਲ

ਗਲੋਬਲਾਈਜੇਸ਼ਨ ਤੇ ਔਰਤ ਦੀ ਗੁਲਾਮੀ - ਪ੍ਰੋ. ਕਰਮਜੀਤ ਕੌਰ ਕਿਸ਼ਾਂਵਾਲ

Written By Unknown on Wednesday, 18 September 2013 | 05:49

ਪ੍ਰੋ. ਕਰਮਜੀਤ ਕੌਰ ਕਿਸ਼ਾਂਵਾਲ
ਆਰਥਿਕ ਉਦਾਰੀਕਰਨ ਦੇ ਸਮੱਰਥਕ ਦਾਅਵਾ ਕਰਦੇ ਹਨ ਕਿ ਗਲੋਬਲਾਈਜੇਸ਼ਨ ਨੇ ਸਮਾਜ 'ਚ ਲੋਕਤੰਤਰ ਕਾਇਮ ਕੀਤਾ ਹੈ। ਉਸ ਨੇ ਇਸਤਰੀ-ਪੁਰਸ਼ ਦੀ ਬਰਾਬਰੀ 'ਤੇ ਜ਼ੋਰ ਦਿੱਤਾ ਹੈ ਤੇ ਔਰਤਾਂ ਨੂੰ ਆਜ਼ਾਦੀ ਦਿਵਾਈ ਹੈ। ਸਾਧਾਰਨ ਤੌਰ 'ਤੇ ਇਹ ਗੱਲ ਸਹੀ ਲੱਗ ਸਕਦੀ ਹੈ, ਪਰ ਸੱਚ ਇਹ ਹੈ ਕਿ ਬਾਜ਼ਾਰ ਨੇ ਕੁਲ ਮਿਲਾ ਕੇ ਔਰਤਾਂ ਨੂੰ ਪ੍ਰੋਡੈਕਟ ਸਮਝ ਕੇ ਇਸਤੇਮਾਲ ਹੀ ਕੀਤਾ ਹੈ, ਪਰ ਇਹ ਕੰਮ ਉਸ ਨੇ ਇੰਨੀ ਸਫ਼ਾਈ ਨਾਲ ਕੀਤਾ ਹੈ ਕਿ ਉਸ ਦਾ ਸਾਨੂੰ ਅਹਿਸਾਸ ਹੀ ਨਹੀਂ ਦਾ। ਜੇਕਰ ਤੁਸੀਂ ਸਿਨੇਮਾ ਤੇ ਚੈਨਲਾਂ ਵਿੱਚ ਦਿਖਾਏ ਜਾਂਦੇ ਇਸ਼ਤਿਹਾਰਾਂ 'ਤੇ ਨਜ਼ਰ ਮਾਰੋ ਤਾਂ ਤੁਹਾਨੂੰ ਭਲੀਭਾਂਤ ਪ੍ਰਤੀਤ ਹੋ ਜਾਵੇਗਾ ਕਿ ਗਲੋਬਲਾਈਜੇਸ਼ਨ ਦੇ ਲਈ ਔਰਤ ਪ੍ਰੋਡੈਕਟ ਤੋਂ ਵੱਧ ਕੋਈ ਅਰਥ ਨਹੀਂ ਰੱਖਦੀ। 
ਘਰ 'ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਆਮ ਵਸਤੂਆਂ ਤੋਂ ਲੈ ਕੇ ਖ਼ਾਸ ਕਿਸਮ ਦੇ ਪ੍ਰੋਡਕਟ ਦੇ ਇਸ਼ਤਿਹਾਰਾਂ 'ਚ ਵੀ ਜ਼ਿਆਦਾਤਰ ਇਸਤਰੀਆਂ ਨਜ਼ਰ ਆਉਂਦੀਆਂ ਹਨ। ਪੁਰਸ਼ਾਂ ਦੇ ਅੰਦਰੂਨੀ ਕੱਪੜਿਆਂ ਜਾਂ ਡੀਓਡਰੈਂਟਸ ਦੇ ਇਸ਼ਤਿਹਾਰਾਂ 'ਚ ਅੱਧਨੰਗੀਆਂ ਔਰਤਾਂ ਪੁਰਸ਼ਾਂ ਨਾਲ ਇੱਕ ਖ਼ਾਸ ਕਿਸਮ ਦੇ ਕਾਮੁਕ ਅੰਦਾਜ਼ 'ਚ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਦਾ ਉਦੇਸ਼ ਹੁੰਦਾ ਹੈ, ਇਸਤਰੀਆਂ ਦੇ ਕਾਮ-ਉਤੇਜਕ ਹਾਵ-ਭਾਵ ਤੇ ਪ੍ਰਭਾਵਿਤ ਕਰਨ ਦੇ ਢੰਗ ਰਾਹੀਂ ਪੁਰਸ਼ਾਂ ਨੂੰ ਇਸ਼ਤਿਹਾਰ ਦੇ ਪ੍ਰਤੀ ਖਿੱਚਣਾ ਤੇ ਉਸ ਨਿਸ਼ਚਿਤ ਬਰਾਂਡ ਦੇ ਪ੍ਰਤੀ ਦਰਸ਼ਕਾਂ ਦਾ ਰੁਝਾਨ ਵਧਾਉਣਾ, ਜਿਸ ਨਾਲ ਉਹ ਉਸ ਨੂੰ ਜਲਦੀ ਖ਼ਰੀਦਣ।
ਧਿਆਨ ਦੇਣ ਦੀ ਗੱਲ ਹੈ ਕਿ ਇਸ ਬਾਜ਼ਾਰ ਨੇ ਇਸਤਰੀ ਦੇ ਪਰੰਪਰਿਕ ਰੂਪ ਨੂੰ ਤਵੱਜੋਂ ਦਿੱਤੀ ਹੈ, ਪਰ ਉਸ ਦਾ ਆਧੁਨਿਕ ਰੂਪ ਸਿਰੇ ਤੋਂ ਗਾਇਬ ਹੈ। ਅਰਥਾਤ ਉਹ ਹਾਲੇ ਤੱਕ ਜਗੀਰੂ ਢਾਂਚੇ ਅਧੀਨ ਵਿਚਰ ਰਹੀ ਹੈ, ਜਿਸ ਵਿੱਚ ਮਰਦ ਦੀ ਪ੍ਰਧਾਨਤਾ ਹੈ ਤੇ ਔਰਤ ਦਾ ਕੋਈ ਵਜੂਦ ਨਹੀਂ।
ਬੁੱਧੀ ਦੇ ਵਿਕਾਸ ਨਾਲ ਸੰਬੰਧਿਤ ਇਸ਼ਤਿਹਾਰਾਂ 'ਚ ਵੀ ਇਸਤਰੀਆਂ ਦੀ ਭੂਮਿਕਾ ਰਹਿੰਦੀ ਹੈ। ਜਿਵੇਂ ਕਿ ਟੀ.ਵੀ 'ਤੇ ਆਉਣ ਵਾਲੇ ਵੱਖ-ਵੱਖ ਹੈਲਥ ਡਰਿੰਕਸ ਦੇ ਇਸ਼ਤਿਹਾਰਾਂ 'ਚ ਮੁੱਖ ਤੌਰ 'ਤੇ ਮੁੰਡਿਆਂ ਨੂੰ ਹੀ ਸਿਹਤ ਡਰਿੰਕ ਪੀ ਕੇ ਲੰਬਾਈ ਵਧਾਉਂਦੇ ਤੇ ਬੋਧਿਕਤਾ ਦਾ ਵਿਕਾਸ ਕਰਵਾਉਂਦੇ ਵਿਖਾਇਆ ਜਾਂਦਾ ਹੈ। ਸਿਰਫ਼ ਮਾਂ ਦੇ ਕਿਰਦਾਰ 'ਚ ਇੱਕ ਔਰਤ ਆਪਣੇ ਪੁੱਤਰ ਨੂੰ ਸਿਹਤਮੰਦ ਡਰਿੰਕ ਪਿਆਉਂਦੀ ਹੋਈ ਵਿਖਾਈ ਦਿੰਦੀ ਹੈ, ਪਰ ਕੁੜੀਆਂ ਨੂੰ ਕੇਂਦਰ 'ਚ ਰੱਖ ਕੇ ਕਦੇ ਇਸ ਤਰ੍ਹਾਂ ਦੇ ਇਸ਼ਤਿਹਾਰ ਨਹੀਂ ਬਣਾਏ ਜਾਂਦੇ। ਇਨ੍ਹਾਂ ਇਸ਼ਤਿਹਾਰਾਂ ਤੋਂ ਇਸ ਗੱਲ ਦੀ ਪੁਸ਼ਟੀ ਜ਼ਰੂਰ ਹੁੰਦੀ ਹੈ ਕਿ ਇਹ ਔਰਤਾਂ ਦੇ ਉਨ੍ਹਾਂ ਰੂਪਾਂ ਨੂੰ ਪਹਿਲ ਦਿੰਦਾ ਹੈ, ਜੋ ਸਰੀਰ ਦੇ ਪ੍ਰਦਰਸ਼ਨ ਨਾਲ ਸੰਬੰਧ ਰੱਖਦਾ ਹੈ, ਉਸ ਦੀ ਬੁੱਧੀ ਤੇ ਪ੍ਰਤਿਭਾ ਦੇ ਵਿਕਾਸ ਨਾਲ ਨਹੀਂ, ਉਸ ਦੀ ਪੜ੍ਹਾਈ, ਉਸ ਦੀ ਸਿਰਜਣਾਤਮਕਤਾ, ਉਸ ਦੀ ਇੱਜ਼ਤ ਨਾਲ ਨਹੀਂ।
ਇਸ਼ਤਿਹਾਰਾਂ ਰਾਹੀਂ ਔਰਤ ਦੇ ਜ਼ਿਹਨ 'ਚ ਇਹ ਗੱਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੇਕਰ ਉਹ ਸਲਿੱਮ ਹੋਵੇਗੀ, ਤਾਂ ਮਰਦਾਂ ਨੂੰ ਆਪਣੇ ਵੱਲ ਖਿੱਚ ਸਕੇਗੀ। ਇਸ ਲਈ ਔਰਤਾਂ ਅਸਲੀ ਜ਼ਿੰਦਗੀ ਵਿੱਚ ਆਪਣੀਆਂ ਇੱਛਾਵਾਂ ਨੂੰ ਮਹੱਤਵ ਨਾ ਦੇ ਕੇ ਪੁਰਸ਼ਾਂ ਦੀ ਇੱਛਾ ਮੁਤਾਬਕ ਆਪਣੇ ਆਪ  ਨੂੰ ਢਾਲਣ ਦੀ ਜੀ-ਤੋੜ ਕੋਸ਼ਿਸ਼ 'ਚ ਲੱਗੀਆਂ ਰਹਿੰਦੀਆਂ ਹਨ। ਉਹ ਖ਼ੁਦ ਨੂੰ ਦਿਲਖਿੱਚਵਾਂ ਤੇ ਕਾਮੁਕ ਰੂਪ ਦੇਣ ਲਈ ਮਿਹਨਤ ਕਰਦੀਆਂ ਰਹਿੰਦੀਆਂ ਹਨ। ਮੇਕਅੱਪ ਪ੍ਰੋਡੈਕਟ 'ਤੇ ਜ਼ੋਰ ਦਿੰਦੀਆਂ ਹਨ। ਹੌਲੀ-ਹੌਲੀ ਔਰਤਾਂ ਆਪਣੀ ਸੁਭਾਵਿਕ ਇੱਛਾਵਾਂ ਦੇ ਨਾਲ-ਨਾਲ ਆਪਣੀ ਪਰਸਨੈਲਿਟੀ ਤੱਕ ਗੁਆ ਦਿੰਦੀਆਂ ਹਨ ਤੇ ਹਰ ਪਲ ਪੁਰਸ਼ਾਂ ਦੀ ਇੱਛਾ ਨਾਲ ਕਾਰਜਸ਼ੀਲ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਔਰਤ 'ਵਿਅਕਤੀ' ਦੀ ਬਜਾਏ ਪੁਰਸ਼ਾਂ ਲਈ ਇੱਕ ਮਨੋਰੰਜਕ 'ਵਸਤੂ' ਜਾਂ 'ਭੋਗ ਦੀ ਵਸਤੂ' ਬਣ ਕੇ ਰਹਿ ਜਾਂਦੀ ਹੈ। ਜ਼ਾਹਿਰ ਹੈ ਗਲੋਬਲਾਈਜੇਸ਼ਨ ਨੇ ਇਸਤਰੀ ਨੂੰ ਨਵੇਂ ਸਿਰੇ ਤੋਂ ਗੁਲਾਮ ਬਣਾਉਣ ਦਾ ਕੰਮ ਕੀਤਾ ਹੈ। ਇਕੱਲੇ ਡਰੈਸ ਬਦਲਣ ਦੇ ਨਾਲ ਔਰਤਾਂ ਆਧੁਨਿਕ ਨਹੀਂ ਹੋ ਜਾਂਦੀਆਂ। ਆਧੁਨਿਕਤਾ ਤਾਂ ਅੰਧ-ਵਿਸ਼ਵਾਸੀ ਮਾਨਸਿਕਤਾ ਨੂੰ ਬਦਲਣ ਤੇ ਗੁਲਾਮੀ ਤੋਂ ਅਜ਼ਾਦੀ ਵੱਲ ਦਾ ਸਫਰ ਹੈ। ਸਹੀ ਅਰਥਾਂ 'ਚ ਮਰਦ ਦੇ ਬਰਾਬਰ ਔਰਤ ਦੇ ਅਧਿਕਾਰ ਹਨ। ਪਰ ਭਾਰਤੀ ਸਮਾਜ ਵਿੱਚ ਇਹ ਕਿੰਨੇ ਕੁ ਮਿਲਦੇ ਹਨ, ਇਹ ਤੁਸੀਂ ਭਲੀਭਾਂਤ ਵਾਕਫ ਹੋ। ਬਲਾਤਕਾਰ ਹੋ ਰਹੇ ਨੇ, ਆਨਰ ਕਿਲਿੰਗ ਦੇ ਨਾਮ 'ਤੇ ਲੜਕੀਆਂ ਨੂੰ ਮਾਰ ਦਿੱਤਾ ਜਾਂਦਾ ਹੈ, ਭਰੂਣ ਹੱਤਿਆਵਾਂ ਹੋ ਰਹੀਆਂ ਹਨ, ਦਾਜ ਦੇ ਨਾਮ 'ਤੇ ਨੂੰਹਾਂ ਮਾਰ ਦਿੱਤੀਆਂ ਜਾਂਦੀਆਂ ਹਨ ਜਾਂ ਤਲਾਕ ਹੋ ਰਹੇ ਹਨ। ਦਫਤਰਾਂ, ਸਰਕਾਰੀ ਅਦਾਰਿਆਂ ਵਿੱਚ ਔਰਤਾਂ ਦੇ ਸ਼ੋਸ਼ਣ ਹੋ ਰਹੇ ਹਨ ਤਾਂ ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਗਲੋਬਲਾਈਜੇਸ਼ਨ ਨੇ ਔਰਤਾਂ ਨੂੰ ਅਜ਼ਾਦੀ ਦਿੱਤੀ ਹੈ। ਮਲਟੀਨੈਸ਼ਨਲ  ਕੰਪਨੀਆਂ ਵੱਲੋਂ ਪੈਦਾ ਕੀਤੇ ਇਸ ਸੰਸਾਰੀਕਰਨ ਦੇ ਬਾਜ਼ਾਰ ਵਿੱਚ ਔਰਤਾਂ ਦੀ ਅਜ਼ਾਦੀ ਤੇ ਇੱਜ਼ਤ ਦੇ ਲਈ ਖਤਰਾ ਪੈਦਾ ਕਰ ਦਿੱਤਾ ਹੈ ਤੇ ਮਰਦ ਨੂੰ ਵਹਿਸ਼ੀ ਦਰਿੰਦਾ ਬਣਾ ਦਿੱਤਾ ਹੈ ਕਿ ਉਹ ਜਦੋਂ ਮਰਜ਼ੀ ਇਸਤਰੀ ਦੀ ਹੱਤਕ ਕਰ ਦੇਵੇ, ਇੱਥੋਂ ਤੱਕ ਕਿ ਛੋਟੀਆਂ-ਛੋਟੀਆਂ ਬੱਚੀਆਂ ਵੀ ਹਵਸ ਦੇ ਸ਼ਿਕਾਰੀ ਨਹੀਂ ਬਖ਼ਸ਼ ਰਹੇ। ਦਿੱਲੀ, ਪੰਜਾਬ, ਹਰਿਆਣਾ ਤੇ ਹੋਰ ਪ੍ਰਾਤਾਂ ਦੀਆਂ ਦੋ ਘਟਨਾਵਾਂ ਤੋਂ ਸਾਫ ਜ਼ਾਹਿਰ ਹੋ ਚੁੱਕਾ ਹੈ ਕਿ ਭਾਰਤ  ਵਿੱਚ ਇਹ ਬਾਜ਼ਾਰ ਮਰਦਾਂ ਨੂੰ ਵਹਿਸ਼ਤ ਵੱਲ ਧਕੇਲ ਰਿਹਾ ਹੈ। ਮੀਡੀਆ ਇਸ ਬਾਰੇ ਚੁੱਪ ਹੈ, ਉਹ ਵੀ ਇਸ ਉਦਾਰੀਕਰਨ ਦਾ ਗੁਲਾਮ ਹੈ ਤੇ ਗਲੋਬਲਾਈਜੇਸ਼ਨ ਦਾ ਇਕ ਅੰਗ ਹੈ। ਉਸ ਨੂੰ ਇਸਤਰੀ ਦੀ ਅਜਾਦੀ ਨਾਲ ਕੋਈ ਮਤਲਬ ਨਹੀਂ। ਜੇਕਰ ਉਹ ਇਸਤਰੀ ਦੇ ਸ਼ੋਸ਼ਣ ਦੀਆਂ ਖਬਰਾਂ ਛਾਪਦਾ ਹੈ ਤਾਂ ਉਸ ਪਿੱਛੇ ਉਸ ਦਾ ਮੰਤਵ ਆਪਣਾ ਪ੍ਰੋਡੈਕਟ ਵੇਚਣਾ ਵੀ ਹੁੰਦਾ, ਨਾ ਕਿ ਸਮਾਜ ਵਿੱਚ ਕ੍ਰਾਂਤੀ ਲਿਆਉਣਾ। ਇਕ ਪਾਸੇ ਸੰਸਾਰੀਕਰਨ ਦੇ ਬਾਜ਼ਾਰ ਵਿੱਚ ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਕਰਵਾਇਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਔਰਤਾਂ ਨੂੰ ਬਚਣ ਲਈ ਮਿਰਚ, ਪਾਊਡਰ ਜਾਂ ਕਰੰਟ ਵਾਲੀਆਂ ਗੰਨਾਂ ਵੇਚੀਆਂ ਜਾ ਰਹੀਆਂ ਹਨ ਤਾਂ ਜੋ ਔਰਤਾਂ ਆਪਣੀ ਇੱਜ਼ਤ ਬਚਾ ਸਕਣ। ਇਹ ਕਿੱਡੀ ਹਾਸੋਹੀਣੀ ਗੱਲ ਹੈ। ਕੀ ਇਹ ਔਰਤ ਦੀ ਅਜ਼ਾਦੀ ਹੈ, ਜੋ ਸੰਸਾਰੀਕਰਨ ਨੇ ਘੜੀ ਹੈ।
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template