‘‘ਅੱਜ ਤਾਂ ਮਾਅਰਕਾ ਮਾਰ ਕੇ ਆਇਆਂ । ਡੈਡੀ ! ਮੰਨੋਗੇ ਤੁਸੀਂ ਕਿ 19 ਜਣਿਆਂ ਨੂੰ ਪੇਪਰ ਕਰਵਾ ਕੇ ਆਇਆਂ ।” ਗੁਰਪ੍ਰੀਤ ਨੇ ਆਉਂਦਿਆਂ ਹੀ ਆਪਣੇ ਡੈਡੀ ਨੂੰ ਸੰਬੋਧਤ ਹੁੰਦੇ ਹੋਏ ਕਿਹਾ ।
‘‘ਕਿਉਂ ? ਕਮਰੇ ਦੇ ਅੰਦਰ ਜਾ ਕੇ ਬੋਲ ਕੇ ਕਰਵਾ ਕੇ ਆਇਐਂ ? ਉਹਦੇ ਡੈਡੀ ਨੇ ਹੈਰਾਨੀ ਵਿੱਚ ਪੁੱਛਿਆ ।
‘‘ਨਾ, ਨਾ,ਯਾਰ ਇਹ ਕਿਵੇਂ ਹੋ ਜੂ ? ਯੂਨੀਵਰਸਿਟੀ ਦੇ ਫਾਈਨਲ ਪੇਪਰ ਨੇ ,ਕਮਰੇ .ਚ ਵੜਨਾ ਸੌਖਾ ਏ ? ਤੁਸੀਂ ਓ ਦੱਸੋ ਕਿਸੇ ਬਾਹਰਲੇ ਨੂੰ ਵੜਨ ਦਿੰਦੇ ਓ ?”ਦਵਿੰਦਰ , ਜਿਹੜਾ ਇੱਕ ਸੀਨੀ.ਸੈਕੰ.ਸਕੂਲ ਵਿੱਚ ਅਧਿਆਪਕ ਸੀ,ਨੇ ਸੋਚਿਆ ਕਿ ਕਮਰੇ .ਚ ਤਾਂ ਉਹ ਵੀ ਨਹੀਂ ਆਉਣ ਦਿੰਦੇ ਕਿਸੇ ਨੂੰ ਵੀ । ਉਸ ਨੇ ਸਵਾਲੀਆ ਨਜ਼ਰਾਂ ਨਾਲ ਬੇਟੇ ਵੱਲ ਤੱਕਿਆ ।
‘‘ਦੇਖੋ ! ਅਸੀਂ 6-7 ਜਣੇ ਹੋਸਟਲ ਦੇ ਕਮਰੇ .ਚ ਬੈਠੇ ਸਾਂ । ਗਾਈਡਾਂ ,ਨੋਟਸ ਸਭ ਮੈਟੀਰੀਅਲ ਸਾਡੇ ਕੋਲ ਸੀ । ਟੇਬਲ ਤੇ ਅਸੀਂ 19 ਮੋਬਾਈਲ ਬਾਕਾਇਦਾ ਲਾਈਨ ਵਿੱਚ ਲੜੀ ਵਿੱਚ ਲਗਾਏ ਹੋਏ ਸਨ ਤੇ ਨੰਬਰ ਲਿਖਿਆ ਹੋਇਆ ਸੀ ਜਿਵੇਂ ਨੰਬਰ ਇੱਕ ਜੱਸਾ, ਨੰਬਰ ਦੋ ਗਾਂਧੀ, ਨੰਬਰ ਤਿੰਨ ਜੈਲਾ ...। ਉੱਧਰ ਉਹ ਸਾਰੇ ਆਪਣੀਆਂ ਪੱਗਾਂ ਵਿੱਚ ਬਲਿਊ ਟੁੱਥ ਪਾ ਕੇ ਬੈਠੇ ਸਨ । ਸਾਰੇ ਮੋਬਾਈਲ ਆਨ ਕੀਤੇ ਹੋਏ ਸਨ । ਉਧਰੋਂ ਇੱਕ ਨੇ ਹੌਲੀ ਦੇ ਕੇ ਪ੍ਰਸ਼ਨ ਬੋਲਿਆ । ਫਟਾ ਫਟ ਜਵਾਬ ਲੱਭਿਆ ਤੇ ਬੋਲਣ ਲੱਗੇ । ਫਿਰ ਕੱਲੇ ਕੱਲੇ ਤੋਂ ਜਵਾਬ ਲਿਆ ਕਿ ਉਸ ਨੇ ਕਰ ਲਿਆ ਕਿ ਨਹੀਂ ? ਜਿਵੇਂ ਜਿਹੜਾ ਸਾਨੂੰ ਸਭ ਤੋਂ ਵੀਕ ਸਟੂਡੈਂਟ ਲੱਗਿਆ ,ਉਸ ਨੂੰ ਕਿਹਾ ਕਿ ਜੇ ਉਸ ਨੇ ਲਿਖ ਲਿਆ ਖੰਘੂਰਾ ਮਾਰੇ । ਇਸ ਨਾਲ ਸਾਨੂੰ ਤਸੱਲੀ ਹੋ ਗਈ ਕਿ ਬਾਕੀਆਂ ਨੇ ਵੀ ਲਿਖ ਲਿਆ ਏ । ਮੇਰਾ ਰੋਲ ਸਭ ਤੋਂ ਵੱਧ ਸੀ ,ਬਾਕੀ ਜਨਤਾ ਨੂੰ ਤਾਂ ਉੱਤਰ ਈ ਨਹੀਂ ਸਨ ਲੱਭਦੇ ਛੇਤੀ ਛੇਤੀ ।”
‘‘ਇਹ ਕੋਈ ਬਹੁਤ ਵਧੀਆ ਗੱਲ ਏ ਜਿਹੜੀ ਮਾਣ ਨਾਲ ਦੱਸ ਰਿਹਾ ਏ ?ਕੱਲ ਨੂੰ ਇੰਜੀਨੀਅਰ ਬਣ ਕੇ ਕੀ ਰੰਗ ਲਾਵੋਗੇ ?” ਦਵਿੰਦਰ ਨੇ ਦੁਖੀ ਹੋ ਕੇ ਕਿਹਾ ।
‘‘ਓ ਨਹੀਂ ਡੈਡ ! ਮੈਂ ਆਪ ਤਾਂ ਨਹੀਂ ਇੱਦਾਂ ਕੀਤਾ । ਯਾਰ ,ਦੋਸਤਾਂ ਦੀ ਮੱਦਦ ਕਰਨੀ ਤਾਂ ਮਾੜੀ ਨਹੀਂ ?” ਗੁਰਪ੍ਰੀਤ ਬੋਲਿਆ, ਜਿਹੜਾ ਬੀ.ਟੈਕ. ਦੇ ਆਖਰੀ ਸਾਲ .ਚ ਸੀ ਅਤੇ ਆਪਣੇ ਡੈਡੀ ਨਾਲ ਦੋਸਤਾਂ ਵਾਂਗ ਹੀ ਗੱਲ ਕਰਿਆ ਕਰਦਾ ਸੀ ।
‘‘ਠੀਕ ਐ ਬੇਟਾ । ਸ਼ਤੇਰੇ ਮਾਅਰਕੇ ਦੇ ਤੇ ਤੇਰੇ ਪਰਉਪਕਾਰ ਦੇ ।”ਦਵਿੰਦਰ ਨੇ ਇੰਨਾ ਹੀ ਕਿਹਾ ।
ਜਸਵਿੰਦਰ ਸਿੰਘ ਰੁਪਾਲ
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰ. ਸਕੂਲ,
ਭੈਣੀ ਸਾਹਿਬ (ਲੁਧਿਆਣਾ)-141126


0 comments:
Speak up your mind
Tell us what you're thinking... !