Headlines News :
Home » » ਬੁਲੰਦ ਅਵਾਜ਼ ਦਾ ਮਾਲਿਕ ਮਹਿੰਦਰ ਕਪੂਰ - ਧਰਮਿੰਦਰ ਸਿੰਘ ਵੜੈਚ

ਬੁਲੰਦ ਅਵਾਜ਼ ਦਾ ਮਾਲਿਕ ਮਹਿੰਦਰ ਕਪੂਰ - ਧਰਮਿੰਦਰ ਸਿੰਘ ਵੜੈਚ

Written By Unknown on Monday, 23 September 2013 | 22:52

            ਮਹਿੰਦਰ ਕਪੂਰ ਦੇ ਗਾਏ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਹੁੰਦੇ ਗੀਤ ‘ਕੁੜੀ ਹੱਸਗੀ ਝਾਂਜ਼ਰਾਂ ਵਾਲੀ, ਤੇ ਕੈਂਠੇ ਵਾਲਾ ਹੌਕੇ ਭਰਦਾ’ ਦੂਜਾ ਗੀਤ ‘ਨਖਰਾ ਬੰਤੋ ਦਾ’ ਜੋ ਇੱਕੋ ਵੇਲੇ ਅੱਗੇ ਪਿੱਛੇ ਪ੍ਰਸਾਰਿਤ ਹੁੰਦੇ ਸਨ, ਛੋਟੇ ਹੁੰਦੇ ਸੁਣਦੇ ਰਹੇ ਹਾਂ। ਮਹਿੰਦਰ ਕਪੂਰ ਨੇ ਬੜੀ ਪੁੱਖਤਾ ਅਵਾਜ਼ ਵਿੱਚ ਇਹ ਗੀਤ ਗਾਏ ਸਨ। ਜਿਉਂ-ਜਿਉਂ ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਮੇਰਾ ਮੇਲ ਪ੍ਰਸਿੱਧ ਸ਼ਾਇਰ, ਐਕਟਰ, ਡਾਇਰੈਕਟਰ ਸ਼੍ਰੀ ਚਮਨ ਲਾਲ ਸ਼ੁਗਲ ਜੀ ਨਾਲ ਹੋਇਆ। ਮੈਂ ਉਹਨਾਂ ਨੂੰ ਆਪਣਾ ਗੀਤਕਾਰੀ ਵਿੱਚ ਉਸਤਾਦ ਧਾਰਿਆ ਤੇ ਉਦੋਂ ਪਤਾ ਲੱਗਿਆ ਕਿ ਇਹ ਦੋਵੇਂ ਗੀਤ ਚਮਨ ਲਾਲ ‘ਸ਼ੁਗਲ’ ਜੀ ਨੇ ਲਿਖੇ ਹਨ। ‘ਪਦਮ ਸ਼੍ਰੀ’ ਸਨਮਾਨ ਨਾਲ ਸਨਮਾਨੇ  ਗਏ ਮਹਿੰਦਰ ਕਪੂਰ ਦਾ ਜਨਮ 9 ਜਨਵਰੀ 1934 ਨੂੰ ਪਿਤਾ ਜੈ ਚੰਦ ਕਪੂਰ ਤੇ ਮਾਤਾ ਸ਼ਾਤੀ ਦੇਵੀ ਦੇ ਘਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਗਾਉਣ ਦਾ ਸ਼ੌਕ ਆਪ ਨੂੰ ਬਚਪਨ ਤੋਂ ਹੀ ਸੀ। ਆਪ ਮੁਹੰਮਦ ਰਫੀ ਦੇ ਬੜੇ ਵੱਡੇ ਫੈਨ ਸਨ ਤੇ ਆਪ ਨੇ ਮੁਹੰਮਦ ਰਫੀ ਨੂੰ ਬਿਨ੍ਹਾਂ ਮਿਲੇ ਹੀ ਉਸਤਾਦ ਧਾਰ ਲਿਆ ਸੀ।  ਆਪ ਦੇ ਵੱਡੇ ਭਰਾ ਮੁਬੰਈ ਵਿੱਚ ਕੱਪੜੇ ਦਾ ਵਪਾਰ ਕਰਦੇ ਸਨ। ਉਹ ਆਪ ਨੂੰ ਮੁੰਬਈ ਰਫੀ ਸਾਹਬ ਕੋਲ ਲੈ ਕੇ ਗਏ ਸਨ। ਰਫੀ ਸਾਹਬ ਦੀ ਸਲਾਹ ਤੇ ਆਪ ਨੂੰ ਆਪ ਦੇ ਵੱਡੇ ਭਰਾ ਨੇ ਉਸ ਸਮੇਂ ਦੇ ਪ੍ਰਸਿੱਧ ਉਸਤਾਦਾਂ ਪੰਡਿਤ ਹੁਸਨ ਲਾਲ, ਪੰਡਿਤ ਜਗਨ ਨਾਥ, ਮਨਹਰ ਪੋਦਾਰ, ਉਸਤਾਦ ਅਹਿਮਦ ਖਾਨ, ਉਸਤਾਦ ਅਬਦੁੱਲ ਰਹਿਮਾਨ, ਅਫ਼ਜ਼ਲ ਹੂਸੈਨ ਤੇ ਪੰਡਿਤ ਤੁਲਸੀ ਦਾਸ ਤੋਂ ਕਲਾਸੀਕਲ ਸੰਗੀਤ ਦੀ ਤਾਲੀਮ ਹਾਸਲ ਕਰਵਾਈ। ਸੰਗੀਤ ਦੀ ਭੱਠੀ ਵਿੱਚ ਤਪ ਕੇ ਕੁੰਦਨ ਬਣ ਚੁੱਕੇ ਮਹਿੰਦਰ ਕਪੂਰ ਨੇ ਫਿਲਮੀ ਦੁਨੀਆਂ ਦਾ ਰੁੱਖ ਕੀਤਾ। ਗਾਇਕੀ ਦੇ ਪਿੜ ਵਿੱਚ ਧਮਾਲਾਂ ਪਾਉਣ ਲਈ ਤਿਆਰ ਹੋ ਚੁੱਕੇ ਮਹਿੰਦਰ ਕਪੂਰ ਨੇ ‘ਮੈਟਰੋ ਮਰਫੀ ਆਲ ਇੰਡੀਆ ਸਿਗਿੰਗ ਕੰਪੀਟੀਸ਼ਨ’ ਵਿੱਚ ਹਿੱਸਾ ਲਿਆ। ਉ ੱਥੇ ਜੱਜ ਦੀ ਭੂਮਿਕਾ ਨਿਭਾ ਰਹੇ ਸੰਗੀਤਕਾਰ ਨੌਸ਼ਾਦ, ਸੀ.ਰਾਮ.ਚੰਦਰ, ਅਨਿਲ ਬਿਸਬਾਸ ਤੇ ਵਸੰਤ ਦੇਸਾਈ ਨੇ ਆਪ ਨੂੰ ਆਪਣੀਆਂ  ਫਿਲਮਾਂ ਵਿੱਚ ਗਾਉਣ ਦਾ ਚਾਂਸ ਦਿੱਤਾ। ਉਸ ਤੋਂ ਬਾਅਦ ਮਹਿੰਦਰ ਕਪੂਰ ਨੇ ਪਿੱਛੇ ਮੁੜ ਕੇ ਨਹੀ ਦੇਖਿਆ। ਬੀ.ਆਰ.ਚੋਪੜਾ ਤੇ ਯਸ਼ ਚੋਪੜਾ ਨੇ ਵੀ ਮਹਿੰਦਰ ਕਪੂਰ ਨਾਲ ਲੰਬੀ ਪਾਰੀ ਖੇਡੀ। ਜੋ ਲੰਮਾ ਸਮਾਂ ਬਰਕਰਾਰ ਰਹੀ। ਮਹਿੰਦਰ ਕਪੂਰ ਨੇ ਫਿਲਮ ਇੰਡਸਟਰੀ ਨੂੰ ਯਾਦਗਾਰੀ ਗੀਤ ਦਿੱਤੇ, ਜਿੰਨ੍ਹਾਂ ਵਿੱਚ ‘ਤੇਰੇ ਪਿਆਰ ਕਾ ਆਸਰਾ’ ਫਿਲਮ ਧੂਲ ਕਾ ਫੂਲ(1959),  ‘ਚਲੋ ਏਕ ਬਾਰ’ ਫਿਲਮ ਗੁਮਰਾਹ(1963), ‘ ਮੇਰਾ ਪਿਆਰ ਵੋਹ ਹੈ’ ਫਿਲਮ ਯੇ ਰਾਤ ਫਿਰ ਨਾ ਅਏਗੀ (1965), ‘ਬਦਲ ਜਾਏ ਅਗਰ ਮਾਲੀ’ ਫਿਲਮ ਬਹਾਰੇ ਫਿਰ ਭੀ ਆਏਗੀ (1966), ‘ਨੀਲੇ ਗਗਨ ਕੇ ਤਲੇ’ , ‘ਤੁਮ ਅਗਰ ਸਾਥ ਦੇਨੇ ਕਾ ਵਾਅਦਾ ਕਰੋ’ , ‘ਨਾ ਮੂੰਹ ਛੁਪਾ ਕੇ ਜੀਉ’ ਫਿਲਮ ਹਮਰਾਜ(1967), । 1967 ਵਿੱਚ ਹੀ ਆਪ ਨੇ ਮੁਹੰਮਦ ਰਫੀ ਨਾਲ ਫਿਲਮ ‘ਆਦਮੀ’ ਵਿੱਚ ਇੱਕ ਡਿਊਟ ਗੀਤ ‘ਕੈਸੀ ਹਸੀਨ ਹੈ, ਆਜ਼ ਬਹਾਰੋਂ ਕੀ ਰਾਤ’ ਗਾਉਣ ਦਾ ਮਾਨ ਹਾਸਲ ਕੀਤਾ।‘ਲਾਖੋਂ ਹੈ ਯਹਾਂ ਦਿਲਵਾਲੇ’ ਫਿਲਮ ਕਿਸਮਤ (1968), ‘ਇੱਕ ਤਾਰਾ ਬੋਲੇ’ ਫਿਲਮ ਯਾਦਗਾਰ, ‘ਭਾਰਤ ਕਾ ਰਹਨੇ ਵਾਲਾ ਹੂੰ’ ਫਿਲਮ ਪੂਰਬ ਔਰ ਪੱਛਮ (1970), ‘ ਔਰ ਨਹੀ ਬੱਸ ਔਰ ਨਹੀ’ ਫਿਲਮ ਰੋਟੀ ਕੱਪੜਾ ਔਰ ਮਕਾਨ (1974), ‘ ਫਕੀਰਾ ਚਲ ਚਲਾ ਚਲ’ ਫਿਲਮ ਫਕੀਰਾ (1975),  ‘ਅਬ ਕੇ ਬਰਸ’ ਫਿਲਮ ਕ੍ਰਾਂਤੀ (1981), ‘ਕਬ ਤਲਕ ਸ਼ਮਾਂ ਜਲੀ’ ਫਿਲਮ ਪੇਂਟਰ ਬਾਬੂ (1983) ਆਦਿ ਯਾਦਗਰੀ ਗੀਤ ਦਿੱਤੇ।  ਮਹਿੰਦਰ ਕਪੂਰ ਨੇ ਟੀ.ਵੀ ਸੀਰੀਅਲ ‘ਮਹਾਂਭਾਰਤ, ਚੁੰਨੀ ਅਤੇ ਸੌਦਾ’ ਦੇ ਟਾਈਟਲ ਗੀਤ ਵੀ ਗਾਏ। ਮਹਿੰਦਰ ਕਪੂਰ ਨੇ ਪੰਜਾਬੀ, ਹਿੰਦੀ, ਗੁਜਰਾਤੀ, ਮਰਾਠੀ ਤੇ ਕਈ ਹੋਰ ਭਸ਼ਾਂਵਾਂ ਵਿੱਚ ਫਿਲਮੀ ਤੇ ਗੈਰ ਫਿਲਮੀ ਧਾਰਮਿਕ, ਭਜਨ, ਭੇਟਾਂ ਕੁੱਲ ਮਿਲਾ ਕੇ  ਹਜ਼ਾਰਾਂ ਗੀਤ ਗਾਏ। ਪੰਜਾਬੀ ਹੋਣ ਦੇ ਨਾਤੇ ਉਹਨਾਂ ਨੇ ਪੰਜਾਬੀ ਗੀਤ ਤਾਂ ਰੱਜ ਕੇ ਗਾਏ, ਜੋ ਲੋਕ ਗੀਤ ਬਣ ਗਏ। ਮਹਿੰਦਰ ਕਪੂਰ ਨੇ ਪੰਜਾਬੀ ਫਿਲਮਾਂ ਜਿਵੇਂ ਲੰਬੜਦਾਰਨੀ, ਜੱਟ ਪੰਜਾਬੀ, ਨਾਨਕ ਨਾਮ ਜ਼ਹਾਜ ਹੈ, ਚੰਨ ਪ੍ਰਦੇਸੀ, ਆਸਰਾ ਪਿਆਰ ਦਾ, ਬਲਬੀਰੋ ਭਾਬੀ, ਭਗਤ ਧੰਨਾ ਜੱਟ ਤੇ ਸੋਹਣੀ ਮਹੀਂਵਾਲ ਆਦਿ ਫਿਲਮਾਂ ਵਿੱਚ ਪਾਏਦਾਰ ਗੀਤ ਗਾ ਕੇ ਨਾਮਣਾ ਖੱਟਿਆ। ਉਹਨਾਂ ਨੇ  ਸ਼ਿਵ ਕੁਮਾਰ ਬਟਾਲਵੀ ਤੇ ਚਮਨ ਲਾਲ ਸ਼ੁਗਲ ਆਦਿ ਦੇ ਗੀਤਾਂ ਨੂੰ ਵੀ ਆਪਣੀ ਅਵਾਜ਼ ਦਿੱਤੀ। ਉਹਨਾਂ ਨੇ ਇੰਨੀ ਮਿਹਨਤ ਕਰਕੇ ਜੋ  ਮਾਨ-ਸਨਮਾਨ ਹਾਸਲ ਕੀਤੇ  ਉਹ ਹਨ: ਗੀਤ  ‘ਚਲੋ ਏਕ ਬਾਰ’ ਫਿਲਮ ਗੁਮਰਾਹ  1964 ਵਿੱਚ ਫਿਲਮ ਫੇਅਰ ਐਵਾਰਡ ਆਫ ਬੈਸਟ ਮੇਲ ਪਲੇਬੈਕ ਸਿੰਗਰ ਦਾ ਐਵਾਰਡ ਹਾਸਲ ਕੀਤਾ। ਦੂਜਾ  ਗੀਤ ‘ਮੇਰੇ ਦੇਸ਼ ਕੀ ਧਰਤੀ’ ਫਿਲਮ ਉਪਕਾਰ ਲਈ 1968 ਵਿੱਚ ਨੈਸ਼ਨਲ ਫਿਲਮ ਐਵਾਰਡ ਆਫ ਬੈਸਟ ਮੇਲ ਪਲੇਬੈਕ ਸਿੰਗਰ ਦਾ ਖਿਤਾਬ ਹਾਸਲ ਕੀਤਾ। ਤੀਜਾ ਗੀਤ ‘ਨੀਲੇ ਗਗਨ ਕੇ ਤਲੇ’ ਫਿਲਮ ਹਮਰਾਜ ਲਈ 1968 ਵਿੱਚ ਫਿਲਮ ਫੇਅਰ ਐਵਾਰਡ ਬੈਸਟ ਮੇਲ ਪਲੇਬੈਕ ਸਿੰਗਰ ਦਾ ਐਵਾਰਡ ਜਿੱਤਿਆ। 1968 ਵਿੱਚ ਹੀ ਗੀਤ ‘ਮੇਰੇ ਦੇਸ਼ ਕੀ ਧਰਤੀ’ ਫਿਲਮ ਉਪਕਾਰ ਲਈ ਨੋਮੀਨੇਟਿਡ ਹੋਏ। ਗੀਤ ‘ਔਰ ਨਹੀ ਬੱਸ ਔਰ ਨਹੀ’ ਫਿਲਮ ਰੋਟੀ ਕੱਪੜਾ ਔਰ ਮਕਾਨ 1975 ਵਿੱਚ ਫਿਲਮ ਫੇਅਰ ਐਵਾਰਡ ਆਫ ਬੈਸਟ ਮੇਲ ਪਲੇ ਬੈਕ ਸਿੰਗਰ ਐਵਾਰਡ ਦਾ ਮਾਅਰਕਾ ਮਾਰਿਆ। ਗੀਤ ‘ਸੁਨਕੇ ਤੇਰੀ ਪੁਕਾਰ’ ਫਿਲਮ ਫਕੀਰਾ 1977 ਲਈ ਨੋਮੀਨੇਟਿਡ ਹੋਏ। ਅੰਤ ਏਨੀ ਸਟਰਗਲ ਭਰੀ ਜ਼ਿੰਦਗੀ ਨੂੰ ਵਿੱਚੇ ਛੱਡ ਸਾਡੇ ਸਾਰਿਆ ਦੇ ਮਹਿਬੂਬ ਕਲਾਕਾਰ ਨੇ 27 ਸਤੰਬਰ 2008 ਨੂੰ ਆਪਣੀਆਂ ਤਿੰਨ ਧੀਆਂ, ਇੱਕ ਪੁੱਤਰ ਰੋਹਿਨ ਕਪੂਰ ਤੇ ਲੱਖਾਂ ਸਰੋਤਿਆਂ ਨੂੰ ਛੱਡ ਕੇ ਬਹੁਤ ਦੂਰ ਜਾ ਡੇਰੇ ਲਾਏ। 





 ਧਰਮਿੰਦਰ ਸਿੰਘ ਵੜੈਚ(ਚੱਬਾ), 
ਪਿੰਡ:ਡਾਕ: ਚੱਬਾ,
 ਤਰਨਤਾਰਨ ਰੋਡ, 
ਅੰਮ੍ਰਿਤਸਰ- 143022 
ਮੋਬਾ: 97817-51690, 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template