ਵਰਤਮਾਨ ਭੱਜ-ਨੱਠ ਅਤੇ ਸ਼ੋਸ਼ੇਬਾਜ਼ੀ ਦੇ ਦੌਰ ’ਚ ਆਪਣੀ ਠੁੱਕ ਬੰਨ੍ਹ ਕੇ ਦੂਜਿਆਂ ਉਪਰ ਆਪਣਾ ਪ੍ਰਭਾਵ ਛੱਡਣ ਦੀ ਭਾਵਨਾ ਨੇ ਸਮਾਜ ਅੰਦਰ ਫ਼ੁਖ਼ਰੇਬਾਜ਼ੀ ਨੂੰ ਜਨਮ ਦਿੱਤਾ ਹੈ।ਬੇਸ਼ੱਕ ਕਿਸੇ ਖੋਜ ਵਿਭਾਗ ਦੁਆਰਾ ਫ਼ੁਖ਼ਰੇਬਾਜ਼ਾਂ ਦੇ ਕੋਝੇ ਲੱਛਣਾਂ ਦੀ ਕੋਈ ਪਕੇਰੀ ਜਾਂ ਨਿਸ਼ਚਿਤ ਗਿਣਤੀ ਦੀ ਕੋਈ ਸੂਚੀ ਅਜੇ ਤੀਕ ਜਾਰੀ ਤਾਂ ਨਹੀਂ ਕੀਤੀ ਗਈ ਪਰ ਫਿਰ ਵੀ ਆਪਣੇ ਰਹਿਣ-ਸਹਿਣ ਅਤੇ ਬੋਲ਼ਣ-ਚਾਲਣ ਦੇ ਤੌਰ–ਤਰੀਕਿਆਂ ਨੂੰ ਉਚਿਆਉਣਾ, ਹੋਰਨਾਂ ਦੇ ਹਰ ਚੰਗੇ-ਮਾੜੇ ਕੰਮ ਦੀ ਨੁਕਤਾਚੀਨੀ ਕਰਨੀ, ਖ਼ਾਹਮਖ਼ਾਹ ਆਪਣੀਆਂ ਬੇ-ਅਦਬ ਦਲੀਲਾਂ ਪਰੋਸਦੇ ਰਹਿਣਾ, ਆਪਣੇ ਮਾਅਰਕਿਆਂ ਨੂੰ ਪੂਰੇ ਚਸਕੇ ਨਾਲ਼ ਸੁਣਾਉਣਾ, ਧੜੱਲੇਦਾਰ ਭਾਸ਼ਣਾਂ ਦੀਆਂ ਛੁਰਲੀਆਂ ਦਾਗ਼ਣੀਆਂ, ਆਪਣੀ ਲੰਮੀ ਪਹੁੰਚ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਉਣਾ ਅਤੇ ਹਰੇਕ ਨੂੰ ਟਿੱਚ ਜਾਨਣਾ ਫ਼ੁਖ਼ਰੇਬਾਜ਼ਾਂ ਦੇ ਕੁਝ ਚਿਲਕਵੇਂ ਲੱਛਣ ਹੋਇਆ ਕਰਦੇ ਹਨ।ਦੌਲਤ ਦਾ ਅਕੜੇਵਾਂ ਅਤੇ ਝੂਠੀਆਂ ਤਾਰੀਫ਼ਾਂ ਸੁਣਨ ਦਾ ਮਸਤੇਵਾਂ ਫ਼ੁਖ਼ਰੇ ਬੰਦਿਆਂ ਦੇ ਅਕੜੇਵੇਂ ਉਪਰ ਬਲ਼ਦੀ ਤੇ ਤੇਲ਼ ਪਾਉਣ ਜਿਹਾ ਅਸਰ ਕਰਦਾ ਹੈ।
ਆਮ ਲੋਕਾਂ ਨਾਲ਼ੋਂ ਹਟ ਕੇ ਅਫ਼ਾਰੇ ਦੇ ਮਰੀਜ਼ਾਂ ਵਾਂਗੂੰ ਜ਼ਰਾ ਓਪਰਾ-ਜਿਹਾ ਚੱਲਣ ਵਾਲ਼ੇ ਅਜਿਹੇ ਬੰਦਿਆਂ ਦੀਆਂ ਹਰਕਤਾਂ ਤੋਂ ਹਰ ਬੰਦੇ ਨੂੰ ਕੁਦਰਤੀ ਤੌਰ ਤੇ ਖਿਝ ਆਉਣ ਲੱਗ ਪੈਂਦੀ ਹੈ ਕਿਉਂਕਿ ਫ਼ੁਖ਼ਰੇਬਾਜ਼ੀ ਦੇ ਮਰੀਜ਼ ਆਪਣੀਆਂ ਊਟ-ਪਟਾਂਗ ਹਰਕਤਾਂ ਦੁਆਰਾ ਨਿੱਤ ਕੋਈ ਨਾ ਕੋਈ ਚੰਨ ਚਾੜ੍ਹੀ ਰੱਖਦੇ ਹਨ।ਦੂਜਿਆਂ ਉਪਰ ਆਪਣੀ ਲਿਫ਼ਾਫ਼ੇਬਾਜ਼ੀ ਦਾ ਅਸਰ ਪਾਉਣ ਲਈ ਅਜਿਹੇ ਖ਼ਲੀਫ਼ਿਆਂ ਦਾ ਗਾਲੜੀ ਹੋਣਾ ਵੀ ਸੁਭਾਵਿਕ ਹੀ ਹੁੰਦਾ ਹੈ।ਬੇ-ਵਜਹ ਬਹਿਸ ਦੀ ਬੁਰੀ ਬਿਮਾਰੀ ਦੇ ਸ਼ਿਕਾਰ ਹੋਣ ਕਾਰਨ ਇਨ੍ਹਾਂ ਦੇ ਜਾਣੂੰ ਇਨ੍ਹਾਂ ਦੀ ਚੱਤੋ ਪਹਿਰ ਚਪੜ-ਚਪੜ ਚਲਦੀ ਜ਼ੁਬਾਨ ਦੇ ਕਾਂਟਵੇਂ ਹਮਲਿਆਂ ਤੋਂ ਬਚਣ ਲਈ ਆਮ ਤੌਰ ਤੇ ਕੋਹਾਂ ਦੂਰ ਹੀ ਰਹਿੰਦੇ ਹਨ ਫਿਰ ਵੀ ਕੋਈ ਬੰਦਾ ਕਿਸੇ ਦਵੰਧ ਜਾਂ ਦੁਬਿਧਾ ਦਾ ਸ਼ਿਕਾਰ ਹੋ ਕੇ ਭੁੱਲ-ਭੁਲੇਖੇ ਅਜਿਹੇ ਬੰਦਿਆਂ ਕੋਲੋਂ ਸਲਾਹ ਲੈਣ ਆ ਵੀ ਜਾਵੇ ਤਾਂ ਮੌਕਾ ਮਿਲ਼ਦਿਆਂ ਹੀ ਇਹ ਬੇਤੁਕੀਆਂ ਦਲੀਲਾਂ ਨਾਲ਼ ਭਰਪੂਰ ਪ੍ਰਵਚਨਾਂ ਦੀ ਕਦੇ ਨਾ ਖ਼ਤਮ ਹੋਣ ਵਾਲ਼ੀ ਲੜੀ ਸ਼ੁਰੂ ਕਰ ਦਿੰਦੇ ਹਨ।ਸਲਾਹ ਲੈਣ ਆਏ ਬੰਦੇ ਦੀ ਝੋਲ਼ੀ ’ਚ ਆਪਣੇ ਕੀਮਤੀ ਮਸ਼ਵਰੇ ਪਾ ਕੇ ਆਪਣੇ ਪੂਰੇ ਅਕਲਮੰਦ ਹੋਣ ਦਾ ਅਜਿਹੇ ਫ਼ੁਖ਼ਰੇਬਾਜ਼ਾਂ ਨੂੰ ਅੰਧ-ਵਿਸ਼ਵਾਸ ਹੁੰਦਾ ਹੈ।ਸੱਤ ਸਮੁੰਦਰੋਂ ਪਾਰ ਦੀਆਂ ਯਭਲੀਆਂ ਮਾਰਨ ਵਾਲ਼ੇ ਅਜਿਹੇ ਬੇਲੋੜੇ ਬਹਿਸਬਾਜ਼ ਸਲਾਹ ਲੈਣ ਆਏ ਬੰਦੇ ਦੇ ਖ਼ਾਨੇ ਵਿਚ ਆਪਣੇ ਬਹੁਮੁੱਲੇ ਨੁਕਤੇ ਪਾਉਣ ਲਈ ਅੱਡੀਓਂ ਸਿਰ ਤੀਕਰ ਜ਼ੋਰ ਲਗਾ ਦਿੰਦੇ ਹਨ, ਉਧਰ ਸਲਾਹ ਲੈਣ ਆਏ ਬੰਦੇ ਦੀ ਭਾਵੇਂ ਟਾਏਂ-ਟਾਏਂ ਫ਼ਿੱਸ ਹੀ ਕਿਉਂ ਨਾ ਹੋ ਜਾਵੇ।
ਚੌਧਰ ਦੀ ਭੁੱਖ ਫ਼ੁਖ਼ਰਿਆਂ ਦੀ ਸੁਨਹਿਰੀ ਖ਼ਾਸੀਅਤ ਹੁੰਦੀ ਹੈ।ਕਿਸੇ ਵੀ ਯੂਨੀਅਨ ਜਾਂ ਜੱਥੇਬੰਦੀ ’ਚ ਚੌਧਰ ਹਥਿਆਉਣ ਲਈ ਉਪਰੋਕਤ ਲੱਛਣਾਂ ਵਾਲ਼ੇ ਬੰਦੇ ਪੁੱਠੇ-ਸਿੱਧੇ ਪਾਪੜ ਵੇਲ਼ਣੋਂ ਕਦੀ ਪਿਛਾਂਹ ਨਹੀਂ ਹਟਦੇ।ਪਹਿਲਾਂ-ਪਹਿਲ ਤਾਂ ਉਹ ਆਪਣੀਆਂ ਭੂਤਕਾਲੀਨ ਉਪਲਬਧੀਆਂ ਦੇ ਲੰਮੇ-ਚੌੜੇ ਚਿੱਠੇ ਅਤੇ ਤੱਤਕਾਲੀਨ ਪਹੁੰਚ ਦਾ ਢੰਡੋਰਾ ਪਿਟਵਾ ਕੇ ਦੂਜਿਆਂ ਦੇ ਮਨਾਂ ਅੰਦਰ ਇਹ ਗੱਲ ਚੰਗੀ ਤਰ੍ਹਾਂ ਬਿਠਾ ਦਿੰਦੇ ਹਨ ਕਿ ਸਿਰਫ਼ ਉਹ ਹੀ ਉਨ੍ਹਾਂ ਦੇ ਆਗੂ ਬਣਨ ਦੇ ਅਸਲੀ ਹੱਕਦਾਰ ਹਨ। ਮਨਚਾਹੀ ਜੱਥੇਬੰਦੀ ’ਚ ਵੜਦਿਆਂ ਹੀ ਆਪਣੀ ਉਤਾਂਹ ਤੀਕ ਪਹੁੰਚ ਦੱਸ ਕੇ ਲੋੜਵੰਦਾਂ ਖ਼ਾਤਿਰ ਉਨ੍ਹਾਂ ਨਾਲ਼ ਮੋਟਰ ਗੱਡੀਆਂ ’ਚ ਝੂਟੇ ਲੈਂਦੇ ਹਨ। ਗੱਲਾਂ-ਗੱਲਾਂ ’ਚ ਉੱਚ ਮੰਤਰੀਆਂ, ਅੱਵਾਮੀ ਆਗੂਆਂ ਅਤੇ ਵੱਡੇ-ਵੱਡੇ ਅਧਿਕਾਰੀਆਂ ਨੂੰ ਆਪਣੇ ਜਾਣੂੰ ਜਾਂ ਰਿਸ਼ਤੇਦਾਰ ਦੱਸ ਕੇ ਚੰਮ ਦੀਆਂ ਚਲਾਉਣ ਦਾ ਉਨ੍ਹਾਂ ਨੂੰ ਪੱਕਾ ਭੁਸ ਪੈਣਾ ਸ਼ੁਰੂ ਹੋ ਜਾਂਦਾ ਹੈ। ‘ਮੁੱਖ ਮੰਤਰੀ ਜੀ ਦਾ ਫੋਨ ਆਇਆ ਸੀ।’, ‘ਐੱਮ. ਪੀ. ਸਾਹਬ ਨੇ ਮੈਨੂੰ ਮੁੰਡੇ ਦੇ ਮੰਗਣੇ ਤੇ ਯਾਦ ਕੀਤਾ ਐ।’, ਥਾਣੇਦਾਰ ਤਾਂ ਮੇਰਾ ਪੁਰਾਣਾ ਹਮ-ਜਮਾਤੀ ਨਿੱਕਲਿਆ।’ ਵਰਗੇ ਵਾਕਾਂ ਦੇ ਟੁੱਲੇ ਲਗਾ ਕੇ ਦੂਜਿਆਂ ਨੂੰ ਧੌਂਸ ਦੇਣਾ ੳੇਨ੍ਹਾਂ ਨੇ ਪੱਕਾ ਠਾਣਿਆ ਹੋਇਆ ਹੁੰਦਾ ਹੈ।
ਇਹ ਕਹਿਣਾ ਵੀ ਕੋਈ ਅਲੋਕਾਰੀ ਗੱਲ ਨਹੀਂ ਕਿ ਫ਼ੋਕੀ ਲਿਫ਼ਾਫ਼ੇਬਾਜ਼ੀ, ਹਨੇਰਗ਼ਰਦੀ ਅਤੇ ਆਪੋ-ਧਾਪੀ ਦੇ ਯੁੱਗ ਵਿਚ ਕਈ ਫ਼ੁਖ਼ਰਿਆਂ ਅਤੇ ਸ਼ੋਸ਼ੇਬਾਜ਼ਾਂ ਨੇ ਸਮਾਜ ਅੰਦਰ ਆਪਣੀ ਪਤਾਲ ਤੀਕਰ ਡੂੰਘੀ ਧਾਂਕ ਜਮਾਈ ਹੋਈ ਹੈ। ਲੋਕਾਂ ਨੂੰ ਲੱਛੇਦਾਰ ਭਾਸ਼ਣਾਂ ਅਤੇ ਵਿਖਾਵੇਬਾਜ਼ੀ ਨਾਲ਼ ਲਪੇਟ ਕੇ ਆਪਣਾ ਉੱਲੂ ਸਿੱਧਾ ਕਰਨ ਵਾਲ਼ੇ ਫ਼ੁਖ਼ਰੇਬਾਜ਼ ਲੋਟੂ ਬਾਬਾ ਆਦਿਮ ਦੇ ਵੇਲ਼ੇ ਤੋਂ ਹੀ ਕੋਠੇ ਚੜ੍ਹ ਕੇ ਆਪਣੀ ਤੂਤੀ ਵਜਾਉਂਦੇ ਆ ਰਹੇ ਹਨ। ਤਰ੍ਹਾਂ-ਤਰ੍ਹਾਂ ਦੀਆਂ ਸਿਆਸੀ ਅਤੇ ਗ਼ੈਰ-ਸਿਆਸੀ ਪਾਰਟੀਆਂ ’ਚ ਸ਼ਾਮਿਲ ਅਜਿਹੇ ਖ਼ਲੀਫ਼ਿਆਂ ਦੇ ਅਸਰ ਹੇਠ ਆਈ ਅਨਪੜ੍ਹ ਅਤੇ ਭੋਲ਼ੀ-ਭਾਲ਼ੀ ਜਨਤਾ ਵੀ ਇਨ੍ਹਾਂ ਦਾ ਇਕਬਾਲ ਬੁਲੰਦ ਕਰਨ ਲਈ ਅਕਸਰ ਇਨ੍ਹਾਂ ਦੀ ਟੈਂ ਵਿਚ ਟੈਂ ਮਿਲਾਉਂਦੀ ਦਿਸ ਹੀ ਪੈਂਦੀ ਹੈ।ਸਮਾਜ ਅੰਦਰ ਆਪਣੇ, ਰੁਤਬੇ ਅਤੇ ਪਹੁੰਚ ਦਾ ਰੁਹਬ ਝਾੜਣਾ, ਮਛਰੇਵੇਂ ਲਈ ਚਮਚਾਗਿਰੀ ਦੇ ਮਾਹਿਰ ਪਾਲਣੇ ਅਤੇ ਹਵਾਈ ਕਿਲ੍ਹੇ ਉਸਾਰਦੇ ਰਹਿਣਾ ਫ਼ੁਖ਼ਰਿਆਂ ਦੀ ਸ਼ਖਸੀਅਤ ਨੂੰ ਚਾਰ ਚੰਨ ਲਗਾਉਣ ਲਈ ਕਾਫੀ ਸਹਾਇਕ ਆਦਤਾਂ ਹਨ।
ਫ਼ੁਖ਼ਰੇਬਾਜ਼ੀ ਕਿਉਂਕਿ ਸਰਬ-ਵਿਆਪਕ ਹੈ, ਇਸ ਲਈ ਦੁਨੀਆ ਦੇ ਹਰ ਕੋਨੇ ਅਤੇ ਹਰ ਜੱਥੇਬੰਦੀ ’ਚ ਫ਼ੁਖ਼ਰੇਬਾਜ਼ਾਂ ਦੇ ਸਹਿਜੇ ਹੀ ਦਰਸ਼ਨ-ਦੀਦਾਰ ਕੀਤੇ ਜਾ ਸਕਦੇ ਹਨ। ਅਫ਼ਸਰਸ਼ਾਹੀ ’ਚ ਫ਼ੁਖ਼ਰੇਬਾਜ਼ੀ ਦੀ ਆਮਦ ਅਫ਼ਸਰਾਂ ਦੇ ਸਰਕਾਰ ਅਤੇ ਜਨਤਾ ਪ੍ਰਤੀ ਕਰਤੱਵਾਂ ਦੀ ਮਿੱਟੀ ਪਲੀਤ ਕਰਕੇ ਉਨ੍ਹਾਂ ਦੀ ਮੱਤ ਮਾਰਨ ਅਤੇ ਅਕੜੇਵਾਂ ਪੈਦਾ ਕਰਨ ’ਚ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਛੋਟੇ ਮੁਲਾਜ਼ਮਾਂ ਅਤੇ ਆਮ ਲੋਕਾਈ ਨੂੰ ਖ਼ਾਹ-ਮਖ਼ਾਹ ਗਧੀਗੇੜ ’ਚ ਪਾ ਕੇ ਉਨ੍ਹਾਂ ਦੀਆਂ ਭੁਆਂਟਣੀਆਂ ਖੁਆਉਣ ’ਚ ਉਨ੍ਹਾਂ ਨੂੰ ਹੁਸੈਨੀ ਕਬਾਬ ਖਾਣ ਵਰਗਾ ਸੁਆਦ ਆਉਂਦਾ ਹੈ। ਕੰਮਚੋਰੀ ਦਾ ਸ਼ੈਤਾਨ ਉਨ੍ਹਾਂ ਦੇ ਸਿਰ ਚੜ੍ਹ ਕੇ ਕੂਕਦਾ ਹੈ ਅਤੇ ਭੱਦੀਆਂ-ਕੋਝੀਆਂ ਹਰਕਤਾਂ ਕਰਦਿਆਂ ਕੁਚੱਜੀ ਸ਼ਬਦਾਵਲੀ ਦੀ ਵਰਤੋਂ ਕਰਨੀ ਉਨ੍ਹਾਂ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ।
ਅੱਕੋਂ ਕੌੜੀ ਸੱਚਾਈ ਤਾਂ ਇਹ ਹੈ ਕਿ ਫ਼ੁਖ਼ਰਿਆਂ ਅਥਵਾ ਲਿਫ਼ਾਫ਼ੇਬਾਜ਼ਾਂ ਨੂੰ, ਚਾਹੇ ਉਹ ਕਿਸੇ ਵੀ ਮੁਲਕ, ਮਹਿਕਮੇ, ਪਾਰਟੀ ਜਾਂ ਸ਼੍ਰੇਣੀ ਨਾਲ਼ ਸਬੰਧਿਤ ਹੋਣ, ਕੋਈ ਵੀ ਸਮਝਦਾਰ ਬੰਦਾ ਸਤਿਕਾਰ ਦੇ ਪਾਤਰ ਨਹੀਂ ਸਮਝਦਾ।ਜੇਕਰ ਕੋਈ ਉਨ੍ਹਾਂ ਵਾਸਤੇ ਹਜ਼ੂਰ, ਮਾਈ ਬਾਪ, ਜਨਾਬੇ-ਆਲਾ ਆਦਿ ਪ੍ਰਤੀਕ ਵਰਤਦਿਆਂ ਹੋਇਆਂ ਸਤਿਕਾਰ ਕਰਦਾ ਨਜ਼ਰੀਂ ਪੈਂਦਾ ਹੈ ਤਾਂ ਯਕੀਨਨ ਉਹ ਸ਼ਖ਼ਸ ਕਿਸੇ ਗ਼ਰਜ਼ ਜਾਂ ਮਜਬੂਰੀ-ਵੱਸ ਹੀ ਅਜਿਹਾ ਕਰ ਰਿਹਾ ਹੁੰਦਾ ਹੈ।ਫ਼ੁਖ਼ਰੇਬਾਜ਼ਾਂ ਨੂੰ ਫ਼ੂਕ ਦੇ ਕੇ ਉਨ੍ਹਾਂ ਪਾਸੋਂ ਕਿਸੇ ਗੌਂ ਦੀ ਪੂਰਤੀ ਕਰਵਾਉਣ ਵਾਲੇ ਚਮਚੇ-ਚਮਚੀਆਂ ਮੌਕੇ ਮੁਤਾਬਿਕ ਵਗ਼ਦੀ ਗੰਗਾ ’ਚ ਹੱਥ ਧੋਣ ਦੇ ਨਾਲ-ਨਾਲ ਕਈ ਵਾਰੀ ਨਾੲ੍ਹੀ-ਧੋਈ ਕਰਦਿਆਂ ਹੋਇਆਂ ਲਿਫ਼ਾਫ਼ੇਬਾਜ਼ਾਂ ਨੂੰ ਮਣਾਂ ਮੂੰਹੀਂ ਚੂਨਾ ਵੀ ਲਗਾ ਜਾਂਦੇ ਹਨ।
ਫ਼ੁਖ਼ਰੇਬਾਜ਼ਾਂ ਦਾ ਇਕ ਹੋਰ ਲਿਸ਼ਕਵਾਂ ਲੱਛਣ ਇਹ ਹੁੰਦਾ ਹੈ ਕਿ ਉਹ ਸਿਰਫ਼ ਆਪਣੇ ਮਨ ਦੀ ਮੌਜ ਦਾ ਹੀ ਖ਼ਿਆਲ ਰੱਖਦੇ ਹਨ।ਬਾਕੀ ਸਾਰਾ ਜਹਾਨ ਭਾਵੇਂ ਢੱਠੇ ਖੁਹ ’ਚ ਹੀ ਕਿਉਂ ਨਾ ਜਾ ਡਿੱਗੇ, ਉਹ ਉੱਕਾ ਹੀ ਨਹੀਂ ਗ਼ੌਲਦੇ। ਬਿਨ੍ਹਾਂ ਸ਼ੱਕ ਸਾਡੇ ਦੇਸ਼ ਦੀ 121 ਕਰੋੜ ਦੀ ਆਬਾਦੀ ’ਚ ਫ਼ੁਖ਼ਰੇਬਾਜ਼ਾਂ ਦੀ ਬਹੁ-ਗਿਣਤੀ ਹੋਣ ਕਾਰਨ ਵਿਗੜੇ ਹੋਏ ਸਮਾਜਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਵਾਤਾਵਰਣ ’ਚ ਭਲ਼ੇ ਵਿਅਕਤੀਆਂ ਨੂੰ ਮੇਚਵੇਂ ਨਹੀਂ ਮੰਨਿਆ ਜਾ ਰਿਹਾ।ਭੋਲ਼ੇ-ਭਾਲ਼ੇ ਅਤੇ ਸਾਊ ਬੰਦਿਆਂ ਵੱਲ ਫ਼ੁਖ਼ਰੇਬਾਜ਼ਾਂ ਦੁਆਰਾ ਗ਼ੈਰਾਂ ਅਤੇ ਓਪਰਿਆਂ ਵਾਂਗ ਬੜੀ ਕਟਾਖ਼ਸ਼-ਭਰੀ ਹੀਣ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ।
ਆਪਣੀ ਸ਼ਲਾਘਾ ਸੁਣਨ ਦੇ ਚਸਕੇ ਦੀ ਮਾਰ ਹੇਠ ਆਏ ਫ਼ੁਖ਼ਰੇਬਾਜ਼ਾਂ ਦੀਆਂ ਕੋਝੀਆਂ ਕਰਤੂਤਾਂ ਦਾ ਨੰਗਾ-ਚਿੱਟਾ ਸ਼ੀਸ਼ਾ ਜਦੋਂ ਕੋਈ ਵਿਅਕਤੀ ਉਨ੍ਹਾਂ ਨੂੰ ਪ੍ਰਤੱਖ ਵਿਖਾ ਦਿੰਦਾ ਹੈ ਤਾਂ ਉਸ ਸਮੇਂ ਫ਼ੁਖ਼ਰੇਬਾਜ਼ਾਂ ਦੇ ਮੱਥਿਓਂ ਕੱਚੀਆਂ ਤ੍ਰੇਲੀਆਂ ਸਪੱਸ਼ਟ ਵੇਖੀਆਂ ਜਾ ਸਕਦੀਆਂ ਹਨ।ਟਾਵੇਂ-ਟਾਵੇਂ ਸਮਾਜ-ਸੁਧਾਰਕ ਅਜਿਹੇ ਵੀ ਆ ਟੱਕਰਦੇ ਹਨ ਜਿਹੜੇ ਮੁਲਕ ਅਤੇ ਇਨਸਾਨੀਅਤ ਨੂੰ ਦਾਗ਼ਦਾਰ ਕਰਨ ਵਾਲੇ ਫ਼ੁਖ਼ਰੇਬਾਜ਼ਾਂ ਦੀਆਂ ਅੱਖ ਦੇ ਫੋਰ ਵਿਚ ਹੀ ਪੂਛਾਂ ਚੁਕਾ ਕੇ ਸਾਰੇ ਅਕੜੇਵੇਂ ਅਤੇ ਕੜਵੱਲ ਕੱਢ ਦਿੰਦੇ ਹਨ।ਖ਼ੁਦ ਨੂੰ ਭੰਬੂ-ਤਾਰੇ ਵਿਖਾਉਣ ਵਾਲਿਆਂ ਸਾਹਵੇਂ ਫ਼ੁਖ਼ਰੇਬਾਜ਼ਾਂ ਦੀ ਹਾਲਤ ਸ਼ੇਰ ਦੀ ਕੁੜਿੱਕੀ ’ਚ ਫਸੀ ਬੱਕਰੀ ਵਰਗੀ ਹੋ ਜਾਂਦੀ ਹੈ।ਕਿਆਮਤ ਦੇ ਅਜਿਹੇ ਮੌਕੇ ਆਪਣੀ ਟਿੰਡ-ਫੂਹੜੀ ਚੁੱਕ ਕੇ ਤਿੱਤਰ ਹੋਣ ਦੀ ਤਾਕ ’ਚ ਕਮਰਕੱਸੀ ਬੈਠੇ ਫ਼ੁਖ਼ਰੇਬਾਜ਼ਾਂ ਦੀ ਰਾਜਪੂਤੀ ਸ਼ਾਨ ਦੀ ਇੱਟ ਨਾਲ਼ ਇੱਟ ਖੜਕਣ ਨੂੰ ਕੋਈ ਬਹੁਤੀ ਦੇਰ ਨਹੀਂ ਲੱਗਦੀ।
ਉਪਰੋਕਤ ਵਿਚਾਰ-ਵਿਮਰਸ਼ ਉਪਰ ਗੰਭੀਰਤਾ ਨਾਲ਼ ਚਿੰਤਨ ਕਰਨ ਉਪਰੰਤ ਸਾਡਾ ਸਭਨਾਂ ਦਾ ਬੁਨਿਆਦੀ ਫ਼ਰਜ਼ ਬਣਦਾ ਹੈ ਕਿ ਅਸੀਂ ਫ਼ੋਕੀ ਲਿਫ਼ਾਫ਼ੇਬਾਜ਼ੀ ਅਤੇ ਫ਼ੁਖ਼ਰੇਬਾਜ਼ੀ ਵਰਗੀਆਂ ਅਲਾਮਤਾਂ ਤੋਂ ਕੋਹਾਂ ਦੂਰ ਰਹਿੰਦਿਆਂ ਹੋਇਆਂ ਨੇਕੀ, ਇਮਾਨਦਾਰੀ ਅਤੇ ਅੰਤਰ-ਰਾਸ਼ਟਰੀ ਸਦਭਾਵਨਾ ਦੇ ਅਲਮਬਰਦਾਰ ਬਣਨ ਵੱਲ ਨੂੰ ਆਪਣੇ ਕਦਮ ਵਧਾਈਏ!
ਸਲੇਮਪੁਰਾ, ਸਿਧਵਾਂ ਬੇਟ
ਲੁਧਿਆਣਾ
ਫੋਨ: 9872727789


0 comments:
Speak up your mind
Tell us what you're thinking... !