ਉਸ ਦਿਨ ਜਿਵੇਂ ਹੀ ਜਮਾਤ ਦੇ ਕਮਰੇ ਵਿਚੋਂ ਬਾਹਰ ਨਿਕਲ ਕੇ ਦਫ਼ਤਰ ਵਿਚ ਪੈਰ ਧਰਿਆ ਤਾਂ ਜਾਣੀ ਪਹਿਚਾਣੀ ਸ਼ਕਲ ਮੇਰੇ ਦਫ਼ਤਰ ਦੇ ਬਾਹਰ ਪਏ ਬੈਂਚ ਤੇ ਬੈਠੀ ਮੇਰੀ ਉਡੀਕ ਕਰ ਰਹੀ ਸੀ।ਇਹ ਇਕ ਬਜ਼ੁਰਗ ਔਰਤ ਸੀ ਜੋ ਅਕਸਰ ਆਪਣੇ ਪੋਤੇ ਦੀ ਪੜ੍ਹਾਈ ਬਾਰੇ ਪੁੱਛਣ ਲਈ ਹੀ ਸਕੂਲ ਨਹੀਂ ਸੀ ਆਉਂਦੀ ਸਗੋਂ ਜਦੇ ਕਦੇ ਉਸਦਾ ਪੋਤਾ ਜਗਦੀਪ ਸਕੂਲ ਤੋਂ ਘਰ ਦੌੜ ਜਾਂਦਾ ਸੀ ਤਾਂ ਉਸਨੂੰ ਚੰਗਾ ਨਹੀਂ ਸੀ ਲਗਦਾ।ਸ਼ਾਇਦ ਤਾਂ ਹੀ ਉਹ ਉਸਦੀ ਸ਼ਿਕਾਇਤ ਲੈ ਕੇ ਸਿੱਧਾ ਮੇਰੇ ਦਫ਼ਤਰ ਵਿਚ ਆ ਜਾਂਦੀ ਤੇ ਆਖਦੀ ਕਿ ਮੈਡਮ ਜੀ ਅੱਜ ਫ਼ਿਰ ਜਗਦੀਪ ਘਰੇ ਫਿਰਦਾ ਸੀ।ਇਸਨੂੰ ਮੇਰੇ ਸਾਹਮਣੇ ਬੁਲਾ ਕੇ ਝਿੜਕੋ।ਇਸ ਨੂੰ ਪਤਾ ਲੱਗੇ ਕਿ ਅਸੀਂ ਇਸਨੂੰ ਸਕੂਲ ਪੜ੍ਹਣ ਲਈ ਭੇਜਦੇ ਹਾਂ।ਸਕੂਲ਼ੋਂ ਘਰ ਦੀਆਂ ਗੇੜੀਆਂ ਲਾਉਣ ਲਈ ਨਹੀਂ।
ਮੈਨੂੰ ਉਸ ਬਜ਼ੁਰਗ ਦੀਆਂ ਗੱਲ੍ਹਾਂ ਵਿਚ ਦਮ ਲਗਦਾ ਤੇ ਮੈਂ ਉਸੇ ਵੇਲੇ ਸੇਵਾਦਾਰ ਨੂੰ ਉਸਦੇ ਪੋਤੇ ਨੂੰ ਜਮਾਤ ਵਿਚੋਂ ਬੁਲਾਉਣ ਲਈ ਭੇਜ ਦਿੰਦੀ।ਇਕ ਗੱਲ੍ਹ ਜੋ ਮੇਰੇ ਜ਼ਿਹਣ ਵਿਚ ਅਕਸਰ ਘੁੰਮਦੀ ਕਿ ਇਹ ਬਜ਼ੁਰਗ ਔਰਤ ਜੋ ਬਹੁਤ ਹੀ ਮੁਸ਼ਕਿਲ ਨਾਲ ਸੋਟੀ ਦੇ ਸਹਾਰੇ ਤੁਰਦੀ ਹੈ ਉਹੀ ਹਮੇਸ਼ਾਂ ਆਪਣੇ ਪੋਤੇ ਦੀ ਸ਼ਿਕਾਇਤ ਲੈ ਕੇ ਕਿਉਂ ਆਉਂਦੀ ਹੈ।ਇਕ ਦਿਨ ਮੈਂ ਉਸਨੂੰ ਪੁੱਛ ਹੀ ਲਿਆ ਕਿ ਮਾਂ ਜੀ! ਤੁਸੀਂ ਹੀ ਆਪਣੇ ਪੋਤੇ ਲਈ ਸਕੂਲ ਆਉਂਦੇ ਹੋ ਇਸ ਦੇ ਮਾਂ-ਬਾਪ ਆਪ ਕਿਉਂ ਨਹੀਂ ਆਉਂਦੇ ਤਾਂ ਕੋਈ ਵੀ ਜਵਾਬ ਦੇਣ ਦੀ ਥਾਂ ਉਸ ਦੀਆਂ ਅੱਖਾਂ ਦੀਆਂ ਹੰਝੂਆਂ ਨਾਲ ਭਰ ਗਈਆਂ ਤਾਂ ਉਹ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਣ ਲੱਗ ਪਈ।ਮੈਂ ਬਿਨਾਂ ਕੁੱਝ ਬੋਲੇ ਉਸ ਵੱਲ੍ਹ ਦੇਖਣ ਲੱਗੀ ਤਾਂ ਉਸਨੇ ਹਉਕਾ ਜਿਹਾ ਭਰਿਆ ਤਾਂ ਹੌਸਲਾ ਕਰਕੇ ਬੋਲੀ, ਕੀ ਦੱਸਾਂ ਧੀਏ। ਪੁੱਤ ਤਾਂ ਮੇਰਾ ਕਿਸੇ ਕੰਮ ਦਾ ਨਹੀਂ, ਨਸ਼ੇੜੀ ਆ ਸਾਰਾ ਦਿਨ ਨਸ਼ੇ ਵਿਚ ਡੁੱਬਿਆ ਰਹਿੰਦੈ।ਉਸਨੂੰ ਤਾਂ ਆਪਣੀ ਸੌਝੀ ਨਹੀਂ ਨਿਆਣਿਆਂ ਬਾਰੇ ਸੁਆਹ ਸੋਚਣੈ।ਨੂੰਹ ਮੇਰੀ ਬਥੇਰੀ ਚੰਗੀ ਆ, ਸਾਰਾ ਘਰ ਉਸੇ ਦੇ ਸਿਰ ਤੇ ਚਲਦਾ।ਉਹ ਵੀ ਕੀ ਕਰੇ ਵਿਚਾਰੀ।ਘਰ ਦੇ ਝਜੂ ਝੇੜਿਆਂ ਤੋਂ ਵਿਹਲੀ ਹੋ ਕੇ ਸਵੇਰੇ ਅੱਠ ਵੱਜਦੇ ਨੂੰ ਫੈਕਟਰੀ ਵਿਚ ਕੰਮ ਕਰਨ ਲਈ ਚਲੀ ਜਾਂਦੀ ਆ, ਸ਼ਾਮ ਨੂੰ ਵਾਪਸ ਆਉਂਦੀ ਆ,ਕਿਹੜੇ ਵੇਲੇ ਨਿਆਣਿਆਂ ਬਾਰੇ ਸੋਚੇ।
ਮੈਂ ਹੀ ਘਰੇ ਵਿਹਲੀ ਹੁੰਦੀ ਆਂ ਤਾਂ ਸੋਚਦੀ ਰਹਿੰਦੀ ਆਂ ਕਿ ਜੇ ਮੇਰੀ ਨੂੰਹ ਚੰਗੀ ਨਾ ਹੁੰਦੀ ਤਾਂ ਮੇਰੇ ਆਹ ਨਿੱਕੇ-ਨਿੱਕੇ ਪੋਤੇ ਪੋਤੀਆਂ ਦਾ ਕੀ ਬਣਦਾ।ਕੀ ਕਰਾਂ ਧੀਏ,ਲੇਖੇ-ਜੋਖੇ ਦੇ ਸੰਬੰਧ ਆ।ਜੇ ਮੈਂ ਘਰੇ ਨਾ ਹੋਵਾਂ ਤਾਂ ਇਨ੍ਹਾਂ ਨਿਆਣਿਆਂ ਦਾ ਕੀ ਬਣੇ।ਜਦੋਂ ਵੀ ਮੈਂ ਮੁੰਡੇ ਨੂੰ ਘਰੇ ਫ਼ਿਰਦਾ ਦੇਖਦੀ ਆਂ ਤਾਂ ਇਸ ਨੂੰ ਦਬਕਾ ਮਾਰ ਕੇ ਕਹਿੰਦੀ ਆਂ ਕਿ ਬੰਦਾ ਬਣ ਕੇ ਸਕੂਲ ਵਗ ਜਾਹ, ਨਹੀਂ ਤਾਂ ਹੁਣੇ ਜਾਂਦੀ ਹਾਂ ਤੇਰੇ ਸਕੂਲ ਵੱਡੀ ਬੀਬੀ ਕੋਲ,ਉਹੀ ਸਿੱਧਾ ਕਰੂ ਤੈਨੂੰ।ਅੱਜ ਵੀ ਜਗਦੀਪ ਨੂੰ ਡਰਾ-ਧਮਕਾ ਕੇ ਸਕੂਲ ਭੇਜਿਆ, ਖੋਰੇ ਆਇਆ ਵੀ ਆ ਕੇ ਨਹੀਂ।ਤੂੰ ਵੀ ਧੀਏ ਸੋਚਦੀ ਹੋਵੇਂਗੀ ਕਿ ਆਹ ਬੁੱਢੀ ਵੀ ਨਹੀਂ ਟਿਕਣ ਦਿੰਦੀ।ਰੋਜ਼ ਤੁਰੀ ਆਉਂਦੀ ਆ।ਹੋਰ ਥੋੜੇ ਕੰਮ ਆ ਮੈਨੂੰ।
ਪਰ ਕੀ ਕਰਾਂ ਧੀਏ, ਪਤਾ ਨਹੀਂ ਕਿਉਂ? ਮੈਨੂੰ ਤਾਂ ਇੰਜ ਲਗਦੈ, ਜਿਵੇਂ ਮੇਰੀ ਦੁਖਦੀ ਰਗ ਦਾ ਦਾਰੂ ਤੇਰੇ ਕੋਲ ਈ ਆ।ਤਾਂ ਹੀ ਤਾਂ ਧੀਏ ਤੇਰੇ ਕੋਲ ਆ ਜਾਂਦੀ ਆਂ ਤੇਰਾ ਟੈਮ ਖਰਾਬ ਕਰਨ ਨੂੰ ਤੇ ਤੇਰਾ ਡਮਾਕ ਖਾਣ ਲਈ।ਗੁੱਸਾ ਨਾ ਮੰਨੀ ਧੀਏ।ਬੁੱਢੀ ਠੇਰੀ ਆਂ, ਤੈਨੂੰ ਦੇਖ ਕੇ ਤਾਂ ਮੈਨੂੰ ਇੰਜ ਲਗਦੈ ਜਿਵੇਂ ਮੇਰੀ ਹੀ ਧੀ ਵੱਡੀ ਕੁਰਸੀ ਤੇ ਬੈਠੀ ਹੋਵੇ।ਸੱਚ ਜਾਣੀ ਧੀਏ, ਤੂੰ ਹੀ ਮੇਰਾ ਦੁੱਖ ਸਮਝ ਸਕਦੀ ਏਂ।ਤੇਰੇ ਆਸਰੇ ਨਿਆਣਿਆਂ ਨੂੰ ਸਕੂਲ ਭੇਜੀਦੈ।ਇਕ ਬੇਬਸ ਮਾਂ ਦਾ ਦੁੱਖ ਮੈਨੂੰ ਅੰਦਰ ਤੱਕ ਚੀਰ ਗਿਆ।
ਮੈਂ ਮੇਜ ਉੱਤੇ ਪਈ ਘੰਟੀ ਦਾ ਬਟਨ ਦੱਬਿਆ ਤੇ ਸੇਵਾਦਾਰ ਨੂੰ ਕਿਹਾ ਕਿ ਜਾ ਕੇ ਅੱਠਵੀਂ ਜਮਾਤ ਵਿੱਚੋਂ ਇਸ ਮਾਈ ਦੇ ਪੋਤੇ ਨੂੰ ਬੁਲਾ ਲਿਆ।ਜਦੋਂ ਸੇਵਾਦਾਰ ਚਲਾ ਗਿਆ ਤਾਂ ਬੇਬੇ ਕਹਿਣ ਲੱਗੀ ਕਿ ਜਗਦੀਪ ਨੇ ਵੀ ਕਹਿਣਾ, ਦਾਦੀ ਤਾਂ ਵਿਹਲੀ ਆ,ਸੱਚੀਂ ਸਕੂਲ ਆ ਗਈ ਮੇਰੇ ਪਿੱਛੇ ਪਿੱਛੇ।ਇੰਨ੍ਹੇ ਨੂੰ ਜਗਦੀਪ ਵੀ ਸਿਰ ਸੁੱਟੀ ਦਫ਼ਤਰ ਵਿੱਚ ਆ ਹਾਜ਼ਰ ਹੋਇਆ।ਮੈਂ ਉਸ ਵੱਲ੍ਹ ਘੂਰੀ ਵੱਟੀ ਤੇ ਪੁੱਛਿਆ ਕੀ ਗੱਲ ਕਾਕਾ ਅੱਜ ਫ਼ਿਰ ਸਕੂਲ ਤੋਂ ਬਾਹਰ ਗਿਆ ਸੀ?।ਤੇਰਾ ਤਾਂ ਰੋਜ਼ ਦਾ ਕੰਮ ਬਣ ਚੁੱਕਾ। ਸਕੂਲ ਵਿੱਚ ਚਿੱਤ ਨਹੀਂ ਲਗਦਾ ਤਾਂ ਜਾਹ ਬਸਤਾ ਚੁੱਕ ਤੇ ਮਾਈ ਦੇ ਨਾਲ ਹੀ ਘਰ ਚਲਾ ਜਾਹ।ਇਹ ਵਿਚਾਰੀ ਕਿੰਨੀ ਕੂ ਰਾਖੀ ਕਰੇ ਤੇਰੀ।ਉਹ ਕੰਨ ਫੜ ਕੇ ਨੀਵੀਂ ਪਾ ਕੇ ਬੋਲਿਆ ਮੈਡਮ ਜੀ! ਅੱਗੇ ਤੋਂ ਅਜਿਹਾ ਨਹੀਂ ਕਰਾਂਗਾ।
ਮੈਂ ਉਸਨੂੰ ਦਾਦੀ ਤੋਂ ਮਾਫ਼ੀ ਮੰਗਣ ਲਈ ਕਿਹਾ ਤਾਂ ਬੇਬੇ ਕਹਿਣ ਲੱਗੀ ਕਿ ਨਹੀਂ ਪੁੱਤ ਮਾਫ਼ੀ ਮੰਗਣੀ ਹੈ ਤਾਂ ਆਪਣੀ ਮੈਡਮ ਤੋਂ ਮੰਗ,ਇਸੇ ਨੇ ਤੇਰੀ ਜ਼ਿੰਦਗੀ ਬਣਾਉਣੀ ਆ।ਆਹ ਚਾਰ ਦਿਨ ਆ ਪੜ੍ਹਣ ਦੇ ਪੜ੍ਹ ਲੈ, ਨਹੀਂ ਤਾਂ ਦਿਹਾੜੀਆਂ ਕਰਦਾ ਫ਼ਿਰੇਂਗਾ।ਤੇਰੀ ਮਾਂ ਤੁਹਾਡੇ ਢਿੱਡ ਭਰਨ ਲਈ ਸਾਰਾ ਦਿਨ ਧੱਕੇ ਖਾਂਦੀ ਫ਼ਿਰਦੀ ਆ।ਕੁਛ ਤਾਂ ਸ਼ਰਮ ਕਰ।ਮੈਂ ਬੱਚੇ ਨੂੰ ਆਪਣੇ ਨੇੜੇ ਬੁਲਾਇਆ ਕਲਾਵੇ ਵਿਚ ਲਿਆ ਤੇ ਕਿਹਾ ਕਿ ਬੇਟੇ ਮਾਂ ਜੀ ਤੇਰੇ ਕਰਕੇ ਦੂਜੇ ਤੀਜੇ ਦਿਨ ਸਕੂਲ ਆਉਂਦੇ ਨੇ।ਤੈਨੂੰ ਭੈੜਾ ਨਹੀਂ ਲਗਦਾ।ਜਗਦੀਪ ਵਲੋਂ ਮੈਂ ਹੀ ਮਾਈ ਨੂੰ ਯਕੀਨ ਦੁਆਇਆ ਕਿ ਹੁਣ ਇਹ ਸਕੂਲ ਤੋਂ ਨਹੀਂ ਦੌੜੇਗਾ।ਤੁਸੀਂ ਬੇਫ਼ਿਕਰ ਰਹੋ।ਇਹ ਕਹਿੰਦੇ ਹੋਏ ਮੈਂ ਉਸਨੂੰ ਜਮਾਤ ਵਿੱਚ ਭੇਜ ਦਿੱਤਾ ਤੇ ਬੇਬੇ ਨੂੰ ਘਰ ਜਾਣ ਲਈ ਕਿਹਾ।
ਬੇਬੇ ਜਾਣ ਲਈ ਹੌਲੀ ਹੌਲੀ ਉੱਠਦੀ ਹੋਈ ਕਹਿਣ ਲੱਗੀ ਕਿ ਧੀਏ ਜੇ ਤੇਰੇ ਕੋਲ ਟੈਮ ਹੋਵੇ ਤਾਂ ਇਕ ਗੱਲ ਹੋਰ ਕਰਨੀ ਸੀ।ਪਹਿਲਾਂ ਹੀ ਇਸ ਬਜ਼ੁਰਗ ਨੇ ਮੇਰਾ ਕਾਫ਼ੀ ਸਮਾਂ ਲੈ ਲਿਆ ਸੀ ਪਰ ਉਸ ਦੀਆਂ ਆਪਣੇ ਪ੍ਰਤੀ ਭਾਵਨਾਵਾਂ ਨੂੰ ਦੇਖਦੇ ਹੋਏ ਆਖਿਆ ਕਿ ਹਾਂ ਦੱਸੋ, ਹੁਣ ਹੋਰ ਕਿਹੜੀ ਗੱਲ ਕਰਨੀ ਹੈ ਤਾਂ ਉਹ ਕਹਿਣ ਲੱਗੀ ਕਿ ਧੀਏ ਮੈਨੂੰ ਤਾਂ ਗੱਲ ਕਰਦਿਆਂ ਹੋਇਆਂ ਵੀ ਸੰਗ ਲਗਦੀ ਆ।ਤੂੰ ਮੇਰੀ ਗੱਲ ਸੁਣ ਕੇ ਕਹੇਂਗੀ ਕਿ ਬੁੱਢੀ ਦਾ ਡਮਾਕ ਖਰਾਬ ਹੋ ਗਿਆ ਪਰ ਕੀ ਕਰਾਂ ਧੀਏ, ਧੀ ਕਿਹਾ ਤਾਂ ਕਾਹਦੀ ਸੰਗ। ਮੈਂ ਉਸਨੂੰ ਦੁਬਾਰਾ ਬੈਠਣ ਦਾ ਇਸ਼ਾਰਾ ਕਰਦੇ ਹੋਏ ਆਪਣੀ ਗੱਲ ਕਰਨ ਲਈ ਹੱਲ੍ਹਾ-ਸ਼ੇਰੀ ਦਿੱਤੀ ਤਾਂ ਜਿਵੇਂ ਉਸਨੂੰ ਹੌਸਲਾ ਜਿਹਾ ਮਿਲ ਗਿਆ ਹੋਵੇ।ਉਸਨੇ ਕੁਰਸੀ ਉੱਤੇ ਬੈਠ ਕੇ ਪਹਿਲਾਂ ਤਾਂ ਚੁੰਨੀ ਦੇ ਪੱਲੂ ਨਾਲ ਆਪਣੀਆਂ ਐਨਕਾਂ ਸਾਫ਼ ਕੀਤੀਆਂ ਤੇ ਫਿਰ ਸਾਹ ਜਿਹਾ ਲੈਂਦੀ ਹੋਈ ਕਹਿਣ ਲੱਗੀ ਕਿ ਮੈਨੂੰ ਪੜ੍ਹਣਾ ਬੜਾ ਚੰਗਾ ਲਗਦਾ।ਊੜਾ ਐੜਾ ਤਾਂ ਪੜ੍ਹ ਲੈਂਦੀ ਆਂ, ਪਰ ਅੱਖਰ ਜੋੜਣੇ ਨਹੀਂ ਆਉਂਦੇ।ਬੀਬੀ, ਜੇ ਕਿਤੇ ਮੈਨੂੰ ਆਹ ਅੱਖਰ ਜਹੇ ਜੋੜਣੇ ਆ ਜਾਣ ਤਾਂ ਨਿਆਣਿਆਂ ਦਾ ਸਕੂਲੋਂ ਮਿਲਿਆ ਕੰਮ ਈ ਕਰਾ ਦਿਆਂ ਕਰਾਂ,ਜੈ-ਵੱਢੀ ਦਾ ਪੜ੍ਹਣਾ ਈ ਔਖਾ।ਜੇ ਕਿਸੇ ਨੂੰ ਪੜ੍ਹਾਉਣ ਲਈ ਕਹਾਂ ਤਾਂ ਅਗਲਾ ਤਾਂ ਇਹੀ ਸੋਚੂ ਕਿ ਬੁੱਢੀ ਕਬਰ ਚ’ ਲੱਤਾਂ ਲਮਕਾਈ ਬੈਠੀ ਆ, ਇਹਨੇ ਹੁਣ ਪੜ੍ਹ ਕੇ ਕੀ ਕਰਨਾ। ਤਾਂ ਹੀ ਤਾਂ ਧੀਏ, ਤੇਰੇ ਨਾਲ ਵੀ ਗੱਲ ਕਰਦੀ ਨੂੰ ਝਾੱਕਾ ਜਿਹਾ ਆਉਂਦਾ ਸੀ।ਮੈਂ ਬੇਬੇ ਨੂੰ ਗੱਲ੍ਹਾਂ ਕਰਦੀ ਨੂੰ ਸੁਣ ਕੇ ਅੰਦਰੋ- ਅੰਦਰੀ ਖੁਸ਼ ਵੀ ਹੋ ਰਹੀ ਸੀ ਤੇ ਸੋਚ ਰਹੀ ਸੀ ਕਿ ਸੱਚੀਂ ਸਿੱਖਣ ਦੀ ਕਦੇ ਕੋਈ ਉਮਰ ਨਹੀਂ ਹੁੰਦੀ।
ਮੈਂ ਮਾਈ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਮਾਈ, ਪੜ੍ਹਾ ਤਾਂ ਤੈਨੂੰ ਮੈਂ ਹੀ ਦਿਆਂ, ਪਰ ਮੈਨੂੰ ਵਿਹਲ ਕਿੱਥੇ? ਹਾਂ ਮੈਂ ਤੁਹਾਡੀ ਮਦਦ ਜਰੂਰ ਕਰ ਸਕਦੀ ਹਾਂ।ਉਹ ਖੁਸ਼ੀ ਵਿਚ ਖੀਵੀ ਹੋ ਕੇ ਕਹਿਣ ਲੱਗੀ ਕਿ ਹਾਂ ਧੀਏ, ਦੱਸ ਤਾਂ ਸਹੀ ਕਿ ਜੇ ਤੇਰੇ ਕੋਲ ਟੈਮ ਹੀ ਨਹੀਂ ਤਾਂ ਮੇਰੀ ਮਦਦ ਕਿਦਾਂ ਹੋਊ।ਮੈਂ ਕਿਹਾ ਕਿ ਮਾਂ ਜੀ ਤੁਸੀਂ ਤਾਂ ਪੜ੍ਹਣਾ ਹੀ ਹੈ ਨਾ।ਤੁਸੀਂ ਆਪਣੇ ਪ੍ਰਾਇਮਰੀ ਸਕੂਲ ਵਿਚ ਚਲੇ ਜਾਓ।ਮੈਂ ਉੱਥੇ ਗੱਲ ਕਰ ਲੈਂਦੀ ਹਾਂ।ਉਹ ਬਜ਼ੁਰਗ ਖੁਸ਼ ਹੋ ਕੇ ਕਹਿਣ ਲੱਗੀ ਕਿ ਮੈਨੂੰ ਕਿਦਾਂ ਪਤਾ ਲੱਗੂ ਕਿ ਤੁਸੀਂ ਛੋਟੇ ਸਕੂਲ ਵਿਚ ਗੱਲ ਕਰ ਲਈ ਆ।
ਮੈਂ ਉਸਦੇ ਸਾਹਮਣੇ ਹੀ ਪ੍ਰਾਇਮਰੀ ਸਕੂਲ ਦੇ ਇਕ ਅਧਿਆਪਕ ਨਾਲ ਗੱਲ ਕੀਤੀ ਤੇ ਕਿਹਾ ਕਿ ਮੈਂ ਇਕ ਬਜ਼ੁਰਗ ਬੀਬੀ ਨੂੰ ਤੁਹਾਡੇ ਕੋਲ ਪੜ੍ਹਣ ਲਈ ਭੇਜ ਰਹੀ ਹਾਂ, ਪਹਿਲੀ ਦੇ ਬੱਚਿਆਂ ਨਾਲ ਇਸ ਨੂੰ ਵੀ ਪੜ੍ਹਾ ਦਿਆ ਕਰੋ ਤੇ ਬੀਬੀ ਨੂੰ ਜਾਣ ਲਈ ਕਿਹਾ।ਇਸ ਗੱਲ ਨੂੰ ਅੱਜ ਚਾਰ ਮਹੀਨੇ ਹੋ ਗਏ ਹਨ ਪਰ ਉਹ ਹੁਣ ਮੇਰੇ ਕੋਲ ਕਦੇ ਨਹਂਿ ਆਈ।ਇਕ ਦਿਨ ਮੈਨੂੰ ਉਹ ਪ੍ਰਾਇਮਰੀ ਸਕੂਲ ਦੇ ਅਧਿਆਪਕ ਮਿਲੇ ਤਾਂ ਮੈਂ ਉਸ ਬਜ਼ੁਰਗ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਬਜ਼ੁਰਗ ਹਫ਼ਤੇ ਵਿਚ ਦੋ ਕੂ ਦਿਨ ਪੜ੍ਹਣ ਸਕੂਲ ਆ ਜਾਂਦੀ ਹੈ।ਮੈਨੂੰ ਹੈਰਾਨੀ ਭਰੀ ਖੁਸ਼ੀ ਹੋਈ ਕਿ ਉਹ ਬੇਬੇ ਇਸ ਉਮਰੇ ਵੀ ਪੜ੍ਹਣ ਦਾ ਸ਼ੁਕੀਨ ਹੈ ਤਾਂ ਜੇ ਕਿਤੇ ਉਸਨੂੰ ਛੋਟੀ ਉਮਰੇ ਇਹੀ ਮੌਕਾ ਮਿਲ ਜਾਂਦਾ ਤਾਂ ਖੋਰੇ ਉਹ ਵੀ ਅੱਜ ਮੇਰੇ ਵਾਂਗ ਕਿਸੇ ਸਕੂਲ ਵਿਚ ਨਿੱਕੇ ਨਿੱਕੇ ਬੱਚਿਆ ਦੀ ਤਕਦੀਰ ਦਾ ਫ਼ੈਸਲਾ ਕਰ ਰਹੀ ਹੁੰਦੀ।
ਨਿਰਮਲ ਸਤਪਾਲ
(ਪ੍ਰਿੰਸੀਪਲ) ਸ.ਸ.ਸ.ਸ. ਨੂਰਪੁਰ ਬੇਟ
ਲੁਧਿਆਣਾ।ਮੋਬਾ.9501044955


bahut bahut dhanvad kulwinder ji
ReplyDeletegood story, interesting and appealing
ReplyDeletebahut bahut dhanvad Diljojh ji
Deletebahut bahut dhanvad Diljojh ji
Deletebahut bahut dhanvad Diljojh ji
Delete