Headlines News :
Home » » ਗੁਆਚ ਗਈ ਸੁਰਮੇਦਾਨੀ - ਲਾਡੀ ਸੁਖਜਿੰਦਰ ਕੌਰ ਭੁੱਲਰ

ਗੁਆਚ ਗਈ ਸੁਰਮੇਦਾਨੀ - ਲਾਡੀ ਸੁਖਜਿੰਦਰ ਕੌਰ ਭੁੱਲਰ

Written By Unknown on Saturday, 14 September 2013 | 06:25

ਪਹਿਲਾਂ ਆਮ ਹੀ ਸੁਆਣੀਆਂ ਖਰਲ ਦੀ ਸਹਾਇਤਾ ਨਾਲ ਸੁਰਮਾ ਘਰ ਵਿੱਚ ਹੀ ਪੀਸ ਦੀਆਂ ਸਨ। ਸੁਰਮਾ ਪੀਸਣ ਲਈ ਸੁਰਮੇ ਦੀ ਡਲ਼ੀ, ਛੋਟੀਆਂ ਇਲੈਚੀਆਂ, ਕੌਲ ਡੋਡਾ, ਹਰੜਾ, ਇੱਕ ਪਤਾਸਾ ਤੇ ਇੱਲ ਦਾ ਆਂਡਾ ਇਹ ਸਾਰਾ ਨਿੱਕ-ਸੁੱਕ ਖਰਲ ਵਿੱਚ ਪਾ ਕੇ, ਲੰਬੂਤਰੇ ਜਿਹੇ ਪੱਥਰ ਨਾਲ ਕਈ-ਕਈ ਦਿਨ ਲਗਾਤਾਰ ਥੋੜੀ-ਥੋੜੀ ਰਗੜਾਈ ਕਰਕੇ ਚੰਨ ਦੀ ਰੌਸ਼ਨੀ ਵਿੱਚ ਸੁਰਮਾ ਬਰੀਕ ਪੀਸ ਲੈਂਦੀਆਂ ਤੇ ਪੀਸਿਆਂ ਹੋਈਆਂ ਸੁਰਮਾ ਸੁਰਮੇਦਾਨੀ ਜਾਂ ਸ਼ੀਸ਼ੀ ਵਿੱਚ ਪਾ ਕੇ ਰੱਖ ਲੈਂਦੀਆਂ ਸਨ। ਸੁਰਮੇ ਦਾ ਜ਼ਿਕਰ ਬੋਲੀ ਵਿੱਚ ਇਸ ਤਰਾਂ ਹੈ-
ਬਾਰੀ ਉਹਲੇ ਸੁਰਮਾ ਪਾਵਾਂ, ਉੱਤੋਂ ਆਗਿਆ ਤਾਇਆ।
ਰੋ-ਰੋ ਨਿਕਲ ਗਿਆ, ਬੜੇ ਸ਼ੌਕ ਨਾਲ ਪਾਇਆ।

ਕਈ ਮੁਟਿਆਰਾਂ ਲੰਮੀ ਧਾਰ ਬੰਨ੍ਹ-ਬੰਨ੍ਹ ਕੇ ਸੁਰਮਾ ਪਾਉਂਦੀਆਂ ਸਨ। ਉਸਨੂੰ ਪੂਛਾਂ ਵਾਲਾ ਸੁਰਮਾ ਕਿਹਾ ਜਾਂਦਾ ਸੀ। ਪੂਛਾਂ ਵਾਲਾ ਸੁਰਮਾ ਪਾਉਂਣਾ ਚੰਗਾ ਨਹੀਂ ਸਮਝਿਆਂ ਜਾਂਦਾ ਸੀ।
ਅੱਖਾਂ ਵਿੱਚ ਸੁਰਮਾ ਪਾਵੇ ਬੰਨ੍ਹ-ਬੰਨ੍ਹ ਧਾਰੀ,
ਕੁੜੀ ਮੁੰਡੇ ਵੇਖਣ ਦੀ ਮਾਰੀ।

ਕਈਆਂ ਘਰਾਂ ਵਿੱਚ ਕੁਆਰੀ ਧੀ, ਭੈਂਣ ਮੁਟਿਆਰ ਨੂੰ ਸੁਰਮਾ ਪਾਉਂਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਜਦੋਂ ਮੁਟਿਆਰ ਸੁਰਮਾ ਪਾ ਲੈਂਦੀ ਸੀ ਤਾਂ ਉਸਦੀ ਮਾਂ ਉਸਨੂੰ ਮਿੱਠੀ ਜਿਹੀ ਝਿੜਕ ਦੇ ਕੇ ਕਹਿੰਦੀ-
ਬਾਰੀ ਹੇਠ ਖੜੋਤੀਏ, ਮੂਲ਼ੀ ਪੱਤ ਫੜਾ।
ਅੱਗ ਲੱਗੇ ਤੇਰੇ ਰੂਪ ਨੂੰ, ਥੋੜ੍ਹਾ ਸੁਰਮਾ ਪਾ।

ਮੁੰਡੇ ਦੇ ਵਿਆਹ ਸਮੇਂ ਘੋੜੀ 'ਤੇ ਚੜ੍ਹੇ ਦਿਉਰ ਨੂੰ ਭਾਬੀਆਂ ਬੜੇ ਚਾਵਾਂ ਨਾਲ ਸੁਰਮਾ ਪਾਉਂਦੀਆਂ ਹਨ ਤੇ ਬਾਕੀ ਰਿਸ਼ਤੇਦਾਰਨੀਆਂ ਘੋੜੀਆਂ ਗਾਉਂਦੀਆਂ ਹਨ-
ਭਾਬੋ ਸੁਹਾਗਣ ਤੈਨੂੰ ਸੁਰਮਾ ਪਾਵੇ,
ਪੀਲੀ-ਪੀਲੀ ਦਾਲ ਤੇਰੀ ਘੋੜੀ ਚਰੇ।

ਭਾਬੀਆਂ ਦਿਉਰ ਨੂੰ ਸੁਰਮਾ ਪਾ ਕੇ ਫਿਰ ਉਸ ਤੋਂ ਕੁਝ ਪੈਸੇ ਸ਼ਗਨ (ਲਾਗ) ਵਜੋਂ ਮੰਗਦੀਆਂ ਹਨ।
ਦੂਰੋਂ ਤਾਂ ਆਈ ਤੇਰੀ ਭਾਬੋ ਵਿਆਈ।
ਦੇ-ਦੇ ਵੇ ਦੇ-ਦੇ ਸਾਨੂੰ ਸੁਰਮਾ ਪਵਾਈ।

ਫੇਰ ਕੁਝ ਸਮੇਂ ਬਾਅਦ ਘਰਾਂ ਵਿੱਚ ਸੁਰਮਾ ਪੀਸਣ ਦਾ ਕੰਮ ਘੱਟ ਗਿਆ ਤੇ ਨਾਲੇ ਪੀਸਿਆਂ ਸੁਰਮਾ ਬਜ਼ਾਰਾਂ ਵਿੱਚ ਵਿਕਣ ਲੱਗ ਪਿਆ। ਜਿਵੇਂ ਇਸ ਗੀਤ ਦੇ ਬੋਲਾਂ ਵਿੱਚ ਕਿਹਾ ਗਿਆ ਹੈ-
ਸੁਰਮਾ ਵਿਕਣਾ ਆਇਆ,ਇੱਕ ਲੱਪ ਸੁਰਮੇ ਦੀ,
ਸ਼ਾਵਾ ! ਇੱਕ ਲੱਪ ਸੁਰਮੇ ਦੀ।

ਕੁਝ ਸਮਾਂ ਪਹਿਲਾਂ ਸੁਆਣੀਆਂ ਸੁਰਮਾ ਪੀਸ ਕੇ ਪਿੱਤਲ, ਲੋਹੇ, ਸਟੀਲ ਦੀਆਂ ਬਣੀਆਂ ਸੁਰਮੇਦਾਨੀਆਂ ਵਿੱਚ ਪਾ ਲੈਂਦੀਆਂ ਸਨ। ਸੁਰਮੇਦਾਨੀਆਂ ਵਿੱਚ ਰੱਖੇ ਸੁਰਮਚੂਆਂ ਦੀ ਸਹਾਇਤਾ ਨਾਲ ਔਰਤਾਂ ਧਾਰਾਂ ਬੰਨ੍ਹ-ਬੰਨ੍ਹ ਕੇ ਅੱਖਾਂ ਵਿੱਚ ਸੁਰਮਾ ਪਾਉਂਦੀਆਂ ਸਨ। ਸੁਰਮੇਦਾਨੀਆਂ ਕਈ ਪ੍ਰਕਾਰ ਦੀਆਂ ਬਣੀਆਂ ਹੁੰਦੀਆਂ ਸਨ। ਸੁਰਮਚੂ ਤੇ ਸੁਰਮੇਦਾਨੀਆਂ ਭਾਰੇ ਨਮੂਨੇ ਦੀਆਂ ਬਣੀਆਂ ਹੁੰਦੀਆਂ ਸਨ। ਸੁਰਮੇਦਾਨੀ ਦਾ ਜ਼ਿਕਰ ਬੋਲੀ ਵਿੱਚ ਇਸ ਤਰ੍ਹਾਂ ਹੈ-
ਸੜਕੇ-ਸੜਕੇ ਮੈਂ ਰੋਟੀ ਲਿਜਾਵਾਂ, ਲੱਭ ਪਈ ਸੁਰਮੇਦਾਨੀ।
ਘਰ ਆ ਕੇ ਮੈਂ ਪਾਉਣ ਲੱਗੀ, ਮੱਚਦੀ ਫਿਰੇ ਜਿਠਾਣੀ।
ਮਿੰਨਤਾਂ ਨਾ ਕਰ ਵੇ, ਮੈਂ ਰੋਟੀ ਨਹੀਂ ਖਾਣੀ।

ਗਿੱਧੇ ਵਿੱਚ ਕੁੜੀਆਂ ਨੱਚਦੀਆਂ ਕਈ ਵਾਰ ਕਿਸੇ ਸੋਹਣੀ-ਸੁਨੱਖੀ ਮੁਟਿਆਰ ਦੀਆਂ ਅੱਖਾਂ ਵਿੱਚ ਸੁਰਮਾ ਪਾਇਆਂ ਵੇਖ ਕੇ ਝੱਟ ਇਹ ਬੋਲੀ ਪਾ ਦਿੰਦੀਆਂ-
ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮਧਾਣੀ।
ਪਹਿਲਾਂ ਕਿਹੜਾ ਰੂਪ ਘੱਟ ਸੀ, ਹੁਣ ਲੜ ਬੰਨ੍ਹ ਲਈ ਸੁਰਮੇਦਾਨੀ।

ਅੱਜ-ਕੱਲ਼੍ਹ ਕਈ ਪੀਸਿਆ ਪਿਸਾਇਆ ਸੁਰਮਾ ਬਜ਼ਾਰਾਂ ਵਿੱਚੋਂ ਖ਼ਰੀਦ ਲੈਂਦੇ ਹਨ। ਬਹੁਤੇ ਲੋਕੀਂ ਕੱਜਲ਼ ਦੀ ਵਰਤੋਂ ਕਰਦੇ ਹਨ। ਸੁਰਮੇ ਦੀ ਥਾਂ ਕੱਜਲ਼ ਪ੍ਰਧਾਨ ਹੁੰਦਾ ਜਾ ਰਿਹਾ ਹੈ। ਡਾਕਟਰੀ ਰਾਇ ਅਨੁਸਾਰ ਸੁਰਮਾ ਜਾਂ ਕੱਜਲ਼ ਅੱਖਾਂ ਵਿੱਚ ਪਾਉਣਾ ਗੁਣਕਾਰੀ ਨਹੀਂ ਸਮਝਿਆ ਜਾਂਦਾ। ਪੁਰਾਣੀਆਂ ਸੁਰਮੇਦਾਨੀਆਂ ਅਜਾਇਬ ਘਰਾਂ ਵਿੱਚ ਹੀ ਵੇਖਣ ਨੂੰ ਮਿਲ਼ਦੀਆਂ ਹਨ।

ਲਾਡੀ ਸੁਖਜਿੰਦਰ ਕੌਰ ਭੁੱਲਰ

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template