Headlines News :
Home » » ਯਾਦਾਂ ਦੇ ਝਰੋਖੇ ਤੋਂ ਅਸੀਂ ਤੇ ਸਾਡੇ ਬਜੁਰਗ਼ - ਰਮੇਸ਼ ਸੇਠੀ ਬਾਦਲ

ਯਾਦਾਂ ਦੇ ਝਰੋਖੇ ਤੋਂ ਅਸੀਂ ਤੇ ਸਾਡੇ ਬਜੁਰਗ਼ - ਰਮੇਸ਼ ਸੇਠੀ ਬਾਦਲ

Written By Unknown on Monday, 16 September 2013 | 03:38

       ‘‘ਕਾਕਾ ਤੂੰ ਕਿੰਨ੍ਹਾਂ ਦਾ ਲੜਕਾ ਹੈ? ਸਰਦਾਰ ਤੇਜਾ ਸਿੰਘ ਬਾਦਲ (ਸ.ਪ੍ਰਕਾਸ਼ ਸਿੰਘ ਬਾਦਲ ਦੇ ਪੂਜਨੀਕ ਚਾਚਾ ਜੀ ) ਨੇ ਪੁਛਿਆ”। 
ਬਹੁਤ ਪੁਰਾਣੀ ਗੱਲ ਹੈ  ਮੈ ਜੀ, ਸ੍ਰੀ ਹਰਗੁਲਾਲ ਜੀ ਦਾ ਪੋਤਰਾ ਹਾਂ ਘੁਮਿਆਰੇ ਤੋਂ”।‘‘ ਅੱਛਾ ਅੱਛਾ ਸੇਠ ਹਰਗੁਲਾਲ। ਮੈ ਜਾਣਦਾ ਹਾਂ ਚੰਗੀ ਤਰ੍ਹਾਂ ਉਹਨਾਂ ਨੂੰ”। 
ਸਰਦਾਰ ਸਾਹਿਬ ਨੇ ਕਿਹਾ। ਮੈਨੂੰ ਬਹੁਤ ਹੈਰਾਨੀ ਹੋਈ ਏਡਾ ਵੱਡਾ ਸਰਦਾਰ ਮੇਰੇ ਦਾਦਾ ਜੀ ਨੂੰ ਐਨੀ ਚੰਗੀ ਤਰ੍ਹਾਂ ਕਿਵੇ ਜਾਣਦਾ ਹੈ। ਪਰ ਇਹ ਮੇਰੇ ਦਾਦਾ ਜੀ ਦੀ ਲਿਆਕਤ ਤੇ ਰੁਤਬੇ ਦਾ ਹੀ ਕਮਾਲ ਸੀ।ਇਲਾਕੇ ਭਰ ‘ਚ ਨਾਂ ਸੀ ਉਹਨਾਂ ਦਾ। 
               ਜਿੰਦਗੀ ਚ ਬਹੁਤ ਪਾਪੜ ਵੇਲੇ ਤੇ ਦੁੱਖਾਂ ਦਾ ਸਾਹਮਣਾ  ਕੀਤਾ। ਕਦੇ ਫਰੀਦ ਕੋਟ ਕੋਟਲੀ, ਕਦੇ ਸ੍ਰੀ ਗਂਗਾਨਗਰ ਰਾਜਸਥਾਨ ‘ਚ ਦੁਕਾਨਦਾਰੀ ਕੀਤੀ ਘੁਮਿਆਰੇ ਰਹਿਕੇ ਉਹਨਾ ਨੇ ਬਣਵਾਲੇ (ਹਰਿਆਣੇ) ਚ ਵਾਹੀ ਕੀਤੀ ੇ। ਆਪਣੀਆਂ ਚਾਰ ਭੈਣਾਂ ਦਾ ਬੋਝ ਤੇ ਉਹ ਵੀ ਆਪਣੇ ਚਾਰੇ ਬੱਚਿਆਂ ਦੀ ਜਿੰਮੇਦਾਰੀ ਘਰ ਦੀ ਸੁਆਣੀ ਤੋਂ ਬਿਨਾਂ ਉਠਾਉਣਾ ਤੇ ਕਬੀਲਦਾਰੀ ਚਲਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀ ਸੀ।ਇਸ ਤਰ੍ਹਾਂ  ਅੱਠ ਦਿਨਾਂ ਦੇ ਮਾਂ ਵਿਹੂਣੇ ਬੱਚੇ ਨੂੰ ਪਾਲਣਾ ਤੇ ਦੋ ਧੀਆਂ ਤੇ ਦੋ ਪੁਤਰਾਂ ਦੇ ਪਰਿਵਾਰ ਦੇ ਨਾਲ ਨਾਲ ਚਾਰ ਭੈਣਾ ਦੀ ਜਿੰਮੇਦਾਰੀ ਵੀ ਇਕੱਲੇ ਮੇਰੇ ਦਾਦੇ ਦੇ ਸਿਰ ਸੀ। ਪਿੰਡ ਵਿੱਚ ਰਹਿੰਦੀ ਉਹਨਾਂ ਦੀ ਭੂਆ ਜਿਸ ਨੂੰ ਸਾਰੇ ਭੂਆ ਬਿਸ਼ਨੀ ਕਹਿੰਦੇ ਸਨ, ਨੂੰ ਵੀ ਪੇਕਿਆਂ ਵਾਲਾ ਮਾਣ ਦੇਣਾ ਉਹ ਕਦੇ ਨਹੀ ਭੁੱਲੇ। ਚਾਰੇ ਭੈਣਾਂ ਮੇਰੇ ਦਾਦਾ ਜੀ ਨੂੰ ਬਾਈ ਕਹਿੰਦੀਆਂ ਸਨ। ਬਾਈ ਯਾਨੀ ਭਰਾ। ਆਪਣੀਆਂ ਭੂਆ ਦੀ ਰੀਸੋ ਰੀਸ ਮੇਰੇ ਪਾਪਾ ਜੀ ਤੇ ਚਾਚਾ ਜੀ ਅਤੇ ਦੋਨੇ ਭੂਆ ਮੇਰੇ ਦਾਦੇ ਨੂੰ ਬਾਈ ਹੀ ਕਹਿੰਦੀਆ ਸਨ। ਅਤੇ ਇਹੋ ਰੀਤ ਮੇਰੀ ਮਾਂ ਤੇ ਚਾਚੀ ਨੇ ਵੀ ਨਿਭਾਈ।ਹਾਂ ਅਸੀ ਸਾਰੇ ਮੇਰੇ ਦਾਦਾ ਜੀੇ ਨੂ ਬਾਬਾ ਕਹਿਦੇ ਸੀ। ਤੇ ਸਾਡੇ ਬੱਚੇ ਵੀ ਸਾਰੇ ਬਾਬਾ ਹੀ ਆਖਦੇ ਸਨ।
                ਮੇਰੇ ਦਾਦਾ ਜੀ  ਦਾ ਰੋਬ ਤੇ ਦਬਦਬਾ ਸਾਡੇ ਸਾਰੇ ਪਰਿਵਾਰ ਤੇ ਹੀ ਨਹੀ ਸਗੋਂ ਸਾਰੇ ਪਿੰਡ ਤੇ ਇਲਾਕੇ ਦੇ ਨਾਲ-ਨਾਲ ਸਾਡੀਆਂ ਰਿਸ਼ਤੇਦਾਰੀਆਂ ਵਿੱਚ ਵੀ ਸੀ। ਘਰ ਦੇ ਜਆਈ ਭਾਈ ਮਤਲਵ ਮੇਰੇ ਦਾਦੇ ਦਾ ਫੁੱਫੜ (ਭੂਆ ਬਿਸ਼ਨੀ ਦੇ ਘਰ ਵਾਲਾ) ਜਿਸ ਨੂੰ ਸਾਰੇ ਬਾਬਾ ਸਾਉਣ ਆਖਦੇ ਸਨ। ਅਸਲ ਨਾਂ ਤਾਂ ਸ੍ਰੀ ਸਾਵਨ ਸਿੰਘ ਸੀ। ਚਾਰੇ ਜੀਜੇ ਤੇ ਦੋਵੇ ਜਵਾਈ ਇਥੋਂ ਤੱਕ ਕਿ ਮੇਰੇ ਜੀਜਾ ਜੀ ਉਹਨਾਂ ਦੇ ਪੋਤ ਜਵਾਈ ਵੀ ਉਹਨਾਂ ਦੇ ਅੱਗੇ ਕੁਸਕਦੇ ਨਹੀ ਸਨ। ਦੇਖਣ ਆਦਿ ਨੂੰ ਤਾਂ ਦਾਦਾ ਜੀ ਦਾ ਚੇਹਰਾ ਮੋਹਰਾ ਬਹੁਤ ਵਧੀਆ ਸੀ। ਲਾਲ ਲਾਜਪਤ ਰਾਏ ਸਟਾਇਲ ਮੁੱਛਾ, ਸਾਫ ਸੇਵ ਕੀਤਾ ਚੇਹਰਾ, ਚਿੱਟੀ ਪੱਗ,  ਚਿੱਟਾ ਕੁੜਤਾ ਤੇ ਚਾਦਰਾ ਮੋਡੇ ਤੇ ਸਾਫਾ। ਉਸ ਸਮੇ ਬਹੁਤੇ ਹਿੰਦੂ ਲੋਕ ਵੀ ਸਿਰ ਤੇ ਪੱਗ ਬੰਨਦੇ ਸਨ। ਕਿਉਂਕਿ ਨੰਗੇ ਸਿਰ ਬਾਹਰ ਅੰਦਰ ਜਾਣਾ ਬੁਰਾ ਮੰਨਦੇ ਸਨ। ਖੇਤੀ ਬਾੜੀ ਦੇ ਨਾਲ ਨਾਲ ਦੁਕਾਨਦਾਰੀ ਹੀ ਰੋਜੀ ਰੋਟੀ ਦਾ ਸਾਧਨ ਸੀ। ਹਰ ਪਾਸੇ ਮੇਹਨਤ ਤੇ ਪੂਰੀ ਸ਼ਿੱਦਤ ਨਾਲ ਕੰਮ ਦੀ ਲਗਣ ਨੇ ਕਦੇ ਉਹਨਾਂ ਨੂੰ ਭੁੱਖੇ ਮਰਨ ਨੀ ਦਿੱਤਾ ਤੇ ਕਿਸੇ ਰਿਸਤੇਦਾਰ ਅੱਗੇ ਹੱਥ ਅੱਡਣ ਲਈ ਮਜਬੂਰ ਨਹੀ ਕੀਤਾ।ਅਤੇ ਇਮਾਨਦਾਰੀ ਦੀ ਬੀਮਾਰੀ ਨੇ ਕਦੇ ਸ਼ਾਹੀ ਠਾਠ ਨਹੀ ਲੈਣ ਦਿੱਤੇ। ਦੁੱਧ ਵੇਚਣ ਵਾਲਾ ਭਾਡਾ ਧੌਣ ਦੀ ਵੀ ਮਨਾਹੀ ਸੀ ਕਿਉਂਕਿ ਅਖੇ ਸੋਂਹੁ ਤਾਂ ਛਿੱਟੇ ਦੀ ਵੀ  ਓੁਨੀ ਤੇ ਜਿਆਦਾ ਪਾਣੀ ਦੀ ਓੁਨੀ। 
                 ਇੱਕ ਹੋਰ ਵੀ ਰੁਤਵਾ ਸੀ ਮੇਰੇ ਦਾਦਾ ਜੀੇ ਕੋਲ। ਉਹ ਸਾਰੇ ਪਿੰਡ ਦਾ ਧੜਵਾਈ ਸੀ। ਯਾਨੀ ਸਾਰੇ ਪਿੰਡ ਦਾ ਸੇਠ। ਹਰ ਘਰ ਦੇ ਸੀਰੀਆਂ ਦਾ ਹਿਸਾਬ ਕਿਤਾਬ ਮੇਰੇ ਦਾਦਾ ਜੀ  ਨੇ ਰੱਖਣਾ ਹੁੰਦਾ ਸੀ। ਸੀਰੀਆਂ ਦਾ ਠੇਕਾ ਲਿਖਣਾ।ਹਾੜੀ ਦੀ ਫਸਲ ਨੂੰ ਤੋਲਣਾ। ਸਾਰੀ ਸਾਰੀ ਰਾਤ ਚਮੜੇ ਦੇ ਪੱਲਿਆਂ ਵਾਲੀ ਤੱਕੜੀ ਨਾਲ 100 ਸੋ ਮਣ ਜਾ ਜਿਆਦਾ ਕਣਕ ਤੋਲਣੀ। Øਿਫਰ ਵੰਡਣੀ। ਸਾਰੀ ਰਾਤ ਕਣਕ ਤੋਲ ਕੇ ਸਵੇਰੇ ਖੇਸ ਵਿੱਚ ਪਾਕੇ ਵੀਹ ਪੰਚੀ ਕਿਲੋ ਕਣਕ ਅਪਣੀ ਮੇਹਨਤਾਨੇ ਦੇ ਰੂਪ ਵਿੱਚ ਲਿਆਉਣੀ।ਸਾਰੇ ਪਿੰਡ ਦੇ ਵਿਆਹ ਸ਼ਾਦੀਆਂ ਦੇ ਨਿਉਂਦਰੇ (ਸਗਨ) ਦਾ ਹਿਸਾਬ ਵੀ ਮੇਰੇ ਦਾਦਾ ਜੀ ਕੋਲ ਹੀ ਹੁੰਦਾ ਸੀ। ਉਸ ਸਮੇ ਰਿਸ਼ਤੇਦਾਰ ਵੱਲੋ ਜ਼ੋ ਪੈਸਾ ਦਿੱਤਾ ਜਾਂਦਾ ਸੀ ਉਸ ਨੂੰ ਸ਼ਗਨ ਨਹੀ ਬਲਕਿ ਨਿਉਂਦਰਾ ਆਖਦੇ ਸਨ। ਉਹ ਇੱਕ ਤਰਾਂ ਦੀ ਮਾਲੀ ਸਹਾਇਤਾ ਹੁੰਦੀ ਸੀੇ ਕਈ ਘਰਾਂ ਦੇ ਵਿਆਹ ਦਾ ਕੰਮ ਕਾਰ ਨਿਉਂਦਰੇ ਦੇ ਇਕੱਠੇ ਹੋਣ ਤੋ ਬਾਅਦ ਹੀ ਸ਼ੁਰੂ ਹੁੰਦਾ ਸੀ ਇਸ ਕੰਮ ਲਈ ਵੱਡੀਆਂ ਵੱਡੀਆਂ ਲਾਲ ਵਹੀਆਂ ਲਗਾਈਆ ਹੁੰਦੀਆਂ ਸਨ। ਜ਼ੋ ਕੇ ਸਾਡੇ ਦਰਵਾਜੇ ਵਿਚਲੀ ਹਰੀ ਅਲਮਾਰੀ ਵਿੱਚ ਹੀ ਪਈਆ ਹੁੰਦੀਆਂ ਸਨ। ਵਿਆਹ ਤੋ ਦੋ ਤਿੰਨ ਦਿਨ ਪਹਿਲਾ ਮੇਰੇ ਦਾਦਾ ਜੀ  ਨੂੰ ਸ਼ਪੈਸਲ ਬੁਲਾ ਕੇ ਨਿਉਂਦਰਾ ਲਿਖਣ ਲਈ ਬੁਲਾਇਆ ਜਾਂਦਾ। ਹਰ ਘਰ ਪਿਛਲੇ ਨਿਉਂਦੇ ਨਾਲੋ ਕੁਝ ਵਰਕਮ ਦੇ ਕੇ ਆਪਣੇ ਵੱਲੋ ਕੁਝ ਅਡਵਾਂਸ ਜਮਾਂ ਕਰਵਾਉਂਦੇ ਸਨ। ਨਿੳਂਦੇ ਲਈ ਸੱਦਾ ਦੇਣ ਦਾ ਤਰੀਕਾ ਵੀ ਬਹੁਤ ਵਧੀਆ ਸੀ ਘਰ ਵਿੱਚ ਹਲਵਾ ਬਨਾਇਆ ਜਾਂਦਾ ਸੀ। ਉਹ ਤੋਲ ਤੋਲ ਕੇ ਥਾਲੀਆ ਵਿੱਚ ਪਾਕੇ ਪਿੰਡ ਦੇ ਨਾਈ ਰਾਂਹੀ ਘਰੋ ਘਰੀ ਭੇਜਿਆ ਜਾਂਦਾ ਸੀ।ਜਿਸ ਨੂੰ ਪਰੋਸੇ ਦੇਣਾ ਆਖਿਆ ਜਾਂਦਾ ਸੀ, ਨਾਲ ਹੀ ਨਿਉਂਦੇ ਦਾ ਸੱਦਾ। ਇਸ ਕੰਮ ਲਈ ਪਿੱਤਲ ਦੀਆਂ ਕਿਨਾਰੇ ਵਾਲੀਆਂ ਚਾਰ ਪੰਜ ਸੋ ਥਾਲੀਆਂ ਸਾਰੇ ਪਿੰਡ ਵਲੋ ਸਾਂਝੀਆ ਖਰੀਦੀਆਂ ਗਈਆਂ ਸਨ ।ਉਹ ਥਾਲੀਆਂ ਵੀ ਵਿਆਹ ਵਾਲਾ ਘਰ ਸਾਡੇ ਘਰੋ ਇੱਕ ਦਿਨ ਪਹਿਲਾ ਗਿਣ ਕੇ ਲੈ ਜਾਂਦਾ ਸੀ ਤੇ ਵਿਆਹ ਤੋ ਬਾਅਦ ਧੋ ਕੇ ਗਿਣਵਾ ਕੇ ਵਾਪਿਸ ਕਰ ਜਾਂਦਾ ਸੀ। ਇਸ ਕੰਮ ਨੂੰ ਸਾਡੇ ਪਿੰਡ ਦੇ ਇੱਕ ਦੋ ਮਹਾਜਾਨ ਪਰਿਵਾਰਾਂ ਨੇ ਹਥਿਆਉਣ ਦੀ ਕੋਸ਼ਿਸ਼ ਕੀਤੀ ਨਿਰਾਸ਼ਾ ਹੀ ਹੱਥ ਲੱਗੀ।
                    ਮੇਰੇ ਦਾਦਾ ਜੀ ਬੋਲ ਬਾਣੀ ਦੇ ਕੋੜੇ ਸਨ। ਮਿੱਠਾ ਬੋਲਣਾ ਸ਼ਾਇਦ ਉਹਨਾਂ ਦੇ ਹਿੱਸੇ ਹੀ ਨਹੀ ਸੀ ਆਇਆ ਕਿਉਂਕਿ ਪਾਰਵਾਰਿਕ ਜ਼ਿਮੇਦਾਰੀਆਂ ਨੇ ਉਹਨਾਂ ਨੂੰ ਗੁਸੈਲ ਬਣਾ ਦਿੱਤਾ ਸੀ।ਪਰ ਉਹ ਕੋੜਾ ਬੋਲਣ ਵਾਲੇ ਦਿਲ ਦੇ ਸਾਫ ਸਨ। ਸ਼ਾਇਦ ਏਸੇ ਲਈ ਸਾਰੇ ਪਿੰਡ ਵਾਲੇ  ਉਹਨਾਂ ਦੀ ਇੱਜਤ ਕਰਦੇ ਸਨ। ‘‘ਬਾਈ ਤੂੰ ਪਿੰਡ ਛੱਡ ਕੇ ਸ਼ਹਿਰ ਕਿਉ ਨਹੀ ਆ ਜਾਂਦਾ ਸਾਡੇ ਕੋਲ?” ਇਕ ਦਿਨ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ। ‘‘ਨਹੀ ਓਮ ਪ੍ਰਕਾਸ਼ ਮੈਂ ਪਿੰਡ ਹੀ ਰਹਿਣਾ ਚਾਹੁੰਦਾ ਹਾਂ ਉਥੇ ਹੀ ਮਰਨਾਂ ਚਹੁੰਦਾ ਹਾਂ।  ਜੇ ਮੈ ਮੰਡੀ ਮਰਿਆ ਤਾਂ ਲੋਕੀ ਕਹਿਣਗੇ ਕਿ ਕਾਨੂੰਨਗੋ ਦਾ ਪਿਉ ਮਰ ਗਿਆ ਪਰ ਜੇ ਮੈਂ ਪਿੰਡ ਚ  ਮਰਿਆ ਤਾਂ ਲੋਕੀ ਕਹਿਣਗੇ ਕਿ ਸੇਠ ਹਰਗੁਲਾਲ ਮਰ ਗਿਆ। ਕਿਉਂਕਿ ਇਲਾਕੇ ਚ ਤਾਂ ਮੇਨੂੰ ਸਭ ਜਾਣਦੇ ਨੇ” । 
ਮੈ ਉਹਨਾਂ ਦੀ ਸੋਚ ਦੇਖਕੇ ਬਹੁਤ ਹੈਰਾਨ ਹੋਇਆ ਆਖਿਰ ਉਹ ਮੇਰੇ ਚਾਚੇ ਨਾਲ ਪਿੰਡ ਛੱਡ ਕੇ ਸ਼ਹਿਰ ਆ ਗਏ। ਉਹ ਸਫੇਦ ਕਪੜੇ ਪਾਕੇ ਕੁਰਸੀ ਡਾਹ ਕੇ ਬਾਹਰ ਬੈਠ ਜਾਂਦੇ ਅਤੇ ਆਉਂਦੇ ਜਾਂਦੇ ਦਾ ਹਾਲ ਚਾਲ ਪੁਛਦੇ।ਉਸ ਦੀ ਇਸ ਖੈਰ ਸੁੱਖ ਪੁੱਛਣ ਦੀ ਆਦਤ ਨੇ ਉਸ ਨੂੰ ਸ਼ਹਿਰ ਵਿੱਚ ਵੀ ਮਸ਼ਹੂਰ ਕਰ ਦਿੱਤਾ ਤੇ ਲੋਕੀ ਉਸ ਨੂੰ ਸੇਠ ਹਰਗੁਲਾਲ ਦੇ ਨਾਂ ਨਾਂਲ ਜਾਨਣ  ਲੱਗੇ ਤੇ ਸਾਨੂੰ ਹਰਗੁਲਾਲ ਦੇ ਪੋਤੇ।ਜਦੋ ਉਹ ਏਸ ਸੰਸਾਰ ਤੋਂ ਵਿਦਾ ਲੈ ਕੇ ਗਏ ਤਾਂ ਸਾਰਾ ਪਿੰਡ ਵਹੀਰਾਂ ਘੱਤ ਕੇ ਉਹਨਾਂ ਨੂੰ ਸਰਧਾਂਜ਼ਲੀ ਦੇਣ ਆਇਆ ਤੇ ਸ਼ਹਿਰ ਦਾ ਵੀ ਕੋਈ ਬੰਦਾ ਘਰ ਨਾ ਰਿਹਾ। ਮ੍ਰਿਤਕ ਦੇਹ ਉਪਰ ਇਕੱਠੇ ਹੋਏ ਖੇਸ, ਚਾਦਰਾਂ ਤੇ ਕੰਬਲ ਹੀ ਉਹਨਾਂ ਦੀ ਜ਼ਿੰਦਗੀ ਦੌਰਾਨ ਜਮਾਂ ਕੀਤੀ ਹੋਈ ਪੂੰਜੀ ਦਾ ਸਬੂਤ ਸਨ।




ਰਮੇਸ਼ ਸੇਠੀ ਬਾਦਲ 
 ਮੋ-98 766 27233

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template