ਭਾਰਤ ਪਾਕਿਸਤਾਨ ਵੰਡ ਮਗਰੋਂ ਵਸਿਆ ਇਤਿਹਾਸਕ ਪਿੰਡ ਹੈ ਜੁੜਾਹਾਂ
ਚੁਬਾਰਿਆਂ ਤੋਂ ਸੱਖਣਾ ਹੈ ਇਹ ਪਿੰਡ
ਪਾਕਿਸਤਾਨ ਦੀ ਟੋਬਾ ਟੇਕ ਸਿੰਘ ਤਹਿਸੀਲ ਵਿੱਚ ਵੀ ਹੈ ਇਸ ਨਾਮ ਦਾ ਇੱਕ ਹੋਰ ਪਿੰਡ
ਪੀਰ ਪੈਗੰਬਰਾਂ ਦੇ ਨਾਮ ਨਾਲ ਪ੍ਰਸਿੱਧ ਸੀ, ਚਾਰ ਮਸਜਿਦਾਂ ਵਾਲਾ ਇਹ ਪਿੰਡ।
ਪੰਜਾਬ ਭਰ ਵਿੱਚ ਪ੍ਰਸਿੱਧ ਹੈ ਬਾਬਾ ਬੁਢਣ ਸ਼ਾਹ ਦੀ ਦਰਗਾਹ ਕਾਰਨ ਇਹ ਪਿੰਡ।
ਪਿੰਡ ਦੇ ਲੋਕ ਚੇਤੰਨ ਹੋਣ ਦੀ ਗਵਾਹੀ ਭਰਦੀ ਹੈ ਪਿੰਡ ਦੀ ਲਾਇਬਰੇਰੀ।
ਲੁਧਿਆਣੇ ਤੋਂ 28 ਕਿਲੋਮੀਟਰ ਦੂਰ ਪੱਛਮ ਵੱਲ ਸੰਨ 1947 ਦੌਰਾਨ ਉੱਜੜ ਕੇ ਮੁੱੜ ਵੱਸਿਆ ਪਿੰਡ ਜੁੜਾਹਾਂ ਪੰਜਾਬ ਦਾ ਇੱਕ ਇਤਿਹਾਸਕ ਪਿੰਡ ਹੈ ਜਿਸ ਨੂੰ 325 ਏਕੜ ਜਮੀਨ ਦੇ ਮਾਲਕ ਹੋਣ ਦਾ ਮਾਣ ਵੀ ਹਾਸਲ ਹੈ। ਇਸ ਪਿੰਡ ਨਾਂਮ ਦਾ ਇੱਕ ਹੋਰ ਪਿੰਡ ਪਾਕਿਸਤਾਨ ਦੀ ਟੋਬਾ ਟੇਕ ਸਿੰਘ ਤਹਿਸੀਲ ਜਿਲ੍ਹਾ ਲਾਇਲਪੁਰ (ਫੈਸਲਾਬਾਦ) ਵਿੱਚ ਵੀ ਵੱਸਿਆ ਹੋਇਆ ਹੈ। ਸੰਨ 1947 ਤੋਂ ਪਹਿਲਾ ਇਸ ਪਿੰਡ ਦੇ ਹੌਂਦ ਵਿੱਚ ਆਉਣ ਬਾਰੇ ਕੋਈ ਇਤਿਹਾਸਕ ਪ੍ਰਮਾਣ ਨਹੀ ਮਿਲਦੇ ਜਦੋਂ ਕਿ ਵੰਡ ਤੋਂ ਬਾਅਦ ਇਸ ਪਿੰਡ ਨੂੰ ਪਾਕਿਸਤਾਨ ਦੇ ਪਿੰਡ ਚੱਕ ਨੰਬਰ ਛਿਆਸੀ ਧੌਲਮਾਜਰਾ (ਜੀਨ ਵੇ) ਜਿਲ੍ਹਾ ਲਾਇਲਪੁਰ ਤੋਂ ਆਏ ਜਿਸ ਪਰਿਵਾਰ ਨੇ ਆਬਾਦ ਕੀਤਾ ਉਹ ਹੁਣ ਪਿੰਡ ਵਿੱਚ ਧੌਲਮਾਜਰੀਆਂ ਦੇ ਪਰਿਵਾਰ ਵਜੋਂ ਜਾਣੇ ਜਾਂਦੇ ਹਨ । ਉਹਨਾਂ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ੳਹਨਾਂ ਨੂੰ ਇਸ ਪਿੰਡ ਵਿੱਚ ਆ ਕੇ ਵੱਸਣ ਮਗਰੋ ਕਰੀਬ 3 ਸਾਲ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦੇ ਰਿਕਾਰਡ ਮੁਤਾਬਕ ਉਹਨਾਂ ਦੀ ਉੱਥੇ ਜ੍ਹਿੰਨੀ ਜਮੀਨ ਬਦਲੇ ਉਨ੍ਹੀ ਹੀ ਜਮੀਨ ਅਲਾਟ ਕਰ ਦਿੱਤੀ ਸੀ। ਇਸ ਤਰ੍ਹਾਂ ਬਟਵਾਰੇ ਤੋਂ ਬਾਅਦ ਇਸ ਇਲਾਕੇ ਦੇ ਪਿੰਡਾਂ ਵਿੱਚ ਪਨਾਹ ਲਈ ਬੈਠੇ ਪਾਕਿਸਤਾਨ ਤੋਂ ਆਏ ਸਿੱਖ ਧਰਮ ਦੇ ਲੋਕਾਂ ਨੂੰ ਜਿਉਂ-ਜਿਉਂ ਸਰਕਾਰ ਵੱਲੋਂ ਇਸ ਨਗਰ ਦੀ ਜੂਹ ਵਿੱਚ ਜਮੀਨ ਅਲਾਟ ਹੁੰਦੀ ਗਈ। ਇਸ ਪਿੰਡ ਦੀ ਵਸੋਂ ਵੀ ਵੱਧਦੀ ਗਈ। 680 ਵੋਟਾਂ ਵਾਲੇ ਇਸ ਪਿੰਡ ਵਿੱਚ ਰਾਮਦਾਸੀਆ ਸਿੱਖ, ਜੱਟ ਸਿੱਖ, ਦਮਨ ਰਾਜਪੂਤ, ਮਜਹਬੀ ਸਿੱਖ, ਮੁਸਲਮਾਨ ਜਾਤੀ ਦੇ ਲੋਕਾਂ ਤੋਂ ਬਿਨ੍ਹਾਂ ਪਾਕਿਸਤਾਨ ਤੋਂ ਆਏ ਬਰਮੀ ਵਾਲੇ, ਧਰੋੜ੍ਹੀਏ, ਮਨਸੂਰਾਂ ਵਾਲੇ, ਸੰਦੌੜ ਵਾਲੇ, ਆਲਮਗੀਰੀਏ, ਧੂਲਕੋਟੀਏ, ਨੰਗਲਾਂ ਵਾਲੇ ਤੇ ਗੁਆਂਢੀ ਪਿੰਡ ਰੰਗੂਵਾਲ ਤੋਂ ਆਏ ਖੰਗੂੜਾ ਪਰਿਵਾਰਾਂ ਦੇ ਲੋਕ ਆਪਸੀ ਸਦਭਾਵਨਾ ਤੇ ਅਮਨ ਅਮਾਨ ਨਾਲ ਰਹਿੰਦੇ ਹਨ।
ਸਿੱਖਿਆ ਦੇ ਖੇਤਰ ਵਿੱਚ
ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਕੋਈ ਸਿੱਖਿਆ ਸੰਸਥਾਂ ਨਹੀ ਸੀ। ਇਸ ਪਿੰਡ ਦੇ ਵਸਨੀਕ ਤੇ ਸਮੇਂ ਦੇ ਹਾਣੀ ਭਾਗ ਸਿੰਘ ਦਰਦੀ ਜਿਨ੍ਹਾਂ ਨੂੰ ਹੁਣ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਵੱਲੋਂ ਟੈਲੀਫੋਨ ਐਡਵਾਇਜਰੀ ਕਮੇਟੀ ਜ਼ਿਲ੍ਹਾ ਲੁਧਿਆਣਾ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ ਹੈ ਅਤੇ ਸਵ: ਮਨੋਹਰ ਸਿੰਘ ਗਰੇਵਾਲ ਅਤੇ ਸਵ: ਕ੍ਰਿਪਾਲ ਸਿੰਘ ਖੰਗੂੜਾ ਦੇ ਸਾਂਝੇ ਯਤਨਾਂ ਨਾਲ 28 ਜਨਵਰੀ 1974 ਨੂੰ ਉਸ ਸਮੇਂ ਦੇ ਸਿੱਖਿਆ ਮੰਤਰੀ ਚੌਧਰੀ ਗੁਰਮੇਲ ਸਿੰਘ ਦੁਆਰਾ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦਾ ਨੀਂਹ ਪੱਥਰ ਰੱਖਿਆ ਤੇ ਉਸੇ ਦਿਨ ਹੀ ਲਾਗਲੇ ਪਿੰਡ ਰੰਗੂਵਾਲ ਦੇ ਪ੍ਰਾਇਮਰੀ ਸਕੂਲ ਨੂੰ ਅਪਗਰੇਡ ਕਰਕੇ ਮਿਡਲ ਸਕੂਲ ਵੀ ਕੀਤਾ ਗਿਆ। ਇਹਨਾਂ ਸਕੂਲਾਂ ਵਿੱਚ ਪੜ੍ਹਕੇ ਹੀ ਪਿੰਡ ਦਾ ਨੌਜਵਾਨ ਹਰਮੀਤ ਸਿੰਘ ਗਰੇਵਾਲ ਆਈ.ਏ.ਐਸ, ਗਗਨਦੀਪ ਕੌਰ ਪੀ.ਸੀ.ਐਸ ਅਤੇ ਨੰਦ ਕਿਸ਼ੋਰ ਸਰਕਾਰ ਦੇ ਉੱਚ ਅਹੁਦਿਆਂ ਤੇ ਲੱਗੇ ਹੋਏ ਹਨ।
ਪਿੰਡ ਚ ਨਹੀ ਪੈਂਦਾ ਹੈ ਚੁਬਾਰਾ।
ਇਸ ਪਿੰਡ ਵਿੱਚ ਚੁਬਾਰਾ ਨਾ ਪੈਣ ਬਾਰੇ ਲੋਕਾਂ ਵਿੱਚ ਵੱਖ ਵੱਖ ਧਾਰਨਾਵਾਂ ਪ੍ਰਚਲਤ ਹਨ। ਮਿਲੀ ਜਾਣਕਾਰੀ ਅਨੁਸਾਰ ਵੰਡ ਤੋਂ ਪਹਿਲਾ ਚਾਰ ਮਸਜਿਦਾਂ ਵਾਲੇ ਇਸ ਪਿੰਡ ਨੂੰ ਪੀਰਾਂ ਪੈਗੰਬਰਾਂ ਦਾ ਪਿੰਡ ਹੋਣ ਦੀ ਪ੍ਰਸਿੱਧੀ ਹਾਸਲ ਸੀ। ਵੀਰਵਾਰ ਵਾਲੇ ਦਿਨ ਲੋਕ ਵੱਡੀ ਗਿਣਤੀ ਵਿੱਚ ਇਸ ਪਿੰਡ ਨਮਾਜ ਅਦਾ ਕਰਨ ਤੇ ਦੁਆ ਸਲਾਮ ਕਰਨ ਲਈ ਵੱਡੀ ਗਿਣਤੀ ਵਿੱਚ ਇੱਕਠੇ ਹੁੰਦੇ ਸੀ। ਵੰਡ ਦੌਰਾਨ ਹੋਈ ਮਾਰ ਮਰਾਈ ਤੇ ਤਬਾਹੀ ਤੋਂ ਦੁੱਖੀ ਹੋ ਕੇ ਇਸ ਪਿੰਡ ਵਿੱਚ ਮਸਜਿਦਾਂ ਵਿੱਚ ਰਹਿੰਦੇ ਮੁਸਲਮਾਨ ਧਰਮ ਦੇ ਲੋਕਾਂ ਨੇ ਇਹ ਹਾਅ ਦਾ ਨਾਆਰਾ ਮਾਰਿਆ ਕਿ ਇਸ ਪਿੰਡ ਵਿੱਚ ਅੱਜ ਤੋਂ ਬਾਅਦ ਇਹਨਾਂ ਮਸਜਿਦਾਂ ਤੋਂ ਉੱਚੀ ਇਮਾਰਤ ਬਣਾਉਣ ਵਾਲਾ ਖੈਰ ਨਹੀਂ ਗੁਜ਼ਾਰੇਗਾ। ਕੁੱਝ ਲੋਕਾਂ ਦਾ ਕਥਨ ਹੈ ਕਿ ਪਿੰਡ ਵਿੱਚ ਘਰਾਂ ਲਈ ਖੁੱਲੀ ਜਗ੍ਹਾ ਹੋਣ ਕਾਰਨ ਕਿਸੇ ਨੂੰ ਚੁਬਾਰਾ ਪਾਉਣ ਦੀ ਲੋੜ ਹੀ ਨਹੀ। ਜਿਕਰਯੋਗ ਹੈ ਕਿ ਪਿੰਡ ਵਿੱਚ ਦੋ ਪਰਿਵਾਰਾਂ ਵੱਲੋਂ ਆਪਣੇ ਘਰ ਵਿੱਚ ਚੁਬਾਰੇ ਪਾਏ ਗਏ ਸਨ ਤੇ ਚੁਬਾਰੇ ਪਾਉਣ ਤੋਂ ਕੁੱਝ ਮਹੀਨਿਆਂ ਬਾਅਦ ਹੀ ਵੱਖ-ਵੱਖ ਸਮੇਂ ਉਹਨਾਂ ਪਰਿਵਾਰਾਂ ਦੇ ਨੌਜਵਾਨ ਪੁੱਤਰਾਂ ਨੇ ਘਰਾਂ ਵਿੱਚ ਹੀ ਜ਼ਹਿਰੀਲੀ ਚੀਜ਼ ਖਾਕੇ ਖੁਦਕਸ਼ੀ ਕਰ ਲਈ ਸੀ। ਇਸ ਖੁਦਕਸ਼ੀ ਦੇ ਕਾਰਨ ਭਾਵੇਂ ਪਰਿਵਾਰਕ ਮੱਤ ਭੇਦ ਹੀ ਹੋਣ ਪਰ ਪਿੰਡ ਦੇ ਲੋਕ ਇਸ ਦਾ ਕਾਰਨ ਘਰ ਵਿੱਚ ਚੁਬਾਰਾ ਪਾਉਣਾ ਹੀ ਮੰਨਦੇ ਹਨ।
ਸਿੱਖ ਧਰਮ ਦੇ ਨਿਸ਼ਕਾਮ ਸੇਵਕ
ਸਿੱਖ ਧਰਮ ਲਈ ਵੱਡ-ਮੁੱਲਾ ਯੋਗਦਾਨ ਪਾਉਣ ਵਾਲੇ ਇਸ ਪਿੰਡ ਦੇ ਵਸਨੀਕ ਬਾਬਾ ਕੇਹਰ ਸਿੰਘ ਅਕਾਲੀ ਨੇ ਆਪਣੇ ਸਵਰਗੀ ਪੁੱਤਰ ਅਜੀਤ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਲਈ ਚਾਰ ਏਕੜ ਜਮੀਨ ਦਾਨ ਕੀਤੀ। ਜਿਸ ਥਾਂ ਉਪਰ ਬਾਬਾ ਮੀਹਾਂ ਸਿੰਘ ਜੀ ਸਿਆੜ੍ਹ ਵਾਲਿਆਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਆਲੀਸਾਨ ਇਮਾਰਤ ਦਾ ਨਿਰਮਾਣ ਕਰਵਾਇਆ। ਇਸ ਤਰ੍ਹਾਂ ਸਮਾਜ ਸੇਵੀ ਪ੍ਰਿਥੀਪਾਲ ਸਿੰਘ ਨੇ ਆਪਣੀ ਜਮੀਨ ਦਾਨ ਕਰਕੇ ਪਿੰਡ ਵਿੱਚ ਸਾਬਕਾ ਸਰਪੰਚ ਮਨੋਹਰ ਸਿੰਘ ਗਰੇਵਾਲ ਦੀ ਸਰਪ੍ਰੱਸਤੀ ਹੇਠ ਰਵਿਦਾਸ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ। ਹੁਣ ਗੁਰਦੁਆਰਾ ਅਜੀਤਗੜ੍ਹ ਸਾਹਿਬ ਵਿੱਖੇ ਸਾਰੇ ਗੁਰਪੁਰਬ ਤੇ ਗੁਰਮਤਿ ਸਮਾਗਮ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਹਨ। ਜਿੱਥੇ ਦਮਦਮੀ ਟਕਸਾਲ ਦੇ ਵਿਦਿਆਰਥੀ, ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗ੍ਰੰਥੀ ਸਭਾ ਦੇ ਨੈਸ਼ਨਲ ਆਗੂ ਭਾਈ ਰਣਜੀਤ ਸਿੰਘ ਰੋੜੀਆਂ ਮੁੱਖ ਸੇਵਾਦਾਰ ਵੱਜੋਂ ਡਿਊਟੀ ਨਿਭਾ ਰਹੇ ਹਨ। ਉੱਥੇ ਹੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਅਮਰ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ, ਬਾਬਾ ਗੁਰਜੰਟ ਸਿੰਘ ਤੇ ਭਾਈ ਸਵਰਨ ਸਿੰਘ ਖੰਗੂੜਾ ਲੋਕਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਦਾ ਸੇਵਾ ਕਾਰਜ ਕਰ ਰਹੇ ਹਨ।
ਕਲਾ ਦੇ ਖੇਤਰ ਵਿੱਚ
ਇਸ ਪਿੰਡ ਨੂੰ ਆਬਾਦ ਕਰਨ ਵਾਲੇ ਪਰਿਵਾਰ ਦੇ 85 ਸਾਲਾਂ ਬਜਰੁਗ ਗੁਰਦੀਪ ਸਿੰਘ ਪੰਧੇਰ ਨੂੰ ਲੰਮੀਆਂ ਹੇਕਾਂ ਵਾਲੇ ਗੀਤ ਗਾਉਣ ਦੀ ਨਿਪੁੰਨਤਾ ਹਾਸਲ ਹੈ। ਜਦ ਕਦੀ ਉਹ ਕਿਸੇ ਵਿਆਹ ਸ਼ਾਦੀ ਜਾਂ ਸਭਿਆਚਾਰਕ ਮੇਲੇ ਉਪਰ ਆਪਣੀ ਮਾਖ਼ਿਉਂ ਮਿੱਠੀ ਬੋਲੀ ਨਾਲ ਵਾਰਿਸ ਦੀ ਹੀਰ ਗਾਉਂਦਾ ਹੈ ਤਾਂ ਦੂਰੋਂ ਸੁਣਨ ਵਾਲੇ ਨੂੰ ਕਿਸੇ ਨਵੀਂ ਉਮਰ ਦੇ ਸੁਰੀਲੇ ਗਾਇਕ ਗਾਉਂਦੇ ਹੋਣ ਦਾ ਭੁਲੇਖਾ ਪੈਂਦਾ ਹੈ। ਇਸ ਤਰ੍ਹਾਂ ਏਅਰ ਲਾਈਨ ਦੀ ਪੜ੍ਹਾਈ ਹਾਸਲ ਕਰ ਰਿਹਾ ਪਿੰਡ ਦਾ 20 ਸਾਲਾ ਨੌਜਵਾਨ ਅਮਰਿੰਦਰ ਦਰਦੀ ਪੰਜਾਬ ਦੇ ਲੋਕ ਨਾਚ ਭੰਗੜੇ ਵਿੱਚ ਬਹੁਤ ਸਾਰੇ ਸਨਮਾਨ ਹਾਸਲ ਕਰਨ ਤੋਂ ਬਿਨ੍ਹਾਂ ਤਕਨੀਕੀ ਫੋਟੋਗਰਾਫੀ ਦਾ ਸ਼ੋਕ ਵੀ ਰੱਖਦਾ ਹੈ। ਪਿੰਡ ਵਾਸੀਆਂ ਨੂੰ ਭਵਿੱਖ ਵਿੱਚ ਇਸ ਨੌਜਵਾਨ ਤੋਂ ਵੱਡੀਆਂ ਆਸਾਂ ਹਨ।
ਬਾਬਾ ਬੁੱਢਣ ਸ਼ਾਹ ਦੀ ਦਰਗਾਹ
1627 ਈਸਵੀ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇੱਥੋ ਲਾਗਲੇ ਪਿੰਡ ਗੁੱਜਰਵਾਲ ਆਏ ਸਨ। ਲੋਕਾਂ ਦਾ ਵਿਸ਼ਵਾਸ ਹੈ ਕਿ ਉਸ ਸਮੇਂ ਪ੍ਰਭੂ ਭਗਤੀ ਵਿੱਚ ਰੰਗੇ ਹੋਏ ਮੁਸਲਮਾਨ ਫਕੀਰ ਬਾਬਾ ਬੁੱਢਣ ਸ਼ਾਹ ਜੀ ਵੀ ਉਹਨਾਂ ਨਾਲ ਆਏ ਸੀ। ਸੁਣਨ ਵਿੱਚ ਆਇਆ ਹੈ ਕਿ ਬਾਬਾ ਬੁੱਢਣ ਸ਼ਾਹ ਟਹਿਲਦੇ-ਟਹਿਲਦੇ ਇੱਕ ਦਿਨ ਇਸ ਪਿੰਡ ਜੀ ਜੂਹ ਵਿੱਚ ਆਕੇ ਕੁੱਝ ਸਮਾਂ ਵਿਸ਼ਰਾਮ ਕਰਨ ਲੱਗੇ ਤਾਂ ਇਸ ਪਿੰਡ ਦੇ ਧਰਮੀ ਮੁਸਲਮਾਨ ਲੋਕਾਂ ਨੇ ਬਾਬਾ ਬੁੱਢਣ ਸ਼ਾਹ ਜੀ ਨੂੰ ਪਛਾਣਦੇ ਹੋਏ ਉਹਨਾਂ ਦੀ ਭਰਪੂਰ ਸੇਵਾ ਕੀਤੀ। ਜਿਸ ਥਾਂ ਤੇ ਅੱਜ ਬਾਬਾ ਬੁੱਢਣ ਸ਼ਾਹ ਦੀ ਸੁੰਦਰ ਦਰਗਾਹ ਬਣੀ ਹੋਈ ਹੈ। ਜਿੱਥੇ ਬਾਬਾ ਦਰਸਨ ਗਿਰ ਸੇਵਾ ਸੰਭਾਲ ਕਰਦੇ ਹਨ। ਵੀਰਵਾਰ ਵਾਲੇ ਦਿਨ ਲੋਕ ਦੂਰੋਂ ਨੇੜਿਉ ਆਕੇ ਇੱਥੇ ਚੌਕੀਂਆਂ ਭਰਦੇ ਹਨ। ਇੱਥੇ ਸ਼ਰਧਾ ਨਾਲ ਨਤਮਸਤਕ ਹੋਣ ਉਪਰੰਤ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੋਣ ਤੇ ਰੋਗ ਮੁਕਤ ਹੋਣ ਦੀ ਵੀ ਚਰਚਾ ਹੈ।
ਜਾਗਰਣ ਵੱਲੋਂ ਕਬੱਡੀ ਖਿਡਾਰੀ ਦਾ ਸਨਮਾਨ
12 ਮਈ 2012 ਨੂੰ ਪੰਜਾਬੀ ਜਾਗਰਣ ਵੱਲੋਂ ਆਪਣੀ ਪਹਿਲੀ ਵਰ੍ਹੇ ਗੰਢ ਨੂੰ ਸਮਰਪਿਤ ਪੀ.ਏ.ਪੀ ਜਲੰਧਰ ਗਰਾਂਊਡ ਵਿੱਖੇ ਕਰਵਾਏ ਵਿਰਸਾ ਪੰਜਾਬ ਦਾ ਸਮਾਗਮ ਦੌਰਾਨ ਵੱਖ ਵੱਖ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਤਿੰਨ ਦਰਜਨ ਤੋਂ ਵੱਧ ਸਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਪਿੰਡ ਲਈ ਇਹ ਬੜੀ ਮਾਣ ਦੀ ਗੱਲ ਹੈ, ਕਿ ਇਸ ਪਿੰਡ ਵਿੱਚ 1988 ਨੂੰ ਪਿਤਾ ਅਵਤਾਰ ਸਿੰਘ ਤੇ ਮਾਤਾ ਪਰਮਜੀਤ ਕੋਰ ਦੇ ਘਰ ਜਨਮੇ ਅਤੇ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿੱਚ ਸਰਵੋਤਮ ਜਾਫੀ ਵੱਜੋਂ ਆਪਣਾ ਨਾਮ ਕਮਾਉਣ ਵਾਲੇ ਬਲਰਾਜ ਸਿੰਘ ਬਾਜ਼ ਨੂੰ ਪੰਜਾਬੀ ਜਾਗਰਣ ਵੱਲੋਂ ਇੱਕ ਵੱਡੇ ਸਮਾਗਮ ਦੌਰਾਨ ਸਰਵੋਤਮ ਕਬੱਡੀ ਖਿਡਾਰੀ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ।
ਪ੍ਰੇਰਨਾ ਦੀ ਸਰੋਤ ਹੈ ਪਿੰਡ ਦੀ ਲਾਇਬਰੇਰੀ
ਪਿੰਡ ਵਿੱਚ ਆਨੰਤ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪ੍ਰਵਾਸੀ ਭਾਰਤੀ ਡਾਕਟਰ ਜਸਵੰਤ ਸਿੰਘ ਪੀ.ਐਚ.ਡੀ ਲਾਇਬਰੇਰੀ ਸਾਇੰਸ ਨੇ ਸੰਨ 2003 ਵਿੱਚ ਇਸ ਇਲਾਕੇ ਦੇ ਛੇ ਪਿੰਡਾਂ ਧੂਲਕੋਟ, ਰੰਗੂਵਾਲ, ਕਾਲਖ, ਫੱਲੇਵਾਲ, ਗੁੱਜਰਵਾਲ ਅਤੇ ਜੁੜਾਹਾਂ ਦੇ ਲੋਕਾਂ ਨੂੰ ਮੁਫਤ ਕਿਤਾਬਾਂ ਪੜ੍ਹਣ ਦੀ ਸਹੂਲਤ ਦੇਣ ਲਈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਇਕ ਮੋਬਾਇਲ ਬਸ ਲਾਇਬਰੇਰੀ ਸੁਰੂ ਕੀਤੀ ਸੀ। ਇਹ ਨਿਵੇਕਲਾ ਤੇ ਪ੍ਰਸੰਸਾਯੋਗ ਕਾਰਜ ਆਰੰਭ ਕਰਨ ਵਾਲੇ ਜਸਵੰਤ ਸਿੰਘ ਵਲੋਂ ਹੁਣ ਪਿੰਡ ਵਿੱਚ ਇੱਕ ਸੁੰਦਰ ਬਿਲਡਿੰਗ ਦਾ ਨਿਰਮਾਣ ਕਰਕੇ ਆਪਣੀ ਮਾਤਾ ਭਾਗਵੰਤੀ ਦੀ ਯਾਦ ਵਿੱਚ ਪਬਲਿਕ ਲਾਇਬਰੇਰੀ ਸਥਾਪਿਤ ਕੀਤੀ ਗਈ ਹੈ। ਜੋ ਹਫਤੇ ਵਿੱਚ ਛੇ ਦਿਨ ਸਵੇਰੇ 10 ਵਜੇ ਤੋਂ 6 ਵਜੇ ਤੱਕ ਖੁਲ੍ਹਦੀ ਹੈ। ਜਿਸ ਵਿੱਚ ਰੋਜ਼ਾਨਾ ਅਖ਼ਬਾਰਾਂ, ਮੈਗਜ਼ੀਨਾਂ ਤੋਂ ਬਿਨਾਂ ਪੰਜਾਬੀ ਸਾਹਿਤ, ਖੇਡਾਂ ਅਤੇ ਧਾਰਮਿਕ ਸਿੱਖਿਆ ਦੀਆਂ ਹਜਾਰਾਂ ਕਿਤਾਬਾਂ ਉਪਲੱਬਧ ਹਨ। ਜਿੱਥੇ ਆ ਕੇ ਪਿੰਡ ਦੇ ਲੋਕਾਂ ਤੋਂ ਇਲਾਵਾ ਗੁਆਢੀ ਪਿੰਡਾਂ ਦੇ ਲੋਕ ਵੀ ਆਪਣੇ ਮਨ ਪਸੰਦ ਉਸਾਰੂ ਸਾਹਿਤ ਦੀਆਂ ਕਿਤਾਬਾਂ ਪੜ੍ਹਦੇ ਹਨ।
ਪਿੰਡ ਦੀਆਂ ਅਹਿਮ ਯਾਦਗਾਰਾਂ
ਇਸ ਪਿੰਡ ਵਿੱਚ ਸਵ: ਚੰਨਣ ਸਿੰਘ ਗਰੇਵਾਲ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਨੌਜਵਾਨ ਪੋਤਰੇ ਸਵ: ਨੌਜਵਾਨ ਪੁੱਤਰ ਅਮਰਜੀਤ ਸਿੰਘ ਬੂਟਾ ਦੀ ਯਾਦ ਵਿੱਚ ਇੱਕ ਸੁੰਦਰ ਗੇਟ ਦਾ ਨਿਰਮਾਣ ਰਵਿਦਾਸ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਕਰਵਾਇਆ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਕ੍ਰਿਪਾਲ ਸਿੰਘ ਖੰਗੂੜਾ ਦੇ ਪਰਿਵਾਰ ਵਲੋਂ ਬੀਬੀ ਸੁਰਜੀਤ ਕੌਰ ਦੀ ਯਾਦ ਵਿੱਚ ਵੀ ਗੁਰਦੁਆਰਾ ਸਾਹਿਬ ਇੱਕ ਸੁੰਦਰ ਗੇਟ ਬਣਾਇਆ ਗਿਆ ਹੈ
ਐਨ.ਆਰ.ਆਈ ਭਰਾਵਾ ਦਾ ਯੋਗਦਾਨ
ਪਿੰਡ ਦੇ ਵਿਦੇਸ਼ ਮੁਲਕਾਂ ਵਿੱਚ ਵਸਦੇ ਪ੍ਰਵਾਸੀ ਵੀਰ ਪਿੰਡ ਦੇ ਵਿਕਾਸ ਲਈ ਸਮੇਂ ਸਮੇਂ ਸਿਰ ਆਰਥਿਕ ਸਹਾਇਤਾ ਭੇਜਦੇ ਰਹਿੰਦੇ ਹਨ। ਕੇਸਰ ਸਿੰਘ ਆਸਟ੍ਰੇਲੀਆ, ਬਿੱਕਰ ਸਿੰਘ ਯੂ.ਐਸ.ਏ, ਸਵ: ਮਨੋਹਰ ਸਿੰਘ ਗਰੇਵਾਲ ਅਤੇ ਭਾਨ ਸਿੰਘ ਗਰੇਵਾਲ ਦੇ ਪਰਿਵਾਰਾ ਦੇ ਸਹਿਯੋਗ ਸਦਕਾ ਐਨ.ਆਰ.ਆਈ ਭਰਾਵਾ ਨੇ ਪਿੰਡ ਦੀਆਂ ਨੇਰੀਆਂ ਗਲੀਆਂ ਨੂੰ ਸ਼ੋਲਰ ਸਿਸਟਮ ਵਾਲੀਆਂ ਲਾਈਟਾਂ ਲਗਾਕੇ ਜਿੱਥੇ ਜਗਮਗ-ਜਗਮਗ ਕੀਤਾ ਹੈ। ਉਥੇ ਹੀ ਪਿੰਡ ਦੇ ਨੌਜਵਾਨ ਰੁਪਿੰਦਰ ਸਿੰਘ ਗਰੇਵਾਲ, ਹਰਵਿੰਦਰ ਸਿੰਘ ਸਿੱਧੂ, ਮਾਸਟਰ ਰਾਜ ਸਿੰਘ ਬੰਗੜ, ਕਮਲਦੀਪ ਸਿੰਘ ਗਰੇਵਾਲ ਨੇ ਐਨ.ਆਰ.ਆਈ ਭਰਾਵਾ ਦੇ ਸਾਂਝੇ ਯਤਨਾਂ ਸਦਕਾ ਪਿੰਡ ਦੇ ਸ਼ਮਮਾਨ ਘਾਟ (ਅਸਲੀ ਘਰ) ਨੂੰ ਸੁੰਦਰ ਰੂਪ ਦੇ ਕੇ ਤੇ ਉਥੇ ਰੰਗ ਬਰੰਗੇ ਫੁੱਲਾਂ ਵਾਲੇ ਕੀਮਤੀ ਬੂਟੇ ਲਗਾਕੇ ਉਸ ਨੂੰ ਕਿਸੇ ਪਾਰਕ ਵਰਗਾ ਰੂਪ ਦੇ ਦਿੱਤਾ ਹੈ ।
ਪਿੰਡ ਦੀਆਂ ਅਹਿਮ ਸਖ਼ਸੀਅਤਾਂ
ਨਵੀਂ ਬਣੀ ਹਲਕਾਬੰਦੀ ਉਪਰੰਤ ਹਲਕਾ ਦਾਖਾ ਅਧੀਨ ਆਉਂਦੇ ਇਸ ਪਿੰਡ ਦੇ ਨਵੇਂ ਬਣੇ ਵਿਧਾਇਕ ਸ: ਮਨਪ੍ਰੀਤ ਸਿੰਘ ਇਯਾਲੀ ਅਤੇ ਸ: ਤਰਲੋਚਨ ਸਿੰਘ ਗਰੇਵਾਲ ਪਿੰਡ ਦੇ ਨਵੇਂ ਬਣੇ ਸਰਪੰਚ ਹਨ। ਜੋ ਪਿੰਡ ਦੀ ਨਗਰ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਲਈ ਸਿਰ ਤੋੜ ਯਤਨ ਕਰ ਰਹੇ ਹਨ। ਯੁਵਕ ਸੇਵਾਵਾਂ ਦੇ ਪ੍ਰਧਾਨ ਉਪਦੇਸ਼ ਸਿੰਘ ਝਲਮਣ, ਅਮਰ ਸਿੰਘ ਸਿੱਧੂ, ਪਰਮਜੀਤ ਕੌਰ, ਮਨਜੀਤ ਕੌਰ, ਲਛਮਣ ਸਿੰਘ,
ਡਾ. ਅੰਬੇਦਰਕਰ ਨੌਜਵਾਨ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ, ਪਰਮਜੀਤ ਸਿੰਘ ਗਰੇਵਾਲ, ਹਰਪ ਗਰੇਵਾਲ ਰਿਐਲ ਸਟੇਟਰ ਕਨੇਡਾ, ਰਾਜਪਾਲ ਸਿੰਘ ਪੰਧੇਰ, ਬਿੱਲੂ ਕਨੇਡਾ, ਬਿੱਲੂ ਇੰਦੋਰ, ਮਾਸਟਰ ਕੁਲਵੰਤ ਸਿੰਘ, ਸੁਖਮਿੰਦਰ ਸਿੰਘ ਗਰੇਵਾਲ, ਮਾਸਟਰ ਲਾਭ ਸਿੰਘ, ਮਾਸਟਰ ਦਰਸ਼ਨ ਸਿੰਘ ਗਰੇਵਾਲ, ਮਾਸਟਰ ਸੁਦਾਗਰ ਸਿੰਘ, ਮਾਸਟਰ ਰਣਧੀਰ ਸਿੰਘ, ਮਲਕੀਤ ਸਿੰਘ ਗਰੇਵਾਲ, ਜਗਮੇਲ ਸਿੰਘ ਗਰੇਵਾਲ, ਸਰਬਜੀਤ ਸਿੰਘ ਪੰਧੇਰ, ਜੁਗਿੰਦਰ ਸਿੰਘ ਸਾਬਕਾ ਸਰਪੰਚ, ਪਰਮਜੀਤ ਕੌਰ ਸਾਬਕਾ ਸਰਪੰਚ, ਡਾ. ਹਰਦੇਵ ਸਿੰਘ, ਮਾਸਟਰ ਬਖਸ਼ੀਸ਼ ਸਿੰਘ, ਤਰਸੇਮ ਸਿੰਘ ਲਿੱਦੜ, ਮਲਾਗਰ ਸਿੰਘ ਗਰੇਵਾਲ,
ਬਲਵੀਰ ਸਿੰਘ ਇੰਗਲੈਂਡ, ਸ਼ੇਰ ਸਿੰਘ ਚੌਂਹਟੀਏ, ਕੁਲਦੀਪ ਸਿੰਘ
ਖੰਗੂੜਾ, ਯੂਥ ਆਗੂ ਕਰਮਜੀਤ ਸਿੰਘ ਕਰਮੀ, ਰਾਜੂ ਚੌਟਾਲਾ ਤੇ ਇੰਸਪੈਕਟਰ ਪਰਮਜੀਤ ਸਿੰਘ ਪਿੰਡ ਦੀਆਂ ਅਹਿਮ ਸਖ਼ਸੀਅਤਾ ਹਨ।
ਫੋਟੋ ਕੈਪਸ਼ਨ:-
1. ਨੌਜਵਾਨ ਅਮਰਜੀਤ ਸਿੰਘ ਬੂਟਾ ਯਾਦਗਾਰੀ ਗੇਟ ਦੀ ਇੱਕ ਤਸਵੀਰ ।
2. ਵੰਡ ਤੋਂ ਪਹਿਲਾ ਪਿੰਡ ਵਿੱਚ ਮੌਜੂਦ ਇੱਕ ਮਸਜਿਦ ।
3. 28 ਜਨਵਰੀ 1974 ਨੂੰ ਪਿੰਡ ਵਿੱਚ ਪ੍ਰਾਇਮਰੀ ਸਕੂਲ ਦਾ ਨੀਂਹ ਪੱਥਰ ਰੱਖੇ ਜਾਣ ਦੀ ਇੱਕ ਝਲਕ ।
4. ਪੰਜਾਬੀ ਜਾਗਰਣ ਵਲੋਂ ਪਿੰਡ ਦੇ ਕਬੱਡੀ ਖਿਡਾਰੀ ਬਲਰਾਜ ਸਿੰਘ ਬਾਜ ਨੂੰ ਸਨਮਾਨੇ ਜਾਣ ਦੀ ਯਾਦਗਾਰੀ ਤਸਵੀਰ ।
5. ਪਿੰਡ ਵਿੱਚ ਸਸ਼ੋਭਿਤ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਦਾ ਸੁੰਦਰ ਦ੍ਰਿਸ਼ ।

ਅਮਨਦੀਪ ਦਰਦੀ
ਪੱਤਰ ਪ੍ਰੇਰਕ
ਪੰਜਾਬ ਜਾਗਰਣ
ਗੁਰੂਸਰ ਸੁਧਾਰ
ਮੋ: 97818-00325









0 comments:
Speak up your mind
Tell us what you're thinking... !