Headlines News :
Home » » ਜ਼ਰੂਰਤ - ਬੇਅੰਤ ਕੌਰ ਬਰਾੜ ‘ਮਣੀ ’

ਜ਼ਰੂਰਤ - ਬੇਅੰਤ ਕੌਰ ਬਰਾੜ ‘ਮਣੀ ’

Written By Unknown on Monday, 21 October 2013 | 06:01

ਜਿੱਥੇ ਨਾ ਮਿਲਦੀ ਟੱਕਰ, ਬੰਦਾ ਕਦੇ ਵੀ ਜਿੱਤਦਾ ਨਈ ,
ਚੰਨ ਦੀ ਖ਼ੂਬਸੂਰਤੀ ਦੇ ਲਈ ਰਾਤ ਜਰੂਰੀ ਏ।
ਜਿੰਨਾ ਸਾਥ ਨਿਭਾਉਦੀ ਹਰ ਇੱਕ ਰਾਤ ਏਸ ਚੰਨ ਦਾ,
ਉਨ੍ਹੀ ਹੀ ਸੂਰਜ ਦੇ ਲਈ ਪ੍ਰਭਾਤ ਜ਼ਰੂਰੀ ਏ।
ਹਾਂ , ਹਰ ਹਥਿਆਰ ਹੈ ਕੋਲ ਮੇਰੇ, ਪਰ ਕੱਖ ਵੀ ਪੱਲੇ ਨਈ ,
ਕੁੱਝ ਲਿੱਖਣ ਲਈ ਤਾਂ ਕਲਮ-ਕਾਗਜ ਦਾ ਸਾਥ ਜ਼ਰੂਰੀ ਏ ।
ਮਿਟ ਤਾਂ ਸਕਦਾ ਹਰ ਸ਼ਿਕਵਾ,ਹਰ ਵੈਰ ਰਿਸ਼ਤਿਆਂ ਦਾ,
ਪਰ , ਹਰ ਮਸਲਾ ਸੁਲਝਾਉਣ ਲਈ ਗੱਲਬਾਤ ਜ਼ਰੂਰੀ ਏ।
ਕੀ ਲਿਖੀਏ ਅਸੀ ‘ ਵਫਾ’ ਬਾਰੇ , ਹੁਣ ਕੀ ਕਹਿ ਸਕਦੇ ਹਾਂ ,
ਆਪਣੀਆਂ ਕਮੀਆਂ ‘ਤੇ ਵੀ ਇੱਕ- ਇੱਕ ਝਾਤ ਜ਼ਰੂਰੀ ਏ।
ਬੜਾ ਹੀ ਲੰਮਾ ਹੋ ਜਾਦੈ , ਫਿਰ ਕਾਫਲਾ ਗ਼ਜ਼ਲਾਂ ਦਾ ,
ਪਰ ਪਹਿਲੇ ਲਫ਼ਜ ਨੂੰ, ਦੂਜੇ ਨਾਲੋ ਮਾਤ ਜ਼ਰੂਰੀ ਏ।
ਹਾਂ ਇਸ ਕਲਯੁੱਗ ਵਿੱਚ ਵੀ , ਇਸ਼ਕ ਅਮਰ ਕਰ ਸਕਦੇ ਹਾਂ ,
ਇੱਕ ਰਾਂਝੇ ਵਾਲੀ ਹੀਰ , ਮੱਝੀਆਂ ਲਈ ਚਾਕ ਜ਼ਰੂਰੀ ਏ ।
ਸੱਚੇ ਇਸ਼ਕ ਨੂੰ ਲਿੱਖਣ ਵਾਲੇ ਵੀ ਹੋ-ਹੋ ਤੁਰ ਗਏ ਨੇ,
ਪਰ, ਲਿੱਖਣ ਵਾਲੇ ਦੇ ਦਿਲ ਵਿੱਚ , ਇਸ਼ਕ ਸੁਰਾਖ਼ ਜ਼ਰੂਰੀ ਏ ।
ਗੱਲ-ਗੱਲ ‘ਤੇ ਸਾਰੇ ਕਰਦੇ ਨੇ , ਫਿਰ ਐਸੇ ਸ਼ਾਇਰ ਦੀ ਸ਼ਾਇਰੀ
ਜਿਸਦੇ ਸ਼ੇਅਰਾਂ ਦੇ ਵਿੱਚ  , ਬੜਾ ਥਵਾਕ ਜ਼ਰੂਰੀ ਏ ।
ਅੱਧੀ-ਅੱਧੀ ਰਾਤੀ ਉਠ, ਲਿਖਦੇ ਨੇ ਹਰਫ਼ਾਂ ਨੂੰ ,
ਵਕਤ ਵੀ ਆਪੇ ਮਿਲ ਜਾਦੈ , ਜ਼ਜ਼ਬਾਤ ਜ਼ਰੂਰੀ ਏ ।
ਸ਼ਾਇਰ ਦੇ ਦਿਲ ਵਿੱਚ , ਹਰ ਇੱਕ ਰੰਗ ਹੋਣਾ ਏ ਚਾਹੀਦਾ ,
ਇੱਕ ਅੱਲੜ , ਇੱਕ ਬਜ਼ੁਰਗ ਤੇ ਇੱਕ ਜਵਾਕ ਜ਼ਰੂਰੀ ਏ ।
ਦੂਰ-ਦੂਰ ਤੱਕ ਨਿੱਘ ਜਾਂਦੀ , ਫਿਰ ਐਸੀਆਂ ਨਜ਼ਮਾਂ ਦੀ ,
ਪਰ , ਸਿਆਹੀ ਦੇ ਵਿੱਚ ਭਂਾਬੜ , ਹਰਫ਼ ’ਚ ਲਾਟ ਜ਼ਰੂਰੀ ਏ।
ਮੇਰੇ ਜਨਾਜ਼ੇ ਵਿੱਚ ਨਹੀ ਚਾਹੀਦੇ , ਇਹ ਡਗਮਗਾਉਂਦੇ ਕਾਫਿਲੇ,
ਮੈਨੂੰ ਤਾਂ ਹੱਸਦੇ ਹਰਫ਼ਾਂ ਦੀ ,  ਬਰਾਤ ਜ਼ਰੂਰੀ ਏ ।
ਤੋੜ ਦਿਉ ਸਾਰੇ ਬੰਧਨ , ਧਾਗੇ ਖੋਲ੍ਹ ਦਿਉ ਰਿਸ਼ਤਿਆਂ ਦੇ ,
ਮੇਰਾ ਤਾਂ ਇੱਕ ਪੀੜ੍ਹ ਲਫ਼ਜ ਨਾਲ ਸਾਕ ਜ਼ਰੂਰੀ ਏ ।
ਮੇਰੀ ਲਾਸ਼ ਕਫ਼ਨ ਵਿੱਚ ਲਿਪਟੀ ਨੂੰ , ਤੱਕ ਰੋਣ ਨੂੰ ਕੀਹਦਾ ਦਿਲ ਕਰਦੈ ,
ਪਰ , ਆਪਣਿਆਂ ਵਰਗੇ ਦਿੱਸਣਾ ਵੀ ਹਾਲਾਤ ਜ਼ਰੂਰੀ ਏ ।
ਮਿਲ ਜਾਦੈ ਰੱਬ ‘ ਬੇਅੰਤ ’ ਜਿੰਨਾਂ ਦੀਆਂ ਨੀਤਾਂ ਸੱਚੀਆਂ ਨੇ ,
ਪਰ, ਸ਼ਰਤ ਹੈ ਉਹੋ  ਜ਼ਮੀਰ , ਪਵਿੱਤਰ -ਪਾਕ  ਜ਼ਰੂਰੀ ਏ ।

ਬੇਅੰਤ ਕੌਰ ਬਰਾੜ  ‘ਮਣੀ ’ 
ਪਿੰਡ - ਫੱਤਾ ਕੇਰਾ  
 ਸ੍ਰੀ ਮੁਕਤਸਰ ਸਾਹਿਬ
98881- 08384 


Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template