ਸਖ਼ੀ ਮੁਹੰਮਦ ਦਰਵੇਸ਼ ਦੀ ਅੱਖ ਦਾ ਤਾਰਾ ਸਾਈਂ ਬਾਬਾ ਬੁੱਲ੍ਹੇ ਸ਼ਾਹ, ਜਿਨ੍ਹਾਂ ਦਾ ਅਸਲ ਨਾਂ ਅਬਦੁੱਲਾ ਸੀ। ਮੀਆਂ ਮੌਲਾ ਬਖ਼ਸ਼ ਕੁਸ਼ਤਾ ਮੁਤਾਬਕ ਬੁੱਲ੍ਹੇ ਸ਼ਾਹ ਦਾ ਜਨਮ 1680 ’ਚ ਪ੍ਰੰਪਰਾ ਅਨੁਸਾਰ (ਬਹਾਵਲਪੁਰ) ਉੁੱਚ ਗਿਲਾਨੀਆ ਵਿਚ ਹੋਇਆ। ਇਸ ਉਪਰੰਤ ਉਨ੍ਹਾਂ ਦੇ ਪਿਤਾ ਮਲਕਵਾਲ ਆ ਗਏ ਤੇ ਮਗਰੋਂ ਪਾਂਡੋਕੇ, ਜਿੱਥੇ ਬੁੱਲ੍ਹੇ ਸ਼ਾਹ ਨੇ ਪੜ੍ਹਨ-ਪੜ੍ਹਾਉਣ ਦਾ ਆਗਾਜ਼ ਕੀਤਾ। ਅੱਖਰ ਗਿਆਨ ਦੀ ਪ੍ਰਾਪਤੀ ਕਸੂਰ ਦੋ ਮੌਲਵੀ ਗ਼ੁਲਾਮ ਮੁਰਤਜ਼ਾ ਪਾਸੋਂ ਕੀਤੀ। ਇਸ ਦਰਮਿਆਨ ਮਨ ਅੰਦਰ ਪ੍ਰਭੂ ਪ੍ਰਾਪਤੀ ਦੀ ਇੱਛਾ ਜਾਗ ਪਈ। ਘਰ ਤਿਆਗ ਅੱਲ੍ਹਾ ਦੀ ਭਾਲ ਵਿਚ ਚਲੇ ਗਏ। ਖ਼ੁਦਾ ਨੂੰ ਪਾਉਣ ਦੀ ਤਾਂਘ ’ਚ ਜਦੋਂ ਬਟਾਲੇ ਦੇ ਜ਼ਿਲ੍ਹਾ ਗੁਰਦਾਸਪੁਰ ਗਏ ਤਾਂ ਇੱਥੇ ਉਨ੍ਹਾਂ ਨੇ ਅਨਲਹੱਕ ਦਾ ਨਾਅਰਾ ਲਗਾਇਆ। ਇਸ ਕੁਫ਼ਰ ਨੇ ਬੁੱਲ੍ਹੇ ਨੂੰ ਕਾਜ਼ੀ ਦੀ ਕਚਹਿਰੀ ’ਚ ਖੜ੍ਹਾ ਕਰ ਦਿਤਾ। ਸੂਤਰਾਂ ਅਨੁਸਾਰ ਕਾਜ਼ੀ ਨੇਕਿਹਾ, ‘‘ਸੱਚ ਕਹਿੰਦੇ ਨੇ, ਇਹ ਅੱਲ੍ਹਾ ਨਹੀਂ ਅਲ੍ਹਾ ਹੈ।’’ ਜਿਸ ਕਾਰਨ ਬੁੱਲ੍ਹੇ ਸ਼ਾਹ ਨੂੰ ਮੁਰਸ਼ਦ ਦੀ ਜ਼ਰੂਰਤ ਮਹਿਸੂਸ ਹੋਈ। ਉਸ ਵੇਲੇ ਇਸਲਾਮੀ ਸਿੱਖਿਆ ਦਾ ਕੇਂਦਰ ਕਸੂਰ ਸੀ ਜਿਹੜਾ ਹੱਲਿਆਂ ਤੋਂ ਬਚਿਆ ਹੋਇਆ ਸੀ। ਗ਼ੁਲਾਮ ਮੁਹਈਉਦੀਨ ਜਿਹੇ ਵਿਦਵਾਨ ਕਸੂਰ ਸਿੱਖਿਆ ਖੇਤਰ ’ਚ ਕੰਮ ਕਰ ਰਹੇ ਸਨ। ਮੁੱਢਲੀ ਵਿੱਦਿਆ ਲਈ ਕਸੂਰ ’ਚ ਹਜ਼ਰਤ ਗ਼ੁਲਾਮ ਮੁਰਤਜ਼ਾ ਦੇ ਮਦਰੱਸੇ ਤੋਂ ਅਰਬੀ, ਫ਼ਾਰਸੀ ਦਾ ਗਿਆਨ ਪ੍ਰਾਪਤ ਕੀਤਾ।
ਰੂਹਾਨੀ ਸਿੱਖਿਆ ਦਾ ਮਹਿਸੂਸਾ ਹੋਣ ’ਤੇ ਉਨ੍ਹਾਂ ਹਜ਼ਰਤ ਸ਼ਾਹ ਅਨਾਇਤ ਕਾਦਰੀ ਨੂੰ ਬਾ-ਮੁਰਸ਼ਦ ਧਾਰਨ ਕੀਤਾ। ਜੋ ਅਰਾਈਂ ਜਾਤ ਦੇ ਸਨ ਤੇ ਬਾਬਾ ਬੁੱਲ੍ਹੇ ਸ਼ਾਹ ਸਯੱਦ ਘਰਾਣੇ ’ਚੋਂ ਸਨ। ਜਦੋਂ ਬੁੱਲ੍ਹੇ ਸ਼ਾਹ ਪੀਰ ਸ਼ਾਹ ਦੀ ਸੇਵਾ ’ਚ ਹਾਜ਼ਰ ਹੋਏ, ਉਸ ਵੇਲੇ ਸ਼ਾਹ ਜੀ ਗੰਢਿਆਂ ਦੀ ਪਨੀਰੀ ਇਕ ਪਾਸਿਉਂ ਪੁੱਟ ਕੇ ਦੂਜੇ ਪਾਸੇ ਲਾ ਰਹੇ ਸਨ। ਆਉਣ ਦਾ ਕਾਰਨ ਪੁੱਛਣ ’ਤੇ ਬੋਲਿਆ, ‘‘ਸ਼ਾਹ ਜੀ, ਮੈਂ ਰੱਬ ਨੂੰ ਪਾਉਣਾ ਚਾਹੁੰਦਾ ਹਾਂ।’’ ਨਿੰਮੀ ਮੁਸਕਰਾਹਟ ’ਚ ਸ਼ਾਹ ਬੋਲੇ, ‘‘ਬੁੱਲ੍ਹਿਆ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਉਧਰ ਲਾਉਣਾ।’’ ਭਾਵ ਮੈਂ ਪਨੀਰੀ ਨੂੰ ਇਸ ਬੰਨਿਉਂ ਪੁੱਟ ਕੇ ਵਾਹੀ ਤੇ ਸੁਹਾਗੀ ਪੈਲੀ ’ਚ ਲਾ ਰਿਹਾ ਹਾਂ, ਠੀਕ ਉਸੇ ਤਰ੍ਹਾਂ ਮਨ ਦੀ ਮੈਲ ਲਾਹ ਕੇ ਫ਼ਕੀਰੀ ਧਾਰਨਾ ਕਰਨਾ ਹੀ ਖ਼ੁਦਾ ਦੀ ਪ੍ਰਾਪਤੀ ਦਾ ਸੱਭ ਤੋਂ ਸਿੱਧਾ ਰਾਹ ਹੈ। ਸ਼ਾਹ ਅਨਾਇਤ ਦੀ ਇਸ ਰਮਜ਼ੀ ਗੱਲਨੇ ਬੁੱਲ੍ਹੇ ਸ਼ਾਹ ਦਾ ਦਿਲ ਟੁੰਬ ਕੇ ਰੱਖ ਦਿੱਤਾ ਤੇ ਬੁੱਲ੍ਹੇ ਨੇ ਸ਼ੀਸ਼ ਨਿਵਾ ਕੇ ਆਪਾ ਮੁਰਸ਼ਦ ਦੀ ਝੋਲੀ ਪਾ ਦਿੱਤਾ। ਬੁੱਲ੍ਹੇ ਨੂੰ ਵਿਸ਼ਵਾਸ ਹੋ ਗਿਆ ਕਿ ਅਨਾਇਤ ਸ਼ਾਹ ਅਜਿਹਾ ਵਸੀਲਾ ਹੈ ਜੋ ਉਸ ਨੂੰ ਮੰਜ਼ਿਲ ਤੱਕ ਪਹੁੰਚਾ ਸਕਦਾ ਹੈ। ਬੁੱਲ੍ਹੇ ਸ਼ਾਹ ਨੇ ਆਖਿਆ : ਬੁੱਲ੍ਹੇ ਸ਼ਾਹ ਦੀ ਸੁਣੋ ਹਕਾਇਤ, ਹਾਦੀ ਪਕੜਿਆ ਹੋਗ ਹਦਾਇਤ, ਮੇਰਾ ਮੁਰਸ਼ਦ ਸ਼ਾਹ ਅਨਾਇਤ, ਉਹੀ ਲੰਘਾਵੇ ਪਾਰ।
ਐਪਰ ਬੁੱਲ੍ਹੇ ਸ਼ਾਹ ਨੇ ਜਾਤ ਦੇ ਅਰਾਈਂ ਅਨਾਇਤ ਸ਼ਾਹ ਨੂੰ ਮੁਰਸ਼ਦ ਬਣਾ ਲਿਆ। ਸਿਧਾਂਤਕ ਰੂਪ ਵਿਚ ਇਸਲਾਮ ’ਚ ਜਾਤ ਨੂੰ ਕੋਈ ਥਾਂ ਨਹੀਂ ਦਿਤੀ ਗਈ ਪਰ ਫੇਰ ਵੀ ਕੁਝ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ। ਸੱਯਦ ਖ਼ਾਨਦਾਨ ’ਚ ਇਸ ਵਜ੍ਹਾ ਬਖੇੜਾ ਖੜ੍ਹਾ ਹੋ ਗਿਆ। ਬੁੱਲ੍ਹੇ ਦੇ ਰਿਸ਼ਤੇਦਾਰਾਂ ਨੇ ਵੀ ਇਸ ਦਾ ਵਿਰੋਧ ਕੀਤਾ। ਸ਼ਾਹ ਅਨਾਇਤ ਦੇ ਅਨੁਯਾਈ ਬਣਨ ਸਦਕਾ ਬੁੱਲ੍ਹੇ ਦੇ ਦਿਲ ’ਚੋਂ ਹੰਕਾਰ ਦੀ ਮੈਲ ਲੱਥ ਗਈ ਸੀ। ਬੁੱਲ੍ਹੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ, ਮੰਨ ਲੈ ਬੁਲ੍ਹਿਆ ਸਾਡਾ ਕਹਿਣਾ, ਛੱਡ ਦੇ ਪੱਤਾ ਰਾਈਆਂ। ਆਲ ਨਬੀ, ਔਲਾਦ ਅਲੀ ਨੂੰ ਤੂੰ ਕਿਉੁਂ ਲੀਕਾ ਲਾਈਆਂ, ਜਿਹੜਾ ਸਾਨੂੰ ਸਯੱਦ ਸੱਦੇ ਦੋਜ਼ਖ ਮਿਲਣ ਸਜਾਈਆਂ। ਮੁਰਸ਼ਦ ਤੇ ਸ਼ਾਗਿਰਦ ਦਾ ਰਿਸ਼ਤਾ ਰੁੱਸਣ-ਮੰਨਣ ਤਕ ਪਹੁੰਚ ਗਿਆ। ਬੁੱਲੇ ਤੇ ਸ਼ਾਹ ਅਨਾਇਤ ਦੇ ਪ੍ਰੇਮ ’ਚ ਬਦਕਿਸਮਤੀ ਦਰਾੜ ਪੈਣ ਵਾਲਾ ਮੋੜ ਵੀ ਆਇਆ। ਬੁੱਲ੍ਹਾ ਦਾਇਰੇ ਤੋਂ ਬਾਹਰ ਕੱਢਿਆ ਗਿਆ। ਰੁੱਸੇ ਮੁਰਸ਼ਦ ਨੂੰ ਮਨਾਉਣ ਖ਼ਾਤਰ ਬੁੱਲ੍ਹਾ ਗਲੀਆਂ ਵਿਚ ਨੱਚਦਾ ਗਾਉਂਦਾ ਹੈ ‘ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ’।
ਇਕ ਦਿਨ ਬੁੱਲ੍ਹੇ ਨੇ ਸ਼ਾਹ ਜੀ ਦੇ ਪੈਰ ਫੜੇ। ਸ਼ਾਹ ਜੀ ਨੇ ਪੁੱਛਿਆ ਕਿ ‘‘ਓਇ ਤੂੰ ਬੁੱਲ੍ਹਾ ਏਂ?’’ ਜਵਾਬ ‘‘ਨਹੀਂ! ਜੀ ਮੈਂ ਭੁੱਲਾਂ ਹਾਂ।’’ ਮੁਆਫ਼ੀ ਉਪਰੰਤ ਬੁੱਲ੍ਹਾ ਮੁੜ ਸ਼ਾਹ ਅਨਾਇਤ ਦੇ ਦਾਇਰੇ ਵਿਚ ਆ ਗਿਆ। ਮੁਰਸ਼ਦ-ਸ਼ਾਗਿਰਦ ਦੀ ਦਿਲੀ ਸਾਂਝ ਨੇ ਸ਼ਾਹ ਅਨਾਇਤ ਨੂੰ ਖ਼ੁਦ ਦੇ ਅਤਿ ਨੇੜੇ ਲੈ ਆਂਦਾ। ਇਹ ਖ਼ੁਦਾਈ ਨੂਰ ਦਾ ਅਹਿਸਾਸ ਆਤਮ-ਪ੍ਰਮਾਤਮਾ ਦਾ ਮਿਲਾਪ ਸੀ। ਆਸ਼ਕ ਤੇ ਇਸ਼ਟ ਵਿਚਲਾ ਭੇਦ ਮੁੱਕਿਆ। ਗਿਆਨ ਪ੍ਰਾਪਤ ਕਰ ਸਾਈਂ ਤੋਂ ਬੁੱਲ੍ਹੇ ਨੇ ਕਾਫ਼ੀਆਂ, ਦੋਹੜੇ, ਸੀਰਫ਼ੀਆਂ, ਗੰਢਾਂ, ਅਠਵਾਰੇ, ਬਾਰਾਂ ਮਾਹ ਆਦਿ ਦੀ ਰਚਨਾ ਕੀਤੀ। ਇਸ ਤਰ੍ਹਾਂ ਇਸ਼ਕ ’ਚੋਂ ਇਲਾਹੀ ਨੂਰ ਚਮਕਿਆ ਅਤੇ ਬੁੱਲ੍ਹੇ ਨੇ ਖ਼ੁਦਾ ਨੂੰ ਇਸ਼ਕ ਰਾਹੀਂ ਪਾਇਆ। ਬੁੱਲ੍ਹੇ ਸ਼ਾਹ ਨੇ ਆਪਣੀਆਂ ਕਾਫ਼ੀਆਂ ’ਚ ਪੰਜਾਬ ’ਤੇ ਉਸ ਸਮੇਂ ਹੋਏ ਹਮਲੇ ਤੇ ਸਿੱਖਾਂ ’ਤੇ ਕੀਤੇ ਜ਼ੁਲਮ ਦੀ ਦਸਤਾਂ ਬਿਆਨ ਕੀਤੀ। ਸੰਨ 1747 ਈ. ’ਚ ਉਹ ਕੁਲੱਖਣੀ ਘੜੀ ਆਈ ਜਦੋਂ ਪੰਜਾਬੀ ਸਾਹਿਤ ਦਾ ਹਮੇਸ਼ਾ ਚਮਕਦਾ ਰਹਿਣ ਵਾਲਾ ਇਹ ਸਿਤਾਰਾ ਇਸ ਨਾਸ਼ਵਾਨ ਦੁਨੀਆਂ ਨੂੰ ਅਲਵਿਦਾ ਕਹਿ ਵਫ਼ਾਤ ਪਾ ਗਿਆ।
ਬੁੱਲ੍ਹੇ ਸ਼ਾਹ ਦਾ ਕਲਾਮ ਪਾਕ ਹੈ ਜਿਸ ਕਾਰਨ ਮੁਰਸ਼ਦ ਤੇ ਸ਼ਾਗਿਰਦ ਦਾ ਡੂੰਘਾ ਪਿਆ ਦੱਸਿਆ ਜਾਂਦਾ ਹੈ। ਇਹੋ ਹੀ ਅੱਲ੍ਹਾ ਨੂੰ ਪਾਉਣ ਦੀ ਨਿਸ਼ਾਨੀ ਹੈ। ਸਾਈਂ ਬੁੱਲ੍ਹੇ ਸ਼ਾਹ ਇਕ ਸੂਫ਼ੀ ਦਰਵੇਸ਼ ਸਨ। ਉਨ੍ਹਾਂ ਦੀ ਨਜ਼ਰਾਂ ’ਚ ਕੋਈ ਧਰਮ ਵੱਖਰਾ ਨਹੀਂ ਸੀ। ਸੱਭ ਧਰਮਾਂ ਨੂੰ ਉਹ ਇਕੋ ਖ਼ੁਦਾ ਦਾ ਰੂਪ ਸਮਝਦੇ ਸਨ। ਸਾਈਂ ਬੁੱਲ੍ਹੇ ਸ਼ਾਹ ਆਪਣੇ ਦਰਵੇਸ਼ੀ ਸਦਕਾ ਮਨੁੱਖ ਮਾਤਰ ਦਾ ਸੱਚਾ ਮਿੱਤਰ ਸੀ। ਇਸ਼ਕ ਅੱਲ੍ਹਾ ਦੀ ਹੀ ਜਾਤ ਹੈ। ਇਸ਼ਕ ਦੀ ਸੱਚੀ ਇਬਾਦਤ ’ਚੋਂ ਰੱਬ ਨਜ਼ਰ ਆਉਂਦਾ ਹੈ। ਬੁੱਲ੍ਹੇ ਦਾ ਸ਼ਾਹ ਅਨਾਇਤ ਦੇ ਇਸ਼ਕ ’ਚ ਰੰਗੇ ਹੋਣਾ ਵੱਡੀ ਮਿਸਾਲ ਹੈ। ਬੁੱਲ੍ਹੇ ਨੇ ਸ਼ਾਹ ਅਨਾਇਤ ਤੋਂ ਰਾਂਝੇ ਵਾਂਗ ਜੋਗ ਲਿਆ ਜਿਵੇਂ ਕਿ ਰਾਂਝੇ ਨੇ ਬਾਲ ਨਾਥ ਤੋਂ ਲਿਆ ਸੀ। ਉਹ ਗੱਲ ਅੱਡਰੀ ਸੀ ਕਿ ਬੁੱਲ੍ਹੇ ਨੇ ਅਲਾਹੀ ਨਸ਼ੇ ’ਚ ਚੂਰ ਹੋ ਕੇ ਆਪਾ ਮੁਰਸ਼ਦ ਹਵਾਲੇ ਕੀਤਾ ਸੀ ਤੇ ਰਾਂਝਾ ਇਸ਼ਕ-ਹਕੀਕੀ ਨਸ਼ੇ ’ਚ ਚੂਰ ਮੁਰਸ਼ਦ ਲੜ ਲੱਗਾ।
ਪਟਿਆਲਾ।
ਮੋਬਾ: 99156-2885

0 comments:
Speak up your mind
Tell us what you're thinking... !