Headlines News :
Home » » ਲੱਡੂ - ਪਰਮਜੀਤ ਸਿੰਘ ਪੰਮੀ

ਲੱਡੂ - ਪਰਮਜੀਤ ਸਿੰਘ ਪੰਮੀ

Written By Unknown on Monday, 21 October 2013 | 05:50

 ਪੰਜਾਬੀ ਸੱਭਿਆਚਾਰ ’ਚ ਲੱਡੂਆਂ ਨੂੰ ਸ਼ਗਨਾਂ ਪ੍ਰਤੀਕ ਮੰਨਿਆ ਜਾਂਦਾ ਹੈ। ਪਹਿਲਾਂ -ਪਹਿਲ ਵਿਆਹ ਸ਼ਾਦੀਆਂ ’ਚ ਲੱਡੂਆਂ ਦੀ
ਪ੍ਰਧਾਨਤਾ ਹੁੰਦੀ ਸੀ। ਮਠਿਆਈਆਂ ’ਚ ਲੱਡੂ ਅੱਜ ਵੀ ਮੁਖ / ਪ੍ਰਧਾਨ ਮੰਨਿਆ ਜਾਂਦਾ ਹੈ। ਲੱਡੂ ਨੂੰ ‘ਮੋਦਕ’ ਵੀ ਆਖਿਆ ਜਾਂਦਾ ਹੈ। ਕਈ ਵਾਰੀ  ਇਸ ਲਈ ਸ਼ਬਦ ‘ਲੱਡੂਆ’ ਵੀ ਵਰਤਿਆ ਜਾਂਦਾ ਹੈ। ਵਿਆਹ ਤੋਂ ਕਈ-ਕਈ ਦਿਨ ਪਹਿਲਾਂ ਘਰ ਕੜਾਹੀ ਚੜ੍ਹਾਈ ਜਾਂਦੀ ਸੀ ਭਾਵ  ਹਲਵਾਈ ਬਿਠਾਇਆ ਜਾਂਦਾ ਸੀ ,ਹਲਵਾਈ ਸਭ ਤੋਂ ਪਹਿਲਾਂ ਲੱਡੂ ਵੱਟਣ ਲਈ ਬੂੰਦੀ ਹੀ ਬਣਾਉਂਦਾ । ਫਿਰ ਸ਼ਰੀਕੇ,ਭਾਈਚਾਰੇ  ਦੇ ਬੰਦੇ ਬੈਠ ਕੇ ਲੱਡੂ ਵੱਟਦੇ।  ਵਿਆਹ ਦੇ ਸ਼ਗਨਾਂ ਦੀ ਆਰੰਭਤਾ ਵੀ ਲੱਡੂਆਂ ਨਾਲ ਹੀ ਹੁੰਦੀ ਹੈ। ਪਰਿਵਾਰ ਅਤੇ ਸ਼ਰੀਕੇ ਦੀਆਂ ਔਰਤਾਂ ਇੱਕਠੀਆਂ ਹੋ ਕੇ ਸ਼ਰੀਕੇ ਭਾਈਚਾਰੇ ’ਚ ਘਰ -ਘਰ ਲੱਡੂ ਵੰਡਦੀਆਂ ,ਇਸ ਰਸਮ ਨੂੰ ‘ਲੱਡੂ ਫੇਰਨੇ ’ ਵੀ ਕਿਹਾ ਜਾਂਦਾ ਹੈ । ਇਨ੍ਹਾਂ ਤੋਂ ਬਾਅਦ ਹੋਰ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ।ਇਸ ਤਰ੍ਹਾਂ  ਵਿਆਹ ਦੀਆਂ ਰਸਮਾਂ ਦੀ  ਸ਼ੁਰੂਆਤ ਹੁੰਦੀ ।
ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ ਕਿ ਵਿਆਹ ਦਾ ਲੱਡੂ ਜਿਹੜਾ ਖਾਵੇ ਉਹ ਵੀ, ਪਛਤਾਵੇ ਜਿਹੜਾ  ਨਾਂ ਖਾਵੇ ਉਹ ਵੀ ਪਛਤਾਵੇ । ਵਿਆਹ  ’ਚ ਲੱਡੂ ਹਾਸੇ ਠੱਠੇ ਦੇ ਕੰਮ ਵੀ ਕਰਦੇ ਹਨ। ਜਦੋਂ  ਸਾਲੀਆਂ ਸ਼ਗਨ ਪਾਉਣ ਵੇਲੇ  ਲਾੜੇ ਦੇ ਮੂੰਹ ’ਚ ਪੂਰਾ ਲੱਡੂ ਪਾਉਣ ਦੀ ਸ਼ਰਾਰਤ ਕਰਦੀਆਂ ਹਨ ਤੇ ਲਾੜਾ ਵੀ ਕਈ ਵਾਰ ਕਹਿ ਦਿੰਦਾ ਹੈ ਕਿ ‘‘ਬਈ ਬਾਕੀ ਸਭ ਠੀਕ ਹੈ ਲੱਡੂ ਤਾਂ ਸਪੈਸ਼ਲ ਆਰਡਰ ’ਤੇ ਬਣਵਾਇਆ ਲੱਗਦੈ, ਜਿਹੜਾ ਨਾ ਮੂੰਹ ’ਚ ਪੈਂਦਾ ਹੈ ਤੇ ਨਾ ਹੀ ਟੁੱਟਦਾ ਹੈ।ਘਣ ਨਾਲ ਲਿਆਉਣਾ ਸੀ ਲੱਡੂ ਭੋਰਨ ਲਈ ’’  ਭਾਵੇਂ ਮੁੰਡੇ ਦੀ ਰੋਕ ਹੋਵੇ ਜਾਂ ਕੁੜੀ ਦੀ, ਭਾਵੇਂ ਮੰਗਣਾ ਹੋਵੇ ਜਾਂ ਵਿਆਹ , ਲੱਡੂਆਂ ਬਿਨਾਂ ਅਧੂਰਾ ਹੀ ਮੰਨਿਆ ਜਾਂਦਾ ਹੈ । ਲੱਡੂਆਂ ਦਾ ਖਿਆਲ ਮਨ ਆਉਂਦਿਆਂ ਹੀ  ਹਰ ਇੱਕ ਦੇ ਮਨ ’ਚ ਲੱਡੂ ਭੁਰਨੇ ਸ਼ੁਰੂ ਹੋ ਜਾਂਦੇ ਨੇ । ਕਈਆਂ ਨੂੰ  ਆਪਣੇ ਵਿਆਹ ਦੇ ਖਾਧੇ ਲੱਡੂਆਂ ਦੀ ਯਾਦ ਆ ਜਾਂਦੀ ਹੈ ਤੇ ਕਈ ਮੋਤੀ ਚੂਰ ਦੇ ਖਾਣ ਲਈ ਤਰਲੋ ਮੱਛੀ ਹੋ ਉੱਠਦੇ ਨੇ । ਕਈ ਵਾਰੀ  ਪਿੰਡਾਂ ’ਚ ਕੜਾਹ ਜਾਂ ਲੱਡੂ ਖਾਣ ਦੇ ਸ਼ੌਕੀਨਾਂ  ਦੀਆਂ ਵੱਡੀ ਗਿਣਤੀ ’ਚ ਲੱਡੂ ਖਾਣ ਦੀਆਂ ਸ਼ਰਤਾਂ ਵੀ ਆਮ ਹੀ ਲੱਗ ਜਾਂਦੀਆਂ ਸਨ ,ਅਜਿਹੇ ਕੜਾਹ ਖਾਣੇ ਬਾਬਿਆਂ ਦਾ ਜ਼ਿਕਰ ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਪੁਸਤਕ ‘ਮੇਰਾ ਪਿੰਡ ’ ’ਚ ਕੀਤਾ ਹੈ ਜਿਹੜੇ ਸ਼ਰੀਕੇ ’ਚ ਵਿਆਹ ਗਏ ਇੱਕਲੇ ਹੀ ਸਾਰਾ ਕੜਾਹ ਖਾ ਗਏ ਸਨ ਤੇ ਸ਼ਰੀਕੇ ਵਾਲਿਆਂ ਨੇ ਉਹਨਾਂ ਨੂੰ ਵਿਆਹਾਂ ’ਤੇ ਬੁਲਾਉਣਾ ਹੀ ਬੰਦ ਕਰ ਦਿੱਤਾ ਸੀ ,ਪਰ ਅੱਜ -ਕੱਲ੍ਹ ਬਰਗਰ ਨੂਡਲ ਮਕਰੌਨੀ ਤੇ ਪਿਜ਼ਾ ਤੇ ਹੋਰ ਜੰਕ ਫੂਡ  ਪਸੰਦ ਕਰਨ ਵਾਲੀ ਅਜੋਕੀ  ਪੀੜ੍ਹੀ  ਨੂੰ ਤਾਂ ਇਹ ਭਾਉਂਦੇ ਹੀ ਨਹੀਂ ਤੇ ਨਾ ਹੀ ਹਜ਼ਮ ਹੁੰਦੇ ਹਨ।ਇਹ ਤਾਂ ਸ਼ਗਨਾਂ ਵੇਲੇ ਵੀ ਲੱਡੂਆਂ ਨੂੰ ਨੱਕ - ਮੂੰਹ ਹੀ ਮਾਰਦੇ ਨੇ ।
ਕਈ ਵਿਆਹੇ ਹਰ ਰੋਜ਼ ਦੀ ਹੁੰਦੀ ‘ਕੁੱਤੇਖਾਣੀ’ ਦੇ ਸਤਾਏ ਇਹ ਲੱਡੂ ਖਾ ਕੇ ਪਛਤਾਉਂਦੇ ਨੇ, ਕਈ ਢੀਠ ਕਹਿੰਦੇ ਨੇ ਪਛਤਾਉਣਾ ਤਾਂ ਹੈ ਹੀ ,ਫਿਰ ਕਿਉਂ ਨਾ ਲੱਡੂ  ਖਾ ਕੇ ਹੀ  ਪਛਤਾਇਆ ਜਾਵੇ । ਅਖੀਰ ’ਚ ਇਸ ਕਿਸਮ ਦੇ ਢੀਠ ਲੋਕ ‘ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ’ ਵਾਲੀ ਕਹਾਵਤ ਵੀ ਸੱਚ ਸਾਬਤ ਕਰ ਦਿੰਦੇ ਨੇ ।  ਪੰਜਾਬੀ ਸਾਹਿਤ ’ਚ ਕਈ  ਮੁਹਾਵਰੇ ਤੇ ਕਹਾਵਤਾਂ ਵੀ ਮਿਲਦੀਆਂ ਨੇ ;ਜਿਵੇਂ ਲੱਡੂਆਂ ’ਚ ਹੱਥ ’ਚ ਹੋਣਾ , ਮਨ ’ਚ ਲੱਡੂ ਭੋਰਨੇ , ਲੱਡੂ ਵੰਡਣੇ , ਲੱਡੂਆਂ ਦਾ ਯਾਰ ਹੋਣਾ , ਲੱਡੂ ਮੁੱਕ ਗਏ ਯਰਾਨੇ ਟੁੱਟ ਗਏ ਕੱਚੀ ਯਾਰੀ ਲੱਡੂਆਂ ਦੀ , ‘ਲੱਡੂ ਤੇਲ ਵਾਲੇ ਦੇ ਵੋਟ ਜੇਲ੍ਹ ਵਾਲੇ’, ਇਸ ਤੋਂ ਇਲਾਵਾ ਪੰਜਾਬੀ ਗੀਤਾਂ ’ਚ ਵੀ ਲੱਡੂਆਂ ਦਾ ਚੰਗਾ -ਚੋਖਾ ਜ਼ਿਕਰ ਆਇਆ ਹੈ ,ਜਿਵੇਂ: ਲੱਡੂ ਖਾ ਕੇ ਤੁਰਦੀ ਬਣੀ , ਲੱਡੂਆਂ ਨੇ ਤੈਨੂੰ ਪੱਟਿਆ, ਲੱਡੂ ਖੰਡ ਦੇ ਲੁਕੇ ਨਾ ਰਹਿੰਦੇ ਨੀ ਗੋਰਾ ਰੰਗ ਹੋ ਗਿਆ ਬੱਲੀਏ , ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ  ਮੱਖੀਆਂ ਨੇ ਪੈੜ ਕੱਢ ਲਈ ,ਲੱਡੂ ਵੰਡ ਵੱਡੀਏ ਭਰਜਾਈਏ ,ਲੱਡੂ ਵੰਡਦੀ ਕਚਹਿਰੀਉਂ ਆਵਾਂ  ਪਹਿਲੀ ਪੇਸ਼ੀ ਯਾਰ ਛੁੱਟ ਜੇ। ਮੇਰੀ ਜੇਬ ਲੱਡੂਆਂ ਨੇ ਪਾੜੀ , ’ਕੱਲੇ ਨੂੰ ਨਾ ’ਕੱਲੀ ਟੱਕਰੀ । ‘ਜੀਜਾ ਵਾਰ ਲੱਡੂਆਂ ਦਾ ਜੋੜਾ ਗਿੱਧੇ ’ਚ ਤੇਰੀ ਸਾਲੀ ਨੱਚਦੀ । ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਅਖਾਣ ,ਮੁਹਾਵਰੇ ਅਤੇ ਗੀਤ ਮਿਲਦੇ ਹਨ ਜਿਹਨਾਂ ’ਚ ਲੱਡੂਆਂ ਜ਼ਿਕਰ ਕੀਤਾ ਗਿਆ ਹੈ ।
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਲੱਡੂ ਜਿਥੇ ਅੱਜ ਵੀ ਮਠਿਆਈਆਂ ਦਾ ਰਾਜਾ ਹੈ ਉਥੇ ਪੰਜਾਬੀ ਸਭਿਆਚਾਰ ’ਚ  ਅੱਜ ਵੀ ਇਸ ਦੀ ਸਰਦਾਰੀ  ਕਾਇਮ ਹੈ ਕਿਉਂ ਕਿ ਹੋਰ ਮਠਿਆਈ ’ਚ ਮਿਲਾਵਟ ਦੀ ਗੁੰਜਾਇਸ਼ ਹੈ ਪਰ ਲੱਡੂਆਂ ’ਚ ਇਸ ਦੀ ਗੁੰਜਾਇਸ਼ ਨਾ ਮਾਤਰ ਹੀ ਹੈ  ।
                                                                               
      ਪਰਮਜੀਤ ਸਿੰਘ ਪੰਮੀ 
          9417855275
                                             
                                                                                                                                                                                                                           
                                                                                                     











Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template