Headlines News :
Home » » ਵਿਅੰਗ ਤੇ ਹਾਸਰਸ ਜਰੀਏ ਚਿਤਰਨ ਵਾਲੇ ਉੱਘੀ ਸ਼ਖਸੀਅਤ ਦੇ ਮਾਲਿਕ ਸਨ ਜਸਪਾਲ ਭੱਟੀ - ਧਰਮਿੰਦਰ ਸਿੰਘ ਵੜ੍ਹੈਚ

ਵਿਅੰਗ ਤੇ ਹਾਸਰਸ ਜਰੀਏ ਚਿਤਰਨ ਵਾਲੇ ਉੱਘੀ ਸ਼ਖਸੀਅਤ ਦੇ ਮਾਲਿਕ ਸਨ ਜਸਪਾਲ ਭੱਟੀ - ਧਰਮਿੰਦਰ ਸਿੰਘ ਵੜ੍ਹੈਚ

Written By Unknown on Monday, 21 October 2013 | 05:27

 25 ਅਕਤੂਬਰ ਸ਼ੁੱਕਰਵਾਰ ਬਰਸੀ ‘ਤੇ ਵਿਸ਼ੇਸ਼
ਜਸਪਾਲ ਭੱਟੀ ਆਮ ਆਦਮੀ ਦੀਆਂ ਰੋਜ਼ਾਨਾਂ ਦੀਆਂ ਮੁਸ਼ਕਿਲਾਂ ਨੂੰ ਬੜੇ ਹੀ ਸਾਦੇ ਤੇ ਸੋਖੇ ਤਰੀਕੇ ਨਾਲ ਵਿਅੰਗ ਤੇ ਹਾਸਰਸ ਜਰੀਏ  ਚਿਤਰਨ ਵਾਲੇ ਉੱਘੀ ਸ਼ਖਸੀਅਤ ਦੇ ਮਾਲਿਕ ਸਨ।ਆਪ  ਹਾਸਰਸ ਅਭਿਨੇਤਾ, ਨਿਰਮਾਤਾ, ਨਿਰਦੇਸ਼ਿਕ ਤੇ ਪ੍ਰਸਿੱਧ ਕਾਰਟੂਨਿਸਟ ਸਨ।  25 ਅਕਤੂਬਰ ਦਾ ਮਨਹੂਸ ਦਿਨ, ਇਸ ਦਿਨ ਨੇ ਇੱਕ ਮਹਾਨ ਹਸਤੀ ਨੂੰ ਸਾਡੇ ਕੋਲੋਂ ਖੋਹ ਲਿਆ। ਸਵਰਗੀ ਜਸਪਾਲ ਭੱਟੀ ਸਾਹਬ ਨੂੰ ਸਾਡੇ ਤੋਂ ਵਿਛੜਿਆਂ ਪੂਰਾ ਸਾਲ ਦਾ ਸਮਾਂ ਹੋ ਚੁੱਕਾ ਹੈ, ਪਰ ਇੰਜ਼ ਮਹਿਸੂਸ ਹੁੰਦਾ ਹੈ ਕਿ ਜ਼ਿਵੇਂ ਇਹ ਕੱਲ ਦੀ ਹੀ ਗੱਲ ਹੋਵੇ। ਇਹ ਗੱਲ ਜੁਲਾਈ-ਅਗਸਤ ਦੇ ਦਿਨਾਂ ਦੀ ਹੈ, ਜਦ ਉਹ ਸਾਡੇ ਪਿੰਡ ਚੱਬੇ ਵਿੱਚ ‘ਇੰਦਰਜੀਤ ਨਿੱਕੂ’ ਦੀ ਫਿਲਮ ‘ਦਿਲ ਪ੍ਰਦੇਸੀ ਹੋ ਗਿਆ’ ਦੀ ਸ਼ੂਟਿੰਗ ਕਰਨ ਆਏ ਸਨ। ਮੈਨੂੰ ਮੇਰੇ ਪੱਤਰਕਾਰ ਦੋਸਤ ਦਾ ਫੋਨ ਆਇਆ ਕਿ ‘ਮੈਂ ਜਲੰਧਰ ਗਿਆ ਹਾਂ, ਤੂੰ ਜਾ ਕੇ ਸ਼ੂਟਿੰਗ  ਰਿਪੋਰਟ ਲੈ ਆ’।
ਮੈਂ ਵੀ ਸ਼ਹਿਰ ਸੀ। ਅੰਮ੍ਰਿਤਸਰ ਸ਼ਹਿਰ ਤੋਂ ਪਿੰਡ ਕੋਈ 12 ਕਿਲੋਮੀਟਰ ਤੇ ਸਥਿੱਤ ਹੈ। ਮੈਂ ਸ਼ਹਿਰੋਂ ਪਿੰਡ ਪਹੁੰਚਾ। ਘਰੋਂ ਹੱਥ ਮੂੰਹ ਧੋ ਕੇ ਤੇ ਚਾਹ ਪਾਣੀ ਪੀ ਕੇ ਸਿੱਧਾ ਸ਼ੁਟਿੰਗ ਵਾਲੀ ਜਗ੍ਹਾ ਤੇ ਪਹੁੰਚ ਗਿਆ। ਉ ੱਥੇ ਬਹੁਤ ਜ਼ਿਆਦਾ ਭੀੜ ਸੀ, ਜੋ ਸ਼ੂਟਿੰਗ ਵੇਖ ਰਹੀ ਸੀ। ਚਾਰ ਚੁਫੇਰੇ ਰੱਸੀ ਬੰਨ੍ਹੀ ਹੋਈ ਸੀ ਤੇ ਸਭ ਤੋਂ ਅੱਗੇ ਪਿੰਡ ਦੇ ਮੋਹਤਬਰ ਬੰਦੇ ਕੁਰਸੀਆਂ ਡਾਹ ਕੇ ਸ਼ੂਟਿੰਗ ਦਾ ਆਨੰਦ ਮਾਣ ਰਹੇ ਸਨ। ਮੈਂ ਉਹਨਾਂ ਨਾਲ ਹੱਥ ਮਿਲਾ ਕੇ ਰੱਸੀ ਚੁੱਕ ਕੇ ਅੰਦਰ ਚਲਾ ਗਿਆ ਤਾਂ ਵੇਖਿਆ ਕਿ ਸ਼ਾਟ ਚੱਲ ਰਿਹਾ ਸੀ ਕਿ ਕਮੇਡੀ ਕਲਾਕਾਰ ‘ਸੁਰਿੰਦਰ ਸ਼ਰਮਾ’ ਤਖਤਪੋਸ਼ ਤੇ ਬੈਠਾ ਭੰਗ ਘੋਟ ਰਿਹਾ ਹੈ ਤੇ ਜਸਪਾਲ ਭੱਟੀ ਕੋਲ ਦੀ ਲੰਘਦੇ ਹੋਏ ਪੁੱਛਦੇ ਹਨ ਕਿ ‘ਇਹ ਕੀ ਕਰ ਰਿਹੈ?’ ਤਾਂ ਸੁਰਿੰਦਰ ਸ਼ਰਮਾਂ ਜਸਪਾਲ ਭੱਟੀ ਨੂੰ ਕਹਿੰਦਾ ਹੈ ਕਿ ‘ਮੇਰਾ ਵਿਆਹ ਹੋਊਗਾ, ਬਰਾਤੀ ਆਉਣਗੇ ਬੈਂਡ ਵਾਜੇ ਵੱਜਣਗੇ’ ਤਿੰਨ ਵਾਰੀ ਰੀਟੇਕ ਹੋਇਆ ਤੇ ਫਿਰ ਚੌਥੀ ਜਾਂ ਪੰਜਵੀਂ ਵਾਰੀ ਜਾ ਕੇ ਸ਼ਾਟ ੳ.ਕੇ ਹੋਇਆ। ਭੱਟੀ ਸਾਹਬ ਸਾਹਮਣੇ ਘਰ ਵਿੱਚ ਜਿੱਥੇ ਫਿਲਮ ਦੀ ਪੂਰੀ  ਯੂਨਿਟ ਠਹਿਰੀ ਹੋਈ ਸੀ, ਉੱਥੇ ਚਲੇ ਗਏ ਤੇ ਮੈਂ ਵੀ ਉਹਨਾਂ ਦੇ ਮਗਰ ਅੰਦਰ ਚਲੇ ਗਿਆ। ਉਹ ਅੰਦਰ ਜਾ ਕੇ ਸੋਫੇ ਉੱਪਰ ਬੈਠ ਗਏ। ਮੇਰੀ ਜਾਣ ਪਛਾਣ ਵਾਲੇ ਕੁਝ ਲੋਕ ਉ ੱਥੇ ਬੈਠੇ ਹੋਏ ਸਨ। ਸਭ ਨਾਲ ਹੈਲੋ ਹਾਏ ਹੋਈ। ਮੈਂ ਭੱਟੀ ਸਾਹਬ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਤਾਂ ਉਹ ਕਹਿਣ ਲੱਗੇ ‘ਸ਼ਾਟ ੳ.ਕੇ ਹੋ ਲੈਣ ਦਿਉ, ਫਿਰ ਆਪਾਂ ਬੈਠ ਕੇ ਇਤਮਿਨਾਨ ਨਾਲ ਗੱਲ ਕਰਦੇ ਹਾਂ’। 
ਉਹ ਫਿਰ ਸ਼ਾਟ ਦੇਣ ਲਈ ਚਲੇ ਗਏ।ਲਗਭਗ ਅੱਧੇ ਘੰਟੇ ਮਗਰੋਂ ਉਹ ਸ਼ਾਟ ੳ.ਕੇ ਕਰਕੇ ਆਏ ਤੇ ਨਾਲ ਹੀ ਖਾਣੇ ਦੀ ਅਵਾਜ਼ ਆ ਗਈ। ਸਾਰੇ ਬਾਹਰ ਵਿਹੜੇ ਵੱਲ ਨੂੰ ਹੋ ਤੁਰੇ। ਭੱਟੀ ਸਾਹਬ ਕਹਿਣ ਲੱਗੇ ਕਿ ‘ਆ ਜਾਉ, ਖਾਣਾ ਖਾਈਏ ਤੇ ਨਾਲੇ ਆਪਾਂ ਗੱਲ ਕਰਦੇ ਹਾਂ।’ ਮੈਂ ਉਹਨਾਂ ਨਾਲ ਦਿਲ ਖੋਹਲ ਕੇ ਢੇਰ ਸਾਰੀਆਂ ਗੱਲਾਂ ਕੀਤੀਆਂ। ਫਿਲਮ ਦੀ ਪੂਰੀ ਯੂਨਿਟ ਨਾਲ ਫੋਟੋਆਂ ਵੀ ਹੋਈਆਂ।ਮੈਂ ਭੱਟੀ ਸਾਹਬ ਦਾ ਥੈਂਕਸ ਕਰਕੇ ਉਹਨਾਂ ਕੋਲੋਂ ਛੁੱਟੀ ਲੈ ਕੇ ਵਾਪਸ ਆ ਗਿਆ। ਇਸ ਫਿਲਮ ਦੀ ਸ਼ੂਟਿੰਗ ਸਾਡੇ ਪਿੰਡ ਵਿੱਚ ਦੋ ਤਿੰਨ ਦਿਨਾਂ ਤੱਕ ਚੱਲਦੀ ਰਹੀ। ਫਿਰ ਅਚਾਨਕ 25 ਅਕਤੂਬਰ ਨੂੰ ਸਾਰੀਆਂ ਅਖਬਾਰਾਂ ਦੀ ਸੁਰਖੀ ਸੀ ਕਿ ‘ਉੱਘੇ ਕਮੇਡੀ ਕਿੰਗ ਜਸਪਾਲ ਭੱਟੀ ਨਹੀ ਰਹੇ।’ ਫਿਲਮ ‘ਪਾਵਰ ਕੱਟ’ ਦੀ ਪ੍ਰਮੋਸ਼ਨ ਕਰਦੇ ਸਮੇਂ ਉਹਨਾਂ ਦੀ ਚਿੱਟੇ ਰੰਗ ਦੀ ਹੋਂਡਾਂ ਅਕੋਡਾ ਕਾਰ ਦਾ ਤੜਕੇ ਸਵੇਰੇ ਸ਼ਾਹਕੋਟ ਨੇੜ ਉਨੀਂਦਰੇ ਦੀ ਵਜ੍ਹਾ ਨਾਲ ਦਰੱਖਤ ਨਾਲ ਟਕਰਾਉਣ ਕਰਕੇ ਐਕਸੀਡੈਂਟ ਹੋ ਗਿਆ ( ਇਹ ਉਹਨਾਂ ਦੇ ਬੇਟੇ ਜਸਰਾਜ ਭੱਟੀ ਦੀ ਫਿਲਮ ਸੀ) ਉਹ ਬਠਿੰਡਾ ਤੋਂ ਫਿਲਮ ਦਾ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ।ਉਹ ਸਾਡੇ ਕੋਲੋਂ ਹਮੇਸ਼ਾ ਲਈ ਵਿੱਛੜ ਗਏ। ਖਬਰ ਪੜ੍ਹ ਕੇ ਮਨ ਬਹੁਤ ਦੁਖੀ ਹੋਇਆ। ਮੈਨੂੰ ਕੀ ਪਤਾ ਸੀ ਕਿ ਭੱਟੀ ਸਾਹਬ ਨਾਲ ਮੇਰੀ ਇਹ ਪਹਿਲੀ ਤੇ ਆਖਰੀ ਮਾਲਾਕਾਤ ਹੋਵੇਗੀ। ਅੱਜ ਵੀ ਉਹ ਮੁਲਾਕਾਤ ਬੜੀ ਯਾਦ ਆਉਂਦੀ ਹੈ। ਭੱਟੀ ਸਾਹਬ ਜ਼ਿੰਦਾਦਿਲ ਇਨਸਾਨ ਸਨ।

                                                                                                                                                                                                    ਧਰਮਿੰਦਰ ਸਿੰਘ ਵੜ੍ਹੈਚ(ਚੱਬਾ), 
ਪਿੰਡ ਤੇ ਡਾਕ:ਚੱਬਾ, 
ਤਰਨਤਾਰਨ ਰੋਡ, 
ਅੰਮ੍ਰਿਤਸਰ-143022 
ਮੋ: 9781751690
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template