Headlines News :
Home » » ਸੜਕ ਹਾਦਸਿਆ ’ਚ ਅਜਾਈਂ ਜਾਂਦੀਆਂ ਕੀਮਤੀ ਜਾਨਾਂ - ਬਲਬੀਰ ਸਿੰਘ ਬੱਬੀ

ਸੜਕ ਹਾਦਸਿਆ ’ਚ ਅਜਾਈਂ ਜਾਂਦੀਆਂ ਕੀਮਤੀ ਜਾਨਾਂ - ਬਲਬੀਰ ਸਿੰਘ ਬੱਬੀ

Written By Unknown on Saturday, 26 October 2013 | 03:37

ਸਮੁੱਚੀ ਦੁਨੀਆਂ ਵਿੱਚ ਜਾਗ੍ਰਿਤੀ ਆਉਣ ਨਾਲ, ਸਾਡੇ ਵੀ ਸਾਰੇ ਤਾਣੇ-ਬਾਣੇ ਵਿੱਚ ਜਾਗ੍ਰਿਤੀ ਆਈ ਹੈ। ਇੱਥੇ ਗੱਲ ਸੜਕੀ ਆਵਾਜਾਈ ਦੇ ਸਾਧਨਾਂ ਦੀ ਗੱਲ ਕਰਦੇ ਹਾਂ। ਸਾਡੇ ਦੇਸ਼ ਨੇ ਆਵਾਜਾਈ ਦੇ ਸਾਧਨਾਂ ’ਚ ਬਹੁਤ ਤਰੱਕੀ ਕੀਤੀ ਹੈ। ਅੱਜ ਸਭ ਪਾਸੇ ਸੜਕਾਂ ਦੇ ਜਾਲ਼ ਵਿੱਛ ਚੁੱਕੇ ਹਨ, ਕਈ ਵੱਡੇ ਅਤੇ ਖਾਸ ਸੜਕੀ ਰੂਟਾਂ ਤੇ ਬਹੁਤ ਹੀ ਚੰਗੇ ਹਾਈਵੇਅ ਬਣੇ ਹੋਏ ਹਨ ਤੇ ਅਤਿ ਆਧੁਨਿਕਤਾ ਨਾਲ ਲੈਸ ਵੀ ਹਨ। ਇਨਾਂ ਸਭ ਸੜਕਾਂ ਤੇ ਚੱਲਣ ਵਾਲੀ ਮਸ਼ਿਨਰੀ ਦੀ ਵੀ ਬਹੁਤਾਤ ਹੈ। ਮੋਟਰ-ਸਾਈਕਲ, ਸਕੂਟਰ ਤੋਂ ਲੈ ਕੇ ਨਵੀਆਂ ਮਹਿੰਗੀਆਂ ਕਾਰਾਂ, ਮਾਲ ਢੋਣ ਲਈ ਟਂੈਪੂ, ਟਰੱਕ, ਟਰਾਲੇ ਤੇ ਸਵਾਰੀਆਂ ਢੋਣ ਲਈ ਬੱਸਾਂ ਆਦਿ ਬਹੁਤ ਹੀ ਜ਼ਿਆਦਾ ਗਿਣਤੀ ’ਚ ਨਵੇਂ-ਨਵੇਂ ਮਾਡਲਾਂ ’ਚ ਨਿੱਤ ਹੀ ਆ ਕੇ ਸੜਕਾਂ ਤੇ ਖਰੂਦ ਪਾ ਰਹੇ ਹਨ। ਬਹੁਤੀਆਂ ਥਾਵਾਂ ਤੇ ਸੜਕਾਂ ਉਹੀ ਛੋਟੀਆਂ ਤੇ ਪੁਰਾਣੀਆਂ ਹਨ। ਪਰ ਮਸ਼ਿਨਰੀ ਬਹੁਤ ਹੀ ਮਾਤਰਾ ’ਚ ਨਵੀਂ ਚੱਲ ਰਹੀ ਹੈ। ਜਦੋਂ ਵਾਹਨਾਂ ਦੀ ਗਿਣਤੀ ਵੱਧ ਜਾਏ ਤੇ ਸੜਕਾਂ ਸੀਮਤ ਰਹਿ ਜਾਣ ਤਾਂ ਆਵਾਜਾਈ ਦਾ ਖਰਾਬ ਹੋਣਾ ਕੁਦਰਤੀ ਗੱਲ ਹੈ। ਠੀਕ ਇਹੀ ਕੁਝ ਅੱਜ ਸਾਡੇ ਆਸੇ-ਪਾਸੇ ਹਰ ਵੱਡੇ ਤੇ ਛੋਟੇ ਸ਼ਹਿਰ ’ਚ ਵਾਪਰ ਰਿਹਾ ਹੈ। ਇਸੇ ਹੀ ਕਾਰਨਵੱਸ ਕਈ ਸੜਕੀ ਹਾਦਸੇ ਵਾਪਰਦੇ ਹਨ ਤੇ ਕੀਮਤੀ ਜਾਨਾਂ ਅਜਾਈ ਹੀ ਜਾਂਦੀਆਂ ਹਨ
               ਭਾਰਤ ’ਚ ਸਭ ਤੋਂ ਵੱਧ ਹਰ ਕਿਸਮ ਦੇ ਵਾਹਨਾਂ ਦੀ ਸੰਖਿਆਂ ਸਾਡੀ ਰਾਜਧਾਨੀ ਦਿੱਲੀ ਵਿੱਚ ਹੈ ਤੇ ਸੜਕੀ ਹਾਦਸਿਆਂ ਦੀ ਸੰਖਿਆਂ ਪੰਜਾਬ ਵਿਚ ਹੈ। ਪਿਛਲੇ ਸਮੇਂ ’ਚ ਕਈ ਵੱਡੇ ਤੇ ਦਿਲ ਦਹਿਲਾਉਣ ਵਾਲੇ ਸੜਕ ਹਾਦਸੇ ਆਮ ਹੀ ਹੁੰਦੇ ਤੱਕਦੇ ਹਾਂ ਪਰ ਹੁਣ ਤਕਰੀਬਨ ਪਿਛਲੇ ਮਹੀਨੇ ਤੋਂ ਸ਼ਾਇਦ ਹੀ ਕੋਈ ਐਸਾ ਦਿਨ ਖਾਲੀ ਹੋਵੇ ਨਹੀਂ ਤਾਂ ਰੋਜ਼ਾਨਾ ਹੀ ਘੱਟੋ-ਘੱਟ ਦੋ ਤਿੰਨ ਮੌਤਾਂ ਸੜਕੀ ਹਾਦਸਿਆਂ ’ਚ ਹੋਣਾ ਆਮ ਗੱਲ ਹੀ ਹੋ ਗਈ ਹੈ। ਆਹ ਹੁਣੇ ਜਿਹੇ ਹੁਸ਼ਿਆਰਪੁਰ ਨੇੜੇ ਸ਼ਰਧਾਲੂਆਂ ਦਾ ਟਰੱਕ ਪਲਟਿਆ ਤਾਂ ਉਥੇ 22 ਮੌਤਾਂ ਹੋਈਆਂ, ਜਦਕਿ  ਉਸੇ ਦਿਨ ਹੋਰ ਦੋ ਜਗ੍ਹਾ ਤੇ ਸੱਤ ਮੌਤਾਂ ਸੜਕੀ ਹਾਦਸਿਆ ’ਚ ਹੋਈਆਂ ਸਨ। ਕੁਲ ਮਿਲਾ ਕੇ 29 ਕੀਮਤੀ ਜਾਨਾਂ ਅਣਆਈ ਮੌਤ ਨੇ ਸਿਰਫ ਇਕੋ ਦਿਨ ’ਚ ਹੀ ਲੈ ਲਈਆਂ।
               ਇਨ੍ਹਾਂ ਸਭ ਹਾਦਸਿਆਂ ਪਿਛੇ ਕਸੂਰਵਾਰ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਪਾਸੇ ਤੋਂ ਕਹੇ ਜਾ ਸਕਦੇ ਹਾਂ। ਸਭ ਤੋਂ ਵੱਡੀ ਗੱਲ ਸਰਕਾਰ ਵੱਡੇ-ਵੱਡੇ ਫਲਾਈਓਵਰ ਬਣਾ ਕੇ ਵਿਕਾਸ ਦੇ ਦਾਅਵੇ ਤਾਂ ਜਤਾ ਹੀ ਰਹੀ ਹੈ ਅਸਲ ਵਿੱਚ ਪ੍ਰਮੁੱਖ ਸ਼ਹਿਰਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਕਈ ਹੋਰ ਵੱਡੇ ਛੋਟੇ ਸ਼ਹਿਰਾਂ ਵਿੱਚ ਸੜਕਾਂ ਦਾ ਬਹੁਤ ਹੀ ਨਹੀਂ ਅਤਿ ਬੁਰਾ ਹਾਲ ਹੈ। ਜਿਥੇ ਹਰ ਸਮੇਂ ਆਵਾਜਾਈ ਚਲਦੀ ਹੈ ਤੇ ਜ਼ਰੂਰੀ ਸਥਾਨ ਵੀ ਹਨ, ਉਥੇ ਖਰਾਬ ਸੜਕਾਂ ਆਮ ਹੀ ਹਾਦਸਿਆਂ ਨੂੰ ਸੱਦਾ ਦੇਣਗੀਆਂ। ਜਲੰਧਰ ਦੇ ਕਈ ਥਾਵਾਂ ਤੇ ਸ਼ਾਇਦ ਹੀ ਕੋਈ ਸਬੂਤੀ ਹੋਵੇ, ਛੋਟੇ ਟੋਏ ਤਾਂ ਇੱਕ ਪਾਸੇ ਰਹੇ ਤਿੰਨ ਚਾਰ ਫੁੱਟ ਤੱਕ ਦੇ ਟੋਏ ਆਮ ਹੀ ਹਨ। ਇਸੇ ਤਰ੍ਹਾਂ ਹੀ ਲੁਧਿਆਣੇ ’ਚ ਕਈ ਜਗ੍ਹਾ ਤੱਕਿਆ ਹੈ। ਹੁਣ ਜਦ ਟੋਇਆਂ ਵਾਲੀਆਂ ਸੜਕਾਂ ਤੇ ਵਾਹਨ ਚੱਲਣਗੇ ਤਾਂ ਇਕ ਦੂਜੇ ਟੋਏ ਤੋਂ ਬਚਦੇ ਬਚਾਉਂਦੇ ਅਸਾਨੀ ਨਾਲ ਹੀ ਆਪਸ ਵਿੱਚ ਟਕਰਾਉਣ ਵਾਲੀ ਸਥਿਤੀ ’ਚ ਆ ਜਾਣਗੇ।
               ਦੁਨੀਆਂ ਦੇ ਕਿਸੇ ਹਿੱਸੇ ’ਚ ਵੀ ਜੋ ਕੰਪਨੀ ਕਾਰਾਂ ਆਦਿ ਬਣਾਉਂਦੀ ਹੈ। ਉਸ ਹਰ ਕੰਪਨੀ ਦਾ ਸ਼ੋਅ-ਰੂਮ ਪੰਜਾਬ ਤੇ ਚੰਡੀਗੜ੍ਹ ਵਿੱਚ ਹੈ। ਕੰਪਨੀਆਂ ਕਿਉਂਕਿ ਉੱਥੇ ਹੀ ਕੰਮ-ਕਾਰ ਸਥਾਪਿਤ ਕਰਦੀਆਂ ਹਨ ਜਿਥੇ ਚੀਜ਼ ਦੀ ਮੰਗ ਹੋਵੇ। ਇਹ ਸਭ ਕੁਝ ਅੱਜ ਪੰਜਾਬ ਦੀਆਂ ਸੜਕਾਂ ਤੇ ਤੱਕਿਆ ਜਾ ਸਕਦਾ ਹੈ। ਨਵੀਂ ਤੋਂ ਨਵੀਂ ਤੇ ਮਹਿੰਗੀ ਤੋਂ ਮਹਿੰਗੀ ਗੱਡੀ ਅੱਜ ਆਮ ਹੀ ਖ੍ਰੀਦੀ ਜਾ ਰਹੀ ਹੈ। ਆਧੁਨਿਕ ਚੀਜ਼ਾਂ ਨਾਲ ਲੈਸ ਇਨ੍ਹਾਂ ਗੱਡੀਆਂ ਦੀ ਰਫ਼ਤਾਰ ਤੇ ਹੋਰ ਸਭ ਕੁਝ ਬਹੁਤ ਤੇਜ਼ ਹੈ ਚਾਲਕ ਵੀ ਇਸ ਰਫ਼ਤਾਰ ਦਾ ਲੁਤਫ ਲੈਂਦੇ ਹੋਰ ਤੇਜ਼ ਚਲਾਉਂਦੇ ਹਨ। ਗੱਡੀ ਕੰਟਰੋਲ ਤੋਂ ਬਾਹਰ ਤੇ ਠਾਹ ਟੱਕਰ---।
 ਇਸੇ ਤਰ੍ਹਾਂ ਸਰਕਾਰੀ ਤੌਰ ਤੇ ਟਰਾਂਸਪੋਰਟ ਮਹਿਕਮਾਂ ਵੀ ਆਪਣੀ ਜ਼ਿੰਮੇਵਾਰੀ ਸਹੀ ਨਹੀਂ ਨਿਭਾ ਰਿਹਾ। ਪੈਸੇ ਦੇ ਜੋਰ ਬਿਨਾਂ ਕਿਸੇ ਸਿੱਖਿਅਤ ਰੂਪ ਵਿੱਚ ਥੋਕ ਦੇ ਭਾਅ ਘਰ ਬੈਠਿਆਂ ਨੂੰ ਹੀ ਡਰਾਇਵਿੰਗ ਲਾਇਸੰਸ ਆਦਿ ਜਾਰੀ ਕੀਤੇ ਜਾ ਰਹੇ ਹਨ। ਜ਼ਿਆਦਾਤਰ ਕੋਲ ਲਾਇਸੰਸ ਹੁੰਦਾ ਹੀ ਨਹੀਂ। ਕਈਆਂ ਕੋਲ ਲਾਇਸੰਸ ਤਾਂ ਸਕੂਟਰ-ਕਾਰ ਵਾਲਾ ਹੁੰਦਾ ਹੈ ਤੇ ਚਲਾ ਬੱਸ-ਟਰੱਕ ਆਦਿ ਹੁੰਦਾ ਹੈ।
               ਸੜਕੀ ਆਵਾਜਾਈ ਦਾ ਗਿਆਨ ਨਾ ਹੋਣਾ ਤੇ ਮਸ਼ੀਨਰੀ ਪੂਰੀ ਤਰ੍ਹਾਂ ਸਿੱਖਿਅਤ ਨਾ ਹੋਣਾ ਵੀ ਸੜਕ ਹਾਦਸਿਆਂ ਦਾ ਮੁੱਖ ਕਾਰਨ ਹੈ। ਅੱਜ ਕੱਲ੍ਹ ਪੰਜਾਬ ’ਚ ਵਿਆਹ ਸਮੇਂ ਗੱਡੀ ਆਦਿ ਦੇਣ ਦਾ ਰਿਵਾਜ਼ ਜਿਹਾ ਪੈ ਗਿਆ ਹੈ, ਤੇ ਗੱਡੀ ਵੀ ਚੰਗੀ ਦਿੱਤੀ ਜਾਂਦੀ ਹੈ, ਪਰ ਚਲਾਉਣ ਵਾਲਾ ਹਾਲੇ ਸੜਕੀ ਨਿਯਮਾਂ ਤੋਂ ਕੋਰਾ ਹੈ ਫਿਰ ---।
 ਜੋ ਨਸ਼ਿਆਂ ਦਾ ਰੁਝਾਨ ਪੰਜਾਬ ’ਚ ਵਸਿਆ ਹੈ, ਇਸ ਨਾਲ ਵੀ ਸੜਕੀ ਹਾਦਸੇ ਵਧੇ ਹਨ। ਪੈਲਸਾ ’ਚ ਹੁੰਦੇ ਵਿਆਹਾਂ ਤੇ ਪਾਣੀ ਵਾਂਗ ਚਲਦੀ ਦਾਰੂ ਨਾਲ ਟੁੰਨ ਹੋ ਕੇ ਡਰਾਇਵਿੰਗ ਕਰਨੀ ਆਮ ਗੱਲ ਹੈ, ਤੇ ਇਸੇ ਤਰ੍ਹਾਂ ਹਾਦਸੇ ਹੋਣਾ ਵੀ ਗੱਲ ਬਣ ਪਈ ਹੈ, ਤੇ ਬਹੁਤੇ ਹਾਦਸੇ ਮੋਬਾਇਲ ਫੋਨ ਕਾਰਨ ਵਾਪਰ ਰਹੇ ਹਨ। ਇਸ ਤੋਂ ਬਿਨਾਂ ਅਸੀਂ ਖੁਦ ਵੀ ਸੜਕੀ-ਨਿਯਮਾਂ ਦੀ ਉਲੰਘਣਾ ਰੱਜ ਕੇ ਕਰਦੇ ਹਾਂ। ਕਈ ਸੱਜਣ ਸੜਕ ਤੇ ਕਰਤੱਬ ਵਿਖਾਉਂਦੇ ਹਨ। ਆਪ ਖੁਦ ਦਾ ਵੀ ਤੇ ਦੂਜੇ ਦਾ ਵੀ ਨੁਕਸਾਨ ਕਰਦੇ ਹਨ। ਜੋ ਕੋਈ ਟ੍ਰੈਫਿਕ ਪੁਲਿਸ ਵਾਲਾ ਸਾਡੀ ਗਲਤੀ ਤੇ ਚਲਾਣ ਕੱਟਦਾ ਹੈ ਤਾਂ ਅਸੀਂ ਝੱਟ ਹੀ ਕਿਸੇ ਸਿਆਸੀ ਬੰਦੇ ਦਾ ਰੋਅਬ ਪਾ, ਮੋਬਾਇਲ ਤੇ ਉਸਦੀ ਗੱਲ ਕਰਾਂ ਆਪ ਗਾਹ ਜਾਂਦੇ ਹਾਂ। ਪਰ ਪਰ ਦੂਜੇ ਪਾਸੇ ਜਦ ਅਸੀਂ ਚੰਡੀਗੜ੍ਹ ਵੜਦੇ ਹੀ ਹਾਂ ਤਾਂ ਸਭ ਦੇ ਸੀਟ ਬੈਲਟ ਵੀ ਲੱਗ ਜਾਂਦੀ ਹੈ, ਅਰਾਮ ਨਾਲ ਚਲਦੇ ਵੀ ਹਾਂ ਤੇ ਹੋਰ ਵੀ ਸਭ ਕੁਝ ਠੀਕ ਹੋ ਜਾਂਦਾ ਹੈ, ਕਿਉਂਕਿ ਉਥੇ ਡੰਡੇ ਤੇ ਚਲਾਣ ਦਾ ਡਰ ਹੈ। ਸਾਨੂੰ ਇਹੋ ਜਿਹੀਆਂ ਚਲਾਕੀਆਂ ਅਵਾਜਾਈ ਦੇ ਨਾਲ ਨਹੀਂ ਕਰਨੀਆਂ ਚਾਹੀਦੀਆਂ।
               ਆਪਣੇ ਤੇ ਸਮਾਜ ਦੇ ਬਚਾਅ ਲਈ ਸੜਕੀ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ, ਤੇ ਸੁਚਾਰੂ ਸੁਚੱਜੇ ਢੰਗ ਨਾਲ ਵਿਚਰਣਾ ਚਾਹੀਦਾ ਹੈ। ਇੱਕ ਦੋ ਮਿੰਟ ਦੀ ਕਾਹਲੀ ਨਾਲ ਸਦਾ ਦਾ ਪਛਤਾਵਾਂ ਪੱਲੇ ਨਾ ਪੈ ਜਾਏ। ਜੋ ਜੀਅ ਘਰੋਂ ਜਾਂਦਾ ਹੈ, ਉਸਦੀ ਵਾਪਸੀ ਤੱਕ ਕੋਈ ਉਸ ਨੂੰ ਉਡੀਕਦਾ ਹੈ। ਅੱਜ ਅਸੀਂ ਆਪਣੇ ਬੱਚਿਆਂ ਨੂੰ ਵੀ ਸਹੀ ਤਰੀਕੇ ਨਾਲ ਅਵਾਜਾਈ ਦੇ ਨਿਯਮਾਂ ਤੋਂ ਜਾਣੂ ਕਰਾਈਏ ਤੇ ਅਜਾਈਂ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਈਏ। 

                                                                ਬਲਬੀਰ ਸਿੰਘ ਬੱਬੀ                                                                                                                                ਪਿੰਡ ਤੇ ਡਾਕ-ਤੱਖਰਾਂ 
                                                                (ਲੁਧਿਆਣਾ)
                                                               ਮੋਬਾ: 92175-925






                                                                                         






Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template