ਜਿਸ ਇਨਸਾਨ ਦੀ ਸੋਚ ਉੱਚੀ ਅਤੇ ਹੌਸਲੇ ਬੁਲੰਦ ਹੋਣ ਉਹੀ ਰਿਕਾਰਡ ਬਣਾ ਸਕਦਾ ਹੈ । ਰਿਕਾਰਡ ਬਣਾਉਣ ਲਈ ਬਹੁਤ ਜ਼ਿਆਦਾ ਮਿਹਨਤ ਅਤੇ ਲਗਨ ਦੀ ਜ਼ਰੂਰਤ ਹੁੰਦੀ ਹੈ । ਰਸਤੇ ਵਿੱਚ ਅਣਗਿਣਤ ਰੁਕਾਵਟਾਂ ਵੀ ਆਉਂਦੀਆਂ ਹਨ।ਜਿਹੜਾ ਮਨੁੱਖ ਆਪਣੇ ਨਿਸ਼ਾਨੇ ਤੇ ਨਜ਼ਰ ਰੱਖਦਾ ਹੈ, ਉਸ ਦੇ ਨਾ ਰਿਕਾਰਡ ਦਰਜ਼ ਹੋ ਜਾਂਦਾ ਹੈ । ਮੈਨੂੰ ਕਵਿਤਾਵਾਂ ਲਿਖਣ ਦਾ ਸ਼ੋਂਕ ਹੈ । ਮੈ ਨਸ਼ਿਆਂ ਦੇ ਖ਼ਿਲਾਫ ਹਾਂ । ਇੱਕ ਦਿਨ ਮੈ ਸ਼ਰਾਬ ਤੇ ਕਵਿਤਾ ਲਿਖੀ । ਉਸ ਤੋਂ ਬਾਅਦ ਮੇਰੇ ਦਿਮਾਗ਼ ਵਿੱਚ ਖਿਆ ਆਇਆ ਕਿ ਜੇ ਇਸ ਕਵਿਤਾ ਨੂੰ ਸ਼ਰਾਬ ਦੀ ਖਾਲੀ ਬੋਤਲ ਅੰਦਰ ਲਿਖਿਆ ਜਾਵੇ ਤਾਂ ਇਹ ਵੀ ਇੱਕ ਰਿਕਾਰਡ ਬਣ ਜਾਵੇਗਾ । ਮੈਂ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਸ਼ਰਾਬ ਦੀ ਖਾਲੀ ਬੋਤਲ ਅੰਦਰ ਕਵਿਤਾ ਦੀ ਲਾਈਨ ਲਿਖ ਲਈ ਤਾਂ ਮੈਨੂੰ ਬੜੀ ਖੁਸ਼ੀ ਹੋਈ। ਮੈ ਇਹ ਖੁਸ਼ੀ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਸਾਝੀਂ ਕਰਨਾ ਚਾਹੁੰਦਾ ਸੀ ।
ਸ਼ਾਮ ਨੂੰ ਜਦੋਂ ਸਾਰੇ ਪਰਿਵਾਰਿਕ ਮੈਂਬਰ ਇਕੱਠੇ ਰੋਟੀ ਖਾ ਰਹੇ ਸਨ ਤਾਂ ਮੈਂ ਸਭ ਨੂੰ ਦੱਸਿਆ ਕਿ ਮੈਂ ਸ਼ਰਾਬ ਦੀਆਂ ਖਾਲੀ ਬੋਤਲਾਂ ਦੇ ਅੰਦਰ ਕਵਿਤਾਵਾਂ ਲਿਖਿਆ ਕਰਾਂਗਾ ਜਿਸ ਤੇ ਹੈਰਾਨ ਹੋਣ ਦੇ ਨਾਲ-ਨਾਲ ਸਾਰੇ ਬਹੁਤ ਖੁਸ਼ ਵੀ ਹੋਏ। ਕੁਝ ਦਿਨਾਂ ਬਾਅਦ ਮੈਂ ਬੋਤਲ ਦੇ ਅੰਦਰ ਕਵਿਤਾ ਲਿਖ ਲਈ ਅਤੇ ਉਸ ਨੂੰ ਘਰ ਲੈ ਗਿਆ। ਇਹ ਕੰਮ ਮੈਂ ਦੁਕਾਨ ਉੱਤੇ ਵਿਹਲੇ ਸਮੇਂ ਕਰਦਾ ਸੀ । ਉਸ ਨੂੰ ਵੇਖਕੇ ਬੱਚੇ ਬਹੁਤ ਖੁਸ਼ ਹੋਏ।ਸਮਾਂ ਬੀਤਦਾ ਗਿਆ। ਮੈਂ 15 ਬੋਤਲ ਦੇ ਅੰਦਰ ਚਾਰ ਭਾਸਾਵਾਂ ਵਿੱਚ ਕਵਿਤਾਵਾਂ ਲਿਖੀਆਂ। ਸਾਰੀਆਂ ਕਵਿਤਾਵਾਂ ਮੇਰੀਆਂ ਆਪਣੀਆਂ ਸਨ। ਮੈਨੂੰ ਰਿਕਾਰਡ ਬਣਾਉਣ ਵਾਸਤੇ ਮੀਡੀਆ ਦੇ ਪਰੂਫ਼ ਦੀ ਜਰੂਰਤ ਸੀ। ਮੈਂ ਆਪਣੇ ਦੋਸਤ ਦੇ ਨਾਲ ਇੱਕ ਨਾਮੀਂ ਅਖ਼ਬਾਰ ਦੇ ਪੱਤਰਕਾਰ ਕੋਲ ਗਿਆ ।ਉਸ ਨੂੰ ਫੋਟੋ ਅਤੇ ਮੈਟਰ ਦੇ ਦਿੱਤਾ ਪਰ ਉਹ ਲਾਰੇ ਲਾਉਂਦਾ ਰਿਹਾ। ਦਸ ਕੁ ਦਿਨਾਂ ਬਾਅਦ ਉਸ ਨੇ ਮੇਰੇ ਦੋਸਤ ਨੂੰ ਕਿਹਾ ਕਿ ਇਹ ਬੰਦਾ ਆਪਣੀ ਮਸ਼ਹੁਰੀ ਕਰਨਾ ਚਾਹੁੰਦਾ ਹੈ ਤੇ ਫਿਰ ਟਾਲ ਮਟੋਲ ਕਰਨ ਲੱਗਾ। ਮੈਂ ਵੀ ਮਿੱਥ ਲਿਆ ਸੀ ਕਿ ਨਾ ਤਾਂ ਮੈਂ ਕਿਸੇ ਨੂੰ ਕੋਈ ਪੈਸਾ ਦੇਣਾ ਹੈ ਅਤੇ ਖ਼ਬਰ ਵੀ ਇਸੇ ਅਖ਼ਬਾਰ ਵਿੱਚ ਲਗਵਾਉਣੀ ਹੈ, ਚਾਹੇ ਮੈਨੂੰ ਮੁੱਖ ਦਫਤਰ ਕਿਉਂ ਨਾ ਜਾਣਾ ਪਵੇ।
ਕੁੱਝ ਦਿਨਾਂ ਬਾਅਦ ਦੂਜੇ ਪੱਤਰਕਾਰ ਨੇ ਮੇਰੀ ਖ਼ਬਰ ਉਸੇ ਅਖ਼ਬਾਰ ਵਿੱਚ ਅਤੇ ਇੱਕ ਟੀ.ਵੀ. ਚੈਨਲ ਤੇ ਲਗਵਾ ਦਿੱਤੀ।ਹੁਣ ਮੈਨੂੰ ਦੁਨੀਆਂ ਜਾਨਣ ਲੱਗ ਪਈ ਸੀ। ਫਿਰ ਮੈਂ ਅਖਵਾਰ ਦੀ ਕਟਿੰਗ, ਟੀ.ਵੀ. ਨਿਊਜ਼ ਦੀ ਵੀਡੀਓ ਸੀ.ਡੀ. ਅਤੇ ਬੋਤਲਾਂ ਦੀਆਂ ਫੋਟੋਆਂ ਨਾਲ ਲੈਟਰ ਤਿਆਰ ਕਰਕੇ ਸਰਕਾਰੀ ਸਕੂਲ ਦੇ ਪਿੰ੍ਰਸੀਪਲ ਕੋਲ ਚਲਾ ਗਿਆ।ਉਹਨਾਂ ਮੈਨੂੰ ਇਹ ਕਹਿਕੇ ਜੁਆਬ ਦੇ ਦਿਤੱਾ ਕਿ ਇਹ ਸਕੂਲ ਤਾਂ ਪਿੰਡ ਦਾ ਹੈ।ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋ, ਇਸ ਤੇ ਮੈਂ ਦਸਤਖਤ ਨਹੀਂ ਕਰ ਸਕਦਾ ਖੈਰ ਮੈਂ ਉਸੇ ਸਮੇਂ ਸ਼ਹਿਰ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਕੋਲ ਚਲਾ ਗਿਆ।ਉਨਾਂ ਮੈਨੂੰ ਕਿਹਾ ਕਿ ਇਹ ਕੰਮ ਨਾ ਤਾਂ ਤੁਸੀਂ ਮੈਨੂੰ ਪੁੱਛ ਕੇ ਸ਼ੁਰੂ ਕੀਤਾ ਹੈ ਤੇ ਨਾ ਹੀ ਮੇਰੇ ਸਾਹਮਣੇ ਕੀਤਾ ਹੈ।ਉਸ ਨੇ ਅਖ਼ਬਾਰ ਦੇ ਪਰੂਫ਼ ਨੂੰ ਵੀ ਮੰਨਣੋਂ ਇਨਕਾਰ ਕਰ ਦਿਤੱਾ।ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ।ਉਸ ਤੋਂ ਬਾਅਦ ਮੈਂ ਇੱਕ ਤਹਿਸੀਲਦਾਰ ਕੋਲ ਆਪਣੇ ਇੱਕ ਦੋਸਤ ਨਾਲ ਗਿਆ ਜੋਕਿ ਉਸਦਾ ਵਾਕਫ਼ ਸੀ।ਪਰੂਫ਼ ਵਜੋਂ ਮੈਂ ਕਵਿਤਾਵਾਂ ਲਿਖੀਆਂ ਦੋ ਬੋਤਲਾਂ ਵੀ ਆਪਣੇ ਨਾਲ ਲੈ ਲਈਆਂ ਪਰ ਉਸ ਨੇ ਵੀ ਜੁਆਬ ਦੇ ਦਿਤੱਾ।
ਮੈਂ ਸੋਚ ਰਿਹਾਂ ਸਾਂ ਕਿ ਅਜੇ ਪਤਾ ਨਹੀਂ ਹੋਰ ਕਿੰਨੇ ਧੱਕੇ ਖਾਣੇ ਪੈਣਗੇ।ਇੱਕ ਹੋਰ ਸ਼ਹਿਰ ਵਿੱਚ ਮੇਰਾ ਇੱਕ ਜਾਣਕਾਰ ਸੀ। ਮੈਂ ਉਸ ਕੋਲ ਗਿਆ ਅਤੇ ਉਸ ਤੋਂ ਦਸਤਖ਼ਤ ਕਰਵਾਕੇ “ਇੰਡੀਆ ਬੁੱਕ ਆਫ਼ ਰਿਕਾਰਡਜ਼” ਨੂੰ ਅਰਜ਼ੀ ਭੇਜ ਦਿੱਤੀ।ਉਹਨਾਂ ਨੇ ਮੈਥੋਂ ਵੀਡੀਓ ਪਰੂਫ਼ ਮੰਗਵਾਇਆ।ਮੈਂ ਉਹ ਵੀ ਭੇਜ ਦਿੱਤਾ। ਫਿਰ ਉਹਨਾਂ ਮੈਨੂੰ ਉਹਨਾਂ ਦੇ ਸਾਹਮਣੇ ਬੋਤਲ ਅੰਦਰ ਕਵਿਤਾ ਲਿਖਣ ਲਈ ਕਿਹਾ। ਮੈਂ ਇੱਕ ਕਵਿਤਾ ਰੰਗ ਅਤੇ ਬੁਰਸ ਦੇ ਨਾਲ ਬੋਤਲ ਦੇ ਅੰਦਰ ਕਵਿਤਾ ਲਿਖ ਦਿੱਤੀ। ਉਹਨਾਂ ਮੈਨੂੰ ਦੋ ਮਹੀਨੇ ਦਾ ਸਮਾਂ ਦਿੱਤਾ। ਉਹਨਾਂ ਦੋ ਮਹੀਨਿਆਂ ਵਿੱਚ ਮੇਰੇ ਨਾਲ ਮੁਕਾਬਲਾ ਕਰਨ ਵਾਲਾ ਕੋਈ ਨਾ ਪਹੁੰਚਿਆ। ਆਖ਼ਰ ਦਸੰਬਰ 2012 ਵਿੱਚ ਮੇਰਾ ਨਾਮ “ਇੰਡੀਆ ਬੁੱਕ ਆਫ਼ ਰਿਕਾਰਡਜ਼” ਵਿੱਚ ਦਰਜ਼ ਹੋ ਗਿਆ। ਮੈਨੂੰ ਸਰਟੀਫਿਕੇਟ, ਟਰਾਫ਼ੀ, ਬੁੱਕ, ਬੈਜ਼ ਅਤੇ ਕਾਰ ਸਟਿੱਕਰ ਦਿੱਤੇ ਗਏ। ਹੁਣ ਮੈਂ “ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ” ਵਾਸਤੇ ਵੀ ਫਾਈਲ ਵੀ ਤਿਆਰ ਕੀਤੀ ਹੈ।ਦਸਤਖ਼ਤ ਦੀ ਫਿਰ ਲੋੜ ਹੈ; ਵੇਖਦੇ ਹਾਂ ਕਿ ਇਸ ਵਾਰ ਕੀਹਦੇ-ਕੀਹਦੇ ਗੇੜੇ ਕੱਢਣੇ ਪੈਣਗੇ!
ਸੁਖਵਿੰਦਰ ਸਿੰਘ ਲੋਟੇ
H.No-319/2 ਪ੍ਰੀਤ ਵਿਹਾਰ ਕਲੋਨੀ
P.O:-ਧੂਰੀ-148024
Mob-094177-73277

0 comments:
Speak up your mind
Tell us what you're thinking... !