ਸਮਾਂ ਬਦਲਣ ਨਾਲ ਅਸੀਂ ਹੀ ਨਹੀਂ ਬਦਲਦੇ, ਸਾਡੀਆਂ ਰਹੁ-ਰੀਤਾਂ ਵੀ ਬਦਲ ਜਾਂਦੀਆਂ ਹਨ।ਸਾਰਾ ਕੁੱਝ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ।ਜੋ ਕੁੱਝ ਅਸੀਂ ਅੱਜ ਹਾਂ, ਜਰੂਰੀ ਨਹੀਂ ਕਿ ਕੱਲ ਨੂੰ ਵੀ ਉਹੋ ਜਿਹੇ ਹੀ ਹੋਵਾਂਗੇ।ਹਾਲਾਤ ਕਿਸੇ ਵੀ ਇਨਸਾਨ ਨੂੰ ਕੀ ਤੋਂ ਕੀ ਬਣਾ ਦਿੰਦੇ ਹਨ, ਕਿਹਾ ਨਹੀਂ ਜਾ ਸਕਦਾ। ਕਈ ਵਾਰੀ ਅਸੀਂ ਸਮਝਣਾ ਚਾਹੁੰਦੇ ਹੋਏ ਵੀ ਨਹੀਂ ਸਮਝ ਸਕਦੇ।ਆਪਸੀ ਸਾਂਝ ਦੀਆਂ ਕੜੀਆਂ ਤੇ ਖੂਨ ਦੇ ਰਿਸ਼ਤੇ, ਜੋ ਸਾਡੀ ਜਿੰਦ-ਜਾਨ ਹੁੰਦੇ ਹਨ,ਉਹ ਸਮੇਂ ਦੀ ਝੁੱਲਦੀ ਹਨੇਰੀ ਨਾਲ ਕਿਵੇਂ ਤੇ ਕਦੋਂ ਖਿੰਡ-ਪੁੰਡ ਜਾਂਦੇ ਹਨ, ਸਮਝ ਤੋਂ ਬਾਹਰੀ ਗੱਲ ਹੋ ਨਿਬੜਦੀ ਹੈ। ਆਪਣੇ-ਆਪ ਨੂੰ ਆਧੁਨਿਕ ਕਹਾਉਣ ਦੇ ਚੱਕਰ ਵਿੱਚ ਅਸੀਂ ਕਿੱਥੇ ਤੋਂ ਕਿੱਥੇ ਪਹੁੰਚ ਜਾਂਦੇ ਹਾਂ, ਪਤਾ ਹੀ ਨਹੀਂ ਲਗਦਾ।ਸਾਡਾ ਵਿਰਸਾ, ਸਾਡੀਆਂ ਕਦਰਾਂ-ਕੀਮਤਾਂ,ਜੋ ਸਾਡਾ ਕੀਮਤੀ ਸਰਮਾਇਆ ਹੁੰਦਾ ਹੈ, ਅਸੀਂ ਉਸ ਤੋਂ ਮੂੰਹ ਹੀ ਨਹੀਂ ਮੋੜਦੇ ਸਗੋਂ ਨਾਤਾ ਤੋੜਣ ਤੱਕ ਮਜਬੂਰ ਹੋ ਜਾਂਦੇ ਹਾਂ।ਆਖ਼ਰ ਅਜਿਹੀ ਕਿਹੜੀ ਮਜਬੂਰੀ ਹੁੰਦੀ ਹੈ, ਜੋ ਸਾਨੂੰ ਆਪਣਿਆਂ ਤੋਂ ਦੂਰ ਕਰ ਦਿੰਦੀ ਹੈ।
ਜੋ ਕੁੱਝ ਵੀ ਸਾਡੇ ਵੱਡੇ-ਵਡੇਰਿਆਂ ਨੇ ਸਾਨੂੰ ਵਿਰਸੇ ਵਿੱਚ ਦਿੱਤਾ, ਕੀ ਅਸੀਂ ਪੀੜ੍ਹੀ-ਦਰ-ਪੀੜ੍ਹੀ ਉਸਨੂੰ ਸੰਭਾਲਣ ਵਿੱਚ ਕੋਈ ਯੋਗਦਾਨ ਵੀ ਪਾਇਆ ਕਿ ਨਹੀਂ।ਜੇ ਹਾਂ ਤਾਂ ਕਿਸ ਹੱਦ ਤੱਕ।ਜੇ ਨਹੀਂ ਤਾਂ ਕਿਉਂ ਨਹੀਂ।ਸਮੇਂ ਦੇ ਨਾਲ ਕਦਮ ਮਿਲਾ ਕੇ ਤੁਰਨਾ ਕੋਈ ਮਾੜੀ ਗੱਲ ਨਹੀਂ, ਪਰ ਆਪਣੀਆਂ ਕਦਰਾਂ-ਕੀਮਤਾਂ ਨੂੰ ਅੱਖੋਂ ਪਰੋਖੇ ਕਰਨਾ ਵੀ ਤਾਂ ਠੀਕ ਨਹੀਂ।ਆਧੁਨਿਕ ਬਣਨ ਦਾ ਮਤਲਵ ਇਹ ਨਹੀਂ ਕਿ ਅਸੀਂ ਆਪਣਿਆਂ ਤੋਂ ਹੀ ਦੂਰ ਹੋ ਕੇ ਘੇਸਲ ਮਾਰ ਜਾਈਏ।ਭਾਵੇਂ ਅੱਜ ਦੀ ਤੇਜ਼ ਰਫਤਾਰੀ ਜ਼ਿੰਦਗੀ ਦੀ ਚੂਹਾ ਦੌੜ ਵਿੱਚ ਕਿਸੇ ਕੋਲ ਵੀ ਇੰਨਾ ਸਮਾਂ ਨਹੀਂ ਕਿ ਆਪਸੀ ਮੇਲ-ਮਿਲਾਪ ਲਈ ਖੁੱਲ-ਦਿਲੀ ਨਾਲ ਬਣੇ ਰਿਸ਼ਤਿਆਂ ਨੂੰ ਸੰਭਾਲਣ ਬਾਰੇ ਸੋਚਿਆ ਜਾ ਸਕੇ, ਪਰ ਅਸਲ ਸਾਂਝ ਤਾਂ ਦਿਲਾਂ ਦੀ ਹੀ ਹੁੰਦੀ ਹੈ।ਉਹ ਵੀ ਸਮਾਂ ਸੀ ਜਦੋਂ ਸੁੱਖ-ਸੁਨੇਹੇ ਕਬੂਤਰਾਂ ਰਾਹੀ ਭੇਜੇ ਜਾਂਦੇ ਸਨ।ਉਹ ਵੀ ਸਮਾਂ ਆਇਆ ਜਦੋਂ ਕਦੇ ਚਿੱਠੀਆਂ ਪੱਤਰਾਂ ਰਾਹੀਂ ਸੁੱਖ-ਸਾਂਦ ਪੁੱਛ ਲਈ ਜਾਂਦੀ ਸੀ।ਹੁਣ ਤਾਂ ਦੁਨੀਆਂ ਇੰਨੀ ਕੂ ਆਪਣੇ-ਆਪ ਵਿੱਚ ਸਿਮਟ ਚੁੱਕੀ ਹੈ ਕਿ ਸੱਤ-ਸਮੁੰਦਰ ਪਾਰ ਬੈਠਾ ਮਿੱਤਰ ਪਿਆਰਾ ਜਾਂ ਕੋਈ ਆਪਣਾ ਸਕਾ-ਸੰਬੰਧੀ ਇੰਟਰ-ਨੈੱਟ ਦੇ ਜ਼ਰੀਏ ਆਹਮੋ-ਸਾਹਮਣੇ ਬੈਠ ਕੇ ਦਿਲ ਦੀਆਂ ਗੱਲਾਂ ਕਰ ਸਕਦਾ ਹੈ।ਪਰ ਇਹ ਵੀ ਸੱਚ ਹੈ ਕਿ ਹੁਣ ਦਿਲ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਸਗੋਂ ਹਰ ਦੂਜੇ ਵਿਅਕਤੀ ਤੇ ਰੋਅਬ ਪਾਉਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ।
ਅੱਜ ਜ਼ਿੰਦਗੀ ਦਾ ਹਰ ਪਲ ਦਿਖਾਵਾ ਬਣ ਕੇ ਰਹਿ ਗਿਆ ਹੈ।ਇਸੇ ਲਈ ਅਸੀਂ ਆਪਣੇ-ਆਪ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ।ਹੱਕ ਸਾਡੇ ਤੇ ਭਾਰੂ ਹੋ ਰਹੇ ਹਨ ਤੇ ਕਰਤਵਾਂ ਤੋਂ ਅਸੀਂ ਪਾਸਾ ਵੱਟ ਰਹੇ ਹਾਂ।ਮਾਂ-ਬਾਪ ਦੀ ਦਿਲੀ ਖਾਹਿਸ਼ ਹੁੰਦੀ ਹੈ ਕਿ ਉਸਦੀ ਔਲਾਦ ਪੜ੍ਹ-ਲਿਖ ਕੇ ਚੰਗਾ ਇਨਸਾਨ ਬਣੇ।ਇਸੇ ਤਾਂਘ ਵਿਚ ਉਹ ਆਪਣਾ ਸਭ-ਕੁਝ ਆਪਣੀ ਔਲਾਦ ਤੋਂ ਵਾਰਨ ਲਈ ਤਿਆਰ ਹੋ ਜਾਂਦੇ ਹਨ, ਪਰ ਔਲਾਦ ਇਸ ਸਭ ਕਾਸੇ ਤੇ ਆਪਣਾ ਹੱਕ ਸਮਝਦੀ ਹੋਈ ਉਹ ਸਭ-ਕੁਝ ਪਲਾਂ ਵਿਚ ਹੀ ਪਾ ਲੈਣਾ ਚਾਹੁੰਦੀ ਹੈ, ਜੋ ਕੁੱਝ ਮਾਪਿਆਂ ਨੇ ਜ਼ਿੰਦਗੀ ਭਰ ਦੀ ਮਿਹਨਤ ਨਾਲ ਹਾਸਲ ਕੀਤਾ ਹੁੰਦਾ ਹੈ।ਕੁਝ ਵੀ ਹੋਵੇ, ਅਮੀਰ ਵਿਰਸੇ ਨੂੰ ਸੰਭਾਲਣ ਦੀ ਜਿੰਮੇਵਾਰੀ ਤਾਂ ਆਖਰ ਬਜੁਰਗਾਂ ਦੀ ਅਤੇ ਮਾਂ-ਬਾਪ ਦੀ ਹੀ ਬਣਦੀ ਹੈ।ਜੇ ਕਿਸੇ ਵੀ ਗੱਲ ਨੂੰ ਵਿਚਾਰਾਤਮਕ ਢੰਗ ਨਾਲ ਵਿਚਾਰਿਆ ਜਾਵੇ ਤਾਂ ਕਿਸੇ ਵੀ ਸਮਸਿਆ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ।ਫ਼ਰਕ ਸਿਰਫ ਇਹੀ ਹੁੰਦਾ ਹੈ ਕਿ ਅਸੀਂ ਕਿੰਨੀ ਕੂ ਜਿੰਮੇਵਾਰੀ ਨਾਲ ਕਿਸੇ ਵੀ ਚੀਜ਼ ਤੇ ਗੌਰ ਕਰਦੇ ਹਾਂ।
ਜੋ ਵੀ ਜੀਵ ਇਸ ਧਰਤੀ ਉੱਤੇ ਜਨਮ ਲੈਂਦਾ ਹੈ,ਉਹ ਆਪਣੇ ਮਾਂ-ਬਾਪ ਦੀ ਮਰਜੀ ਨਾਲ ਦੁਨੀਆਂ ਤੇ ਨਹੀਂ ਆਉਂਦਾ,ਮਾਂ-ਬਾਪ ਤਾਂ ਸਿਰਫ਼ ਉਸਨੂੰ ਇਸ ਧਰਤੀ ਤੇ ਲਿਆਉਣ ਦਾ ਜ਼ਰਿਆ ਮਾਤਰ ਹੁੰਦੇ ਹਨ ਤੇ ਜ਼ਰੀਆ ਬਣਨਾ ਹੀ ਕਾਫ਼ੀ ਨਹੀਂ ਹੁੰਦਾ,ਇਸ ਦੇ ਨਾਲ ਕਈ ਤਰ੍ਹਾਂ ਦੀਆਂ ਜਿੰਮੇਵਾਰੀਆਂ ਵੀ ਜੁੜੀਆਂ ਹੁੰਦੀਆਂ ਹਨ।ਉਨ੍ਹਾਂ ਜਿੰਮੇਵਾਰੀਆਂ ਨੂੰ ਨਿਭਾਉਣਾ ਸਾਡਾ ਮੁੱਢਲਾ ਫ਼ਰਜ਼ ਹੁੰਦਾ ਹੈ।ਜਨਮ ਤੋਂ ਲੈ ਕੇ ਆਪਣੇ ਪੈਰਾਂ ਤੇ ਇਕ ਬੱਚੇ ਨੂੰ ਖੜਾ ਕਰਨਾ ਹੀ ਕਾਫ਼ੀ ਨਹੀਂ ਹੁੰਦਾ ਸਗੋਂ ਜ਼ਿੰਦਗੀ ਦੇ ਹਰ ਮੌੜ ਤੇ ਬੱਚੇ ਦੀ ਯੋਗ ਅਗਵਾਈ ਕਰਦੇ ਹੋਏ ਉਸਨੂੰ ਜ਼ਿੰਦਗੀ ਦੀ ਹਰ ਊਚ-ਨੀਚ ਤੋਂ ਜਾਣੂੰ ਕਰਵਾਉਣਾ ਵੀ ਮਾਂ-ਬਾਪ ਦਾ ਹੀ ਫ਼ਰਜ਼ ਹੁੰਦਾ ਹੈ।ਹੁਣ ਉਹ ਦਿਨ ਨਹੀਂ ਰਹੇ ਜਦੋਂ ਇਕ ਬੱਚਾ ਆਪਣੇ ਮਾਪਿਆਂ ਦੇ ਕਹੇ ਮੁਤਾਬਿਕ ਹੀ ਕੋਈ ਵੀ ਕਦਮ ਚੁੱਕਦਾ ਸੀ।ਮਾਪਿਆਂ ਤੋਂ ਸਿਰਫ਼ ਡਰਦਾ ਹੀ ਨਹੀਂ ਸੀ, ਬਲਕਿ ਉਨ੍ਹਾਂ ਦੀ ਰਜ਼ਾ ਵਿੱਚ ਹੀ ਖੁਸ਼ ਰਹਿਣਾ ਆਪਣਾ ਪਰਮ ਧਰਮ ਮੰਨਦਾ ਸੀ, ਪਰ ਅੱਜ ਸਮਾਂ ਬਦਲ ਚੁੱਕਾ ਹੈ।ਅੱਜ ਬੱਚੇ ਨਹੀਂ ਮਾਪੇ ਬੱਚਿਆਂ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਸਮਝਦੇ ਹਨ।
ਅੱਜ ਦੀ ਨਵੀਂ ਪਨੀਰੀ ਹਰ ਚੀਜ ਉੱਤੇ ਆਪਣਾ ਹੱਕ ਸਮਝਦੀ ਹੋਈ ਮਾਪਿਆਂ ਦੇ ਗਲ ਵਿੱਚ ਅਗੂੰਠਾ ਦੇ ਕੇ ਆਪਣੀਆਂ ਮੰਗਾਂ ਪੂਰੀਆਂ ਕਰਾਉਣਾ ਲੋਚਦੀ ਹੈ।ਮਾਪੇ ਬੱਚਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ।ਬੱਚੇ ਨੂੰ ਕੁਝ ਕਹੋ ਸਹੀ,ਘੜਿਆ-ਘੜਾਇਆ ਜਵਾਬ ਮਾਂ-ਬਾਪ ਨੂੰ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜਬੂਰ ਕਰ ਦਿੰਦਾ ਹੈ।ਜੇ ਮਾਪੇ ਆਪਣੇ ਹੀ ਜਾਇਆਂ ਦੀ ਕੋਈ ਗੱਲ ਮੰਨਣ ਤੋਂ ਇਨਕਾਰੀ ਹੁੰਦੇ ਹਨ ਤਾਂ ਬੱਚਿਆਂ ਦਾ ਇੱਕੋ ਜਵਾਬ ਹੁੰਦਾ ਹੈ ਕਿ ਜੇ ਸਾਡੀਆਂ ਜਰੂਰਤਾਂ ਪੂਰੀਆਂ ਨਹੀਂ ਕਰ ਸਕਦੇ ਸੀ ਤਾਂ ਸਾਨੂੰ ਜੰਮਿਆ ਹੀ ਕਿਉੋਂ? ਕੀ ਜਵਾਬ ਦੇਣ ਮਾਪੇ।ਸਮੇਂ ਦੀ ਬਦਲਦੀ ਹੋਈ ਚਾਲ ਨਾਲ ਬੱਚੇ ਸਾਡੇ ਨਾਲੋਂ ਬਹੁਤ ਹੀ ਅੱਗੇ ਨਿਕਲ ਚੁੱਕੇ ਹਨ।ਅਸੀਂ ਵੀ ਸਮੇਂ ਦੇ ਨਾਲ ਨਾਲ ਆਪਣੇ-ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਫਿਰ ਵੀ ਆਪਣੇ ਬੱਚਿਆਂ ਕੋਲੋਂ ਇਕ ਹੀ ਗੱਲ ਸੁਣ ਲਈ ਮਜਬੂਰ ਹੁੰਦੇ ਹਾਂ ਕਿ ਮਾਤਾ ਚੁੱਪ ਰਹਿ, ਤੈਨੂੰ ਸਾਡੀ ਗੱਲ ਸਮਝ ਵਿਚ ਨਹੀਂ ਪੈਣੀ ਤੇ ਮਾਂ ਆਪਣੇ ਜਿਹਾ ਮੂੰਹ ਲੈ ਕੇ ਬੈਠ ਜਾਂਦੀ ਹੈ ਤੇ ਸੋਚਦੀ ਹੈ ਕਿ ਮੈਂ ਕਿੱਥੇ ਗਲਤ ਹਾਂ।
ਜੇ ਗਹੁ ਨਾਲ ਵਿਚਾਰਿਆ ਜਾਵੇ ਤਾਂ ਅਸੀਂ ਵੀ ਬਰਾਬਰ ਦੇ ਕਸੂਰਵਾਰ ਹਾਂ।ਘਰਾਂ ਵਿਚ ਇਕ ਜਾਂ ਦੋ ਬੱਚਿਆਂ ਦੀ ਹੋਂਦ ਨੇ ਸਾਨੂੰ ਅੰਦਰੋ ਕਮਜੋਰ ਕਰ ਦਿੱਤਾ ਹੈ।ਜਦੋਂ ਅਸੀਂ ਸਾਂਝੇ ਟੱਬਰਾਂ ਵਿੱਚ ਰਹਿੰਦੇ ਸੀ ਤਾਂ ਬੱਚੇ ਸਭ ਦੇ ਸਾਂਝੇ ਹੀ ਹੁੰਦੇ ਸਨ।ਨਿਆਣਿਆਂ ਨੂੰ ਤਾਂ ਆਪਣੇ ਮਾਂ-ਬਾਪ ਬਾਰੇ ਪਤਾ ਹੀ ਨਹੀਂ ਸੀ ਹੁੰਦਾ।ਦਾਦਾ-ਦਾਦੀ,ਚਾਚੇ-ਤਾਏ ਸਾਰੇ ਹੀ ਇਕੋ ਘਰ ਵਿਚ ਰਹਿੰਦੇ ਹੋਣ ਕਰਕੇ ਦਿਲਾਂ ਦੀ ਸਾਂਝ ਵੀ ਬੜੀ ਪਕੇਰੀ ਸੀ।ਕੋਈ ਕਿਸੇ ਬੱਚੇ ਨੂੰ ਝਿੜਕ ਵੀ ਦੇਵੇ, ਕੋਈ ਫਰਕ ਹੀ ਨਹੀਂ ਸੀ ਪੈਂਦਾ, ਪਰ ਅੱਜ ਜੇ ਅਸੀਂ ਵੱਡੇਰੇ ਹੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਾਂ ਤਾਂ ਆਪਣੇ ਜਾਇਆਂ ਨੂੰ ਕਸੂਰਵਾਰ ਕਿਵੇਂ ਠਹਿਰਾ ਸਕਦੇ ਹਾਂ।
ਅੱਜ ਅਸੀਂ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਮਾਂ-ਬੋਲੀ ਪੰਜਾਬੀ ਵਿੱਚ ਗੱਲ ਕਰਨੀ ਵੀ ਆਪਣੀ ਹੇਠੀ ਸਮਝਦੇ ਹਾਂ ਤਾਂ ਆਪਣੀ ਔਲਾਦ ਕੋਲੋਂ ਚੰਗੀਆਂ ਕਦਰਾਂ ਕੀਮਤਾਂ ਦੀ ਆਸ ਕਿਵੇਂ ਕਰ ਸਕਦੇ ਹਾਂ।ਬੱਚਾ ਤਾਂ ਨਕਲਚੀ ਹੁੰਦਾ ਹੈ, ਉਸਨੂੰ ਚੰਗੀ-ਮਾੜੀ ਗੱਲ ਦੀ ਸੌਝੀ ਨਹੀਂ ਹੁੰਦੀ, ਉਹ ਜੋ ਕੁਝ ਵੀ ਦੇਖਦਾ ਜਾਂ ਸੁਣਦਾ ਹੈ, ਸਹਿਜ-ਸੁਭਾਅ ਹੀ ਸਾਰਾ ਕੁੱਝ ਉਸਦੇ ਮਨ ਤੇ ਉਕਰ ਜਾਂਦਾ ਹੈ।ਜੇ ਬੱਚਾ ਕੋਈ ਗਲਤ ਕੰਮ ਕਰਦਾ ਹੈ ਤਾ ਵੱਡਾ ਹੋ ਕੇ ਗਲਤ ਸੰਗਤ ਵਿਚ ਪੈ ਜਾਂਦਾ ਹੈ ਤਾਂ ਵੀ ਵਧ ਕਸੂਰ ਵਾਰ ਅਸੀਂ ਵੱਡੇ ਹੀ ਹੁੰਦੇ ਹਾਂ।ਜੇ ਬੱਚੇ ਦੀ ਕੀਤੀ ਗਲਤੀ ਨੂੰ ਸਮੇਂ ਸਿਰ ਸੁਧਾਰਣ ਦੀ ਥਾਂ ਅਣਗੌਲਿਆਂ ਕੀਤਾ ਜਾਵੇਗਾ ਤਾਂ ਕੋਈ ਇਸ ਦਾ ਖਾਮਿਆਜ਼ਾ ਬੱਚੇ ਦੇ ਨਾਲ-ਨਾਲ ਮਾਪਿਆਂ ਨੂੰ ਵੀ ਭੁਗਤਣਾ ਪੈਂਦਾ ਹੈ।ਅਸੀਂ ਹੀ ਉਸਨੂੰ ਚੰਗੇ-ਮਾੜੇ ਦੀ ਸੌਝੀ ਕਰਵਾਉਣੀ ਹੈ।ਉਸਨੂੰ ਆਪਣੇ ਰਾਹਾਂ ਦੇ ਆਪ ਪਾਂਧੀ ਬਣਨਾ ਸਿਖਾਉਣਾ ਹੈ।ਜ਼ਿੰਦਗੀ ਦੀ ਊਚ-ਨੀਚ ਤੋਂ ਜਾਣੂ ਕਰਾਉਣਾ ਹੈ, ਆਪਣੇ ਪੈਰਾਂ ਤੇ ਖੜ੍ਹਣ ਦੀ ਜਾਚ ਦੱਸਣੀ ਹੈ।ਦਕਿਆ-ਨੂਸੀ ਤੇ ਮਾੜੀ ਸੋਚ ਤੋਂ ਬਾਹਰ ਨਿੱਕਲ ਕੇ ਸਮੇਂ ਦੇ ਹਾਣੀ ਬਣਨ ਕੇ ਅੱਗੇ ਵਧਣਾ ਹੀ ਨਹੀਂ ਸਿਖਾਉਣਾ ਸਗੋਂ ਨੌ-ਜਵਾਨਾਂ ਵਿੱਚ ਭਾਈਚਾਰਕ ਸਾਂਝ ਵੀ ਪੈਦਾ ਕਰਨੀ ਹੈ।
ਮਾਪੇ ਤਾਂ ਆਪਣੇ ਵਲੋਂ ਕਸੌਟੀ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਹਨ।ਬੱਚੇ ਦੀ ਜਾਇਜ਼-ਨਜਾਇਜ਼ ਮੰਗ ਨਾ ਚਾਹੁੰਦੇ ਹੋਏ ਪੁਰਾ ਵੀ ਕਰਦੇ ਹਨ, ਪਰ ਕੀ ਕਦੇ ਬੱਚਿਆਂ ਨੇ ਇਹ ਗੱਲ ਮਹਿਸੂਸ ਕੀਤੀ ਹੈ ਕਿ ਮਾਪੇ ਬਦਲੇ ਵਿਚ ਕੀ ਚਾਹੁੰਦੇ ਹਨ ।ਕੁਝ ਵੀ ਤਾਂ ਨਹੀਂ ਸਿਵਾਏ ਇਸ ਗੱਲ ਦੇ ਕਿ ਬੁਢਾਪੇ ਵਿਚ ਉਹ ਉਨ੍ਹਾਂ ਦਾ ਸਹਾਰਾ ਬਣਨ।ਬਚਪਨ ਵਿਚ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਂਗਲ ਫੜ ਕੇ ਤੁਰਨ ਸਿਖਾਇਆ ਸੀ ਤਾਂ ਬੁੱਢੇ-ਵਾਰੇ ਉਹ ਮਾਪਿਆਂ ਦੀ ਡੰਗੋਰੀ ਬਣਨ।ਪਰ ਕਿੱਥੇ? ਡੰਗੋਰੀ ਬਣਨਾ ਤਾਂ ਬਹੁਤ ਵੱਡੀ ਗੱਲ ਹੈ, ਅੱਜ ਦੇ ਬੱਚੇ ਤਾਂ ਬੁੱਢੇ ਮਾਪਿਆਂ ਨਾਲ ਸਿੱਧੇ ਮੂੰਹ ਗੱਲ ਕਰਨ ਵਿਚ ਵੀ ਹੇਠੀ ਸਮਝਦੇ ਹਨ।ਸਿਆਣੇ ਆਖਦੇ ਹਨ ਕਿ ਸਮਾਂ ਬਹੁਤ ਕੁਝ ਸਿਖਾ ਦਿੰਦਾ ਹੈ,ਪਰ ਜੇ ਸਮਾਂ ਹੀ ਹੱਥੋਂ ਨਿਕਲ ਜਾਵੇ ਤਾਂ ਕਿਸ ਦੀ ਮਾਂ ਨੂੰ ਮਾਸੀ ਕਹਾਂਗੇ। ਬਜ਼ੁਰਗ ਉਹ ਵੱਡ-ਮੁੱਲਾ ਖ਼ਜਾਨਾ ਹਨ, ਜੋ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਭਾਲਿਆਂ ਵੀ ਨਹੀਂ ਲੱਭਣਾ।ਜੋ ਸਬਰ-ਸੰਤੋਖ ਬਜ਼ੁਰਗਾਂ ਕੋਲ ਹੁੰਦਾ ਹੈ, ਉਹ ਅੱਜ ਦੇ ਨੌ-ਜਵਾਨਾਂ ਕੋਲ ਕਿੱਥੇ ਹੈ।
ਆਖਦੇ ਹਨ ਕਿ ਇਕ ਵਾਰ ਇਕ ਬੁੱਢਾ ਬਾਪ ਵਾਰ-ਵਾਰ ਆਪਣੇ ਪੁੱਤਰ ਕੋਲੋਂ ਇਕ ਹੀ ਗੱਲ ਪੁੱਛ ਰਿਹਾ ਸੀ।ਦੋ-ਤਿੰਨ ਵਾਰ ਤਾਂ ਪੁੱਤਰ ਨੇ ਹਲੀਮੀ ਨਾਲ ਜਵਾਬ ਦਟ ਦਿੱਤਾ ਪਰ ਬਾਪ ਜਦੋਂ ਫਿਰ ਉਸੇ ਵਿਸ਼ੇ ਬਾਰੇ ਪੁੱਛਣ ਲੱਗਾ ਤਾਂ ਉਸਦਾ ਪੁੱਤਰ ਗੁੱਸੇ ਵਿਚ ਆ ਕੇ ਬੋਲਿਆ ਕਿ ਬਾਪੂ ਕਿਉਂ ਸਿਰ ਖਾਈ ਜਾਂਦਾ ਏ, ਇਕ ਵਾਰੀ ਦੱਸੀ ਗੱਲ ਤੇਰੇ ਭੇਜੇ ਵਿਚ ਨਹੀਂ ਪੈਂਦੀ।ਬੁੱਢਾ ਬਾਪ ਪਹਿਲਾਂ ਤਾਂ ਪੁੱਤਰ ਵਲ ਦੇਖ ਕੇ ਹੱਸਿਆ ਤੇ ਫਿਰ ਕਹਿਣ ਲੱਗਾ, ‘ਵਾਹ ਪੁੱਤਰਾ,ਜਦ ਤੂੰ ਨਿੱਕਾ ਸੀ ਤਾਂ ਵਾਰ-ਵਾਰ ਇਕੋ ਗੱਲ ਮੈਨੂੰ ਪੁੱਛਦਾ ਰਹਿੰਦਾ ਸੀ।ਮੈਂ ਤਾਂ ਕਦੇ ਗੁੱਸੇ ਵਿਚ ਨਹੀਂ ਸੀ ਆਇਆ, ਤੇ ਤੈਨੂੰ ਦੋ-ਤਿੰਨ ਵਾਰ ਜਵਾਬ ਕੀ ਦੇਣਾ ਪੈ ਗਿਆ ਕੱਪੜਿਆਂ ਤੋਂ ਬਾਹਰ ਹੋਇਆ ਫਿਰਦਾ।ਪੁੱਤਰਾ ਮੈਂ ਤਾਂ ਨਦੀ ਕਿਨਾਰੇ ਰੁੱਖੜਾ ਹਾਂ।ਕੀ ਪਤਾ ਕਦੋਂ ਡਿਗ ਪਵਾਂ।ਵੱਡਿਆਂ ਦੀ ਕਦਰ ਕਰਨਾ ਸਿੱਖ।ਜੋ ਬੀਜੇਂਗਾ, ਉਹੀ ਵੱਢੇਂਗਾ”।
ਇਸ ਤਰ੍ਹਾਂ ਇਸ਼ਾਰਿਆਂ ਨਾਲ ਹੀ ਬਜ਼ੁਰਗ ਆਪਣੇ ਨਿਆਣਿਆਂ ਨੂੰ ਬਹੁਤ ਕੁਝ ਸਿਖਾ ਦਿੰਦੇ ਹਨ।ਜਰੂਰਤ ਹੈ ਤਾਂ ਬੱਸ ਉਨ੍ਹਾਂ ਨੂੰ ਸਮਝਣ ਦੀ।ਮਾਪੇ ਹੀ ਆਪਣੀ ਜ਼ਿੰਦਗੀ ਦੇ ਤਲਖ਼ ਤਜ਼ਰਬੇ ਆਪਣੇ ਢਿੱਡੋਂ ਜਾਇਆਂ ਨਾਲ ਸਾਂਝੇ ਕਰਕੇ ਜ਼ਿੰਦਗੀ ਦੀ ਅਸਲੀਅਤ ਨਾਲ ਰੂ-ਬਰੂ ਹੋਣ ਦੇ ਕਾਬਲ ਬਣਾਉਂਦੇ ਹਨ ਤਾਂ ਕਿ ਉਨ੍ਹਾਂ ਦੇ ਦੁਨੀਆਂ ਤੋਂ ਤੁਰ ਜਾਣ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਪ੍ਰਤੀ ਉਸਾਰੂ ਸੋਚ ਦਾ ਪੱਲਾ ਫੜ ਕੇ ਨਵੀਆਂ ਪੁਲਾਂਘਾਂ ਪੁੱਟ ਸਕਣ।ਸਾਨੂੰ ਇਸ ਗੱਲ ਉੱਤੇ ਡੁੰਘਾਈ ਨਾਲ ਸੋਚ-ਵਿਚਾਰ ਕਰਨੀ ਪਵੇਗੀ ਕਿ ਵਿਰਸੇ ਨੂੰ ਕਿੰਝ ਸੰਭਾਲਿਆ ਜਾਵੇ।ਇਸ ਸਭ ਕਾਸੇ ਲਈ ਬਜ਼ੁਰਗ ਹੀ ਸਾਡੇ ਚਾਨਣ-ਮੁਨਾਰੇ ਹਨ।ਉਨ੍ਹਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ।ਉਨ੍ਹਾਂ ਦੀ ਕਦਰ ਕੀਤੀ ਜਾਵੇ।ਉਨ੍ਹਾਂ ਦੀ ਜਿੰਦਗੀ ਦੇ ਤਜ਼ੁਰਬਿਆਂ ਕੋਲੋਂ ਕੁਝ ਸਿੱਖਿਆ ਜਾਵੇ।ਅਸੀਂ ਹੀ ਭੱਵਿਖ ਦੇ ਵਾਰਸ ਹਾਂ।ਵਧੀਆ ਭੱਵਿਖ ਲਈ ਵਧੀਆ ਕਦਰਾਂ-ਕੀਮਤਾਂ ਦਾ ਬਰਕਰਾਰ ਰਹਿਣਾ ਲਾਜ਼ਮੀ ਹੋ ਜਾਦਾ ਹੈ, ਇਹ ਸੱਭ-ਕੁਝ ਬਜ਼ੁਰਗਾਂ ਕੋਲੋਂ ਸਹਿਜੇ ਹੀ ਸਿੱਖਿਆ ਜਾ ਸਕਦਾ ਹੈ।ਆਓ! ਬਜ਼ੁਰਗਾਂ ਨੂੰ ਆਪਣੇ ਘਰ ਵਿਚ ਰੱਖ ਕੇ ਹੀ ਬਣਦਾ ਮਾਣ-ਸਤਿਕਾਰ ਦੇਈਏ।ਇਤਿਹਾਸ ਹਮੇਸਾਂ ਆਪਣੇ-ਆਪ ਨੂੰ ਦੁਹਰਾਉਂਦਾਹੈ।ਆਪਣੇ-ਆਪ ਨੂੰ ਬਜ਼ੁਰਗਾਂ ਦੀ ਥਾਂ ਰੱਖ ਕੇ ਤਾਂ ਦੇਖੀਏ।ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਜੇ ਅੱਜ ਸਾਡੇ ਮਾਪੇ ਬਜ਼ੁਰਗ ਆਸ਼ਰਮਾਂ ਵਿਚ ਰੁਲਦੇ ਹਨ, ਤਾਂ ਕੱਲ ਨੂੰ ਉਨ੍ਹਾਂ ਦੀ ਥਾਂ ਅਸੀਂ ਵੀ ਹੋ ਸਕਦੇ ਹਾਂ।
ਪ੍ਰਿੰ.ਨਿਰਮਲ ਸਤਪਾਲ
ਮੋ. 9501044955


0 comments:
Speak up your mind
Tell us what you're thinking... !