ਅੰਧਵਿਸ਼ਵਾਸ ਸਦੀਆਂ ਤੌਂ ਮਾਨਵ ਮਾਨਸਿਕਤਾ ਨੂੰ ਖੂੰਢਾ ਕਰਕੇ ਸਮਾਜ ਦੇ ਵਿਕਾਸ ‘ਚ ਰੁਕਾਵਟ ਪਾਉਂਦਾ ਆਇਆ ਹੈ।ਜਦੋਂ ਵਿਅਕਤੀ ਦੇ ਤੀਜੇ ਨੇਤਰ ਨੂੰ ਅੰਧਰਾਤਾ ਹੋ ਜਾਂਦਾ ਹੈ ਤਾਂ ਉਹ ਕਿਸਮਤ ਦੇ ਗੇੜ੍ਹ ਵਿਚ ਉਲਝ ਕੇ ਸਵਰਗ ਵਿਚ ਆਪਣੀ ਟਿਕਟ ਪੱਕੀ ਕਰਾਉਣ ਦੇ ਚੱਕਰ ਵਿਚ ਆਪਣਾ ਅਮੁੱਲ ਜੀਵਨ ਵਿਅਰਥ ਹੀ ਗੁਆ ਦਿੰਦਾ ਹੈ।ਹੱਥ ਤੇ ਹੱਥ ਰੱਖ ਕੇ ਸਿਰਫ਼ ਕਿਸਮਤ ਦੇ ਭਰੋਸੇ ਤੇ ਕੁਝ ਚਮਤਕਾਰੀ ਵਾਪਰਨ ਦੀ ਉਡੀਕ ਕਰਨ ਵਾਲ਼ੇ ਨੂੰ ਮੂਰਖ ਹੀ ਕਿਹਾ ਜਾ ਸਕਦਾ ਹੈ।ਇਸ ਦੇ ਉਲਟ ਤਰਕ ਦੀ ਵਰਤੋਂ ਕਰਕੇ ਆਪਣੀਆਂ ਅਸਫ਼ਲਤਾਵਾਂ ਦੇ ਕਾਰਨ ਦੂਰ ਕਰਕੇ ਵਿਚਰਨ ਵਾਲਾ ਵਿਅਕਤੀ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ ਵਿਚ ਕਾਮਯਾਬ ਹੋ ਜਾਂਦਾ ਹੈ।‘ਕਿਸਮਤਵਾਦ’ ਆਦਮੀ ਨੂੰ ‘ਅਕਲਬੰਦ’ ਤੇ ਤਰਕਵਾਦ ਆਦਮੀ ਨੂੰ ‘ਅਕਲਮੰਦ’ ਬਣਾਉਂਦਾ ਹੈ।
ਪੰਜਾਬ ਉਹ ਧਰਤੀ ਹੈ ਜਿਥੇ ਗੁਰੁ ਸਹਿਬਾਨ ਨੇ ਆਪਣੇ ਸਮੇਂ’ਚ ਅਜਿਹੇ ਜਾਦੂ ਟੂਣੇ ਕਰਨ ਵਾਲ਼ੇ,ਅੰਧ-ਵਿਸ਼ਵਾਸ ਕਰਨ ਵਾਲੇ ਕਬਰਾਂ ਤੇ ਮੱਥਾ ਟਿਕਾਉਣ ਵਾਲੇ ਢੋਗੀਆਂ ਦਾ ਸਖ਼ਤ ਵਿਰੋਧ ਕੀਤਾ ਸੀ,ਕਿਉਂਿਕ ਉਸ ਸਮੇਂ ਵੀ ਅੰਧ-ਵਿਸ਼ਵਾਸ਼ਾ ਦਾ ਬੋਲਬਾਲਾ ਸੀ।ਤਰ੍ਹਾਂ-ਤਰ੍ਹਾਂ ਦੇ ਢੋਂਗੀ ਪੀਰ-ਫ਼ਕੀਰ ਅਤੇ ਤਾਂਤਰਿਕ ਲੋਕਾਂ ਨੂੰ ਬੁੱਧੂ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਸਨ।ਇਸ ਕਰਕੇ ਗੁਰੁ ਸਹਿਬਾਨ ਨੇ ਆਪਣੇ ਪੈਰੋਕਾਰਾਂ ਵਿਚ ਗਿਆਨ ਤੇ ਸਵੈ ਵਿਸ਼ਵਾਸ਼ ਪੈਦਾ ਕਰਕੇ ਉਨ੍ਹਾਂ ਨੂੰ ਭੱਬਲ ਭੂਸਿਆਂ ਵਿਚ ਪੈਣ ਤੋਂ ਵਰਜਿਆ।ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਵੀ ਲੋਕਾਂ ਦੀ ਵੱਡੀ ਗਿਣਤੀ ਅੰਧ-ਵਿਸ਼ਾਵਾਸ਼ਾਂ ਵਿਚ ਧੁੱਸੀ ਹੋਈ ਹੈ।ਭਾਰਤ ਦੀ ਪ੍ਰੈਸ ਕੌਸ਼ਲ ਦੇ ਚੇਅਰਮੈਨ ਮਾਰਕੰਡੇ ਕਾਟਜੂ ਜੋ ਕਿ ਸੁਪਰੀਮ ਕੋਰਟ ਦੇ ਜੱਜ ਵੀ ਰਹੇ ਹਨ,ਦੇ ਅਨੁਸਾਰ 90 ਫ਼ੀਸਦੀ ਲੋਕ ਬੇਵਕੂਫ਼ ਹਨ,ਜਿਹੜੇ ਜਾਤੀਵਾਦ,ਮਜ਼ਹਬੀ ਵਿਤਕਰਿਆਂ ਜੋਤਿਸ਼ ਵਰਗੈ ਗੈਰ-ਵਿਗਆਨਿਕ ਵਿਸ਼ਵਾਸ਼ਾ ਦਾ ਸ਼ਿਕਾਰ ਹੋਣ ਕਰਕੇ ਵਿਗਿਆਨਿਕ ਸੋਚ ਤੋਂ ਸੱਖਣੇ ਹਨ।ਕਿਸੇ ਵੀ ਘਟਨਾ ਜਾਂ ਵਿਚਾਰ ਨੂੰ ਬਿਨ੍ਹਾਂ ਘੋਖ-ਪੜਤਾਲ ਤੋਂ ਅਪਣਾ ਲੈਣਾ ਆਗਿਆਨਤਾ ਦੀ ਹੀ ਨਿਸ਼ਾਨੀ ਹੈ।ਜਿਥੇ ਗਿਆਨ,ਵਿਗਿਆਨ ਦੇ ਪ੍ਰਫੁੱਲਤ ਹੋਣ ਦੇ ਕਾਰਨ ਮਨੁੱਖ ਚੰਦਰਮਾ ਨੂੰ ਲਿਤਾੜ ਦਾ ਹੋਇਆ ਮੰਗਲ ਗ੍ਰਹਿ ਤੇ ਪੈੜਾਂ ਪਾਉਣ ਦੇ ਯਤਨ ਕਰ ਰਿਹਾ ਹੈ।ਉਥੇ ਅੱਜ ਵੀ ਪੜਿਆ ਲਿਖਿਆ ਵਰਗ ਅਖੋਤੀ ਰੱਬਾਂ ਦੀ ਚੌਂਕੀ ਭਰ ਰਿਹਾ ਹੈ।ਇਥੋਂ ਤੱਕ ਕਿ ਅੱਜ ਦੇ ਬਹੁਤੇ ਅਖਬਾਰ,ਰਸਾਲੇ,ਰੇਡੀਓ,ਟੀ.ਵੀ.ਅਤੇ ਪ੍ਰਚਾਰ ਦੇ ਸਾਧਨ ਵੀ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਇਨ੍ਹਾਂ ਠੱਗਾਂ ਦੀ ਦੁਕਾਨਦਾਰੀ ਨੂੰ ਉਤਸਾਹਿਤ ਕਰਦੇ ਹਨ। ਪਖੰਡਵਾਦ ਨੂੰ ਹੱਲਾ ਸ਼ੇਰੀ ਮਿਲ ਰਹੀ ਹੈ ਜਿਸ ਦੀ ਬਦੋਲਤ ਆਪਣੇ ਘਰ ਨੂੰ ਮਿੰਨੀ ਡੇਰੇ ਬਣਾ ਕੇ ਚੌਂਕੀਆ ਦੇਣ ਵਾਲਿਆਂ ਦਾ ਗ੍ਰਾਫ ਪੰਜਾਬ ਅੰਦਰ ਏਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਪਿੰਡਾਂ ਵਿੱਚ ਕਰਿਆਨੇ ਦੀਆਂ ਦੁਕਾਨਾਂ ਨਾਲੋ ਚੌਕੀਆਂ ਦੇਣ ਵਾਲੇ ਬਾਬਿਆ ਦੀਆਂ ਗੱਦੀਆਂ ਜ਼ਿਆਦਾ ਹੋ ਗਈਆਂ ਹਨ।356 ਦੇ ਮੈਜ਼ਿਕ ਰੈਮੇਡੀ ਐਕਟ ਅਨੁਸਾਰ ਕੋਈ ਵੀ ਵਿਅਕਤੀ ਗ਼ੈਬੀ ਸ਼ਕਤੀਆਂ ਨਾਲ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਨਹੀ ਕਰ ਸਕਦਾ।ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਕਰਦਾ ਹੈ ਤਾਂ ਉਹ ਗੈਰ ਕਾਨੂੰਨੀ ਹੈ।ਪਰ ਪਖੰਡ ਬੇਖੌਫ਼ ਤੇ ਪ੍ਰਚੰਡ ਹੈ ਨਿਤ ਦਿਲ ਕੰਬਾਊ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਜਿਵੇਂ 24 ਅਗਸਤ 2012 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲ੍ਹਾਂ ਵਿਖੇ ਇਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ।ਪਿੰਡ ਦੀ ਸਰਪੰਚ ਜੋ ਕਿ ਆਪਣੇ ਆਪਣੇ ਆਪ ਨੂੰ ਇਕ ਤਾਂਤਰਿਕ ਹੋਣ ਦਾ ਦਾਅਵਾ ਕਰਦੀ ਹੈ,ਉਸਨੇ 10 ਸਾਲਾ ਲੜਕੀ ਨੂੰ ਭੂਤ ਕੱਢਣ ਦੇ ਨਾਂ ਤੇ ਗਰਮ ਚਿਮਟਿਆਂ ਨਾਲ ਕੁੱਟ-ਕੁੱਟਕੇ ਮਾਰ ਦਿੱਤਾ।ਇਸ ਔਰਤ ਦੀ ਗੁੱਗਾ ਪੀਰ ਦੀ ਜਗ੍ਹਾ ਤੇ ਚੌਂਕੀ ਸੀ’ ਤੇ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਦਾ ਇਲਾਜ ਕਰਨ ਦਾ ਦਾਅਵਾ ਵੀ ਕਰਦੀ ਸੀ।ਹੈਰਾਨੀ ਦੀ ਗੱਲ਼ ਹੈ ਕਿ ਜਦੋਂ ਇਹ ਘਟਨਾ ਵਾਪਰੀ ਉੱਥੇ ਕਾਫ਼ੀ ਲੋਕ ਮੌਜ਼ੂਦ ਸਨ।ਕਿਸੇ ਨੇ ਵੀ ਇਸ ਅਣਮਨੁੱਖੀ ਵਰਤਾਰੇ ਨੂੰ ਰੋਕਣ ਦੀ ਜ਼ੁਅਰਤ ਨਹੀ ਦਿਖਾਈ ਤੇ ਨਾ ਹੀ ਵਾਰ-ਵਾਰ ਪਾਣੀ ਮੰਗਦੀ ਲੜਕੀ ਨੂੰ ਕਿਸੇ ਨੇ ਪਾਣੀ ਪਿਲਾਇਆ।ਅੰਤ ਗਰਮ ਚਿਮਟਿਆਂ ਦੀ ਮਾਰ ਨਾ ਸਹਿੰਦੀ ਹੋਈ ਲੜਕੀ ਦਮ ਤੋੜ ਗਈ।ਪ੍ਰਾਚੀਨ ਸਮੇਂ ਤੋਂ ਹੀ ਅੰਧਵਿਸ਼ਵਾਸ ਨੇ ਮਨੁੱਖੀ ਵਿਚਾਰਧਾਰਾ ਨੂੰ ਪ੍ਰਭਾਵਿਤ ਕੀਤਾ ਹੈ ਸਦੀਆਂ ਤੋਂ ਇੱਕ ਵਿਚਾਰ ਪ੍ਰਚਲਿਤ ਰਿਹਾ ਕਿ ਸੂਰਜ਼ ਧਰਤੀ ਦੁਆਲੇ ਘੂਮਦਾ ਹੈ ਪਰ ਜਦੋਂ ਕੋਪਰਨਿਕਸ ਅਤੇ ਗੇਲੀਲਿਉ ਨੇ ਇਸ ਅੰਧਵਿਸਵਾਸ ਨੂੰ ਨਕਾਰ ਕੇ ਲੋਕਾਂ ਨੂੰ ਸੱਚਾਈ ਦੱਸੀ ਕਿ ਸੂਰਜ਼ ਧਰਤੀ ਦੁਆਲੇ ਨਹੀਂ ਘੂੰਮਦਾ ਸਗੋਂ ਧਰਤੀ ਸੂਰਜ਼ ਦੂਆਲੇ ਘੂੰਮਦੀ ਹੈ ਊਨ੍ਹਾਂ ਇਹ ਵੀ ਦੱਸਿਆ ਕਿ ਧਰਤੀ ਚਪਟੀ ਨਹੀ ਸਗੋਂ ਗੋਲ ਹੈ ਤਾਂ ਇਨ੍ਹਾਂ ਮਹਾਨ ਵਿਗਿਆਨੀਆਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ।
ਭੂਚਾਲ ਨਾਲ ਸਬੰਧਤ ਇੱਕ ਅੰਧਵਿਸਵਾਸ਼ ਹੈ ਕਿ ਧਰਤੀ ਬਲਦ ਦੇ ਸਿੰਗਾ ਉੱਪਰ ਟਿੱਕੀ ਹੋਈ ਹੈ ਜਦੋਂ ਬਲਦ ਧਰਤੀ ਨੂੰ ਇੱਕ ਸਿੰਗ ਤੋਂ ਦੂਜ਼ੇ ਸਿੰਗ ਤੇ ਬਦਲਦਾ ਹੈ ਤਾਂ ਜੋ ਹਿਲਜੁਲ ਹੁੰਦੀ ਹੈ ਉਸ ਨੂੰ ਭੂਚਾਲ ਕਿਹਾ ਜਾਂਦਾ ਹੈ।ਜਦੋਂ ਕਿ ਪਦਾਰਥ ਵਿਦਿਆ ਦੇ ਜਾਨਣ ਵਾਲੇ ਦੱਸਦੇ ਹਨ ਕਿ ਭੂ-ਗਰਭ ਦੀ ਅਗਨੀ ਦੇ ਸਹਿਯੋਗ ਨਾਲ ਅਨੇਕ ਪਦਾਰਥ ਉਬਾਲਾ ਖਾਂਦੇ ਅਤੇ ਭੜਕ ਉੱਠਦੇ ਹਨ ਅਤੇ ਫੈਲ ਕੇ ਬਾਹਰ ਨਿਕਲਣ ਨੂੰ ਰਾਹ ਲੱਭਦੇ ਹੋਏ ਧੱਕਾ ਮਾਰਦੇ ਹਨ।ਇਸ ਹਰਕਤ ਤੋਂ ਪੈਦਾ ਹੋਏ ਫੈਲਾਉ ਦੇ ਕਾਰਣ ਧਰਤੀ ਦਾ ਉਪਰਲਾ ਭਾਗ ਵੀ ਕੰਬ ਉੱਠਦਾ ਹੈ।ਧਰਤੀ ਦੀ ਇਸ ਕੰਬਣੀ ਨੂੰ ਭੂਚਾਲ ਕਿਹਾ ਜਾਂਦਾ ਹੈ।ਵਿਗਿਆਨਿਕ ਨਜ਼ਰੀਆ ਅਪਣਾ ਕੇ ਅੰਧਵਿਸ਼ਵਾਸ ਦੀ ਦਲਦਲ਼ ਵਿਚ ਧਸਣ ਤੋਂ ਬਚਿਆ ਜਾ ਸਕਦਾ ਹੈ।ਭਹੁਤ ਕਿਰਿਆਵਾਂ,ਰਸਮਾਂ ਅਤੇ ਵਿਸ਼ਵਾਸ ਅਸੀ ਡਰ ਹੀ ਕਰਦੇ ਹਾਂ।ਜਿਵੇਂ ਸਵੇਰੇ ਕਾਰ ਸਟਾਰਟ ਕਰਨ ਸਮੇਂ ਅਸੀ ਸਟੇਅਰਿੰਗ ਨੂੰ ਮੱਥਾ ਟੇਕਦੇ ਹਾਂ,ਪਰ ਸਕੂਟਰ ਸਟਾਰਟ ਕਰਨ ਸਮੇਂ ਅਸੀ ਸਕੂਟਰ ਦੇ ਹੈਂਡਲ ਨੂੰ ਮੱਥਾ ਨਹੀ ਟੇਕਦੇ ਕਿਉਂਕਿ ਸਾਨੂੰ ਡਰ ਹੈ ਕਿ ਜੇਕਰ ਕਾਰ ਖ਼ਰਾਬ ਹੋ ਗਈ ਤਾਂ ਸਾਡੀ ਬੱਸ ਕਰਾ ਦੇਵੇਗੀ,ਪਰ ਸਕੂਟਰ ਖ਼ਰਾਬ ਹੋਣ ਤੇ ਸਾਨੂੰ ਜ਼ਿਆਦਾ ਪਰੇਸ਼ਾਨੀ ਦਾ ਡਰ ਨਹੀ ਹੈ।
ਜੇਕਰ ਤੁਸੀ ਹਰ ਘਟਨਾ ਦੀ ਬਰੀਕੀ ਨਾਲ ਜਾਂਚ ਕਰਕੇ ਤਹਿ ਤੱਕ ਜਾਣ ਦਾ ਰੁਝਾਣ ਰੱਖਦੇ ਹੋ ਤਾਂ ਤੁਹਾਨੂੰ ਕੁਦਰਤੀ ਵਾਪਰਣ ਵਾਲ਼ੀਆਂ ਵੱਡੀਆਂ ਘਟਨਾਂਵਾ ਵੀ ਆਮ ਲੱਗਣ ਲਗਦੀਆਂ ਹਨ।ਗਿਆਨ ਦੇ ਇਸ ਪੱਧਰ ਤੇ ਪਹੁੱਚਣ ਤੇ ਤੁਸੀ ਚੰਨ ਜਾਂ ਧਰਤੀ ਨੂੰ ਗ੍ਰਹਿਣ ਲੱਗਣ ਸਮੇਂ ਆਪਣੀ ਆਰਥਿਕ ਲੁੱਟ ਕਰਵਾਉਣ ਤੋਂ ਬਚ ਜਾਂਦੇ ਹੋ ਕਿਉਂਕਿ ਤੁਹਾਨੂੰ ਗਿਆਨ ਹੋ ਜਾਂਦਾ ਹੈ ਕਿ ਗ੍ਰਹਿਣ ਤਾਂ ਧਰਤੀ ਉੱਤੇ ਹੋ ਰਹੇ ਪਾਪਾਂ ਕਾਰਣ ਨਹੀ ਲੱਗਦੇ ਸਗੋਂ ਧਰਤੀ ਚੰਨ ਅਤੇ ਸੂਰਜ ਦੇ ਇਕ ਸੇਧ ਵਿਚ ਆਉਣ ਕਾਰਨ ਲੱਗਦੇ ਹਨ।
ਵਿਗਿਆਨਿਕ ਦ੍ਰਿਸ਼ਟੀਕੋਣ ਵਾਲ਼ਾ ਵਿਅਕਤੀ ਸਵਰਗ,ਨਰਕ ਦੇ ਝਮੇਲਿਆਂ ਤੋਂ ਦੂਰ ਹੁੰਦਾ ਹੈ।ਜਦੋਂ ਕੋਈ ਵਿਅਕਤੀ ਆਪਣੇ ਬੌਧਿਕ ਗਿਆਨ,ਦ੍ਰਿੜ ਇਰਾਦੇ ਅਤੇ ਨਿਰੰਤਰ ਯਤਨਾਂ ਨਾਲ ਆਪਣੀ ਕਿਸਮਤ ਬਦਲਣ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਕਮਜ਼ੋਰ ਮਾਨਸਿਕਤਾ ਵਾਲ਼ੇ ਉਸਦੇ ਸਾਥੀ ਉਸਨੂੰ ‘ਖੁਸ਼ਕਿਸਮਤ’ ਜਾਂ ‘ਕਿਸਮਤਵਾਲਾ’ ਦਾ ਖਿਤਾਬ ਦੇ ਕੇ ਆਪਣੀ ਮਾੜੀ ਕਿਸਮਤ ਨੂੰ ਕੋਸਦੇ ਹਨ।ਉਹ ਉਸਦੇ ਸ਼ੰਘਰਸ਼ ਦੇ ਦੌਰ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।ਜੇਕਰ ਇਹ ਕਿਸਮਤਵਾਦੀ ਦੋਸਤ ਔਕੜਾਂ ਦਾ ਦਲੇਰੀ ਨਾਲ ਸਾਹਮਣਾ ਕਰਦੇ ਤੇ ਆਪਣਾ ਸਫ਼ਰ ਨਿਰਵਿਘਨ ਜਾਰੀ ਰੱਖਦੇ ਤਾਂ ਅੱਜ ਇਹ ਵੀ ਸਫ਼ਲਤਾਪੂਰਵਕ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦੇ ਹਨ।
ਜਦੋਂ ਅਸੀ ਕੋਈ ਵੀ ਕੰਮ ਸ਼ੁਰੂ ਕਰਨ ਲਈ ਸ਼ੁਭ ਲਗਨ ਜਾਂ ਸ਼ੁਭ ਘੜੀ ਦੀ ਉਡੀਕ ਕਰਨ ਲੱਗਦੇ ਤਾਂ ਅਣਜਾਣੇ ਵਿਚ ਅਸੀ ਆਪਣਾ ਬਹੁਤ ਕੁਝ ਗੁਆ ਰਹੇ ਹੁੰਦੇ ਹਾਂ।ਸ਼ੈਕਸਪੀਅਰ ਨੇ ਕਿਹਾ ਸੀ ਕਿ, “ਇੱਥੇ ਕੁਝ ਵੀ ਸ਼ੁਭ ਜਾਂ ਅਸ਼ੁਭ ਨਹੀ ਹੈ,ਇਹ ਸਾਡਾ ਨਜ਼ਰੀਆ ਹੀ ਹੈ,ਜੋ ਚੀਜ਼ ਨੂੰ ਸ਼ੁਭ ਜਾਂ ਅਸ਼ੁਭ ਬਣਾ ਦਿੰਦਾ ਹੈ”।
ਇਹ ਸ਼ੰਦੇਸ ਮੈਂ ਆਪਣੇ ਵਿਦਿਆਰਥੀਆਂ ਨੂੰ ਵੀ ਦੇਣਾ ਚਾਹੁੰਦਾ ਸੀ,ਇਸ ਲਈ ਮੈਂ ਆਪਣਾ ਵਿਆਹ ਚੜ੍ਹਦੇ ਸ਼ਰਾਧਾਂ ’ਚ 13 ਤਾਰੀਖ਼ ਨੂੰ ਗੈਰ ਮੰਗਲੀਕ ਲੜਕੀ ਨਾਲ ਬਿਨਾ ਦਾਜ਼-ਦਹੇਜ਼ ਤੋਂ ਕਰਵਾਇਆ।(ਜਨਮ ਤਾਰੀਖ਼ ਦੇ ਲੇਖੇ ਜੋਖੇ ਮੁਤਾਬਕ ਮੈਂ ਮੰਗਲੀਕ ਹਾਂ) ਜੇਕਰ ਮੈਂ ਆਪਣੀ 60 ਪ੍ਰਤੀਸ਼ਤ ਸਰੀਰਿਕ ਅਪੰਗਤਾ ਲਈ ਕਿਸਮਤ ਨੂੰ ਹੀ ਕੋਸਦਾ ਰਹਿੰਦਾ ਤਾਂ ਮੇਰੇ ਨਾਮ ਪਿੱਛੇ ਸਟੇਟ ਐਵਾਰਡੀ ਵੀ ਕਦੇ ਨਾ ਲੱਗਦਾ।ਜਿਹੜੇ ਕੰਮ ਨੂੰ ਪਿਆਰ ਕਰਦੇ ਹਨ ਉਹ ਕਿਸਮਤ ਦੀ ਪਰਵਾਹ ਨਹੀ ਕਰਦੇ।ਇਸ ਲਈ ਆਪਣੇ ਦਿਮਾਗ਼ ਨੂੰ ਜਗ੍ਹਾ ਕੇ ਹਰੇਕ ਚੀਜ਼ ,ਤੱਥ ਤੇ ਘਟਨਾ ਨੂੰ ਤਰਕ ਦੀ ਕਸੌਟੀ ਤੇ ਪਰਖੋ।ਆਲਸ ਛੱਡੋ ਤੇ ਕੁਝ ਨਵਾਂ ਕਰੋ।ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਵਿਵਹਾਰਿਕ ਜੀਵਨ ਵਿਚ ਅਪਨਾਉਣ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਤੁਹਾਨੂੰ ਆਪ ਹੀ ਲੱਭ ਜਾਂਦੇ ਹਨ।
ਪ੍ਰੋਫੈਸਰ ਮਨਜੀਤ ਤਿਆਗੀ
ਸਟੇਟ ਐਵਾਰਡੀ
ਮਾਲੇਰਕੋਟਲਾ (ਪੰਜਾਬ)
9814096108


0 comments:
Speak up your mind
Tell us what you're thinking... !