ਸਮਾਜ ਵਿੱਚ ਰਹਿੰਦੇ ਹੋਏ ਸਾਨੂੰ ਸਮਾਜ ਅਨੁਸਾਰ ਹੀ ਚੱਲਣਾ ਪੈਂਦਾ ਹੈ।ਰਿਸਤੇ ਨਾਤੇ ਨਿਭਾਉਣੇ ਪੈਂਦੇ ਹਨ ਅਤੇ ਸਮਾਜਿਕ ਜੁੰਮੇਵਾਰੀਆ ਨੂੰ ਪੂਰਾ ਕਰਨਾ ਪੈਂਦਾ ਹੈ।ਸਮਾਜਿਕ ਪ੍ਰਾਣੀ ਹੋਣ ਨਾਤੇ ਹਰ ਕਿਸੇ ਦੀ ਖੁਸ਼ੀ ਗਮੀ ਚ ਸ਼ਰੀਕ ਹੋਣਾ ਸਾਡਾ ਇਖਲਾਕੀ ਫਰਜ ਬਣ ਜਾਂਦਾ ਹੈ। ਇਹ ਖੁਸ਼ੀ ਗਮੀ ਦੇ ਸਮਾਗਮ ਆਪਣੇ ਨਜਦੀਕੀਆਂ ਦੀ ਸਮੂਲੀਅਤ ਨਾਲ ਹੀ ਸੋਭਦੇ ਹਨ।ਕਹਿੰਦੇ ਹਨ ਖੁਸ਼ੀ ਵੰਡਿਆਂ ਤੌ ਦੁੱਗਣੀ ਹੋ ਜਾਂਦੀ ਹੈ ਤੇ ਗਮ ਅੱਧਾ ਰਹਿ ਜਾਂਦਾ ਹੈ।
ਪਰ ਅੱਜ ਕੱਲ ਰਿਸ਼ਤੇ ਘੱਟ ਰਹੇ ਹਨ। ਇੱਕ ਵੇਲਾ ਸੀ ਜਦੋ ਹਰ ਇੱਕ ਦੇ ਪੰਜ ਸੱਤ ਚਾਚੇ ਤਾਏ, ਚਾਰ ਪੰਜ ਫੁਫੱੜ ਇੰਨੇ ਕੁ ਮਾਮੇ ਮਾਸੜ ਹੁੰਦੇ ਸਨ । ਅਤੇ ਬਾਕੀ ਈਲਾ ਕਬੀਲਾ ਤੇ ਸਰੀਕਾ ਮਿਲਾ ਕੇ ਗਿਣਤੀ ਸੱਤਰ ਅੱਸੀ ਦੇ ਨੇੜੇ ਪੁੱਜ ਜਾਂਦੀ ਸੀ।ਵਿਆਹ ਵੇਲੇ ਵਾਧੂ ਰੋਣਕ ਮੇਲਾ ਹੋ ਜਾਂਦਾ ਸੀ। ਬਾਕੀ ਵਿਆਹ ਸ਼ਾਦੀਆਂ ਤੇ ਮਰਨੇ ਵੇਲੇ ਸਾਰਾ ਨਗਰ ਵੀ ਆਪਣਾ ਸਮਝ ਕੇ ਸ਼ਾਮਿਲ ਹੁੰਦਾ ਸੀ। ਹਾਂ ਅਜਿਹੇ ਮੌਕਿਆਂ ਤੇ ਇੱਕ ਅੱਧ ਪਗ ਵੱਟ ਯਾਰ ਜਰੂਰ ਹੰਦਾ ਸੀ।ਜਿਸਨੂੰ ਇੱਕ ਸ਼ਾਨ ਸਮਝਿਆ ਜ਼ਾਂਦਾ ਸੀ।
ਹੁਣ ਤੇ ਹਲਾਤ ਬਦਲ ਗਏ ਹਨ। ਪਹਿਲੀ ਗੱਲ ਤਾਂ ਹੀ ਰਿਸ਼ਤੇਦਾਰ ਘੱਟ ਗਏ ਹਨ।ਤੇ ਦੂਜੀ ਰਿਸਤੇਦਾਰੀ ਦਾ ਮੇਲ ਮਿਲਾਪ ਬਹੁਤ ਘੱਟ ਹੈ। ਗਿਲੇ ਸਿਕਵੇ ਜਿਆਦਾ ਹਨ। ਇੱਕ ਦੂਜੇ ਨਾਲ ਗੁੱਸੇ ਗਿਲੇ ਵਾਧੂ ਹਨ।ਕੋਈ ਕਿਸੇ ਨਰਾਜ ਰਿਸਤੇਦਾਰ ਨੂੰ ਮਨਾਉਣ ਦੀ ਕੋਸ਼ਿਸ ਨਹੀ ਕਰਦਾ ਤੇ ਨਾ ਹੀ ਕੋਈ ਅਜਿਹੇ ਮਸਲਿਆਂ ਦੇ ਵਿੱਚ ਪੈ ਕੇ ਸੁਲਾਹ ਸਫਾਈ ਕਰਾਉਣ ਦੀ ਕੋਸਿਸ ਕਰਦਾ ਹੈ।ਪਹਿਲਾਂ ਸਾਰੇ ਰੀਸ ਰੋਸੇ ਮੁੰਡੇ ਦੇ ਵਿਆਹ ਚ ਹੀ ਦੂਰ ਕੀਤੇ ਜਾਂਦੇ ਸਨ।ਪਰ ਹੁਣ ਉਹ ਗੱਲਾਂ ਨਹੀ ਰਹੀਆਂ। ਪਹਿਲਾ ਵਿਆਹਾਂ ਵਿੱਚ ਜੀਜੇ ਫੁਫੱੜ ਤੇ ਮਾਸੜ ਦਾ ਰੁੱਸਣਾ ਲਗਭਗ ਲਾਜਮੀ ਹੁੰਦਾ ਸੀ ਤੇ ਹਰ ਹੀਲਾ ਵਰਤ ਕੇ ਇਹਨਾਂ ਖਾਸ ਜਵਾਈਆਂ ਭਾਈਆਂ ਵਰਗੇ ਰਿਸਤਿਆਂ ਨੂੰ ਮਨਾਇਆ ਜ਼ਾਂਦਾ ਸੀ।ਇਹਨਾਂ ਤੋਂ ਬਾਦ ਅਕਸਰ ਸਰੀਕ ਵੀ ਰੁਸੱਣ ਦੀ ਰਸਮ ਪੂਰੀ ਕਰਦੇ ਸਨ। ਤੇ ਸਰੀਕੇ ਨੂੰ ਪੈਰੀਂ ਪੱਗ ਰੱਖ ਕੇ ਵੀ ਮਨਾਇਆ ਜਾਂਦਾ ਸੀ। ਪਰ ਹੁਣ ਤਾਂ ਸਿੱਧਾ ਇੱਕੋ ਜਵਾਬ ਹੁੰਦਾ ਹੈ ਇਹ ਸਾਡੇ ਨਹੀ ਆਏ ਅਸੀ ਇਹਨਾਂ ਦੇ ਨਹੀ ਆਉਦੇ। ਕਹਾਣੀ ਖਤਮ। ਦੂਜਾ ਸਾਡਾ ਕੀ ਇਹਨਾਂ ਬਿਨਾਂ ਵਿਆਹ ਅਟਕ ਜੂ। ਤੇ ਗੱਲ ਕੀ ਹੁਣ ਵਿਆਹ ਸ਼ਾਦੀਆ ਵਿੱਚ ਇਕੱਠ ਸਕੇ ਸਬੰਧੀਆਂ ਦਾ ਨਹੀ ਹੁੰਦਾ । ਸਗੋਂ ਸਹਿ ਕਰਮੀ, ਕਲੱਬਾ ਦੇ ਮੈਂਬਰ ਆਪਣੇ ਆਪਣੇ ਧਰਮਾਂ ਦੇ ਨੁਮਾਇੰਦੇ ਅਤੇ ਹੋਰ ਰਾਜਨੀਤੀ ਨਾਲ ਜੁੜੇ ਲੋਕ ਹੁੰਦੇ ਹਨ।ਅੱਜਕਲ੍ਹ ਵਿਆਹ ਆਪਣਿਆ ਤੋਂ ਬਿਨਾਂ ਹੀ ਪਰੰਤੂ ਪੂਰੀ ਸਾਨੋ ਸੋਕਤ ਨਾਲ ਕੀਤੇ ਜਾਦੇ ਹਨ।ਵਿਆਹ ਦੇ ਮੌਕੇ ਤੇ ਆਪਣੀ ਝੂਠੀ ਸ਼ਾਨ ਦਾ ਪ੍ਰਦਰਸਨ ਕਰਨ ਲਈ ਕਿਸੇ ਆਮ ਖਾਸ਼ ਨੇਤਾ ਨਜਾਂ ਕਿਸੇ ਵੱਡੇ ਅਫਸਰ ਨੂੰ ਉਚੇਚੇ ਤੌਰ ਤੇ ਜਾਇਜ ਨਜਾਇਜ ਹੀਲਾ ਵਰਤ ਕੇ ਬੁਲਾਇਆ ਜਾਂਦਾ ਹੈ।ਇਸ ਫੋਕੀ ਸ਼ਾਨ ਲਈ ਵੀ ਪੈਸੇ ਤੇ ਪਹੁੰਚ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਹੁਣ ਸਮੱਸਿਆ ਇਹ ਹੈ ਕਿ ਆਮ ਆਦਮੀ ਨੂੰ ਆਪਣੇ ਸਕੇ ਸਬੰਧੀਆਂ ਦੇ ਨਹੀ ਸਗੋਂ ਮੇਲ ਮਿਲਾਪ ਵਾਲਿਆਂ ਦੇ ਸੱਦਾ ਪੱਤਰ ਜਿਆਦਾ ਆਉਂਦੇ ਹਨ।ਮੇਰੇ ਇੱਕ ਜਾਣਕਾਰ ਨੇ ਦੱਸਿਆਂ ਕਿ ਮੈਨੂੰ ਮਹੀਨੇ ਵਿੱਚ ਔੋਸਤਨ15 ਤੋਂ 20 ਸੱਦਾ ਪੱਤਰ ਪ੍ਰਾਪਤ ਹੁੰਦੇ ਹਨ।ਇੱਕ ਔਸਤਨ ਦਰਜੇ ਦਾ ਵਿਅਕਤੀ ਹੋਣ ਦੇ ਨਾਤੇ ਮੈਨੂੰ ਹਰ ਵਿਆਹ ਸ਼ਾਦੀ ਚ ਸ਼ਾਮਿਲ ਹੋਣਾ ਪੈਂਦਾ ਹੈ। ਉਹ ਵੀ ਜਿਹੜੇ ਮੇਰੇ ਸਕੇ ਨਹੀ ਬਸ ਜਾਣ ਪਹਿਚਾਣ ਦੇ ਦਾਇਰੇ ਚੋ ਹੁੰਦੇ ਹਨ। ਹਰ ਸੱਦਾ ਪੱਤਰ ਦਾ ਮਤਲਬ ਦੋ ਸੋ ਤੋ ਪੰਜ ਸੋ ਤੱਕ ਵਾਧੂ ਬੌਝ ਹੁੰਦਾ ਹੈ ਜੋ ਸਗਨ ਦੇ ਰੂਪ ਵਿੱਚ ਦੇਣਾ ਹੁੰਦਾ ਹੈ। ਸਾਫ ਜਿਹਾ ਅਰਥ ਹੈ ਕਿ ਮਹੀਨੇ ਦਾ ਪੰਜ ਸੱਤ ਹਜਾਰ ਰੁਪਿਆ ਤਾਂ ਇਹਨਾਂ ਕੰਮਾਂ ਲਈ ਚਾਹੀਦਾ ਹੈ।ਜਿਸ ਨਾਲ ਆਮ ਪਰਿਵਾਰ ਦਾ ਬਜਟ ਹਿੱਲ ਜਾਂਦਾ ਹੈ।ਇਸ ਦਾ ਦੂਸਰਾ ਵੱਡਾ ਨੁਕਸਾਨ ਇਹ ਹੈ ਕਿ ਨਿੱਤ ਨਿੱਤ ਮਸਾਲੇਦਾਰ ਅਤੇ ਫਾਸਟ ਫੂਡ ਖਾਕੇ ਸਰੀਰ ਦਾ ਨੁਕਸਾਨ ਹੁੰਦਾ ਹੈ ਤੇ ਬਿਮਾਰੀਆਂ ਲੱਗਦੀਆਂ ਹਨ।ਫੇਰ ਡਾਕਟਰਾਂ ਦੇ ਘਰ ਭਰਨੇ ਪੈਂਦੇ ਹਨ। ਹਾਂ ਸਰਾਬ ਪੀਣ ਦੇ ਸੌਕੀਨਾ ਲਈ ਅਜਿਹੇ ਵਿਆਹ ਇੱਕ ਵਰਦਾਨ ਹੁੰਦੇ ਹਨ। ਜਦੋ ਉਹ ਥੋੜਾ ਜਿਹਾ ਸ਼ਗਨ ਪਾਕੇ ਆਪਣਾ ਕੋਟਾ ਪੂਰਾ ਕਰ ਲੈਂਦੇ ਹਨ।ਕਈ ਵਾਰੀ ਤਾਂ ਇਹ ਗਿੱਝੇ ਬਿਨ ਬੁਲਾਏ ਹੀ ਅਜਿਹੇ ਵਿਆਹਾਂ ਦੇ ਮੇਲੀ ਬਣ ਜਾਂਦੇ ਹਨ।
ਇਹ ਆਮ ਅਤੇ ਮਾਮੂਲੀ ਜਾਣ ਪਹਿਚਾਣ ਵਾਲਿਆ ਨੂੰ ਅਜਿਹੇ ਵਿਆਹ ਦੇ ਸੱਦਾ ਪੱਤਰ ਦੇਣੇ ਕਿੰਨੇ ਕੁ ਜਾਇਜ ਹਨ। ਫਿਰ ਅਜਿਹੇ ਵਿਆਹਾਂ ਵਿੱਚ ਸਾਮਿਲ ਹੋਣਾ ਕਿੰਨਾ ਜਰੂਰੀ ਬਣ ਜਾਂਦਾ ਹੈ।ਆਮ ਮੱਧਮ ਦਰਜੇ ਦੇ ਪਰਿਵਾਰ ਲਈ ਆਪਣੀਆਂ ਨਿੱਜੀ ਲੋੜਾਂ ਨੂੰ ਦਰ ਕਿਨਾਰ ਕਰਕੇ ਅਜਿਹੇ ਵਿਆਹਾਂ ਵਿੱਚ ਆਪਣਾ ਨੱਕ ਰੱਖਣ ਲਈ ਵਿੱਤੀ ਬੋਝ ਝੱਲਣਾ ਪੈੱਦਾ ਹੈੇ ।ਅੱਜ ਸਾਡੇ ਸਮਾਜ ਵਿੱਚ ਸਿਖਿੱਆ ਖੇਤਰ ਨਾਲ ਜੁੜੇ ਲੋਕਾਂ ਦਾ ਘੇਰਾ ਬਹੁਤ ਫੈਲਿਆ ਹੈ। ਤੇ ਅਜਿਹੇ ਲੋਕਾਂ ਦੇ ਵਿਆਹਾਂ ਵਿੱਚ ਵੱਡੀ ਗਿਣਤੀ ਸਾਡੇ ਆਧਿਆਪਕ ਭਾਈਚਾਰੇ ਦੀ ਹੀ ਹੁੰਦੀ ਹੈ।ਮੈਰਿਜ ਪੈਲੇਸ ਤੇ ਲਿਫਾਫਾ ਕਲਚਰ ਨੇ ਸਾਡੇ ਵਿਆਹਾਂ ਦਾ ਬਜਟ ਵਿਗਾੜ ਦਿੱਤਾ ਹੈ।ਇਸ ਸ਼ਗਨ ਕਰਕੇ ਕਈ ਗਰੀਬ ਪਰਿਵਾਰਾਂ ਨੂੰ ਆਪਣੀਆਂ ਮੁੱਢਲੀਆਂ ਲੋੜਾਂ ਨੂੰ ਛੱਡਣਾ ਪੈਂਦਾ ਹੈ। ਹਲਾਂਕਿ ਵਿਆਹਾਂ ਦੀਆਂੇ ਇਹਨਾਂ ਵਿਸ਼ਾਲ ਦਾਵਤਾਂ ਦਾ ਖਰਚਾ ਇਕੱਠੇ ਹੋਏ ਸ਼ਗਨ ਨਾਲੋ ਕਈ ਗੁਣਾ ਜਿਆਦਾ ਹੁੰਦਾ ਹੈ। ਇਸ ਨਾਲੋ ਤਾਂ ਪੁਰਾਣੀ ਨਿਉਂਦਾ ਜਾਂ ਨਿਉਂਦਰਾ ਪ੍ਰਣਾਲੀ ਲੱਖ ਦਰਜੇ ਬਹੇਤਰ ਸੀ ਜਿਸ ਨਾਲ ਸਾਦੀ ਵਾਲੇ ਪਰਿਵਾਰ ਨੂੰ ਭਰਪੂਰ ਮਾਲੀ ਇਮਦਾਦ ਮਿਲ ਜਾਂਦੀ ਸੀ ਤੇ ਵਿਆਹ ਦੇ ਖਰਚ ਦਾ ਭਾਰ ਰਿਸਤੇਦਾਰਾ ਚ ਵੰਡਿਆ ਜਾਂਦਾ ਸੀ।
ਇਸ ਮਹਿੰਗਾਈ ਦੇ ਯੁੱਗ ਵਿੱਚ ਰੀਸੋ ਰੀਸ ਅਤੇ ਝੂਠੇ ਦਿਖਾਵੇ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ ।ਆਮ ਤੇ ਨਿੱਤ ਦੇ ਸੱਦੇ ਪੱਤਰਾਂ ਨੇ ਮੱਧਮ ਦਰਜੇ ਦੇ ਪਰਿਵਾਰਾਂ ਨੂੰ ਇੱਕ ਅਜਿਹੇ ਮੋੜ ਤੇ ਲਿਆ ਦਿੱਤਾ ਹੈ ਜੋ ਸੱਪ ਦੇ ਮੂੰਹ ਚ ਕੋੜ੍ਹ ਕਿਰਲੀ ਦੀ ਤਰ੍ਹਾਂ ਹੈ।ਹੁਣ ਇਹਨਾ ਫੋਕੇ ਵਿਖਾਵੇ ਵਾਲੇ ਵਿਆਹਾਂ ਦੀ ਬਜਾਏ ਸਾਦਗੀ ਪੂਰਨ ਵਿਆਹਾਂ ਦੀ ਲੋੜ ਹੈ।ਇਸ ਲਈ ਕਿਸੇ ਜਬਰਦਸਤ ਜਨਤਕ ਮੁੰਿਹੰਮ ਦੀ ਸੁਰੂਆਤ ਦੀ ਲੋੜ ਹੈ।ਜੋ ਇਹਨਾ ਅਡੰਬਰਾਂ ਨੂੰ ਠੱਲ ਪਾ ਸਕੇ।
ਰਮੇਸ ਸੇਠੀ ਬਾਦਲ
ਮੋ 98 766 27233

0 comments:
Speak up your mind
Tell us what you're thinking... !