 |
| ਗੁਰਦਾਸ ਘਾਰੂ ਦਾ ਰੈਨ-ਬਸੇਰਾ |
 |
| ਆਪਣੇ ਪਰਿਵਾਰਕ ਮੈਬਰਾਂ ਨਾਲ ਵਿਚਕਾਰ ਗੁਰਦਾਸ ਸਿੰਘ ਘਾਰੂ |
ਪੰਜਾਬੀ ਮਾਂ ਬੋਲੀ ਨੂੰ ਮਣਾਂ-ਮੂੰਹੀ ਪਿਆਰ ਕਰਨ ਅਤੇ ਆਪਣੀਆ ਲਿਖਤਾਂ ਰਾਹੀ ਦੱਬੇ-ਕੁਚਲੇ ਲੋਕਾਂ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲਾ ਲੇਖਕ ਗੁਰਦਾਸ ਸਿੰਘ ਘਾਰੂ ਅੱਜ ਏਲਨਾਬਾਦ ਦੇ ਨਜ਼ਦੀਕ ਪੈਦੇ ਪਿੰਡ ਸੰਤ ਨਗਰ ਵਿਖੇ ਆਪਣੇ ਖਸਤਾ ਹਾਲ ਕੱਚੇ ਘਰ ਵਿੱਚ ਆਪਣੀ ਜ਼ਿੰਦਗੀ ਦੇ ਅੰਤਿਮ ਪੜ੍ਹਾਅ ਨੂੰ ਬਸਰ ਕਰਨ ਲਈ ਮਜ਼ਬੂਰ ਹੈ ਪਰ ਅਜੇ ਤੱਕ ਕਿਸੇ ਵੀ ਸਮਾਜ-ਸੇਵੀ ਸੰਸਥਾ ਜਾਂ ਕਿਸੇ ਪੰਜਾਬੀ ਹਿਤੈਸੀ ਅਕੈਡਮੀ ਨੇ ਅਜੇ ਤੱਕ ਉਸਦੀ ਬਾਂਹ ਨਹੀ ਫੜ੍ਹੀ ਹੈ। ਅੱਜ ਤੋ ਕਰੀਬ 55 ਸਾਲ ਪਹਿਲਾ ਪਿੰਡ ਰਾਏਸਰ ( ਬਰਨਾਲਾ )ਤੋ ਸਿਰਸਾ ਜਿਲ੍ਹੇ ਦੇ ਪਿੰਡ ਸੰਤਨਗਰ ਵਿਖੇ ਰਹਿਣ ਲੱਗੇ ਗੁਰਦਾਸ ਸਿੰਘ ਘਾਰੂ ਮਰਹੂਮ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਵੱਡੇ ਭਰਾ ਹਨ। ਪਿਤਾ ਮੇਹਰ ਸਿੰਘ ਦੇ ਘਰ ਮਾਤਾ ਧੰਨ ਕੌਰ ਦੀ ਕੁੱਖੋ ਇੱਕ ਦਲਿਤ ਪਰਿਵਾਰ ਵਿੱਚ ਜਨਮ ਲੈਣ ਵਾਲਾ ਗੁਰਦਾਸ ਘਾਰੂ ਘਰ ਦੀ ਆਰਥਿਕ ਹਾਲਤ ਅਤਿ ਕਮਜ਼ੋਰ ਹੋਣ ਕਾਰਨ ਬਹੁਤਾ ਪੜ੍ਹ ਲਿਖ ਵੀ ਨਾ ਸਕਿਆ ਅਤੇ ਬਚਪਨ ਵਿੱਚ ਪਿੰਡ ਮੂੰਮਾਂ ਦੇ ਸੰਤ ਈਸ਼ਰ ਦਾਸ ਦੇ ਡੇਰੇ ਵਿੱਚੋ ਹੀ ਗੁਰਮੁਖੀ ਦਾ ਗਿਆਨ ਹਾਸਲ ਕਰ ਸਕਿਆ ਪਰ ਉਸ ਦੀਆ ਲਿਖਤਾਂ ਨੂੰ ਪੜ੍ਹਦਿਆ ਇੰਝ ਮਹਿਸੂੁਸ ਹੁੰਦਾ ਹੈ ਜਿਵੇ ਉਸਨੇ ਹਰ ਕੰਮ ਵਿੱਚ ਹੀ ਪੀ,ਐਚ,ਡੀ ਕੀਤੀ ਹੋਵੇ। ਗੁਰਦਾਸ ਸਿੰਘ ਘਾਰੂ ਦਾ ਜੀਵਨ ਬਹੁਤ ਹੀ ਤੰਗੀਆਂ- ਤਰੁਸ਼ੀਆਂ ਅਤੇ ਮਿਹਨਤ ਨਾਲ ਭਰਿਆ ਰਿਹਾ ਹੈ ਦਿਨ ਸਮੇ ਵੱਡੇ ਜ਼ਿਮੀਦਾਰਾਂ ਦੇ ਘਰਾਂ ਵਿੱਚ ਕੰਮ ਕਰਨਾ ਅਤੇ ਰਾਤ ਸਮੇ ਦੀਵੇ ਦੇ ਚਾਨਣ ਵਿੱਚ ਲਿਖਕੇ ਆਪਣੇ ਅੰਦਰਲੀ ਤ੍ਰਿਪਤੀ ਦੀ ਭੁੱਖ ਨੂੰ ਸ਼ਾਤ ਕਰਨਾ ਗੁਰਦਾਸ ਘਾਰੂੁ ਦੀ ਫਿਤਰਤ ਰਹੀ ਹੈ,ਉਸਨੂੰ ਦਲਿਤ ਵਰਗ ਦੇ ਲੋਕਾਂ ਦੀ ਸਾਮਰਾਜਵਾਦੀ ਸ਼ਕਤੀਆਂ ਵਲੋ ਕੀਤੀ ਜਾਦੀ ਲੁੱਟ ਹਰਗਿਜ਼ ਵੀ ਬਰਦਾਸ਼ਤ ਨਹੀ ਇਹੀ ਕਾਰਨ ਸੀ ਕਿ ਉਹ ਲੰਮਾ ਸਮਾ ਸੀ,ਪੀ,ਆਈ ਦਾ ਸਰਗਰਮ ਵਰਕਰ ਰਿਹਾ ਤੇ ਹਮੇਸ਼ਾ ਹੀ ਦਲਿਤ ਵਰਗ ਦੇ ਲੋਕਾਂ ਲਈ ਕੀਤੇ ਜਾਦੇ ਲੋਕ ਘੋਲਾਂ ਵਿੱਚ ਮੂਹਰੇ ਹੋ ਕੇ ਹਿੱਸਾ ਲੈਦਾ ਰਿਹਾ। ਗੁਰਦਾਸ ਸਿੰਘ ਘਾਰੂ ਅੱਜ ਤੱਕ ਕੁੱਲ 8 ਕਿਤਾਬਾਂ ਪੰਜਾਬੀ ਮਾਂ ਦੀ ਝੋਲੀ ਪਾ ਚੁੱਕਾ ਹੈ ਜਿਨ੍ਹਾਂ ਵਿੱਚ ਰੰਘਰੇਟੇ ਗੁਰੂ ਕੇ ਬੇਟੇ ( ਜੀਵਨੀ ਭਾਈ ਜੈਤਾ ਜੀ ) ਅਣਖ਼ਾਂ ਦੇ ਪਹਿਰੇਦਾਰ (ਨਾਵਲ ) ਬਾਗੀ ਦੀ ਪਤਨੀ ( ਨਾਵਲ ) ਮਨੁੱਖੀ ਬਰਾਬਰਤਾ ਲਈ ਕੂਕਾ ਲਹਿਰ ਦਾ ਅਜ਼ਾਦੀ ਸੰਗਰਾਮ ( ਇਤਹਾਸਿਕ ਦਸਤਾਵੇਜ਼ ) ਖੂਨ ਤੋ ਬਾਅਦ ( ਨਾਵਲ ) ਖਾਲਸਾ ਗੁਰੀਲਾ ਜੰਗ ਚਲਦਾ ਰਿਹਾ ( ਰੰਘਰੇਟਿਆਂ ਦਾ ਇਤਿਹਾਸ ) ਰਿਆਸਤੀ ਪਰਜਾਮੰਡਲ ਦਾ ਯੋਧਾ ਬਾਬਾ ਨਰੈਣ ਸਿੰਘ ( ਪਰਜਾ ਮੰਡਲ ਲਹਿਰ ਦਾ ਇਤਿਹਾਸ ) ਅਤੇ ਸਵੈ ਜੀਵਨੀ ਪਗਡੰਡੀਆਂ ਤੋ ਜੀਵਨ ਮਾਰਗ ਤੱਕ ਸ਼ਾਮਲ ਹਨ, ਬਹੁਤ ਸਾਰੇ ਖਰੜੇ ਅੱਜ ਵੀ ਉਸ ਕੋਲ ਲਿਖੇ ਪਏ ਹਨ। ਅੱਜ ਉਸ ਦੀ ਉਮਰ ਕਰੀਬ 93-94 ਸਾਲ ਦੀ ਹੋ ਚੁੱਕੀ ਹੈ ਹੁਣ ਉਹ ਆਪਣੀ ਜ਼ਿੰਦਗੀ ਦੇ ਅੰਤਿਮ ਪੜ੍ਹਾਅ ਤੇ ਹੈ ਹੁਣ ਉਹ ਨਾ ਤਾਂ ਚੰਗੀ ਤਰ੍ਹਾਂ ਬੋਲ ਸਕਦਾ ਹੈ ਅਤੇ ਨਾ ਹੀ ਕੋਈ ਗੱਲਬਾਤ ਕਰ ਸਕਦਾ ਹੈ ਉਸਨੂੰ ਕਾਫੀ ਉੱਚਾ ਸੁਣਨ ਲੱਗ ਪਿਆ ਹੈ ਪਰ ਕਿਸੇ ਵੀ ਸਾਹਿਤਕ ਪ੍ਰੇਮੀ ਨੂੰ ਵੇਖਕੇ ਅੱਜ ਵੀ ਉਹ ਝੱਟ ਮੰਜੇ ਤੇ ਬੈਠ ਜਾਦਾ ਹੈ ਤਾ ਇੰਝ ਮਹਿਸੂਸ ਹੁੰਦਾ ਹੈ ਜਿਵੇ ਸਾਹਿਤ ਨੂੰ ਲਿਖਣ ਅਤੇ ਸਾਹਿਤਕ ਗੱਲਾਂ ਕਰਨ ਦੀ ਵਾਸ਼ਨਾ ਅਜੇ ਵੀ ਉਸ ਦੇ ਦਿਲ ਵਿੱਚ ਪਹਿਲਾ ਵਾਂਗ ਹੀ ਸਮਾਈ ਪਈ ਹੈ। ਅੱਜ ਵੱਡੇ -ਵੱਡੇ ਲੇਖਕ ਵੀ ਆਪਣੀਆ ਕਿਤਾਬਾਂ ਛਪਵਾਉਣ ਤੋ ਪਹਿਲਾ ਕਈ-ਕਈ ਵਾਰ ਸੋਚਦੇ ਹਨ ਕਿਉਕਿ ਪੰਜਾਬੀ ਦੀਆ ਕਿਤਾਬਾਂ ਛਪਵਾਉਦਿਆ ਜੋ ਦੁਸ਼ਵਾਰੀਆਂ ਝੱਲਣੀਆ ਪੈਦੀਆ ਨੇ ਉਹ ਹਰ ਲੇਖਕ ਸਹਿਣ ਨਹੀ ਕਰ ਸਕਦਾ ਪਰ ਗੁਰਦਾਸ ਘਾਰੂ ਦੇ ਆਪਣੇ ਪੱਲੇ ਭਾਵੇ ਕੁਝ ਵੀ ਨਹੀ ਸੀ ਹੁੰਦਾ ਪਰ ਫਿਰ ਵੀ ਉਸ ਨੇ ਆਪਣੇ ਛੋਟੇ ਭਰਾ ਸੰਤ ਰਾਮ ਉਦਾਸੀ ਦੇ ਨਾਮ ਤੇ ਸੰਤ ਰਾਮ ਉਦਾਸੀ ਯਾਦਗਾਰੀ ਪ੍ਰਕਾਸ਼ਨ ਸੰਤ ਨਗਰ ਸ਼ੁਰੂ ਕਰਕੇ ਅਤੇ ਆਰਥਿਕ ਤੰਗੀਆ ਨਾਲ ਜੂਝਣ ਦੇ ਬਾਵਜੂਦ ਵੀ ਕੁਝ ਦੋਸਤਾਂ ਮਿੱਤਰਾਂ ਅਤੇ ਕੁਝ ਘਰਾਂ ਵਿੱਚੋ ਦਾਨ ਦੇ ਤੌਰ ਤੇ ਮਾਇਆ ਇੱਕਠੀ ਕਰਕੇ ਪੰਜਾਬੀ ਦੀਆ ਪੁਸਤਕਾਂ ਛਾਪੀਆ ਅਤੇ ਫਿਰ ਉਨ੍ਹਾਂ ਨੂੰ ਮੇਲਿਆਂ ਆਦਿ ਤੇ ਲਿਜਾ ਕੇ ਆਪ ਹੀ ਵੇਚਿਆ ਜਿਸਤੋ ਉਨ੍ਹਾਂ ਵਿੱਚ ਪੰਜਾਬੀ ਮਾਂ ਬੋਲੀ ਲਈ ਪਿਆਰ ਦੀ ਭਾਵਨਾ ਦਾ ਪਤਾ ਲੱਗਦਾ ਹੈ। ਗੁਰਦਾਸ ਘਾਰੂ ਦੀ ਸਵੈ-ਜੀਵਨੀ ਪਗਡੰਡੀਆਂ ਤੋ ਜੀਵਨ ਮਾਰਗ ਤੱਕ ਪੜ੍ਹਦਿਆ ਰੌਗਟੇ ਖੜੇ ਹੋ ਜਾਦੇ ਹਨ ਇਸ ਵਿੱਚ ਉਸਨੇ ਜੋ ਕੌੜਾ ਸੱਚ ਬਿਆਨ ਕੀਤਾ ਹੈ ਉਹ ਬਹੁਤਿਆਂ ਦੇ ਹਾਜ਼ਮੇ ਤੋ ਬਾਹਰ ਦੀ ਗੱਲ ਹੋ ਨਿਬੜਦਾ ਹੈ। ਅੱਜ ਭਾਵੇ ਆਪਣੇ ਇੱਕੋ-ਇੱਕ ਪੁੱਤਰ ਬਾਬੂ ਸਿੰਘ ਅਤੇ ਪੋਤਰੇ ਪ੍ਰੇਮ ਸਿੰਘ ਨਾਲ ਗੁਰਦਾਸ ਘਾਰੂ ਆਪਣੇ ਪਰਿਵਾਰਕ ਜੀਵਨ ਤੋ ਤਾਂ ਪੂਰੀ ਤਰ੍ਹਾਂ ਸ਼ਤੁੰਸਟ ਹੈ ਪਰ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਲਈ ਉਸਨੇ ਜੋ ਪਾਪੜਵੇਲੇ ਹਨ ਉਸ ਬਦਲੇ ਉਸਨੂੰ ਕਿਸੇ ਵੀ ਵੱਡੀ ਸਾਹਿਤਕ ਸੱਥ ਜਾਂ ਪੰਜਾਬੀ ਅਕੈਡਮੀ ਵਲੋ ਕੋਈ ਮਾਣ-ਸਨਮਾਣ ਨਾ ਮਿਲਣ ਕਾਰਨ ਉਹ ਅੱਜ ਵੀ ਪੂਰੀ ਤਰ੍ਹਾਂ ਖਫਾ ਹੈ,ਅੱਜ ਉਸਨੂੰ ਸਹਾਇਤਾ ਦੀ ਲੋੜ ਹੈ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੂੰ ਵੀ ਚਾਹਿਦਾ ਹੈ ਕਿ ਪੰਜਾਬੀ ਬੋਲੀ ਦੀ ਅਣਥੱਕ ਸੇਵਾ ਕਰਨ ਵਾਲੇ ਇਸ ਮਹਾਨ ਲੇਖਕ ਦੀ ਅੱਜ ਵੱਧ ਤੋ ਵੱਧ ਮੱਦਦ ਕੀਤੀ ਜਾਵੇ ਤਾਂ ਕਿ ਉਹ ਪੰਜਾਬੀ ਸਾਹਿਤ ਵਿੱਚ ਪਾਏ ਗਏ ਆਪਣੇ ਯੋਗਦਾਨ ਤੋ ਪੂਰੀ ਤਰ੍ਹਾਂ ਸ਼ਤੁੰਸਟ ਹੋ ਸਕੇ ਅਤੇ ਜਿਨ੍ਹਾਂ ਹਾਲਾਤਾਂ ਵਿੱਚੋ ਨਿਕਲ ਕੇ ਉਸਨੇ ਪੰਜਾਬੀ ਸਾਹਿਤ ਦੀ ਸੇਵਾ ਕੀਤੀ ਹੈ ਉਸਦਾ ਵੀ ਮੁੱਲ ਮੋੜਿਆਂ ਜਾ ਸਕੇ।
ਜਗਤਾਰ ਸਮਾਲਸਰ,
ਮਾਰਫਤ ਭਾਰਤ ਪ੍ਰੋਪਰਟੀ ਨਜ਼ਦੀਕ ਬੱਸ ਸਟੈਡ ਏਲਨਾਬਾਦ,
ਜਿਲ੍ਹਾਂ ਸਿਰਸਾ ( ਹਰਿਆਣਾ )
ਸੰਪਰਕ ਨੰਬਰ-
094670-95953,
094662-95954
0 comments:
Speak up your mind
Tell us what you're thinking... !