ਗਾਇਕੀ ਕਿਸੇ ਭਖਵੇ ਭੇਸ ਅਤੇ ਤਪੱਸਿਆਂ ਦਾ ਦੂਜਾ ਨਾਮ ਹੈ। ਮਿਹਨਤ ਦੇ ਤਖ਼ਤ ਉੱਤੇ ਬੈਠ ਕੇ ਰਿਆਜ਼ ਦਾ ਪਾਠ ਕਰਨ ਵਾਲਾ ਗਲੇ ਨੂੰ ਮਿਸ਼ਰੀ ਦੀ ਪੁੱਠ ਚਾੜ੍ਹਨ ਵਾਲਾ ਅਤੇ ਸੰਗੀਤ ਦੀਆ ਸੱਤ ਸੁਰਾਂ ਵਿੱਚ ਆਪਣੇ -ਆਪਨੂੰ ਸਮਾ ਦੇਣ ਵਾਲਾ ਹੀ ਗਾਇਕੀ ਦੀਆ ਗੁੱਝੀਆਂ ਰਮਜ਼ਾ ਤੋ ਜਾਣੂੰ ਹੋ ਸਕਦਾ ਹੈ। ਇਹੋ ਜਿਹੀ ਗਾਇਕੀ ਦੇ ਨਾਵਲ ਦਾ ਇੱਕ ਸੁਨਹਿਰਾ ਪੰਨਾ ਹੈ ਗਾਇਕ ਦਲੇਰ ਪੰਜਾਬੀ, ਮਹਿਕਦੇ ਫੁੱਲਾਂ ਦੀ ਰਸਭਿੰਨੀ ਖੁਸ਼ਬੋ ਯਾਰਾਂ ਦਾ ਯਾਰ ਦਲੇਰ ਪੰਜਾਬੀ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਨਿੱਤ ਨਵੀਆਂ ਕਰੂੰਬਲਾਂ ਕੱਢ ਰਿਹਾ ਉਹ ਬੂਟਾ ਹੈ ਜਿਸਨੇ ਹਿਰਦੇ ਦੇ ਧੁਰ ਅੰਦਰੋ ਪੰਜਾਬੀ ਗਾਇਕੀ ਨੂੰ ਬਿਹਤਰੀਨ ਅਵਾਜ਼ ਰਾਹੀ ਬਿਹਤਰ ਸੰਗੀਤ ਅਤੇ ਬੋਲਾਂ ਰਾਹੀ ਲੋਕ ਗੀਤਾਂ ਜਿਹੇ ਗੀਤ ਦੇਣ ਦੀ ਚੇਸ਼ਟਾ ਪਾਲ ਰੱਖੀ ਹੈ। ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦੇ ਇਸ ਲਾਡਲੇ ਸ਼ਗਿਰਦ ਦਲੇਰ ਸਿੰਘ ਦਾ ਜਨਮ ਸਿਰਸਾ ਜਿਲ੍ਹੇ ਦੇ ਪਿੰਡ ਦਮਦਮਾ ਵਿਖੇ ਮਾਤਾ ਬਲਬੀਰ ਕੌਰ ਦੀ ਕੁੱਖੋ ਪਿਤਾ ਸੁਰਜੀਤ ਸਿੰਘ ਦੇ ਘਰ ਹੋਇਆ ਪਰ ਪੰਜਾਬੀ ਮਾਂ ਬੋਲੀ ਨੂੰ ਹਰ ਜਗ੍ਹਾਂ ਤੇ ਪੂਰੀ ਅਹਿਮੀਅਤ ਦੇਣ ਕਾਰਨ ਕੁਲਦੀਪ ਮਾਣਕ ਨੇ ਹੀ ਇਨ੍ਹਾਂ ਨੂੰ ਦਲੇਰ ਸਿੰਘ ਤੋ ਦਲੇਰ ਪੰਜਾਬੀ ਦਾ ਖਿਤਾਬ ਦਿੱਤਾ। ਸਕੂਲ ਦੇ ਸਮੇ ਤੋ ਹੀ ਬਾਲ ਸਭਾਵਾਂ ਵਿੱਚ ਗਾਉਣ ਤੋ ਸ਼ੁਰੂ ਹੋਇਆ ਗਾਇਕੀ ਦਾ ਸ਼ਫਰ ਅੱਜ ਪੂਰੇ ਜੋਬਨ ਤੇ ਜਾ ਪਹੁੰਚਿਆਂ ਹੈ। ਦਲੇਰ ਪੰਜਾਬੀ ਕੋਈ ਰਾਤੋ ਰਾਤ ਸਟਾਰ ਬਣਨ ਵਾਲਾ ਪੰਜਾਬੀ ਗਾਇਕ ਨਹੀ ਹੈ ਸਗੋ ਉਸਨੇ ਆਪਣੀ ਮਿਹਨਤ ਦੇ ਬਲਬੂਤੇ ਤੇ ਇਹ ਸਾਰੀ ਸ਼ੋਹਰਤ ਹਸਲ ਕੀਤੀ ਹੈ,ਦਲੇਰ ਪੰਜਾਬੀ ਨੂੰ ਸ਼ੁਰੂ ਤੋ ਹੀ ਕੁਲਦੀਪ ਮਾਣਕ ਦੇ ਗੀਤ ਸੁਣਨ ਦੀ ਸ਼ੌਕ ਸੀ ਅਤੇ ਇਹੀ ਸ਼ੌਕ ਉਸਨੂੰ ਪੰਜਾਬੀ ਗਾਇਕੀ ਵਿੱਚ ਖਿੱਚ ਲਿਆਇਆ। ਸ਼ੁਰੂ ਵਿੱਚ ਦਲੇਰ ਨੇ ਜਸਵੰਤ ਬਿੱਲਾ ਜੀ ਨੂੰ ਆਪਣਾ ਉਸਤਾਦ ਧਾਰਿਆ ਅਤੇ ਉਨ੍ਹਾਂ ਕੋਲੋ ਪੰਜਾਬੀ ਗਾਇਕੀ ਦੀਆ ਬਾਰੀਕੀਆ ਦੀ ਤਾਲੀਮ ਹਾਸਲ ਕੀਤੀ,ਉਸ ਤੋ ਬਾਅਦ 1990-91 ਵਿੱਚ ਦਲੇਰ ਪੰਜਾਬੀ ਨੇ ਕੁਲਦੀਪ ਮਾਣਕ ਦਾ ਅਜਿਹਾ ਪੱਲਾ ਫੜਿਆ ਕਿ ਉਹ ਮਾਣਕ ਦੇ ਅੰਤਿਮ ਸਮੇ ਤੱਕ ਨਾਲ ਰਿਹਾ, ਦਲੇਰ ਪੰਜਾਬੀ ਨੇ ਕੁਲਦੀਪ ਮਾਣਕ ਨਾਲ ਅਨੇਕਾਂ ਸਟੇਜਾਂ ਸਾਂਝੀਆ ਕੀਤੀਆ ਅਤੇ ਵਿਦੇਸ਼ੀ ਧਰਤੀ ਇੰਗਲੈਡ,ਜਰਮਨ,ਫਰਾਂਸ ਇਟਲੀ,ਬੈਲਜ਼ੀਅਮ,ਆਸਟਰੀਆ ਆਦਿ ਦੇਸ਼ਾ ਦੇ ਟੂਰ ਵੀ ਮਾਣਕ ਨਾਲ ਲਾਏ, ਕੁਲਦੀਪ ਮਾਣਕ ਨਾਲ ਐਨਾ ਲੰਮਾ ਸਮਾ ਬਿਤਾਉਣ ਕਾਰਨ ਹੀ ਉਸਨੇ ਮਾਣਕ ਤੋ ਪੰਜਾਬੀ ਗਾਇਕੀ ਦੀ ਹਰ ਬਾਰੀਕ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ ਕੀਤੀ ਇਹੀ ਕਾਰਨ ਹੈ ਕਿ ਅੱਜ ਦਲੇਰ ਪੰਜਾਬੀ ਦੀ ਅਵਾਜ਼ ਨੂੰ ਸੁਣਦਿਆ ਕੁਲਦੀਪ ਮਾਣਕ ਦੀ ਅਵਾਜ਼ ਦਾ ਭੁਲੇਖਾ ਪੈਦਾ ਹੈ। ਦਲੇਰ ਪੰਜਾਬੀ ਗਾਇਕੀ ਨੂੰ ਗੰਧਲਾ ਕਰਨ ਵਾਲੇ ਸੰਗੀਤ ਅਤੇ ਗੈਰ ਮਿਆਰੀ ਗੀਤਕਾਰੀ ਤੋ ਦੂਰ ਰਹਿ ਕੇ ਇੱਕ ਵਧੀਆ ਪੰਜਾਬੀ ਗਾਇਕੀ ਗਾਉਣ ਵਿੱਚ ਵਿਸ਼ਵਾਸ ਰੱਖਣ ਵਾਲਾ ਗਾਇਕ ਹੈ ਉਸਦਾ ਕਹਿਣਾ ਹੈ ਕਿ ਗੀਤ ਮਹਿਸੂਸ ਕਰਨ ਲਈ ਹੁੰਦਾ ਹੈ ਨਾ ਕਿ ਵੇਖਣ ਲਈ ਪੰਜਾਬੀ ਸੰਗੀਤ ਵਿੱਚ ਆ ਰਹੇ ਨਿਘਾਰ ਲਈ ਉਹ ਵੈਸਟਰਨ ਟੱਚ ਵਾਲੇ ਸੰਗੀਤ ਨੂੰ ਪੂਰੀ ਤਰ੍ਹਾਂ ਦੋਸ਼ੀ ਮੰਨਦਾ ਹੈ। ਬਿਨਾ ਸੰਗੀਤ ਦੀ ਤਾਲੀਮ ਹਾਸਲ ਕੀਤੇ ਤੋ ਪੰਜਾਬੀ ਗਾਇਕੀ ਵਿੱਚ ਘੁਸਪੈਠ ਕਰਨ ਵਾਲੇ ਗਾਇਕਾਂ ਦੇ ਉਹ ਸਖ਼ਤ ਖਿਲਾਫ ਹੈ ਉਸਦਾ ਕਹਿਣਾ ਹੈ ਕਿ ਸੁਰ ਵਿੱਚ ਗਾਉਣਾ ਹੀ ਸੰਗੀਤ ਦੀ ਸਭ ਤੋ ਵੱਡੀ ਕਦਰ ਹੈ ਦਲੇਰ ਪੰਜਾਬੀ ਦੀ ਲੇਟੈਸਟ ਕੈਸਿਟ ਘੋੜਾ ਮਰਦ ਬੁੜੇ ਨੀ ਹੁੰਦੇ ਜੇ ਮਿਲਦੀਆ ਰਹਿਣ ਖੁਰਾਕਾਂ ਅੱਜਕੱਲ ਮਾਰਕੀਟ ਵਿੱਚ ਪੂਰੇ ਧੜੱਲੇ ਨਾਲ ਚਲ ਰਹੀ ਹੈ, ਇਸ ਤੋ ਇਲਾਵਾ ਉਹ ਕੁਲਦੀਪ ਮਾਣਕ ਦੇ ਰੀਮਿਕਸ ਗੀਤਾਂ ਦੀਆ ਕੈਸਿਟਾ ਅਤੇ 5 ਮਲਟੀ ਕੈਸਿਟਾਂ ਅਤੇ ਧਾਰਮਿਕ ਕੈਸਿਟ ਰਾਜ ਕਰੇਗਾ ਖਾਲਸਾ ਵੀ ਪੰਜਾਬੀ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ ਜਲਦੀ ਹੀ ਦਲੇਰ ਪੰਜਾਬੀ ਦੇਵ ਥਰੀਕਿਆਂ ਵਾਲੇ ਦੀਆ ਲਿਖੀਆ ਕਲੀਆਂ ਦੀ ਕੈਸਿਟ ਵੀ ਪੰਜਾਬੀ ਸਰੋਤਿਆਂ ਦੇ ਸਨਮੁੱਖ ਕਰਨ ਜਾ ਰਿਹਾ ਹੈ। ਪੰਜਾਬੀ ਮਾਂ ਬੋਲੀ ਨੂੰ ਮਣਾ ਮੂੰਹੀ ਪਿਆਰ ਕਰਨ ਵਾਲੇ ਇਸ ਗਾਇਕ ਨੇ ਹਮੇਸ਼ਾ ਹੀ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਗੀਤ ਗਾਏ ਹਨ ਅੱਜਕੱਲ ਦੇ ਹਾਲਾਤਾਂ ਦੀ ਗੱਲ ਕਰਦਿਆ ਉਹ ਕੁੜੀਆਂ ਨੂੰ ਸੰਬੋਧਿਨ ਹੁੰਦਿਆ ਆਖਦਾ ਹੈ, ਮੂਰਤ ਵਰਗੀਏ ਕੁੜੀਏ ਨੀ ਬਚ ਬੁਰੇ ਹਾਲਾਤਾਂ ਤੋ, ਅੱਜ ਸਮਾਜ ਵਿੱਚ ਧੀਆਂ ਨੂੰ ਜਨਮ ਲੈਣ ਤੋ ਪਹਿਲਾ ਹੀ ਮਾਰ ਦਿੱਤਾ ਜਾਦਾ ਹੈ ਭਰੂਣ ਹੱਤਿਆ ਵਰਗੀ ਬੁਰਾਈ ਬਾਰੇ ਗੁਰਦਿਆਲ ਸ਼ੌਕੀ ਦਾ ਲਿਖਿਆ ਅਤੇ ਉਸਦਾ ਗਾਇਆ ਗੀਤ, ਮਾਏ ਨੀ ਮਾਏ ਮੈਨੂੰ ਕਹਿੰਦਾ ਮੇਰਾ ਮਾਹੀ ਜੇ ਤੂੰ ਜੰਮੀ ਹੋਰ ਧੀ ਤੈਨੂੰ ਦੇ ਦੂੰਗਾ ਤਲਾਕ,ਮੇਰੀ ਧੀ ਵਿੱਚ ਜਾਨ ਉਹਨੂੰ ਪੁੱਤ ਦੀ ਏ ਝਾਕ, ਕਾਫੀ ਮਕਬੂਲ ਹੋ ਚੁੱਕਿਆ ਹੈ,ਲੜਦਾ ਜੇ ਹੋਵੇ ਪੁੱਤ ਜੱਟ ਦਾ ਰੱਬ ਕਰੇ ਕੋਲ ਹਥਿਆਰ ਨਾ ਹੋਵੇ, ਪੈਸੇ ਦਾ ਨਾ ਕਰੀਓ ਗੁਮਾਨ ਮਿੱਤਰੋ,ਪਰ ਪੈਸੇ ਬਿਨਾ ਬਣਦੀ ਨਾ ਸ਼ਾਨ ਮਿੱਤਰੋ ਅਤੇ ਉਸਦਾ ਆਪਣਾ ਹੀ ਲਿਖਿਆ ਅਤੇ ਗਾਇਆ ਗੀਤ ਆਉਣਾ ਮਾਣਕ ਨੀ ਜੱਗ ਤੇ ਦੋਬਾਰਾ ਗੀਤ ਉਹਦੇ ਜਿੰਦਾ ਰਹਿਣਗੇ, ਦਲੇਰ ਪੰਜਾਬੀ ਦੇ ਗਾਏ ਹੋਰ ਮਸ਼ਹੂਰ ਗੀਤਾ ਵਿੱਚ ਸ਼ਾਮਲ ਹਨ। ਅੱਜਕੱਲ ਉਹ ਪੰਜਾਬੀ ਸੰਗੀਤ ਜਗਤ ਦੀ ਮੰਡੀ ਵਜ਼ੋ ਜਾਣੇ ਜਾਦੇ ਸ਼ਹਿਰ ਲੁਧਿਆਣਾ ਵਿਖੇ ਰਹਿਕੇ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਦਲੇਰ ਪੰਜਾਬੀ ਅੱਜ ਤੱਕ ਅਮਰੀਕ ਤਲਵੰਡੀ,ਧੀਰਾ ਗਿੱਲ ਬੁਲਾਰੇ ਵਾਲਾ,ਦੇਵ ਥਰੀਕਿਆ ਵਾਲਾ,ਲਖਵਿੰਦਰ ਬਾਜਵਾ,ਗੁਲਾਬ ਸਿੰਘ ਜਗਮਲੇਰਾ ਅਤੇ ਸ੍ਰੀ ਚੰਦ ਸ਼ੌਕੀ ਹਰੀਪੁਰਾ ਆਦਿ ਗੀਤਕਾਰਾਂ ਦੇ ਲਿਖੇ ਗੀਤ ਗਾਂ ਚੁੱਕਾ ਹੈ। ਸ਼ਾਲਾ ਪੰਜਾਬੀ ਮਾਂ ਬੋਲੀ ਦੇ ਇਸ ਸੱਚੇ ਸੁੱਚੇ ਗਾਇਕ ਦੀ ਉਮਰ ਢੇਰਾਂ ਲੰਮੀ ਹੋਵੇ ਤੇ ਦਲੇਰ ਪੰਜਾਬੀ ਸਦਾ ਪੰਜਾਬੀਅਤ ਦਾ ਝੰਡਾ ਬੁਲੰਦ ਕਰਦਾ ਰਹੇ ਇਹੀ ਸਾਡੀ ਦੁਆ ਹੈ।
ਜਗਤਾਰ ਸਮਾਲਸਰ,
ਮਾਰਫਤ ਭਾਰਤ ਪ੍ਰੋਪਰਟੀ,
ਨਜ਼ਦੀਕ ਬੱਸ ਸਟੈਡ ਏਲਨਾਬਾਦ,
ਜਿਲ੍ਹਾਂ ਸਿਰਸਾ ( ਹਰਿਆਣਾ )
ਸੰਪਰਕ ਨੰਬਰ- 094670-95953,
094662-95954


0 comments:
Speak up your mind
Tell us what you're thinking... !