ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਜੰਮੇ -ਜਾਏ ਪੰਜਾਬੀ ਜਿਥੇ ਆਪਣੀ ਬਹਾਦਰੀ , ਅਣਖ ਅਤੇ ਤਾਕਤ ਕਰਕੇ ਸੰਸਾਰ ਭਰ ’ਚ ਜਾਣੇ ਜਾਂਦੇ ਨੇ ,ਉਥੇ ਪੰਜਾਬੀ ਆਪਣੇ ਸਰੀਰ ਕਮਾਉਣ,ਖੇਡਾਂ ਅਤੇ ਯੁੱਧ ਦੇ ਮੈਦਾਨ ’ਚ ਆਪਣੀ ਤਾਕਤ ਦੇ ਜੌਹਰ ਦਿਖਾਉਣ ਲਈ ਮੰਨੇ ਜਾਂਦੇ ਨੇ। ਮਿਹਨਤਾਂ ਨਾਲ ਬਣਾਏ ਆਪਣੇ ਸਰੀਰ ਨੂੰ ਸਜਾਉਣਾ ਵੀ ਇਹਨਾਂ ਦੇ ਸ਼ੌਕ ’ਚ ਸ਼ਾਮਲ ਰਿਹਾ ਹੈ। ਮੇਲਿਆਂ ਮੁਸਾਹਬਿਆਂ ’ਤੇ ਜਾ ਕੇ ਗੱਭਰੂ ਫਰਕਦੇ ਡੌਲਿਆਂ ’ਤੇ ਮੱਛਲੀਆਂ ਖੁਣਵਾਉਂਦੇ,ਪੱਟਾਂ ’ਤੇ ਮੋਰਨੀਆਂ,ਗੁੱਟਾਂ ’ਤੇ ਬੰਦ ਬਣਵਾਉਂਦੇ ਦੇਖੇ ਜਾ ਸਕਦੇ ਸਨ। ਚੌੜੀਆਂ ਛਾਤੀਆਂ, ਫਰਕਦੇ ਡੌਲਿਆਂ ਅਤੇ ਮੂੰਗਲੀਆਂ ਵਰਗੇ ਪੱਟਾਂ ਵਾਲੇ ਗੱਭਰੂ ਜਦੋਂ ਖੇਡ ਮੈਦਾਨ ’ਚ ਪੈਲਾਂ ਪਉਂਦੇ ਤਾਂ ਦੇਖਣ ਵਾਲੇ ਅਸ਼ -ਅਸ਼ ਕਰ ਉੱਠਦੇ । ਹੌਲੀ -ਹੌਲੀ ਇਹ ਸ਼ੌਕ ਆਮ ਹੁੰਦਾ ਗਿਆ , ਹਰ ਗੱਭਰੂ ਚੜ੍ਹਦੀ ਉਮਰੇ ਬੜੇ ਚਾਅ ਨਾਲ ਆਪਣੇ ਸਰੀਰ ’ਤੇ ਕੋਈ ਨਾ ਕੋਈ ਚਿੰਨ੍ਹ ਖੁਣਵਾਉਣਾ ਆਪਣਾ ਹੱਕ ਸਮਝਦਾ, ਮੁਟਿਆਰਾਂ ਵੀ ਪਿੱਛੇ ਨਹੀਂ ਸਨ ਰਹਿੰਦੀਆਂ , ਉਹ ਵੀ ਆਪਣੀ ਠੋਡੀ ’ਤੇ ਪੰਜ ਦਾਣਾ, ਤਿੰਨ ਦਾਣਾ ਜਾਂ ਤਿਲ ਬਣਵਾ ਲੈਂਦੀਆਂ , ਕਈ ਆਪਣੇ ਪਿਆਰੇ ਦਾ ਨਾਮ ਆਪਣੀ ਗੋਰੀ ਵੀਣੀ ’ਤੇ ਲਿਖਵਾ ਕੇ ਸੱਚੇ ਪਿਆਰ ਦਾ ਇਜ਼ਹਾਰ ਕਰਦੀਆਂ, ਕਈ ਮੱਥੇ ’ਤੇ ਚੰਦ ਖੁਣਵਾ ਕੇ ਆਪਣੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਦੀ ਕੋਸ਼ਿਸ਼ ਕਰਦੀਆਂ। ਬਹੁਤੀ ਵਾਰ ਗੱਭਰੂ ਵੀ ਆਪਣੀ ਬਾਂਹ ’ਤੇ ਆਪਣੇ ਸੁਪਨਿਆਂ ਦੀ ਰਾਣੀ ਦਾ ਛੋਟਾ ਨਾਮ ( ਨਿੱਕ ਨੇਮ ) ਖੁਣਵਾ ਲੈਂਦੇ । ਕਈ ਵਾਰੀ ਬੇਬੇ -ਬਾਪੂ ਦੀਆਂ ਝਿੜਕਾਂ ਵੀ ਸਹਿਣੀਆਂ ਪੈਂਦੀਆਂ ਤੇ ਦਰਦ ਵੱਖਰਾ ਸਹਿਣਾ ਪੈਂਦਾ ਸੀ। ਸ਼ਾਇਦ ਇਸੇ ਕਰਕੇ ਕਿਸੇ ਸ਼ਾਇਰ ਨੇ ਲਿਖਿਆ ਹੈ ,‘ਠੋਡੀ ’ਤੇ ਤਿਲ ,ਤੇਰੀ ਬਾਂਹ ’ਤੇ ਮੋਰਨੀ ...ਨੀ ਤੂੰ ਮੱਥੇ ਉੱਤੇ ਚੰਦ ਖੁਣਵਾਈ ਫਿਰਦੀ ਨੀ ਵਣਜਾਰਨ ਕੁੜੀਏ , ਜਾਂ ਫਿਰ ਪੱਟ ਮੁੰਨ ਕੇ ਮੋਰਨੀ ਪਾਈ ਫਿਰਦਾ ,ਵੀਣੀ ਉਤੇ ਸੋਹਣਿਆਂ ਵੇ ਤੇਰਾ ਨਾਂ ਲਿਖਵਾ ਲਿਆ,ਪੰਜਾਬ ’ਚ ਲੱਗਦੇ ਮੇਲਿਆਂ ’ਤੇ ਖੁਣਨ ਵਾਲੇ ਅਤੇ ਆਪਣੇ ਸ਼ੌਕ ਦੀ ਪੂਰਤੀ ਕਰਨ ਵਾਲਿਆਂ ਦੀਆਂ ਭੀੜਾਂ ਆਮ ਹੀ ਇਹਨਾਂ ਦੁਆਲੇ ਆਮ ਹੀ ਵੇਖੀਆਂ ਜਾ ਸਕਦੀਆਂ ਸਨ।
ਅੱਜ -ਕੱਲ੍ਹ ਜ਼ਿਆਦਾਤਰ ਨੌਜਵਾਨ ਗੱਭਰੂਆਂ ਅਤੇ ਮੁਟਿਆਰਾਂ ’ਚ ਆਪਣੇ ਸਰੀਰ ਦੇ ਵੱਖ -ਵੱਖ ਹਿੱਸਿਆਂ ’ਤੇ ਟੈਟੂ ਬਣਵਾਉਣ ਦਾ ਸ਼ੌਕ ਜਨੂਨ ਬਣਦਾ ਜਾ ਰਿਹਾ ਹੈ । ਖਾਸ ਕਰ ਕਾਲਜੀਂ ਪੜ੍ਹਦੇ ਨੌਜਵਾਨ ਮੁੰਡੇ ਕੁੜੀਆਂ ਇਸਦਾ ਸ਼ਿਕਾਰ ਹੋ ਰਹੇ ਹਨ। ਟੈਟੂ ਬਣਾਉਣ ਤੋਂ ਭਾਵ ਅਸਲ ’ਚ ਸਰੀਰ ’ਤੇ ਸੂਈ ਨਾਲ ਚਮੜੀ ਨੂੰ ਖੁਣ(ਖੁਣਵਾਉਣਾ ) ਕੇ ਕੋਈ ਨਿਸ਼ਾਨ ਬਣਵਾਉਣਾ ਹੈ । ਭਾਵੇਂ ਪੰਜਾਬ ’ਚ ਇਹ ਸ਼ੌਕ ਕੋਈ ਨਵਾਂ ਨਹੀਂ ਪਰ ਇਹਨੀਂ ਦਿਨੀਂ ਇਸ ਵਿਧੀ ਨਾਲ ਬਣਾਏ ਜਾਣ ਵਾਲੇ ਟੈਟੂਆਂ ਦੀ ਸ਼ਕਲ ਅਤੇ ਥਾਂ ਬਦਲਦੀ ਜਾ ਰਹੀ ਹੈ । ਕਈ ਸਮਾਂ ਸੀ ਜਦੋਂ ਮੁਟਿਆਰਾਂ ਆਪਣੀ ਠੋਢੀ ’ਤੇ ਤਿਲ , ਤਿੰਨ ਦਾਣਾ ਜਾਂ ਪੰਜ ਦਾਣਾ ਖੁਣਵਾਉਵੀਆਂ ਸਨ , ਆਪਣੀ ਸੁੰਦਰਤਾ ਨੂੰ ਚਾਰ -ਚੰਨ ਲਾਉਣ ਲਈ ਮੱਥੇ ’ਤੇ ਚੰਨ ਬਣਵਾਉਂਦੀਆਂ ਸਨ ਜਾਂ ਫਿਰ ਆਪਣੀ ਵੀਣੀ ’ਤੇ ਕੋਈ ਨਾਮ ਲਿਖਵਾ ਲੈਂਦੀਆਂ ਸਨ, ਪਰ ਅੱਜ ਕੱਲ੍ਹ ਜਿਥੇ ਟੈਟੂਆਂ ਦਾ ਸਰੂਪ ਬਦਲ ਗਿਆ ਹੈ ਉਥੇ ਇਸ ਨੂੰ ਖੁਣਵਾਉਣ ਦੇ ਥਾਂ ਵੀ ਬਦਲ ਗਏ ਹਨ। ਅੱਜ ਕੱਲ੍ਹ ਨੌਜਵਾਨਾਂ ਅਤੇ ਮੁਟਿਆਰਾਂ ’ਚ ਸੰਸਾਰ ਪੱਧਰ ’ਤੇ ਸਰੀਰ ਦੇ ਵੱਖ -ਵੱਖ ੋਿਹੱਸਿਆਂ ’ਤੇ ਟੈਟੂ ਬਣਾਉਣ ਦਾ ਸ਼ੌਕ ਜ਼ੋਰ ਫੜ ਰਿਹਾ ਹੈ, ਇਥੇ ਹੀ ਬੱਸ ਨਹੀਂ ਕਈ ਵਾਰ ਤਾਂ ਇਹਨਾਂ ਟੈਟੂਆਂ ਨੂੰ ਦਿਖਾਉਣ ਲਈ ਇਹ ਵਿੰਗੇ ਟੇਢੇ ਕੱਪੜੇ ਪਾ ਕੇ ਸਰੀਰ ਦੀ ਨੁਮਾਇਸ਼ ਕਰਦੀਆਂ ਨੇ ਜੋ ਬਹੁਤੀ ਵਾਰ ਮਜ਼ਾਕ ਦਾ ਕਾਰਣ ਬਣ ਜਾਂਦਾ ਹੈ ।
ਡੌਲਿਆਂ ’ਤੇ ਸ਼ੇਰ , ਖੰਡੇ ਖੁਣਵਾਉਣਾ ਅੱਜ ਵੀ ਨੌਜਵਾਨਾਂ ਦਾ ਮਨਭਾਉਂਦਾ ਸ਼ੌਕ ਹੈ । ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਨਿਸ਼ਾਨ ਆਮ ਹੀ ਨੌਜਵਾਨਾਂ ਦੇ ਡੌਲਿਆਂ ਤੋਂ ਇਲਾਵਾ ਸਰੀਰ ਦੇ ਹੋਰ ਕਈ ਹਿੱਸਿਆਂ ’ਤੇ ਦੇਖੇ ਜਾ ਸਕਦੇ ਹਨ। ਨਾਮਵਰ ਗੀਤਕਾਰ ਦੇਵ ਥਰੀਕਿਆਂ ਵਾਲੇ ਦਾ ਕਹਿਣਾ ਹੈ ਕਿ ਇਹ ਠੀਕ ਹੈ ਕਿ ਟੈਟੂ ਖੁਣਵਾਉਣਾ ਮੁੱਢ ਕਦੀਮ ਤੋਂ ਗੱਭਰੂਆਂ ਮੁਟਿਆਰਾਂ ਦਾ ਸ਼ੌਕ ਰਿਹਾ ਹੈ ,ਪਰ ਜੁਆਨੀ ਦੇ ਜੋਸ਼ ’ਚ ਖੁਣਵਾਏ ਟੈਟੂ ਬੁਢਾਪੇ ’ਚ ਜਿਥੇ ਜੁਆਨੀ ’ਚ ਪੂਰੇ ਸ਼ੌਕ ਦੀ ਗਵਾਹੀ ਭਰਦੇ ਹਨ ਜਦੋਂ ਪਿਛਲੀ ਉਮਰੇ ਸਰੀਰ ਦੇ ਢਲਣ ਨਾਲ ਮੱਥੇ ’ਤੇ ਖੁਣਵਾਇਆ ਚੰਨ ਮੱਸਿਆ ਦਾ ਚੰਨ ਲੱਗਣ ਲੱਗ ਜਾਂਦਾ , ਪੱਟ ’ਤੇ ਪਾਈਆਂ ਮੋਰਨੀਆਂ ਵੀ ਉਦਾਸੀਆਂ-ਉਦਾਸੀਆਂ ਲੱਗਦੀਆਂ ਹਨ, ਸ਼ੇਰ ਵੀ ਢਿੱਲੇ -ਢਿੱਲੇ ਤੇ ਬਿਮਾਰ ਨਜ਼ਰ ਆਉਂਦੇ ਹਨ। ਕਈ ਵਿਚਾਰੇ ਜਵਾਨੀ ਦੀਆਂ ਇਹਨਾਂ ਨਿਸ਼ਾਨੀਆਂ ਨੂੰ ਆਪਣੇ ਪੋਤੇ- ਪੋਤੀਆਂ ,ਦੋਹਤੇ- ਦੋਹਤੀਆਂ ਤੋਂ ਇਹਨਾਂ ਨੂੰ ਲੁਕਾਉਂਦੇ ਫਿਰਦੇ ਨੇ। ਪਰ ਜੁਆਨੀ ਵੇਲੇ ਦੀਆਂ ਇਹ ਨਿਸ਼ਾਨੀਆਂ ਸਿਵਿਆਂ ਤੱਕ ਨਾਲ ਹੀ ਜਾਂਦੀਆਂ ਨੇ। ਇਥੇ ਦੱਸਣਯੋਗ ਹੈ ਕਿ ਇਹਨਾਂ ਟੈਟੂਆਂ ਪਿਛਲੇ ਦਿਨੀਂ ਪੰਜਾਬ ’ਚ ਵੱਖ -ਵੱਖ ਥਾਵਾਂ ਹੋਈ ਫੌਜ ਅਤੇ ਪੁਲਿਸ ਦੀ ਭਰਤੀ ’ਚ ਅਯੋਗ ਵੀ ਠਹਿਰਾਏ ਜਾ ਚੁੱਕੇ ਹਨ। ਉਥੇ ਹੀ ਇਹਨਾਂ ਟੈਟੂਆਂ ਨੂੰ ਖੁਣਵਾਉਣ ਸਮੇਂ ਇੱਕੋ ਸੂਈ ਵਾਰ ਵਾਰ ਵਰਤੇ ਜਾਣ ਕਾਰਨ ਕਈ ਵਾਰ ਬਿਮਾਰੀ ਫੈਲਣ ਦਾ ਕਾਰਨ ਵੀ ਬਣ ਜਾਂਦਾ ਹੈ । ਇਹ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਜਵਾਨੀ ਦੇ ਸੂਰਜ ਨੇ ਇੱਕ ਨਾ ਇੱਕ ਦਿਨ ਢਲਣਾ ਜ਼ਰੂਰ ਹੈ ਤੇ ਫਿਰ ਇਹ ਟੈਟੂ ਕਿਹੋ ਜਿਹੇ ਨਜ਼ਰ ਆਉਣਗੇ ਇਹ ਅੰਦਾਜ਼ਾ ਲਾ ਲੈਣਾ ਵੀ ਜ਼ਰੂਰੀ ਹੈ ਤਾਂ ਕਿ ਅੰਤ ਨੂੰ ਪਛਤੳਾਣਾ ਪਵੇ ਗੁਰਬਾਣੀ ਦਾ ਫੁਰਮਾਨ ਹੈ ਐਸਾ ਕੰਮ ਮੂਲ ਨਾ ਕੀਚੈ ਜਿਤ ਅੰਤ ਪਛੋਤਾਈਏ ।
ਪਰਮਜੀਤ ਸਿੰਘ ਪੰਮੀ
01619417855275


0 comments:
Speak up your mind
Tell us what you're thinking... !