Headlines News :
Home » » ਸਿਆਣਾ ਕੌਣ - ਅੰਮ੍ਰਿਤ ਰਾਏ (ਪਾਲੀ)

ਸਿਆਣਾ ਕੌਣ - ਅੰਮ੍ਰਿਤ ਰਾਏ (ਪਾਲੀ)

Written By Unknown on Thursday, 24 October 2013 | 05:18

 ਦੁਪਹਿਰ ਦੇ ਵੱਕਤ ਪਾਲੀ ਦੀ ਮਾਂ ਡੰਗਰਾਂ ਦੀ ਟੁੱਟੀ-ਭੱਜੀ ਖੁਰਲੀ ਸਵਾਰ ਰਹੀ ਸੀ। ਪਾਲੀ ਨੇ ਮਾਂ ਨੂੰ ਆਖਿਆ,"ਮਾਂ ਇਹ ਤਾਂ ਕੱਲ੍ਹ
ਰਹਿਣੀ ਨਹੀਂ।" ਮਾਂ ਗੁੱਸੇ ਨਾਲ ਬੋਲੀ,"ਇਨ੍ਹਾਂ ਖੋਲੀਆਂ ਨੂੰ ਵੇਚਿਆ ਸਾੜਿਆ ਨਹੀਂ ਜਾਂਦਾ। ਝੋਟੇ ਰੱਖ ਕੇ ਕੀ ਕਰਨੇ।" ਸ਼ਾਮ ਹਨੇਰਾ ਹੁੰਦਿਆਂ ਹੀ ਝੋਟੀ ਨੇ ਸਿੰਗ ਮਾਰ ਕੇ ਖੁਰਲੀ ਦੀ ਇੱਕ ਗੁੱਠ ਭੰਨ ਦਿੱਤੀ। ਪਾਲੀ ਮੁਸਕਰਾਉਂਦਾ ਝੱਟ ਬੋਲ ਪਿਆ,"ਮਾਂ ਖੁਰਲੀ।"
ਮਾਂ ਅਣ-ਦੇਖਿਆ ਹੀ ਕਹਿੰਦੀ,"ਖਸਮਾਂ ਨੂੰ ਖਾਣ।"
                        ਕੁੱਝ ਦਿਨ ਤੱਕ ਉਸੇ ਟੁੱਟੀ ਖੁਰਲੀ ਨੂੰ ਮਾੜੀਆਂ-ਮੋਟੀਆਂ ਇੱਟਾਂ ਜੋੜ ਕੇ ਗੁਜ਼ਾਰ ਹੋ ਜਾਣ ਬਾਅਦ ਪਾਲੀ ਦੀ ਮਾਂ ਫਿਰ ਬੱਠਲ ਚੁੱਕੀ ਘਾਣੀ ਖੁਰਲੀ ਵੱਲ ਲੈ ਚੱਲੀ ਸੀ। ਦੁਪਹਿਰ ਦੀ ਧੁੱਪ ਨਾਲ ਪਸੀਨਾ ਆਉਣਾ ਸੁਭਾਵਿਕ ਸੀ। ਪਾਲੀ ਮਾਂ ਨੂੰ ਪਸੀਨੇ ਨਾਲ ਡੁੱਬੀਂ ਖੁਰਲੀ ਲਿੱਪਦੀ ਨੂੰ ਕਹਿੰਦਾ ,"ਮਾਂ ਤੂੰ ਅੱਜ ਫਿਰ ਲੱਗ ਪਈ ,ਸ਼ਾਮ ਨਹੀਂ ਹੋਣੀ ਤੇ ਖੁਰਲੀ ਪਹਿਲਾ ਹੀ ਟੁੱਟ ਜਾਵੇਗੀ।" ਪਾਲੀ ਦੀ ਮਾਂ ਗਰਮੀ ਤੋਂ ਪਹਿਲਾਂ ਹੀ ਪਰੇਸ਼ਾਨ ਸੀ ਤੇ ਉਤੋਂ ਪਾਲੀ ਉਸਨੂੰ ਮਖੌਲ ਕਰੀ ਜਾਂਦਾ ਸੀ। ਉਹਨੇ ਆਪਣੇ ਸਿਰ ਦੇ ਲੀਗੜੇ ਨਾਲ ਮੂੰਹ ਪੂੰਝਦੀ ਨੇ ਪਾਲੀ ਦੀ ਝਾੜ ਲਾਹ ਦਿੱਤੀ। ਪਾਲੀ ਮਾਂ ਤੋਂ ਖਰੀਆਂ-ਖਰੀਆਂ ਗੱਲਾਂ ਸੁਣ ਕੇ ਅੰਦਰ ਕਿਤਾਬ ਪੜ੍ਹਨ ਬੈਠ ਗਿਆ। ਦੂਜੇ ਦਿਨ ਸਵੇਰ ਪਾਲੀ ਦੀ ਮਾਂ ਜਦੋਂ ਖੁਰਲੀ ਚ ਡੰਗਰਾਂ ਦੇ ਪੱਠੇ ਪਾਣ ਗਈ ਦੇਖਿਆ ਖੁਰਲੀ ਦਾ ਸਤਿਆਨਾਸ ਹੋਇਆ
ਪਿਆ ਸੀ। ਉਹ ਬੜੇ ਗੁੱਸੇ ਚ ਕਹਿੰਦੀ,"ਕੰਜਰਾਂ ਦੀਆਂ ਨੇ ਵੇਖੋ ਖੁਰਲੀ ਦਾ ਕੀ ਹਾਲ ਕਰ ਦਿੱਤਾ ਏ।"
                         ਚਾਰ-ਪੰਜ ਦਿਨ ਲੰਘ ਗਏ। ਖੁਰਲੀ ਨੂੰ ਕਿਸੇ ਵੀ ਹੱਥ ਨਾ ਲਾਇਆ। ਪਾਲੀ ਦੀ ਮਾਂ ਘਰਦਿਆ ਅਤੇ ਡੰਗਰਾਂ ਉੱਤੇ ਗੁੱਸੇ ਹੋਈ ਜਾਂਦੀ ਸੀ। ਉਹ ਫਿਰ ਘਾਣੀ ਦਾ ਬੱਠਲ ਲਿਜਾ ਕੇ ਖੁਰਲੀ ਲਿੱਪਣ ਲੱਗ ਪਈ ,ਪਾਲੀ ਦੀ ਨਿੱਕੀ ਭੈਣ ਦੇ ਮੂੰਹੋਂ
ਗੱਲ ਨਿਕਲ ਗਈ,"ਵੀਰੇ ਮਾਂ ਦੀ ਮੇਹਨਤ ਅੱਜ ਵੀ ਬੇਕਾਰ ਜਾਵੇਗੀ।" "ਅੱਗ ਲਾਵਾਂ ਮੈਂ...।",ਅੱਗੋਂ ਮਾਂ ਬੋਲੀ। ਪਾਲੀ ਤੇ ਨਿੱਕੀ ਭੈਣ ਚੁੱਪ ਕਰਕੇ ਬਹਿ ਗਏ।
                         ਕਈ ਦਿਨ ਬੀਤ ਗਏ ਪਰ ਡੰਗਰਾਂ ਨੇ ਖੁਰਲੀ ਨੂੰ ਜ਼ਰਾ ਵੀ ਨਹੀਂ ਹਿਲਾਇਆ ਸੀ। ਪਾਲੀ ਪੱਠੇ ਕੁਤਰਣ ਤੋਂ ਬਾਅਦ ਆਪਣੀ ਮਾਂ ਤੋਂ ਗੱਲਾਂ-ਗੱਲਾਂ ਚ ਪੁੱਛਣ ਲੱਗਾ,"ਮਾਂ, ਅੱਜ ਦੇ ਸਮੇਂ ਚ ਤਾਂ ਬੰਦੇ ਨਾਲੋਂ ਜਾਨਵਰ ਚੰਗੇ ਨੇ ਜੋ ਬੰਦੇ ਦੀ
ਪਛਾਣ ਰਖਦੇ ਹਨ।" ਪਾਲੀ ਦੀ ਮਾਂ ਨੇ ਹੋਲੀ ਜਿਹੀ ਕਿਹਾ,"ਹਾਂ ਪੁੱਤ।" "ਮਾਂ! ਦੇਖ ਤੂੰ ਖੁਰਲੀ ਨੂੰ ਵਾਰ-ਵਾਰ ਬਣਿਆ ਤੇ ਮੱਝਾਂ ਨੇ ਢਾਇਆ। ਪਰ ਜਦੋਂ ਉਹਨਾਂ ਦੇਖਿਆ ਕੀ ਪਾਲੀਦੀ ਮਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਗਰਮੀ ਚ ਤਾਂ ਉਹਨਾਂ ਦੁਬਾਰਾ ਖੁਰਲੀ ਨੂੰ
ਹਿਲਾਇਆ ਵੀ ਨਹੀਂ।" ਪਾਲੀ ਥੋੜਾ ਚਿਰ ਰੁਕ ਕੇ ਫਿਰ ਬੋਲੀਆਂ। ਪਾਲੀ ਦੀ ਮਾਂ ਨੇ ਚੁੱਲ੍ਹੇ ਤੇ ਬੈਠਦੀ ਨੇ ਪਾਲੀ ਨੂੰ ਕਿਹਾ,"ਦੇਖ ਪੁੱਤਰਾ! ਡੰਗਰ ਤਾਂ ਸਾਡਾ ਦੁੱਖ-ਸੁੱਖਪਛਾਣ ਜਾਂਦੇ ਹਨ, ਪਰ ਬੰਦਾ ਹੀ ਏ ਆਪਣੀ ਜਿੱਦ ਨਹੀਂ ਛੱਡਦਾ। ਉਹ ਤਾਂ ਆਪਣੀ ਜਿੱਦ ਨੂੰ
ਜਿੱਤ ਸਮਝਦਾ ਹੈ। ਆ ਵੇਖ ਤੇਰੇ ਬਾਪੂ ਨੂੰ ਕਿੰਨੀ ਵਾਰ ਆਖਿਆ ਆਪਾਂ ਸ਼ਰੀਕੇ ਨਾ ਮੱਥਾ ਲਾਉਣ ਜੋਗੇ ਨਹੀਂ । ਕਿੱਥੇ ਕੋਈ ਗੱਲ ਮੰਨਦਾ ਏ। ਹੁਣ ਤੂੰ ਈ ਦੱਸ ਪੁੱਤਰਾ ਸਾਡੇ ਚੋਂ ਸਿਆਣਾ ਕੌਣ ਅਸੀਂ ਜਾਂ ਡੰਗਰ?" ਪਾਲੀ ਮਾਂ ਦੀ ਗੱਲ ਸੁਣ ਕੇ ਸੋਚਦਾ ਹੋਇਆ ਚੁੱਪ-ਚਾਪ ਉੱਠ ਗਿਆ।





ਅੰਮ੍ਰਿਤ ਰਾਏ (ਪਾਲੀ)
ਫ਼ਾਜ਼ਿਲਕਾ






Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template