Headlines News :
Home » » ਪੰਜਾਬ ਤੇਰਾ ਕੀ ਬਣੂੰ - ਯਾਦਵਿੰਦਰ ਸਫੀਪੁਰ

ਪੰਜਾਬ ਤੇਰਾ ਕੀ ਬਣੂੰ - ਯਾਦਵਿੰਦਰ ਸਫੀਪੁਰ

Written By Unknown on Thursday, 24 October 2013 | 05:28

                      ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਵਿੱਚ ਬੇਕਾਰੀ ਵਧੇਰੇ ਗਰੀਬੀ ਪੈਦਾ ਕਰ ਰਹੀ ਹੈ। ਗਰੀਬੀ ਕਾਰਨ ਸਿਹਤ ਅਤੇ ਵਿੱਦਿਆ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਵਿੱਚ ਕਿਰਤੀ ਵਰਗ ਪਛੜ ਰਿਹਾ ਹੈ। ਲੋਕਾਂ ਦੇ ਦੁੱਖਾਂ ਦਾ ਵਾਧਾ ਉਹਨਾਂ ਨੂੰ ਧਾਰਮਿਕਤਾ ਤੇ ਅੰਧ ਵਿਸ਼ਵਾਸ ਦੀ ਦਲਦਲ ਵਿੱਚ ਧੱਕ ਰਿਹਾ ਹੈ। ਧੁੰਦਲਾ ਭਵਿੱਖ ਨਜ਼ਰ ਆਉਣ ਕਾਰਨ ਮੁਸ਼ਕਲਾਂ ਦੇ ਪਦਾਰਥਕ ਹੱਲ ਕੱਢਣ ਦੀ ਜਗਾ ਲੋਕਾਂ ਦਾ ਢਾਰਸ ਤੇ ਸਿਮਰਨ ਵੱਲ ਝੁਕਾਅ ਹੋ ਰਿਹਾ ਹੈ। ਪੰਜਾਬ ਅੰਦਰ ਲੋਕਾਂ ਵਿੱਚ  ਚੇਤੰਨਤਾ ਦੀ ਘਾਟ, ਵਿਰੋਧ ਵਿਕਾਸੀ ਸਮਝ ਦੀ ਅਣਹੋਂਦ ਅਤੇ ਵਧੇਰੇ ਕਰਕੇ ਪੈਸੇ ਦੀ ਇਛੁੱਕ ਵਿਉਂਤ ਕਾਰਨ ਆਪਾਧਾਪੀ, ਨਸ਼ੇ, ਨਫਰਤ (ਨਸਲੀ, ਜਾਤੀ, ਧਾਰਮਿਕ ਇਲਾਕਾਈ ਤੇ ਭਾਸਾਈ) ਵੱਧ ਰਹੀ ਹੈ। ਪੰਜਾਬ ਦੇ ਲੋਕਾਂ ਦੀਆਂ ਸਮਾਜਿਕ ਹਾਲਤਾਂ ਇੱਕੋ ਸਮਂੇ ਦੋ ਵਿਰੋਧੀ ਹਿੱਤਾਂ ਦੀ ਤਰਜਮਾਨੀ ਕਰਦੀਆਂ ਦੋ ਪ੍ਰਮੁੱਖ ਸੋਚਾਂ ਵਜਂੋ ਉਭਰ ਰਹੀਆ ਹਨ। ਖਾੜਕੂਵਾਦ ਦੇ ਖਾਤਮੇ ਤੋ ਬਾਅਦ ਸਮਾਜਿਕ ਵਿਕਾਸ ਦੇ ਅਮਲ ਵਿੱਚ ਇਨਾਂ ਦੋ ਮੁੱਖ ਸੋਚਾਂ ਦੀ ਭੂਮਿਕਾ ਪੰਜਾਬ ਦੇ ਲੋਕਾਂ ਦਾ ਭਵਿੱਖ ਤੈਅ ਕਰਨ ਲਈ ਫੈਸਲਾਕੁੰਨ ਸਾਬਤ ਹੋ ਰਹੀ ਹੈ ਤੇ ਹੋਵੇਗੀ। ਦੇਸ਼ ਵਿੱਚ ਪੂੰਜੀ ਦੇ ਵੱਧ ਰਹੇ ਕੇਂਦਰੀਕਰਨ ਕਾਰਨ ਪੰਜਾਬ ਦੇ ਕਿਸਾਨਾਂ ਕੋਲ ਜਮੀਨ ਦਾ ਰਕਬਾ ਘੱਟ ਹੁੰਦਾ ਜਾ ਰਿਹਾ ਹੈ। ਜਮੀਨਾਂ ਕੁੱਝ ਕੁ ਹੱਥਾਂ ਜਾਂ ਕੰਪਨੀਆਂ ਕੋਲ ਇਕੱਠੀਆਂ ਹੁੰਦੀਆ ਜਾ ਰਹੀਆ ਹਨ। ਜਿਨਾਂ ਮੱਧ ਵਰਗ ਤੇ ਗਰੀਬ ਲੋਕਾਂ ਕੋਲ ਉਪਜੀਵਕਾ ਦੇ ਆਪਣੇ ਵਸੀਲੇ ਨਹੀਂ ਹਨ, ਉਨਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਪੰਜਾਬ ਦੇ ਮਜਦੂਰ ਜੋ ਆਪਣੀ ਮਿਹਨਤ ਸ਼ਕਤੀ ਰਾਹੀ ਕਿਰਤ ਕਰਕੇ ਜਿਊਂਦੇ ਹਨ, ਉਨਾਂ ਨੂੰ ਸਰਕਾਰ ਦੀ ਉਨਤੀ ਪੈਦਾਵਾਰ ਤਕਨੀਕ ਨੇ ਪੈਦਾਵਾਰ ਵਿੱਚੋ ਬਾਹਰ ਕਰਨ ਦੀ ਤੇਜ਼ੀ ਫੜ ਲਈ ਹੈ। ਇਨਾਂ ਵਿੱਚ ਵਿਸ਼ੇਸ ਤੌਰ ਤੇ ਉਹ ਨੌਜਵਾਨ ਕਾਮੇ ਹਨ, ਜਿਨਾਂ ਨੂੰ ਸਵੈਇਛੁੱਕ ਜਿੰਦਗੀ ਸ਼ੁਰੂ ਕਰਨ ਤਂੋ ਪਹਿਲਾ ਹੀ ਕੰਮ ਤੋ ਜਵਾਬ ਕਾਰਨ, ਵਾਧੂ ਕਾਮਿਆਂ ਵਜੋ ਹਨੇਰੇ ਭਵਿੱਖ ਵਿੱਚ ਸੁੱਟ ਦਿੱਤਾ ਹੈ। ਦੂਜੇ ਨੰਬਰ ’ਤੇ ਉਹ ਲੋਕ ਮੱਧ ਵਰਗੀ ਕਿਸਾਨ, ਨੌਕਰੀ ਪੇਸ਼ਾ, ਦੁਕਾਨਦਾਰ, ਛੋਟੇ ਕਾਸ਼ਤਕਾਰ ਹਨ, ਜਿਨਾਂ ਪਾਸ ਉਪਜੀਵਕਾ ਦੇ ਆਪਣੇ ਛੋਟੇ ਮੋਟੇ ਵਸੀਲੇ ਹਨ, ਪਰ ਉਹ ਜਿੰਦਗੀ ਜਿਊਣ ਲਈ ਕਾਫੀ ਨਹੀ ਹਨ। ਸੂਬੇ ਅੰਦਰ ਨਿੱਤ ਦਿਨ ਸੱਤਧਾਰੀ ਤੇ ਵਿਰੋਧੀ ਧਿਰ ਕਾਂਗਰਸ ਦੀ ਰਾਜਨੀਤਕ ਮੁਕਾਬਲੇਬਾਜ਼ੀ ਕਾਰਨ ਇਹ ਲੋਕ ਆਰਥਿਕ ਤੇ ਸਮਾਜਿਕ ਤੌਰ ’ਤੇ ਖੁਰ ਰਹੇ ਹਨ। ਇਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਵਧੇਰੇ ਸਤਾ ਰਹੀ ਹੈ। ਇਹ ਵਰਗ ਚੋਣਾਂ ਦੌਰਾਨ ਨਸ਼ਿਆਂ ਤੇ ਧਨ ਰਾਹੀ ਵਧੇਰੇ ਵਰਗਲਾਇਆ ਜਾਣ ਵਾਲਾ ਹੈ ਤੇ ਸੱਤਾ ਵਿੱਚ ਆਉਣ ਤੋ ਬਾਅਦ ਸਰਕਾਰ ਦੇ ਸ਼ੋਸ਼ਣ ਦਾ ਸ਼ਿਕਾਰ ਵੀ ਹੁੰਦਾ ਹੈ। ਸੂਬੇ ਅੰਦਰ ਗਰੀਬ ਤੇ ਕਿਰਤੀ ਲੋਕਾਂ ਦੀ ਖਰੀਦ ਸ਼ਕਤੀ ਘੱਟ ਰਹੀ ਹੈ। ਖਰੀਦ ਸ਼ਕਤੀ ਘੱਟਣ ਦਾ ਸਿੱਟਾ ਹੈ ਕਿ ਪੰਜਾਬ ਅੰਦਰ ਖਪਤ ਘੱਟ ਰਹੀ ਹੈ। ਖਪਤ ਦੇ ਘੱਟਣ ਦਾ ਨਤੀਜਾ ਵਾਫਰ ਪੈਦਾਵਾਰ ਦੇ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ। ਸਨਅਤੀ ਪੈਦਾਵਾਰ ਸੁੰਗੜ ਰਹੀ ਹੈ। ਇਹ ਸੰਕਟ ਮੌਜੂਦਾ ਸਰਕਾਰ ਦਾ ਪ੍ਰਬੰਧਕੀ ਸੰਕਟ ਬਣ ਗਿਆ ਹੈ ਤੇ ਆਮ ਲੋਕਾਂ ਦਾ ਵਿਕਾਸ ਕਰਨ ਤੋ ਉਲਟ ਪੁੱਠਾ ਚੱਕਰ ਚਲਾ ਰਿਹਾ ਹੈ। ਪੂੰਜੀ ਦਾ ਦਂੈਤ ਸਧਾਰਨ ਮੁਨਾਫਿਆਂ ਤੋ ਚੱਲਕੇ ਸੁਪਰ ਮੁਨਾਫੇ ਤੋ ਅੱਗੇ ਬੇ ਉੜਕ ਮੁਨਾਫਿਆਂ ਲਈ ਮੂੰਹ ਅੱਡੀ ਖੜਾ ਹੈ। 
                  ਪੰਜਾਬ ਵਿੱਚ ਕਾਰੋਬਾਰੀ ਲੋਕ, ਰਾਜਨੀਤਕ ਨੇਤਾ ਤੇ ਛੋਟੇ ਸਰਮਾਏਦਾਰ ਆਪਣੀ ਹੋਦ ਨੂੰ ਬਣਾਈ ਰੱਖਣ ਲਈ ਹਰ ਥਾਂ ਤੋ ਕਿਰਤ ਦਾ ਹਿੱਸਾ ਘਟਾਉਦੇ ਜਾ ਰਹੇ ਹਨ। ਸਰਕਾਰ ਮੁਨਾਫਾ ਵਧਾਉਣ ਲਈ ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਅਪਣਾ ਰਹੀ ਹੈ। ਮੁਨਾਫੇ ਕਿਰਤ ਦਾ ਮੁੱਲ ਘੱਟ ਕਰਕੇ ਵਧਾਏ ਜਾ ਰਹੇ ਹਨ। ਪੂੰਜੀ ਦਾ ਇਜਾਰੇਦਾਰੀ ਏਕਾ ਅਧਿਕਾਰ ਰੂਪ ਪੰਜਾਬ ਅੰਦਰ ਸਮਾਜਿਕ ਵਿਕਾਸ ਦੀ ਉਚਾਈ ਹਾਸਲ ਕਰ ਗਿਆ ਹੈ। ਅਰਥਵਿਵਸਥਾ ਦੇ ਇਜਾਰੇਦਾਰੀ ਰੂਪ ਕਾਰਨ ਛੋਟੇ ਕਾਰਖਾਨੇਦਾਰ ਲਗਾਤਾਰ ਵਿੱਤੀ ਸੰਕਟ ਵਿੱਚ ਫਸਦੇ ਜਾ ਰਹੇ ਹਨ। ਕਾਰੋਬਾਰ ਬੰਦ ਹੋ ਜਾਣ ਕਾਰਨ ਇਨਾਂ ਨੂੰ ਆਪਣੇ ਮੁਨਾਫੇ ਲਈ ਨਵੇਂ ਰਾਹਾਂ ਦੀ ਤਲਾਸ਼ ਹੋ ਰਹੀ ਹੈ ਭਾਵ ਉਦਯੋਗਪਤੀ ਬਾਹਰਲੇ ਰਾਜਾਂ ਵਿੱਚ ਪੈਸਾ ਨਿਵੇਸ਼ ਕਰ ਰਹੇ ਹਨ। ਪੰਜਾਬ ਵਿੱਚਲੇ ਬਾਕੀ ਤਬਕੇ ਕਿਸਾਨ, ਉਚੀਆਂ ਤਨਖਾਹਾਂ ਵਾਲੇ ਅਫਸਰ, ਛੋਟੇ ਮੁਲਾਜ਼ਮ ਤੇ ਵਪਾਰੀ ਆਪਣੀ ਬੱਚਤ ਦੇ ਪੈਸੇ ਨੂੰ ਬੈਕਾਂ ਵਿੱਚ ਜਮਾਂ ਕਰਵਾਉਣ ਤੇ ਵੱਡੀਆਂ ਕੰਪਨੀਆਂ ਦੇ ਸ਼ੇਅਰ ਖਰੀਦਣ ਲਈ ਲਗਾ ਰਹੇ ਹਨ। ਜਿਸ ਕਾਰਨ ਬੈਕ ਤਰਾਂ ਤਰਾਂ ਦੇ ਜਮਾਂ ਹੋਏ ਰੁਪਏ ਪੈਸੇ ਨੂੰ ਸਰਗਰਮ ਪੂੰਜੀ ਵਿੱਚ ਬਦਲਣ ਲਈ ਸਰਮਾਏਦਾਰਾਂ ਨੂੰ ਸੌਪ ਰਹੇ ਹਨ। ਇਸ ਪ੍ਰਕਿਰਿਆ ਨਾਲ ਪੂੰਜੀ ਬੈਕਾਂ ਵੱਲ ਅਤੇ ਬੈਕਾਂ ਤੋ ਪੂੰਜੀ ਵੱਡੀਆਂ ਸਨਅਤਾਂ ਵੱਲ ਚਲੀ ਜਾ ਰਹੀ ਹੈ। ਵੱਡੀਆਂ ਇਜਾਰੇਦਾਰ ਸਨਅਤਾਂ ਆਪਣੀਆਂ ਵਿਆਪਕ ਵਿੱਤੀ ਲੋੜਾਂ ਦੀ ਪੂਰਤੀ ਲਈ ਸ਼ੇਅਰ ਵੇਚ ਕੇ ਇਕੱਠੀ ਕੀਤੀ ਪੂੰਜੀ ਦੇ ਨਾਲ ਹੀ ਹਿੱਸਾ ਖਰੀਦਣ ਵਾਲੇ ਦੀ ਵਫਾਦਾਰੀ ਵੀ ਖਰੀਦ ਰਹੀਆ ਹਨ। ਇਹ ਆਪਣੀ ਪਕੜ ਰਾਹੀ ਸੂਬੇ ਦੇ ਸਮੁੱਚੇ ਪੈਦਾਵਾਰੀ ਪ੍ਰਬੰਧ ਤੇ ਭਾਰੂ ਹੋ ਰਹੀਆ ਹਨ। ਸਰਕਾਰ ਵੱਲੋ ਵਿਸ਼ਵ ਵਪਾਰ ਸੰਸਥਾ ਦੇ ਨਿਰਦੇਸਾਂ ’ਤੇ ਚੱਲਦਿਆਂ ਖੇਤੀਬਾੜੀ ਖੇਤਰ ਵਿੱਚ ਵੱਡੀਆਂ ਇਜਾਰੇਦਾਰੀਆਂ ਉਭਾਰ ਕੇ ਵਸੋਂ ਦੇ ਵੱਡੇ ਹਿੱਸੇ ਨੂੰ ਖੇਤੀ ਵਿੱਚੋ ਬਾਹਰ ਕਰਕੇ ਭੁੱਖੇ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਵੱਧਦੀ ਮਹਿਗਾਈ ਕਾਰਨ ਉਤਪਾਦਨ ਪ੍ਰਕਿਰਿਆ ਹੋਰ ਮੱਠੀ ਹੋ ਰਹੀ ਹੈ। ਮੱਠੀ ਹੋਈ ਉਤਪਾਦਨ ਪ੍ਰਕਿਰਿਆ ਅਤੇ ਵਾਧੂ ਮੁੱਲ ਦੇ ਵਾਧੇ ਵਿਚਕਾਰ ਡਿੱਗਦੇ ਰੁਝਾਨ ਕਾਰਨ ਪੰਜਾਬ ਵਿੱਚ ਕੁੱਝ ਪੂੰਜੀਪਤੀਆਂ ਕੋਲ ਇਕੱਠੀ ਹੋਈ ਪੂੰਜੀ ਆਪਣਾ ਆਕਾਰ ਵੱਡਾ ਕਰਨ ਲਈ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਮਾਲਕੀ ਹਥਿਆ ਰਹੀ ਹੈ। 
                ਸਰਕਾਰ ਅਤੇ ਇਸਦੇ ਆਗੂ ਕਹਿ ਰਹੇ ਹਨ ਕਿ ਪੰਜਾਬ ਵਿੱਚ ਵਿਕਾਸ ਦੀ ਦਰ (ਤਰੱਕੀ ਦੀ ਰਫਤਾਰ) ਵਧਾਈ ਜਾ ਰਹੀ ਹੈ। ਜਦੋਂ ਕਿ ਦੂਸਰੇ ਪਾਸੇ ਲੋਕਾਂ ਦੀ ਆਰਥਿਕ ਹਾਲਤ ਕਮਜ਼ੋਰ ਹੋ ਰਹੀ ਹੈ ਤਾਂ ਬਹਾਨਾ ਬਣਾਇਆ ਜਾ ਰਿਹਾ ਹੈ ਕਿ ਜਿੰਨਾ ਵਿਕਾਸ ਹੋਇਆ ਹੈ, ਆਬਾਦੀ ਉਸ ਤੋ ਵੱਧ ਗਈ ਹੈ। ਮੁੱਖ ਦੋਸ਼ ਆਬਾਦੀ ਸਿਰ ਪੈ ਜਾਂਦਾ ਹੈ। ਅਨਪੜਤਾਂ ਬਾਰੇ ਵੀ ਵੱਧ ਰਹੀ ਆਬਾਦੀ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਅਸਲ ਰੂਪ ਵਿੱਚ ਪੰਜਾਬ ਦਾ ਕੋਈ ਵੀ ਵਾਸੀ ਇਨਾਂ ਦਲੀਲਾਂ ਤੋ ਪ੍ਰਭਾਵਿਤ ਹੋਏ ਬਗੈਰ ਨਹੀ ਰਹਿ ਸਕਦਾ ਕਿ ਆਬਾਦੀ ਤੇਜੀ ਨਾਲ ਵੱਧ ਰਹੀ ਹੈ। ਜਦੋਂ ਆਬਾਦੀ ਵੱਧ ਰਹੀ ਹੈ ਤਾਂ ਵਿਕਾਸ ਦਰ ਵੀ ਪ੍ਰਭਾਵਿਤ ਹੋਵੇਗੀ ਅਤੇ ਅਨਪੜਤਾ ਦਾ ਚੱਕਰ ਵੀ ਚੱਲੇਗਾ। ਇਹ ਸਰਮਾਏਦਾਰੀ ਅਰਥਵਿਵਸਥਾ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਅਲੰਬਰਦਾਰ ਸਰਕਾਰ ਦੀ ਧਾਰਨਾ ਅਤੇ ਪ੍ਰਚਾਰ ਹੈ। ਜਿਸਨੂੰ ਰਾਜਸੀ ਨੇਤਾ, ਅਰਥਸ਼ਾਸਤਰੀ, ਇਲੈਕਟ੍ਰੋਨਿਕ ਮੀਡੀਆ ਤੇ ਸਰਕਾਰੀ ਅਦਾਰੇ ਵਧਾ ਫੁਲਾ ਰਹੇ ਹਨ। ਸਰਕਾਰ ਦਾ ਲੋਕਾਂ ਨੂੰ ਮਨਾਉਣ ਤੇ ਜੋਰ ਲੱਗਿਆ ਹੋਇਆ ਹੈ ਕਿ ਕੇਦਰ ਸਰਕਾਰ ਦੇ ਪੰਜਾਬ ਨਾਲ ਪੱਖਪਾਤੀ ਵਤੀਰੇ ਅਤੇ ਆਬਾਦੀ ਵੱਧਣ ਕਾਰਨ ਸੂਬੇ ਦੀ ਹੋਣੀ ਅਜਿਹੀ ਹੋ ਗਈ ਹੈ ਕਿ ਸਮੱਸਿਆਵਾਂ ’ਤੇ ਕਾਬੂ ਨਹੀਂ ਪੈ ਰਿਹਾ। 
               ਅੱਜ ਪੰਜਾਬ ਦਾ ਹਰ ਵਾਸੀ ਦੁੱਖ ਭੋਗ ਰਿਹਾ ਹੈ। ਮਾਰਕਸਵਾਦ ਤੋ ਵੱਖਰਾ ਕੋਈ ਸਿਧਾਂਤ ਨਹੀਂ ਜੋ ਸਮੁੱਚੀ ਮਨੁੱਖ ਜਾਤੀ ਲਈ ਮੁਕਤੀ ਦਾ ਰਾਹ ਦਰਸਾਵਾਂ ਹੋਵੇ। ਮਾਰਕਸ ਨੇ ਯਕੀਨ ਪ੍ਰਗਟਾਇਆ ਸੀ ਕਿ ਕਿਰਤੀ ਵਰਗ ਦੀ ਬਹੁਗਿਣਤੀ ਇਸਦੀ ਜਿੱਤ ਦੀ ਗਾਰੰਟੀ ਹੈ। ਪਰ ਬਹੁ ਗਿਣੀ ਜਿੱਤ ਤਾਂ ਪ੍ਰਾਪਤ ਕਰਦੀ ਹੈ ਜੇਕਰ ਅਕਲ ਉਸਦੀ ਅਗਵਾਈ ਕਰੇ। ਸਮੇਂ ਦਾ ਦੁਖਾਂਤ ਤੇ ਤ੍ਰਾਸਦੀ ਹੈ ਕਿ ਪੰਜਾਬ ਵਿੱਚ ਕੋਈ ਵੀ ਰਾਜਨੀਤਕ ਧਿਰ ਅਜਿਹੀ ਨਹੀਂ ਜੋ ਲੋਕਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਅਗਵਾਈ ਕਰਦੇ ਹੋਏ ਉਨਾਂ ਨੂੰ ਚੇਤੰਨ ਕਰ ਸਕੇ। ਅਗਾਂਹਵਧੂ ਤੇ ਜਮਹੂਰੀ ਧਿਰਾਂ ਸਿਰ ਇਹ ਜੁੰਮੇਵਾਰੀ ਹੈ ਕਿ ਉਹ ਪਵਿੱਤਰ ਜਮਾਤੀ ਸੰਗਰਾਮ ਦੇ ਪਦਾਰਥਕ ਹਥਿਆਰ ਨੂੰ ਮਿਆਨੋਂ ਬਾਹਰ ਕੱਢ, ਵਰਤਣ ਲਈ ਅੱਗੇ ਆਉਣ ਤਾਂ ਕਿ ਆਮ ਲੋਕਾਂ ਦੀਆਂ ਹੱਕੀ ਮੰਗਾਂ ਪੂਰੀਆ ਹੋ ਸਕਣ।  

                      
 ਯਾਦਵਿੰਦਰ ਸਫੀਪੁਰ
                       98782- 50152
                       ਰਿਹਾਇਸੀ ਪਤਾ:
   ਪਿੰਡ ਤੇ ਡਾਕ: ਦਿੜਬਾ 
(ਨੇੜੇ ਬਾਬਾ ਸਾਹਿਬ ਦਾਸ,
 ਲਾਲੀ ਐਮ. ਸੀ. ਵਾਲੀ ਗਲੀ),
 ਤਹਿ: ਸੁਨਾਮ, 
ਜਿਲਾ ਸੰਗਰੂਰ 148035

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template