ਸਿੱਖ ਕੌਮ ਸੂਰਬੀਰ, ਯੋਧਿਆਂ ਤੇ ਬਹਾਦਰਾਂ ਦੀ ਕੌਮ ਹੈ। ਸਿੱਖ ਇਤਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਤਹਾਸ ਵੱਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਨੇ ਹੀ ਕੀਤੀਆਂ ਹਨ। ਕੁਰਬਾਨੀਆਂ ਦੇ ਇਸ ਇਤਹਾਸ ਵਿੱਚ ਕਈ ਮਹਾਨ ਸ਼ਹਾਦਤਾਂ ਹੋਈਆਂ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੀ ਸਿੱਖ ਕੌਮ ਵਿੱਚ ਅਹਿਮ ਸਥਾਨ ਰੱਖਦੀ ਹੈ। ਬੰਦਾ ਬਹਾਦਰ ਬਹੁਪੱਖੀ ਸ਼ਖਸੀਅਤ ਦਾ ਮਾਲਿਕ ਸੀ। ਉਹ ਇੱਕ ਬਹਾਦਰ ਯੋਧਾ, ਕੁਸ਼ਲ ਸੈਨਾਪਤੀ, ਯੋਗ ਸ਼ਾਸਨ ਪ੍ਰਬੰਧਕ, ਸਹਿਣਸ਼ੀਲ, ਸਿੱਖ ਧਰਮ ਦਾ ਸੱਚਾ ਪੈਰੋਕਾਰ, ਗਰੀਬਾਂ ਦਾ ਹਮਦਰਦ, ਅਨਿਆਂ ਦਾ ਵਿਰੋਧੀ ਅਤੇ ਪਵਿੱਤਰ ਜੀਵਨ ਬਤੀਤ ਕਰਨ ਵਾਲਾ ਮਨੁੱਖ ਸੀ।
ਆਪ ਨੇ ਅਨਿਆਂ ਵਿਰੁੱਧ ਲੜਦੇ ਹੋਏ ਆਪਣੀ ਸ਼ਹਾਦਤ ਦੇਣ ਵਿੱਚ ਰਤਾ ਭਰ ਵੀ ਸੰਕੋਚ ਨਾ ਕੀਤਾ। ਆਪ ਦਾ ਜਨਮ 27 ਅਕਤੂਬਰ 1670 ਡੋਗਰਾ ਰਾਜਪੂਤ ਘਰਾਣੇ ਵਿੱਚ ਪਿਤਾ ਰਾਮ ਦੇਵ ਭਾਰਦੁਆਜ ਦੇ ਘਰ ਪਿੰਡ ਰਜੌਰੀ ਪੁਣਛ ਕਸ਼ਮੀਰ ਵਿੱਚ ਹੋਇਆ। ਆਪ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਆਪ ਬਚਪਨ ਸਮੇਂ ਖੁੱਲੇ-ਡੁੱਲੇ ਸਰੀਰ ਦੇ ਮਾਲਿਕ ਤੇ ਰੱਜ ਕੇ ਮਿਹਨਤੀ ਸਨ। ਘੋੜ ਸਵਾਰੀ ਤੇ ਤੀਰ ਅੰਦਾਜ਼ੀ ਦਾ ਸ਼ੌਕ ਵੀ ਰੱਖਦੇ ਸਨ। ਆਪ ਜੰਗਲ ਵਿੱਚ ਸ਼ਿਕਾਰ ਖੇਡਣ ਵੀ ਜਾਇਆ ਕਰਦੇ ਸਨ। ਇਹਨੀਂ ਦਿਨੀਂ ਹੀ ਆਪ ਨਾਲ ਇੱਕ ਘਟਨਾ ਘਟੀ, ਜਿਸ ਨੇ ਆਪ ਦੀ ਸਾਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਇੱਕ ਦਿਨ ਆਪ ਸ਼ਿਕਾਰ ਖੇਡਣ ਜੰਗਲ ਵਿੱਚ ਗਏ। ਆਪ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ। ਉਸ ਹਿਰਨੀ ਦੇ ਪੇਟ ਵਿੱਚੋਂ ਦੋ ਬੱਚੇ ਨਿਕਲ ਕੇ ਤੜਫ-ਤੜਫ ਕੇ ਮਰ ਗਏ। ਆਪ ਵੇਖ ਕੇ ਬਹੁਤ ਮਯੂਸ ਹੋਏ ਤੇ ਅੱਗੋਂ ਤੋਂ ਸ਼ਿਕਾਰ ਨਾ ਖੇਡਣ ਦਾ ਤੁਹੱਈਆ ਕਰ ਲਿਆ। ਆਪ ਵੈਰਾਗੀ ਬਣ ਗਏ। ਆਪ ਨੇ ਆਪਣਾ ਨਾਂ ਬਦਲ ਕੇ ਮਾਧੋ ਦਾਸ ਰੱਖ ਲਿਆ। ਮਾਧੋ ਦਾਸ ਫਿਰਦੇ-ਫਿਰਦੇ ਇੱਕ ਦਿਨ ਗੋਦਾਵਰੀ ਦੇ ਕੰਢੇ ਨਾਸਿਕ ਪੁੱਜ ਗਏ। ਇੱਥੇ ਆਪ ਦਾ ਮੇਲ ਅੱਘੜ ਨਾਥ ਜੋਗੀ ਨਾਲ ਹੋਇਆ। ਅੱਘੜ ਨਾਥ ਨੇ ਖੁਸ਼ ਹੋ ਕੇ ਆਪ ਰਿੱਧੀਆਂ ਸਿੱਧੀਆਂ ਦੀ ਬਖਸ਼ਿਸ਼ ਕਰ ਦਿੱਤੀ। ਕੁਝ ਚਿਰ ਮਗਰੋਂ ਅੱਘੜ ਨਾਥ ਇਸ ਜਹਾਨੋਂ ਕੂਚ ਕਰ ਗਿਆ। ਅੱਘੜ ਨਾਥ ਦੀ ਮੌਤ ਮਗਰੋਂ ਆਪ ਨਾਂਦੇੜ ਚਲੇ ਗਏ। ਉ ੱਥੇ ਜਾ ਕੇ ਆਪਣਾ ਮੱਠ ਸਥਾਪਿਤ ਕਰ ਲਿਆ। ਜੋ ਵੀ ਆਪ ਦੇ ਡੇਰੇ ਤੇ ਆ ਜਾਂਦਾ ਤਾਂ ਆਪ ਆਪਣੀ ਕਰਾਮਾਤੀ ਸ਼ਕਤੀ ਨਾਲ ਉਸਦਾ ਨਿਰਾਦਰ, ਬੇਇੱਜ਼ਤੀ ਕਰ ਖੁਸ਼ੀ ਮਹਿਸੂਸ ਕਰਦੇ। ਉਸਨੂੰ ਸਿੱਧੇ ਰਾਹੇ ਪਾਉਣ ਲਈ ਇੱਕ ਸਵੇਰ ਗੁਰੂ ਗੋਬਿੰਦ ਸਿੰਘ ਜੀ ਮਾਧੋ ਦਾਸ ਦੇ ਡੇਰੇ ਪਹੁੰਚ ਗਏ। ਉਸਦੇ ਪਲੰਘ ਤੇ ਬਿਰਾਜਮਾਨ ਹੋ ਗਏ। ਮਾਧੋ ਦਾਸ ਉਸ ਵਕਤ ਡੇਰੇ ਵਿੱਚ ਨਹੀ ਸੀ। ਮਾਧੋ ਦਾਸ ਦੇ ਪੰਜ ਬੀਰ ਆਪਣੀ ਕਰਾਮਾਤੀ ਸ਼ਕਤੀ ਫੇਲ ਹੁੰਦੀ ਵੇਖ ਕੇ ਮਾਧੋ ਦਾਸ ਕੋਲ ਪਹੁੰਚ ਗਏ ਤੇ ਸਾਰੀ ਕਹਾਣੀ ਦੱਸੀ। ਮਾਧੋ ਦਾਸ ਅੱਗ ਬਬੂਲਾ ਹੋ ਉ ੱਠਿਆ ਤੇ ਡੇਰੇ ਪਹੁੰਚ ਕੇ ਆਪਣੀਆਂ ਰਿੱਧੀਆਂ-ਸਿੱਧੀਆਂ ਦੀ ਵਰਤੋਂ ਕੀਤੀ, ਪਰ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਅੱਗੇ ਸਭ ਫੇਲ ਹੋ ਗਈਆਂ। ਅੰਤ ਢਹਿ ਕੇ ਪੈਰੀਂ ਪੈ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਥਾਂ ਅੰਮ੍ਰਿਤ ਛਕਾ ਕੇ, ਸਿੰਘ ਸਜਾ ਕੇ ਮਾਧੋ ਦਾਸ ਤੋਂ ਬੰਦਾ ਸਿੰਘ ਬਣਾ ਦਿੱਤਾ। ਬੰਦਾ ਸਿੰਘ ਨੂੰ ਗੁਰੂ ਨਾਨਕ ਦੇਵ ਜੀ ਤੋਂ ਸਿੰਘਾਂ ਸਿੰਘਣੀਆਂ ਤੱਕ ਸ਼ਹੀਦੀਆਂ ਦਾ ਇਤਹਾਸ ਸੁਣਾਇਆ ਗਿਆ। ਸੁਣ ਕੇ ਬੰਦਾ ਸਿੰਘ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਡੌਲੇ ਫੜਕ ਉ ੱਠੇ। ਬੰਦਾ ਸਿੰਘ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਭੱਥੇ ਵਿੱਚੋਂ ਪੰਜ ਤੀਰ, ਪੱਚੀ ਸਿੰਘਾਂ ਦਾ ਜਥਾ ਤੇ ਥਾਪੜਾ ਦੇ ਕੇ ਪੰਜਾਬ ਦੀ ਧਰਤੀ ਵੱਲ ਤੋਰਿਆ ਤੇ ਨਾਲ ਨਸੀਹਤਾਂ ਦਿੱਤੀਆਂ ਕਿ ਆਪਾ ਨਹੀ ਭੁੱਲਣਾ, ਜਤ ਸਤ ਦੇ ਪੱਕੇ ਰਹਿਣਾ, ਖਾਲਸੇ ਨੂੰ ਹਮੇਸ਼ਾ ਖੁਸ਼ ਰੱਖਣਾ ਤੇ ਗਰੀਬ ਮਾਰ ਨਹੀ ਕਰਨੀ। ਆਪ ਦੀ ਸਦਾ ਚੜ੍ਹਦੀ ਕਲਾ ਹੋਵੇਗੀ। ਨਾਂਦੇੜ ਤੋਂ ਚੱਲਣ ਸਮੇਂ ਬੰਦਾ ਸਿੰਘ ਨੇ ਖਾਲਸੇ ਦੀ ਖਿੰਡਰੀ-ਪੁੰਡਰੀ ਸ਼ਕਤੀ ਨੂੰ ਦੁਬਾਰਾ ਤੋਂ ਇੱਕ ਝੰਡੇ ਥੱਲੇ ਇੱਕਠੀ ਕਰਨ ਦੀ ਸ਼ੁਰੂਆਤ ਕੀਤੀ। ਸਿੱਖ ਕੌਮ ਨੂੰ ਜਥੇਬੰਦ ਕਰਕੇ ਉਨਾਂ ਵਿੱਚ ਹੌਸਲਾ ਭਰਿਆ। ਮਾਰੋ-ਮਾਰ ਕਰਦਾ ਹੋਇਆ ਬਾਬਾ ਬੰਦਾ ਸਿੰਘ ਖਰਖੌਡੇ ਦੇ ਪਰਗਣੇ ਜਾ ਪੁੱਜਾ ਤੇ ਖੰਡਾਂ ਪਿੰਡਾਂ ਵਿੱਚ ਜਾ ਡੇਰੇ ਲਾਏ। ਇੱਥੋਂ ਉਸਨੇ ਮਾਝੇ, ਮਾਲਵੇ ਤੇ ਦੁਆਬੇ ਦੇ ਸਿੰਘਾਂ ਦੇ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਭੇਜੇ। ਹੁਕਮਨਾਮੇ ਮਿਲਦੇ ਸਾਰ ਹੀ ਸਿੰਘ ਤਿਆਰੀਆਂ ਵਿੱਚ ਜੁੱਟ ਗਏ। 26 ਨਵੰਬਰ 1709 ਨੂੰ ਸਮਾਣੇ ਤੇ ਹਮਲਾ ਕੀਤਾ ਗਿਆ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਜਲਾਲ-ਉਦ-ਦੀਨ ਸਮਾਣੇ ਦਾ ਰਹਿਣ ਵਾਲਾ ਸੀ। ਇਸ ਤੋਂ ਬਾਅਦ ਸਢੋਰਾ ਨੂੰ ਮਲੀਆਮੇਟ ਕੀਤਾ ਗਿਆ, ਕਿਉਂਕਿ ਗੁਰੂ ਘਰ ਦੇ ਅਨਿੰਨ ਸੇਵਕ ਪੀਰ ਬੁੱਧੂ ਸ਼ਾਹ ਨੂੰ ਸਢੋਰੇ ਦੇ ਹਾਕਮ ਉਸਮਾਨ ਖਾਂ ਨੇ ਸ਼ਹੀਦ ਕੀਤਾ ਸੀ। ਫਿਰ ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਬੜੀ ਭਿਅੰਕਰ ਲੜਾਈ ਹੋਈ। ਮੁਗਲ ਸੈਨਾ ਵਿੱਚ ਭਾਜੜਾਂ ਪੈ ਗਈਆਂ।ਫਿਰ ਵਾਰੀ ਆਈ ਸਰਹਿੰਦ ਸ਼ਹਿਰ ਦੀ ਜਿੱਥੇ ਛੋਟੇ ਸਾਹਿਬਜਾਦਿਆ ਨੂੰ ਬੜੀ ਬੇਰਹਿਮੀ ਨਾਲ ਨੀਹਾਂ ਵਿੱਚ ਚਿਣਵਾਂ ਕੇ ਸ਼ਹੀਦ ਕੀਤਾ ਗਿਆ ਸੀ। 24 ਮਈ ਨੂੰ ਸਿੱਖ ਸੈਨਾਵਾਂ ਸਰਹੰਦ ਪਹੁੰਚੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਬੰਦਾ ਸਿੰਘ ਨੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਤੇ ਸਿੱਕਾ ਜਾਰੀ ਕੀਤਾ। ਬੰਦਾ ਸਿੰਘ ਬਹਾਦਰ ਨੇ ਆਪਣੇ ਜਿੱਤੇ ਹੋਏ ਪ੍ਰਦੇਸ਼ਾ ਵਿੱਚ ਖਾਲਸਾਈ ਸ਼ਾਨ ਦੇ ਅਨੁਸਾਰ ਸ਼ਾਸਨ ਪ੍ਰਬੰਧ ਕਾਇਮ ਕੀਤਾ। ਉਸਨੇ ਸਦੀਆਂ ਤੋਂ ਲਿਤਾੜੇ ਜਾ ਰਹੇ ਗਰੀਬਾਂ ਨੂੰ ਪਹਿਲੀ ਵਾਰ ਉ ੱਚ ਅਹੁਦਿਆਂ ਤੇ ਨਿਯੁਕਤ ਕੀਤਾ। ਉਹ ਨਿਆਂ ਕਰਨ ਸਮੇਂ ਕਿਸੇ ਊਚ-ਨੀਚ ਦਾ ਵਿਤਕਰਾ ਨਹੀ ਕਰਦਾ ਸੀ। ਉਸਨੇ ਕਿਸਾਨਾਂ ਦਾ ਖੂਨ ਨਿਚੋੜਨ ਵਾਲੀ ਜ਼ਿਮੀਦਾਰੀ ਪ੍ਰਥਾ ਦਾ ਅੰਤ ਕਰ ਕੇ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ। ਬੰਦਾ ਬਹਾਦਰ ਦੇ ਰਾਜ ਵਿੱਚ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਸੀ। ਉਸਨੇ ਕਿਸਾਨਾਂ ਨੂੰ ਉਹਨਾਂ ਦੇ ਮਾਲੀਕਾਨਾ ਹੱਕ ਦਿਵਾਏ। ਹਰ ਗਰੀਬ ਦੀ ਖੁੱਲ ਕੇ ਮਦਦ ਕੀਤੀ। ਬੰਦਾ ਸਿੰਘ ਦੀ ਵੱਧਦੀ ਹੋਈ ਸ਼ਕਤੀ ਨੂੰ ਕੁਚਲਣ ਲਈ ਬਹਾਦਰ ਸ਼ਾਹ ਨੇ ਪੂਰੀ ਤਿਆਰੀ ਆਰੰਭ ਕਰ ਦਿੱਤੀ। ਬਹਾਦਰ ਸ਼ਾਹ ਨੇ 60,000 ਹਜ਼ਾਰ ਦੀ ਭਾਰੀ ਭਰਕਮ ਫੋਜ ਨੂੰ ਪੰਜਾਬ ਵੱਲ ਤੋਰ ਦਿੱਤਾ। ਫੋਜ ਨੇ ਸਿੱਧਾ ਲੋਹਗੜ ਦੇ ਕਿਲੇ ਨੂੰ ਘੇਰਾ ਪਾ ਲਿਆ। ਲੋਹਗੜ ਬੰਦਾ ਸਿੰਘ ਦੀ ਰਾਜਧਾਨੀ ਸੀ।ਸਿੱਖਾਂ ਕਿਲੇ ਅੰਦਰੋਂ ਡੱਟ ਕੇ ਮੁਕਾਬਲਾ ਕੀਤਾ। ਘੇਰਾ ਪੈ ਜਾਣ ਕਾਰਨ 30 ਨਵੰਬਰ 1710 ਤੱਕ ਖਾਲਸਾ ਫੋਜਾਂ ਪੂਰੀ ਤਰ੍ਹਾਂ ਮੁਕਾਬਲਾ ਕਰਦੀਆਂ ਰਹੀਆਂ, ਪਰ ਸ਼ਾਹੀ ਫੋਜਾਂ ਦਾ ਲਸ਼ਕਰ ਜ਼ਿਆਦਾ ਹੋਣ ਕਾਰਨ ਜ਼ਿਆਦਾ ਦੇਰ ਤੱਕ ਮੁਕਾਬਲਾ ਕਰਨਾ ਕਠਿਨ ਹੀ ਨਹੀ ਨਾ ਮੁਮਕਿਨ ਸੀ, ਇਸ ਲਈ ਪਹਿਲੀ ਦਸੰਬਰ 1710 ਨੂੰ ਖਾਲਸਾ, ਸ਼ਾਹੀ ਫੌਜਾਂ ਨੂੰ ਚਕਾਨੀ ਦੇ ਕੇ ਨਿਕਲਣ ਵਿੱਚ ਕਾਮਯਾਬ ਹੋ ਗਈਆਂ ਤੇ ਬੰਦਾ ਸਿੰਘ ਪਹਾੜਾਂ ਵੱਲ ਨਿਕਲ ਗਿਆ। ਚੰਬਾ ਪਹੁੰਚ ਕੇ ਫਰਵਰੀ 1711 ਵਿੱਚ ਆਪ ਨੇ ਚੰਬੇ ਦੀ ਰਾਜਕੁਮਾਰੀ ਨਾਲ ਗੁਰੂ ਮਰਿਆਦਾ ਅਨੁਸਾਰ ਵਿਆਹ ਕੀਤਾ। ਇਸੇ ਹੀ ਸਾਲ ਦੇ ਅਖੀਰ ਵਿੱਚ ਆਪ ਦੇ ਘਰ ਇੱਕ ਬੇਟੇ ਦਾ ਜਨਮ ਹੋਇਆ, ਜਿਸਦਾ ਨਾਮ ਅਜੈ ਸਿੰਘ ਰੱਖਿਆ ਗਿਆ। 1712 ਵਿੱਚ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਜਹਾਦਾਰ ਸ਼ਾਹ ਗੱਦੀ ਤੇ ਬੈਠਾ। ਇਸੇ ਹੀ ਸਾਲ ਇਸ ਦੇ ਭਤੀਜੇ ਫਰੁੱਖਸ਼ੀਅਰ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਕੇ ਗੱਦੀ ਸੰਭਾਲ ਲਈ। ਬੰਦਾ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਵੱਲ ਮੁਹਾਰਾਂ ਮੋੜੀਆਂ। ਉਸਨੇ ਆਪਣੀ ਪੂਰੀ ਤਾਕਤ ਨਾਲ ਬਹਿਰਾਮਪੁਰ, ਕਲਾਨੌਰ ਅਤੇ ਬਟਾਲਾ ਤੇ ਕਬਜ਼ਾ ਕਰ ਲਿਆ। ਸਿੰਘਾਂ ਦੀ ਵੱਧਦੀ ਹੋਈ ਤਾਕਤ ਨੂੰ ਵੇਖ ਕੇ ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਦੀ ਵਿਉਂਤ ਬਣਾਈ। ਅਬਦੁਸ ਸਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰਕੇ ਸਿੱਖਾਂ ਵਿਰੁੱਧ ਸਖਤ ਕਾਰਵਾਈ ਦਾ ਹੁਕਮ ਦੇ ਦਿੱਤਾ। ਇਸ ਵਿਸ਼ਾਲ ਸੈਨਾ ਨੇ ਗੁਰਦਾਸ ਨੰਗਲ ਦੇ ਕਿਲੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾ ਲਿਆ। ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਮੁਕਾਬਲਾ ਜਾਰੀ ਰੱਖਿਆ। ਸਿੰਘ ਜਾਨ ਹੀਲ ਕੇ ਲੜੇ। ਸ਼ਾਹੀ ਫੌਜਾਂ ਘੇਰਾ ਤੰਗ ਕਰਦੀਆਂ ਗਈਆਂ ਤੇ ਕਿਲੇ ਦੀਆਂ ਕੰਧਾਂ ਤੱਕ ਪਹੁੰਚ ਕੇ ਬਾਹਰੀ ਮਦਦ ਬੰਦ ਕੀਤੀ ਗਈ। ਸਿੰਘ 8 ਮਹੀਨੇ ਤੱਕ ਭੁੱਖੇ ਲੜਦੇ ਰਹੇ। ਬਾਹਰੋਂ ਰਸਦ ਪਾਣੀ ਆਉਣਾ ਬੰਦ ਹੋ ਗਿਆ। ਕਹਿੰਦੇ ਹਨ ਕਿ ਮੋਤੋਂ ਭੁੱਖ ਬੁਰੀ। ਅੰਤ 7 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ 200 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਇੱਕ ਵਿਸ਼ਾਲ ਜਲੂਸ ਦੀ ਸ਼ਕਲ ਵਿੱਚ ਸਿੰਘਾਂ ਨੂੰ ਦਿੱਲੀ ਲਿਜਾਣ ਦੀ ਤਿਆਰੀ ਸ਼ੁਰੂ ਕੀਤੀ। ਬੰਦਾ ਸਿੰਘ ਨੂੰ ਹਾਥੀ ਉ ੱਪਰ ਰੱਖੇ ਪਿੰਜਰੇ ਵਿੱਚ ਬੰਦ ਕਰਕੇ ਸਾਰੇ ਸ਼ਹਿਰ ਚੋਂ ਲੰਘਾਇਆਂ ਗਿਆ। ਜਲੂਸ ਦੇ ਅੱਗੇ ਇੱਕ ਨੇਜ਼ੇ ਉ ੱਤੇ ਬਿੱਲੀ ਦਾ ਸਿਰ ਟੰਗਿਆ ਗਿਆ ਸੀ। ਲੋਕਾਂ ਨੇ ਰਸਤੇ ਵਿੱਚ ਸਿੰਘਾਂ ਦਾ ਮਖੋਲ ਵੀ ਉਡਾਇਆ, ਪਰ ਸਿੰਘ ਸ਼ਾਤ ਚਿੱਤ ਬਾਣੀ ਪੜਦੇ ਜਾ ਰਹੇ ਸਨ। ਸਿੰਘਾਂ ਨੂੰ ਇਸਲਾਮ ਕਬੂਲ ਕਰਨ ਲਈ ਪੇਸ਼ਕਸ਼ ਕੀਤੀ ਗਈ। ਗੁਰੂ ਦੇ ਕਿਸੇ ਇੱਕ ਵੀ ਸਿੰਘ ਨੇ ਹਾਮੀ ਨਾ ਭਰੀ। ਡਾ: ਗੰਡਾ ਸਿੰਘ ਅਨੁਸਾਰ ਕੁਝ ਸਿੰਘਾਂ ਨੂੰ ਪਹਿਲਾਂ ਸ਼ਹੀਦ ਕੀਤਾ ਜਾਂਦਾ ਰਿਹਾ। ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਨੂੰ 26 ਸਿੰਘਾਂ ਸਮੇਤ ਜਲੂਸ ਦੀ ਸ਼ਕਲ ਵਿੱਚ ਬਾਹਰ ਲਿਜਾਇਆ ਗਿਆ। ਕੁਤਬ ਮੀਨਾਰ ਦੇ ਨੇੜੇ ਬਹਾਦਰ ਸ਼ਾਹ ਦੀ ਕਬਰ ਤੇ ਪ੍ਰਕਰਮਾ ਕਰਵਾਈ ਗਈ ਤੇ ਬੰਦਾ ਸਿੰਘ ਨੂੰ ਮੁਸਲਮਾਨ ਹੋ ਜਾਣ ਲਈ ਪੇਸ਼ਕਸ਼ ਕੀਤੀ ਜੋ ਉਹਨਾਂ ਨੇ ਠੁਕਰਾ ਦਿੱਤੀ। ਫਿਰ ਉਸਦੇ ਪੁੱਤਰ ਅਜੈ ਸਿੰਘ ਨੂੰ ਉਸ ਦੀ ਗੋਦੀ ਵਿੱਚ ਬੈਠਾ ਕੇ ਕਤਲ ਕਰਨ ਲਈ ਕਿਹਾ ਗਿਆ, ਪਰ ਉਸਨੇ ਇਨਕਾਰ ਕਰ ਦਿੱਤਾ ਤਾਂ ਜੱਲਾਦ ਨੇ ਬੱਚੇ ਦੇ ਟੁਕੜੇ-ਟੁਕੜੇ ਕਰ ਕੇ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਤੁੰਨਿਆ, ਪਰ ਬੰਦਾ ਸਿੰਘ ਅਡੋਲ ਸ਼ਾਤ ਚਿੱਤ ਰਹੇ। (ਸਿੱਖ ਕੌਮ ਵਿੱਚ ਛੋਟੀ ਤੋਂ ਛੋਟੀ ਉਮਰ ਦੇ ਸ਼ਹੀਦ ਵੀ ਹੋਏ ਹਨ ਤੇ ਵੱਡੀ ਤੋਂ ਵੱਡੀ ਉਮਰ ਦੇ ਸ਼ਹੀਦ ਵੀ ਹੋਏ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਅਜੈ ਸਿੰਘ ਢਾਈ ਸਾਲ ਦੇ ਸਨ ਤੇ ਬਾਬਾ ਨੌਧ ਸਿੰਘ ਜੀ ਜੋ ਬਾਬਾ ਦੀਪ ਸਿੰਘ ਜੀ ਨਾਲ ਚੱਬੇ ਪਿੰਡ ਸ਼ਹੀਦ ਹੋਏ ਸਨ। ਉਹਨਾਂ ਦੀ ਨੱਬੇ ਸਾਲ ਦੀ ਉਮਰ ਸੀ। ਇਹ ਸਭ ਅੰਮ੍ਰਿਤ ਦੀ ਸ਼ਕਤੀ ਦੀ ਕਰਾਮਾਤ ਸੀ।) ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲਾਂ ਸੱਜੀ ਅੱਖ ਕੱਢੀ ਗਈ, ਫਿਰ ਖੱਬੀ ਅੱਖ ਕੱਢੀ ਗਈ। ਇਸ ਤੋਂ ਬਾਂਅਦ ਹੱਥ ਕੱਟੇ ਗਏ, ਫਿਰ ਪੈਰ ਕੱਟੇ ਗਏ, ਫਿਰ ਗਰਮ ਜਮੂਰਾਂ ਨਾਲ ਮਾਸ ਨੋਚਿਆ ਗਿਆ ਤੇ ਅੰਤ ਸੀਸ ਧੜ ਤੋਂ ਅਲੱਗ ਕਰਕੇ ਬਾਬਾ ਬੰਦਾ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਜੀ ਡੋਲੇ ਨਹੀ। ਉਸ ਅਕਾਲ ਪੁਰਖ ਦਾ ਭਾਣਾ ਸੱਤ ਕਰਕੇ ਮੰਨਿਆ ਤੇ ਆਪਣੇ ਗੁਰੂ ਦੀ ਪਰਖ ਤੇ ਖਰੇ ਉ ੱਤਰੇ। ਗੁਰੂ ਰਜ਼ਾ ਵਿੱਚ ਰਹਿ ਕੇ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਨੂੰ ਪ੍ਰਣਾਮ।

ਧਰਮਿੰਦਰ ਸਿੰਘ ਵੜ੍ਹੈਚ(ਚੱਬਾ),
ਪਿੰਡ ਤੇ ਡਾਕ: ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ-143022
ਮੋ:97817-51690

0 comments:
Speak up your mind
Tell us what you're thinking... !