ਰੋਜ਼ਾਨਾ ਬੱਸ ’ਚ ਸਫ਼ਰ ਕਰ ਕੇ ਡਿਊਟੀ ਜਾਂਦਿਆਂ ਨਿੱਕੇ ਮੋਟੇ ਹਾਦਸੇ ਵਾਪਰਨਾ ਤਾਂ ਆਮ ਜਿਹੀ ਗੱਲ ਬਣ ਗਈ ਸੀ। ਹੋਇਆ ਕੁਝ ਇੰਝ ਕਿ ਮੈਂ ਬੱਸ ਵਿਚ ਬੈਠ ਕੇ ਡਿਊਟੀ ਜਾ ਰਿਹਾ ਸੀ ਕਿ ਇਸੇ ਬੱਸ ਵਿਚ ਇਕ ਅੰਗਹੀਣ ਵਿਅਕਤੀ ਜਿਸਦੀਆਂ ਦੋਵੇਂ ਲੱਤਾਂ ਨਹੀਂ ਸਨ, ਸੀਟ ’ਤੇ ਬੈਠਾ ਸੀ। ਬੱਸ ਵੱਖ-ਵੱਖ ਅੱਡਿਆਂ ’ਤੇ ਸਵਾਰੀਆਂ ਉਤਾਰਦੀ ਤੇ ਚੁੱਕਦੀ ਗਈ। ਇਸੇ ਦੌਰਾਨ ਜਦੋਂ ਉਸ ਅੰਗਹੀਣ ਵਿਅਕਤੀ ਦਾ ਅੱਡਾ ਆਇਆ ਤਾਂ ਕੰਡਕਟਰ ਨੇ ਵਿਸਲ ਵਜਾ ਕੇ ਬੱਸ ਰੋਕੀ ਅਤੇ ਸਵਾਰੀਆਂ ਨੂੰ ਉਤਰਨ ਦਾ ਇਸ਼ਾਰਾ ਕੀਤਾ। ਸਵਾਰੀਆਂ ਉਤਰ ਗਈਆਂ ਪਰ ਜਦੋਂ ਉਸ ਅੰਗਹੀਣ ਦੇ ਉਤਰਨ ਦੀ ਵਾਰੀ ਆਈ ਤਾਂ ਬੱਸ ਵਿਚ ਚੜ੍ਹਨ ਵਾਲੀਆਂ ਸਵਾਰੀਆਂ ਨੇ ਰਸਤਾ ਰੋਕ ਲਿਆ। ਸਵਾਰੀਆਂ ਸੀਟਾਂ ’ਤੇ ਬੈਠ ਗਈਆਂ ਤੇ ਬੱਸ ਮੁੜ ਚਲ ਪਈ। ਅੰਗਹੀਣ ਬੱਸ ਵਿਚ ਹੀ ਰਹਿ ਗਿਆ। ਜਦੋਂ ਮੈਂ ਤੇ ਕੁਝ ਹੋਰ ਸਵਾਰੀਆਂ ਨੇ ਇਸ ਦਾ ਵਿਰੋਧ ਕਰਦਿਆਂ ਕੰਡਕਟਰ ਨੂੰ ਬੱਸ ਰੋਕਣ ਲਈ ਕਿਹਾ ਤਾਂ ਉਸ ਨੇ ਬੱਸ ਨਹੀਂ ਰੋਕੀ ਸਗੋਂ ਉਲਟਾ ਉਸ ਅੰਗਹੀਣ ਨੂੰ ਝਿੜਕਾਂ ਮਾਰਨ ਲੱਗਾ ਆਖੇ, ‘ਤੈਨੂੰ ਸੀਟੀ ਨੀ ਸੁਣਦੀ, ਬੈਠੇ ਰਹਿੰਦੇ ਨੇ ਸੀਟਾਂ ਮੱਲ ਕੇ, ਬੱਸ ਹੁਣ ਅਗਲੇ ਅੱਡੇ ਰੁਕੂਗੀ ਉਥੇ ਈ ਉਤਰੀਂ।’ ਅਜਿਹੇ ਵਤੀਰੇ ਨੂੰ ਅੰਗਹੀਣ ਵਿਅਕਤੀ ਨੇ ਅੱਖੋਂ ਪਰੋਖ਼ੇ ਕਰਦਿਆਂ ਕਿਹਾ, ਅਗਲੇ ਅੱਡੇ ਈ ਉਤਾਰ ਦੀਂ। ਬੱਸ ਅੱਡੇ ’ਤੇ ਰੁਕੀ ਤੇ ਉਹ ਅੰਗਹੀਣ ਵਿਚਾਰਾ ਆਪਣੀ ਦੇਹ ਨੂੰ ਘੜੀਸਦਾ ਹੋਇਆ ਹੇਠਾਂ ਉਤਰ ਗਿਆ। ਕੀ ਇਹੋ ਇਨਸਾਨੀਅਤ ਹੈ।
ਸੋਹਣ ਸਿੰਘ ਸੋਨੀ
ਪਟਿਆਲਾ।
ਮੋਬਾ: 99156-28853

0 comments:
Speak up your mind
Tell us what you're thinking... !