ਅਜੋਕੇ ਤੇਜ਼-ਤੱਰਾਰ ਵਿਗਿਆਨਕ ਯੁੱਗ ਅੰਦਰ ਮੁਖ਼ੌਟਾਵਾਦੀ ਪ੍ਰਵਿਰਤੀਆਂ ਪੂਰੀਆਂ ਸਿਖ਼ਰਾਂ ’ਤੇ ਬੜੀ ਤੇਜ਼ੀ ਨਾਲ਼ ਆਪਣੀ ਚਰਮ-ਸੀਮਾ ਵੱਲ ਨੂੰ ਵਧ ਰਹੀਆਂ ਹਨ। ਮੁਖ਼ੌਟਾਧਾਰੀਆਂ ਦੁਆਰਾ ਦੁਨੀਆ ਅੰਦਰ ਪੈਦਾ ਕੀਤੇ ਜਾ ਰਹੇ ਪਾਖ਼ੰਡਵਾਦੀ ਕੋਹੜ ਦੀਆਂ ਜੜ੍ਹਾਂ ਪਾਤਾਲ਼ ਤੀਕ ਡੂੰਘੀਆਂ ਧਸੀਆਂ ਪਈਆਂ ਹਨ ਅਤੇ ਸਿਰ ਅਸਮਾਨ ਨੂੰ ਛੂਹ ਰਿਹਾ ਹੈ। ਸਿਖ਼ਰ ਦੁਪਹਿਰੇ ਪਿੰਡਾ ਲੂੰਹਦੀ ਹੋਈ ਚੁਭਵੀਂ ਗਰਮੀ ਅੰਦਰ ਠੰਢੇ ਚਿੱਕੜ ’ਚ ਖ਼ੁਭੀ ਹੋਈ ਮਹਿੰ ਵਾਂਗ ਇਹ ਕੋਝਾ ਰੁਝਾਨ ਸਾਡੇ ਸਮਾਜ ਦੀ ਸਰਜ਼ਮੀਨ ’ਚ ਡੂੰਘਿਆਂ ਧਸਦਾ ਹੋਇਆ ਦਿਨੋ-ਦਿਨ ਜੰਗਲ ਦੀ ਅੱਗ ਦੀ ਤਰ੍ਹਾਂ ਫ਼ੈਲਦਾ ਹੋਇਆ ਸਮੁੱਚੇ ਵਿਸ਼ਵ ਨੂੰ ਆਪਣੇ ਕਲਾਵੇ ’ਚ ਸਮੇਟਦਾ ਜਾ ਰਿਹਾ ਹੈ।
ਬਾਹਰੋਂ ਬੜੇ ਨਾਤ੍ਹੇ-ਧੋਤੇ, ਸਾਫ਼-ਸੁਥਰੇ ਲਿਬਾਸਾਂ ਅੰਦਰ ਲਿਪਟੇ ਹੋਏ ਅਤੇ ਬਗ਼ਲਿਆਂ ਵਾਂਗ ਦੂਜਿਆਂ ਨੂੰ ਮੱਛੀਆਂ ਸਮਝਦਿਆਂ ਹੋਇਆਂ ਚੱਤੋ-ਪਹਿਰ ਸ਼ਿਕਾਰ ਦੀ ਤਾਕ ’ਚ ਬੈਠੇ ਹੋਏ ਮੁਖ਼ੌਟਾਧਾਰੀ ਆਪਣੇ ਇਰਦ-ਗ਼ਿਰਦ ਇਕ ਅਜਿਹਾ ਤਾਣਾ-ਬਾਣਾ ਸਿਰਜੀ ਰੱਖਦੇ ਹਨ ਜਿਸ ਅੰਦਰ ਸ਼ਿਕਾਰ ਖ਼ੁਦ-ਬ-ਖ਼ੁਦ ਆਣ ਫ਼ਸਦਾ ਹੈ। ਭੋਲ਼ੀ-ਭਾਲ਼ੀ ਜਨਤਾ ਜਨਾਰਧਨ ਨੂੰ ਕਿਸੇ ਨਾ ਕਿਸੇ ਪਦਾਰਥਕ ਜਾਂ ਗ਼ੈਬੀ ਲੋਭ ਦੇ ਆਹਰੇ ਲਾ ਕੇ ਆਪਣੀ ਗੋਗੜ ਪਾਲਣ ਵਾਲ਼ੇ ਮੁਖ਼ੌਟਾਧਾਰੀ ਭਾਵੇਂ ਕਿ ਆਪਣੇ ਭਲੇ ਵੇਲ਼ਿਆਂ ਵਿਚ ਖ਼ੂਬ ਮੌਜਾਂ ਮਾਣਦੇ ਹਨ ਪਰ ਇਹ ਮੁਖ਼ੌਟਾਵਾਦੀ ਤੰਤਰ ਮਿੱਟੀ ਦੀ ਕੰਧ ਵਾਂਗ ਬਹੁਤਾ ਚਿਰ ਸਲਾਮਤ ਨਹੀਂ ਰਹਿੰਦਾ। ਜਿਵੇਂ ਕਿਸੇ ਦਾਈ ਕੋਲ਼ੋਂ ਢਿੱਡ ਲੁਕਾਉਣਾ ਬੜਾ ਔਖ਼ਾ ਕੰਮ ਹੈ ਉਵੇਂ ਹੀ ਮੁਖ਼ੌਟਾਧਾਰੀਆਂ ਦਾ ਉਨ੍ਹਾਂ ਦੀਆਂ ਕਰਤੂਤਾਂ ਸਦਕਾ ਆਪਣੇ ਸ਼ਾਸਨ-ਕਾਲ ਦੌਰਾਨ ਹੀ ਕਦੇ ਨਾ ਕਦੇ ਪਰਦਾਫ਼ਾਸ਼ ਹੋ ਜਾਂਦਾ ਹੈ।
ਦੂਜਿਆਂ ਨਾਲ਼ ਠੱਗੀਆਂ ਮਾਰ ਕੇ ਖੁੱਲ੍ਹੇ ਗੱਫ਼ੇ ਛਕਣ ਵਾਲ਼ੇ ਲਿਫ਼ਾਫ਼ੇਬਾਜ਼ਾਂ ਦੇ ਡੱਕਾਰ ਕਦੋਂ ਘੋਰੜੂ ਦਾ ਭੇਸ ਵਟਾ ਲੈਣ, ਇਸ ਗੱਲ ਦਾ ਉਨ੍ਹਾਂ ਨੂੰ ਚਿੱਤ-ਚੇਤਾ ਵੀ ਨਹੀਂ ਹੁੰਦਾ। ਆਪਣਾ ਪਾਜ ਉੱਘੜਦਿਆਂ ਹੀ ਉਹ ਨਾਸੀਂ ਧੂੰਆਂ ਲਿਆਉਣ ਵਾਲ਼ੀ ਅਜਿਹੀ ਕਸੂਤੀ ਸਥਿਤੀ ’ਚ ਆਣ ਘਿਰਦੇ ਹਨ ਜਿੱਥੇ ਉਨ੍ਹਾਂ ਦੇ ਬਚਾਅ ਵਾਸਤੇ ਉਨ੍ਹਾਂ ਦੀਆਂ ਸਭ ਤਾਕਤਾਂ ਫ਼ੇਲ੍ਹ ਹੋ ਜਾਇਆ ਕਰਦੀਆਂ ਹਨ। ਸੁਰਗਾਂ ਦੇ ਝੂਟੇ ਝੂਟਣ ਵਾਲ਼ਿਆਂ ਲਈ ਬਿਪਤਾ ਦੀ ਇਹ ਘੜੀ ਘੋਰ ਕਲਯੁੱਗ ਦਾ ਸ਼ੈਤਾਨੀ ਰੂਪ ਧਾਰਨ ਕਰ ਕੇ ਸਾਹਮਣੇ ਆ ਖੜ੍ਹਦੀ ਹੈ। ਸਾੜਸਤੀ ਦੇ ਅਜਿਹੇ ਪਲ਼ ਸੱਤਾਂ ਪੱਤਣਾਂ ਦਾ ਪਾਣੀ ਪੀਣ ਦੀਆਂ ਡੀਂਗਾਂ ਮਾਰਨ ਵਾਲ਼ੇ ਮੁਖ਼ੌਟਾਧਾਰੀਆਂ ਦੇ ਸਿਰਾਂ ’ਤੇ ਸ਼ਨੀ ਵਾਂਗੂੰ ਮੰਡਰਾਉਣਾ ਸ਼ੁਰੂ ਕਰ ਦਿੰਦੇ ਹਨ ਜਿਸ ਦੇ ਜੰਜਾਲ਼ ਵਿੱਚੋਂ ਬਾਹਰ ਨਿੱਕਲਣਾ ਔਖ਼ਾ ਹੀ ਨਹੀਂ ਬਲਕਿ ਅਸੰਭਵ ਹੋ ਜਾਇਆ ਕਰਦਾ ਹੈ। ਜਿਹੜੀ ਜਨਤਾ ਨੂੰ ਭੋਲ਼ੀ-ਭਾਲ਼ੀ ਅਤੇ ਘੋਗਲਕੰਨੀ ਸਮਝਦਿਆਂ ਹੋਇਆਂ ਦੋਹੀਂ ਹੱਥੀਂ ਰੱਜ ਕੇ ਘਾਪੇ ਪੂਰੇ ਕੀਤੇ ਹੁੰਦੇ ਹਨ, ਉਹੀ ਜਨਤਾ ਗ਼ਫ਼ਲਤ ਦੀ ਨੀਂਦੋਂ ਜਾਗਦਿਆਂ ਹੀ ਥੋਥੇ ਭਰਮਾਂ ਦੇ ਸ਼ਿਕਾਰ ਮੁਖ਼ੌਟਾਧਾਰੀਆਂ ਦਾ ਪਾਖੰਡੀ ਚੋਲ਼ਾ ਉੱਤਰਦਿਆਂ ਹੀ ਉਨ੍ਹਾਂ ਦੇ ਝਾਟੇ ’ਚ ਭੁੱਬਲ਼ ਪਾਉਣੋਂ ਰਤਾ ਦੇਰੀ ਨਹੀਂ ਕਰਦੀ।
ਪਾਖ਼ੰਡਵਾਦੀਆਂ ਦਾ ਸਿਧਾਂਤ ਹੁੰਦਾ ਹੈ ਕਿ ‘ਦੁਨੀਆ ਲੁੱਟੋ ਮਕਰ ਨਾਲ਼ ਅਤੇ ਰੋਟੀ ਖਾਉ ਸ਼ੱਕਰ ਨਾਲ’ ਪਰ ਵਿਹਲੀਆਂ ਖਾਣ ਵਾਲ਼ੇ ਅਜਿਹੇ ਮੁਫ਼ਤਖ਼ੋਰ ਕਈ ਵਾਰ ਸਮੇਂ ਦੇ ਐਸੇ ਗੇੜ ਵਿਚ ਆਣ ਘਿਰਦੇ ਹਨ ਕਿ ਆਪਣੀ ਲਲਚਾਊ ਬਿਰਤੀ ਸਦਕਾ ਦੇਗ਼-ਪ੍ਰਾਪਤੀ ਲਈ ਉਹ ਤਪਦੇ ਕੜਾਹੇ ਵਿਚ ਹੱਥ ਪਾ ਕੇ ਆਪਣਾ ਹੀ ਹੱਥ ਲੂਹ ਲੈਂਦੇ ਹਨ। ਉਸ ਵੇਲ਼ੇ ਅੱਖ ਦੇ ਫ਼ੋਰ ਵਿਚ ਹੀ ਉਨ੍ਹਾਂ ਦੀਆਂ ਤਲ਼ੀਆਂ ਥੱਲਿਓਂ ਜ਼ਮੀਨ ਖ਼ਿਸਕ ਜਾਂਦੀ ਹੈ। ਆਪਣੀ ਚੜ੍ਹਦੀ ਕਲਾ ਵਿਚ ਮੋਢਿਆਂ ਤੋਂ ਉਤਾਂਹ ਦੀ ਥੁੱਕਣ ਵਾਲ਼ੇ ਧੜੈਂ ਦੇਣੇ ਮੂਧੜੇ-ਮੂੰਹ ਡਿੱਗਣ ਵਾਲ਼ੇ ਅਜਿਹੇ ਚਿੱਚੜ ਬਿਰਤੀ ਦੇ ਮਾਲਕਾਂ ਨੂੰ ਚੁੱਕਣਾ ਤਾਂ ਦੂਰ ਦੀ ਗੱਲ ਬਲਕਿ ਹਰ ਜਣਾ-ਖਣਾ ਆਪਣੇ ਪੈਰਾਂ ਹੇਠ ਲਿਤਾੜਦਿਆਂ ਹੋਇਆਂ ਅੱਗੇ ਵਧਣਾ ਜਾਰੀ ਰੱਖਦਾ ਹੈ।
ਅਗਿਆਨਤਾ ਦੀ ਘਾਟ ਅਤੇ ਆਪਣੀਆਂ ਜ਼ੁੰਮੇਵਾਰੀਆਂ ਤੋਂ ਕਿਨਾਰਾਕਸ਼ੀ ਕਰਕੇ ਕੁਝ ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਦੇ ਲੋਭੀ ਬੰਦੇ ਪਾਖ਼ੰਡੀ ਮੁਖ਼ੌਟਾਧਾਰੀਆਂ ਦੀ ਕੁੜਿੱਕੀ ਵਿਚ ਚੂਹਿਆਂ ਵਾਂਗ ਅਕਸਰ ਫ਼ਸ ਜਾਂਦੇ ਹਨ ਜਿਨ੍ਹਾਂ ਦੀਆਂ ਬੋਟੀਆਂ ਨੂੰ ਅਜਿਹੇ ਚਤੁਰ ਸ਼ੈਤਾਨਾਂ ਦੁਆਰਾ ਰੱਜ ਕੇ ਚੂੰਡਿਆ ਜਾਂਦਾ ਹੈ। ਝੂਠੇ ਪਾਖ਼ੰਡ ਦੇ ਕਿਲ਼੍ਹੇ ਦੇ ਢਹਿ-ਢੇਰੀ ਹੋਣ ਉਪਰੰਤ ਸੱਚਾਈ ਸਾਹਮਣੇ ਆਉਂਦਿਆਂ ਹੀ ਛਿਤਰੌਲ਼ ਫ਼ੇਰਨ ਅਤੇ ਸਫ਼ੈਦ ਬਗ਼ਲਿਆਂ ਦਾ ਚਿਹਰਾ ਕਾਲਖ਼ ਨਾਲ਼ ਲਿੱਪ ਕੇ ਆਪਣੀ ਭੜਾਸ ਕੱਢਣ ਨੂੰ ਤਰਲੋਮੱਛੀ ਹੋ ਰਹੇ ਲੋਕ ਇਨ੍ਹਾਂ ਦਾ ਮੱਕੂ ਠੱਪਣ ਵਿਚ ਭੋਰਾ ਵੀ ਆਲਸ ਨਹੀਂ ਪ੍ਰਗਟਾਉਂਦੇ ਬਲਕਿ ਹੱਥ ਆਏ ਅਜਿਹੇ ਸ਼ਾਹੀ ਮੌਕੇ ਦਾ ਭਰਪੂਰ ਲਾਹਾ ਖੱਟਦੇ ਹਨ। ਉਸ ਵੇਲ਼ੇ ‘ਆਇਆ ਰਮਜ਼ਾਨ ਤੇ ਭੱਜਿਆ ਸ਼ੈਤਾਨ’ ਵਾਲ਼ੀ ਸਥਿਤੀ ਪੈਦਾ ਹੋ ਜਾਂਦੀ ਹੈ। ਲੋਟੂ ਟੋਲਿਆਂ ਦੇ ਪਾਖ਼ੰਡਵਾਦੀ ਮੁਖ਼ੌਟੇ ਉੱਤਰਦਿਆਂ ਹੀ ਆਮ ਲੋਕਾਈ ਭਲੀ-ਭਾਂਤ ਇਸ ਗੱਲੋਂ ਵਾਕਫ਼ ਹੋ ਜਾਂਦੀ ਹੈ ਕਿ ਵਿਸ਼ਵਾਸ ਦੀ ਗਊ ਨੂੰ ਰੂੜੀਆਂ ’ਤੇ ਚਰਨ ਵਾਸਤੇ ਨਹੀਂ ਛੱਡੀਦਾ।
ਵੈਸੇ ਤਾਂ ਸਿਆਣਿਆਂ ਨੇ ਨਿਚੋੜ ਕੱਢੇ ਹੋਏ ਹਨ ਕਿ ਲੱਤਾਂ ਦੇ ਭੂਤ ਉਪਦੇਸ਼ਾਂ ਨਾਲ਼ ਕਦੇ ਸਿੱਧੇ ਨਹੀਂ ਹੁੰਦੇ ਜਾਂ ਇੰਝ ਕਹਿ ਲਉ ਕਿ ਨਿੰਮ ਨੂੰ ਜਿੰਨਾ ਮਰਜ਼ੀ ਦੁੱਧ-ਘਿਉ ਨਾਲ਼ ਲਿੱਪੀ ਰੱਖੋ ਪਰ ਉਹ ਆਪਣਾ ਕੌੜਾਪਣ ਨਹੀਂ ਤਿਆਗਦੀ। ਠੀਕ ਇਸੇ ਤਰ੍ਹਾਂ ਚੋਰ ਨੂੰ ਸਜ਼ਾ ਦੇ ਕੇ ਉਸ ਪਾਸੋਂ ਸੁਧਾਰ ਦੀ ਝਾਕ ਰੱਖਣੀ ਓਨਾ ਚਿਰ ਫ਼ੋਕਾ ਉਪਰਾਲਾ ਹੀ ਹੈ ਜਿੰਨਾ ਚਿਰ ਕਿ ਚੋਰ ਦੀ ਮਾਂ ਭਾਵ ਚੋਰੀ ਪੈਦਾ ਕਰਨ ਵਾਲ਼ੇ ਹਾਲਾਤਾਂ ਨੂੰ ਸੰਜੀਦਗੀ ਨਾਲ਼ ਵਾਚਦਿਆਂ ਹੋਇਆਂ ਉਸ ਦਾ ਵਿਵਹਾਰਕ ਇਲਾਜ ਨਾ ਕੀਤਾ ਜਾਵੇ। ਸਪੱਸ਼ਟ ਹੈ ਕਿ ਉਨ੍ਹਾਂ ਕਾਰਨਾਂ ਨੂੰ ਸਿਆਣਪ ਨਾਲ਼ ਪਛਾਣ ਕੇ ਅਗਨ-ਭੇਂਟ ਕਰ ਦਿਉ ਜਿਨ੍ਹਾਂ ਦੀ ਬਦੌਲਤ ਪਾਖ਼ੰਡੀ ਮੁਖ਼ੌਟਾਧਾਰੀ ਜਨਮ ਲੈ ਕੇ ਰੱਬ ਦੁਆਰਾ ਸਿਰਜੇ ਲਏ ਅਨਮੋਲ਼ ਸੰਸਾਰ ਨੂੰ ਘੁਣ ਵਾਂਗ ਖਾਈ ਜਾ ਰਹੇ ਹਨ।
ਦੂਜੇ ਪਾਸੇ ਹੋਰ ਗਹਿਰਾਈ ਨਾਲ਼ ਵਿਚਾਰ ਕਰੀਏ ਤਾਂ ਇਹ ਸੱਚਾਈ ਵੀ ਝੁਠਲਾਈ ਨਹੀਂ ਜਾ ਸਕਦੀ ਕਿ ਕੁਦਰਤ ਦੇ ਅਟੱਲ ਨਿਯਮ ਅਨੁਸਾਰ ਜਿਹੋ ਜਿਹਾ ਕੋਈ ਕਰ ਰਿਹਾ ਹੈ ਉਹੋ ਜਿਹਾ ਖ਼ਮਿਆਜ਼ਾ ਉਸ ਨੂੰ ਭੁਗਤਣਾ ਹੀ ਪੈਂਦਾ ਹੈ। ਆਪਣੇ ਕਰਮਾਂ ਜ਼ਰੀਏ ਹੀ ਸੰਸਾਰ ਅੰਦਰੋਂ ਸ਼ਲਾਘਾ ਅਥਵਾ ਹੱਤਕ ਕਮਾਈ ਜਾ ਸਕਦੀ ਹੈ। ਪਾਪੀਆਂ ਦਾ ਸਰਵਨਾਸ਼ ਕਰਨ ਲਈ ਉਨ੍ਹਾਂ ਦਾ ਪਾਪ ਹੀ ਜ਼ਰੀਆ ਬਣਦਾ ਹੈ। ਲੋਟੂਆਂ ਤੋਂ ਖਹਿੜਾ ਛੁਡਾਉਣ ਦੇ ਇਛੁੱਕ ਪਰ ਗਲ਼ ’ਚ ਕੋਈ ਸਿਆਪਾ ਪੈਣੋਂ ਡਰਦੇ ਸਮਝੌਤਾਵਾਦੀ ਲੋਕ ‘ਕਬੀਰਾ ਤੇਰੀ ਝੌਂਪੜੀ ਗਲ਼ ਕਟੀਅਨ ਕੇ ਪਾਸ, ਜੋ ਕਰਨਗੇ ਸੋ ਭਰਨਗੇ ਤੂ ਕਿਉਂ ਭਇਓ ਉਦਾਸ’ ਟੂਕ ਵਿਚ ਅਟੁੱਟ ਯਕੀਨ ਰੱਖਦਿਆਂ ਹੋਇਆਂ ਕੋਈ ਪੰਗਾ ਸਹੇੜਣੋਂ ਭੱਜਦੇ ਹਨ। ਇਸ ਲਈ ਜੇਕਰ ਸ਼ੋਸ਼ਣ ਦੀ ਚੱਕੀ ਵਿਚ ਨਪੀੜੇ ਜਾ ਰਹੇ ਲੋਕਾਂ ਅੰਦਰ ਆਪਣੀ ਦੁੱਖਦਾਇਕ ਸਥਿਤੀ ਬਦਲਣ ਲਈ ਜ਼ਰੂਰੀ ਬਗ਼ਾਵਤ ਦੀ ਹਿੰਮਤ ਨਾ ਵੀ ਹੋਵੇ ਤਾਂ ਵੀ ਦੂਜਿਆਂ ਦੀ ਮਿਹਨਤ ਦੀ ਕਮਾਈ ਨੂੰ ਸਫ਼ਾਚੱਟ ਕਰਨ ਵਾਲਿਆਂ ਦੇ ਸਿਰਾਂ ’ਤੇ ਇਕ ਨਾ ਇਕ ਦਿਨ ਕੁਹਾੜਾ ਫਿਰਨਾ ਕੁਦਰਤ ਵੱਲੋਂ ਪਹਿਲਾਂ ਤੋਂ ਹੀ ਮੁਕੱਰਰ ਕੀਤਾ ਗਿਆ ਹੁੰਦਾ ਹੈ। ਜੱਗ ਜ਼ਾਹਿਰ ਹੈ ਕਿ ਰਾਵਣ, ਕੰਸ, ਹਰਨਾਖ਼ਸ਼, ਦੁਰਯੋਧਨ ਵਰਗਿਆਂ ਨੂੰ ਆਪਣੇ ਕੀਤੇ ਕੁਕਰਮਾਂ ਦਾ ਜੀਊਂਦੇ-ਜੀਅ ਹੀ ਲੇਖਾ ਦੇਣਾ ਪਿਆ ਸੀ। ਇਸ ਪੱਖੋਂ ਕੁਦਰਤੀ ਵਿਧਾਨ ਅਨੁਸਾਰ ਹਰ ਇਨਸਾਨ ਨੂੰ ਤਰਕਪੂਰਣ ਸਿਆਣਪ, ਸੁਤੰਤਰਤਾ ਅਤੇ ਸਮਰੱਥਾ ਬਖ਼ਸ਼ੀ ਗਈ ਹੁੰਦੀ ਹੈ ਕਿ ਉਹ ਜਿਹੋ ਜਿਹਾ ਫ਼ਲ ਖਾਣ ਦਾ ਚਾਹਵਾਨ ਹੋਵੇ, ਉਹੋ ਬੀਜ ਕਰਮਾਂ ਜ਼ਰੀਏ ਬੀਜ ਸਕਦਾ ਹੈ। ਕੰਡੇ ਬੀਜ ਕੇ ਰਸੀਲੀਆਂ ਰਸਭਰੀਆਂ ਖਾਣ ਦੀ ਝਾਕ ਰੱਖਣੀ ਸਰਾਸਰ ਮੂਰਖਤਾ ਹੁੰਦੀ ਹੈ।
ਜੇਕਰ ਗਹੁ ਨਾਲ਼ ਵਿਚਾਰਿਆ ਜਾਵੇ ਤਾਂ ਚਾਨਣਾ ਹੁੰਦਾ ਹੈ ਕਿ ਭੌਤਿਕ ਪਦਾਰਥਾਂ ਦੀ ਅੰਨ੍ਹੇਵਾਹ ਹੋੜ ਨੇ ਮਨੁੱਖ ਦੀ ਸੋਚ-ਸ਼ਕਤੀ ਨੂੰ ਹਰ ਪਾਸਿਓਂ ਖੁੰਢਿਆਂ ਕਰ ਕੇ ਰੱਖ ਦਿੱਤਾ ਹੈ। ਇਸੇ ਜੰਜਾਲ ਨੇ ਹੀ ਪਾਖ਼ੰਡੀ ਮੁਖੌਟਾਵਾਦ ਨੂੰ ਸੰਸਾਰ ਅੰਦਰ ਪੈਦਾ ਹੋਣ ਲਈ ਭਰਵੀਂ ਸ਼ਹਿ ਦਿੱਤੀ ਹੈ। ਕੁੱਲੀ, ਗੁੱਲੀ, ਜੁੱਲੀ ਭਾਵੇਂ ਕਿ ਹਰ ਦੌਰ ਅੰਦਰ ਦੁਨੀਆ ਦੇ ਹਰ ਜੀਵ ਦੀਆਂ ਬੁਨਿਆਦੀ ਲੋੜਾਂ ਸਵੀਕਾਰ ਕੀਤੀਆਂ ਗਈਆਂ ਹਨ ਪਰ ਭੌਤਿਕ ਕ੍ਰਾਂਤੀ ਨੇ ਸਭ ਸਰੋਕਾਰਾਂ, ਰੁਚੀਆਂ ਅਤੇ ਲੋੜਾਂ ਵਿਚ ਚਮਤਕਾਰੀ ਤਬਦੀਲੀ ਲੈ ਆਂਦੀ ਹੈ। ਘਰੇ ਭਾਵੇਂ ਭੰਗ ਭੁੱਜਦੀ ਹੋਵੇ ਪਰ ਮਨੁੱਖ ਆਪਣੀਆਂ ਬੁਨਿਆਦੀ ਜ਼ਰੂਰਤਾਂ ਦੇ ਨਾਲ਼-ਨਾਲ਼ ਫ਼ੋਕਟ ਦੀਆਂ ਐਸ਼ੋ-ਆਰਾਮ ਵਾਲ਼ੀਆਂ ਚੀਜ਼ਾਂ ਦੇ ਭੰਡਾਰਨ ਤੋਂ ਤੌਬਾ ਕਰਨ ਨੂੰ ਕਦਾਚਿਤ ਤਿਆਰ ਨਹੀਂ। ਮਨੁੱਖਾਂ ਦੁਆਰਾ ਆਪਣੇ ਹੱਥੀਂ ਹੀ ਚੌਗ਼ਿਰਦੇ ਨੂੰ ਪ੍ਰਦੂਸ਼ਿਤ ਕਰਨ ਦੇ ਰੁਝਾਨ ਨੇ ਸਬਰ, ਸਹਿਣਸ਼ੀਲਤਾ, ਕਰੜੀ ਮੁਸ਼ੱਕਤ, ਮਾਨਵੀ ਸਾਂਝਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਲੀਆਮੇਟ ਕਰਕੇ ਇਕਾਗਰ ਅਤੇ ਸ਼ਾਂਤ-ਚਿੱਤ ਬਿਰਤੀਆਂ ਨੂੰ ਵਿਸਫ਼ੋਟਿਤ ਕਰ ਦਿੱਤਾ ਹੈ। ਇਸੇ ਪਦਾਰਥਵਾਦੀ ਹਨੇਰਗ਼ਰਦੀ ਦੀ ਬਦੌਲਤ ਆਪਣੇ ਅੰਗਾਂ-ਪੈਰਾਂ, ਘਰ-ਪਰਿਵਾਰ ਆਦਿ ਦੇ ਹੁੰਦਿਆਂ-ਸੁੰਦਿਆਂ ਵਰਤਮਾਨ ਮਨੁੱਖ ਆਪਣੇ-ਆਪ ਨੂੰ ਭਰੇ ਮੇਲੇ ਵਿਚ ਇਕੱਲਤਾ ਅਤੇ ਮਾਯੂਸੀ ਦਾ ਸ਼ਿਕਾਰ ਮੰਨ ਰਿਹਾ ਹੈ। ਅਜਿਹੇ ਢਹਿੰਦੀਆਂ ਕਲਾਂ ਵਾਲ਼ੇ ਬੰਦਿਆਂ ਦੀ ਸੰਗਤ ਕਰਨ ਵਾਲ਼ੇ ਵੀ ਪਾਣੀ ਵਿਚ ਰੇਤੇ ਦੀ ਕੰਧ ਵਾਂਗ ਗ਼ਰਕ ਹੋ ਜਾਇਆ ਕਰਦੇ ਹਨ।
ਆਪਣੀਆਂ ਲੋੜਾਂ ਵਿਚ ਅੱਥਾਹ ਵਾਧਾ ਕਰਦੇ ਰਹਿਣਾ ਆਪ ਸਹੇੜੇ ਘੋਰ ਸੰਕਟ ਤੋਂ ਵਧੇਰੇ ਕੁਝ ਵੀ ਨਹੀਂ। ਹੱਥ-ਪੱਖੀਆਂ ਤੋਂ ਬਿਜਲਈ ਪੱਖੇ, ਫਿਰ ਕੂਲਰ, ਏਅਰ ਕੰਡੀਸ਼ਨਰ ਅਤੇ ਇਸ ਪਦਾਰਥਕ ਵਿਭਿੰਨਤਾ ਦੀ ਲਾਲਸਾ ਦਾ ਕੋਈ ਆਖ਼ਰੀ ਸਿਰਾ ਕਿਧਰੇ ਨਜ਼ਰੀਂ ਨਹੀਂ ਪੈਂਦਾ। ਪੈਦਲ ਚੱਲਣ ਵਾਲ਼ਾ ਸਾਈਕਲ, ਫਿਰ ਹੌਲ਼ੀ-ਹੌਲ਼ੀ ਸਕੂਟਰ, ਮੋਟਰ ਸਾਈਕਲ, ਕਾਰਾਂ, ਜਹਾਜ਼ਾਂ ਦੀ ਮਨੋਕਾਮਨਾ ਦੇ ਚਿੱਕੜ ਵਿਚ ਧਸਦਾ ਹੀ ਚਲਾ ਜਾਂਦਾ ਹੈ। ਇਸ ਬੇਸਿਰੀ ਚੂਹਾ-ਦੌੜ ਨੇ ਅਜਿਹੇ ਵਿਖਾਵਿਆਂ ਅਤੇ ਢਕਵੰਜਾਂ ਨੂੰ ਖੁੱਲ੍ਹੇਆਮ ਹਵਾ ਦਿੱਤੀ ਹੈ ਕਿ ਆਪਣੇ ਹੀ ਬੁਣੇ ਹੋਏ ਮੱਕੜਜਾਲ਼ ਅੰਦਰੋਂ ਮਨੁੱਖ ਨੂੰ ਖ਼ਲਾਸੀ ਨਹੀਂ ਮਿਲ਼ ਰਹੀ ਜਾਪਦੀ। ਹਾਲਾਤ ਇਥੋਂ ਤੀਕ ਨਾਜ਼ੁਕ ਹਨ ਕਿ ਤੰਦ ਨਹੀਂ ਬਲਕਿ ਪੂਰੀ ਤਾਣੀ ਹੀ ਉਲਝੀ ਪਈ ਹੈ। ਆਪਣੇ ਘਰ ਦਾ ਕੂੜਾ-ਕਰਕਟ ਦੂਜਿਆਂ ਦੇ ਬਾਰ ਮੂਹਰੇ ਢੇਰੀ ਲਾਉਣ, ਨਿੱਜੀ ਜ਼ਿੰਮੇਵਾਰੀਆਂ ਨੂੰ ਗਲ਼ ਪਈ ਮੁਸੀਬਤ ਮੰਨਦਿਆਂ ਹੋਇਆਂ ਉਨ੍ਹਾਂ ਦੇ ਰੂਬਰੂ ਹੋ ਕੇ ਸਮਾਧਾਨ ਕਰਨੋਂ ਡਰਦਿਆਂ ਹੋਇਆਂ ਬ੍ਰਹਮਚਾਰੀ ਪ੍ਰਵਿਰਤੀਆਂ ਧਾਰਨ ਕਰਨ ਅਤੇ ਸਰੀਰ ਅੰਦਰ ਹਰ ਤੱਤੇ-ਠੰਢੇ ਹਾਲਾਤ ਦਾ ਟਾਕਰਾ ਕਰਨ ਦੀ ਸਮਰੱਥਾ ਦੇ ਹੁੰਦਿਆਂ ਹੋਇਆਂ ਵੀ ਤੀਲ਼ਾ ਤੋੜਣ ਦੀ ਬਜਾਇ ਕਿਸੇ ਚਮਤਕਾਰ ਰਾਹੀਂ ਪਦਾਰਥਕ ਸੁੱਖਾਂ ਅਤੇ ਮਾਨਸਿਕ ਸ਼ਾਂਤੀ ਤਲਾਸ਼ਣ ਦੇ ਕੋਝੇ ਰੁਝਾਨ ਨੂੰ ਤਿਆਗਣ ਨਾਲ਼ ਜਿੱਥੇ ਸਬਰ-ਸਬੂਰੀ ਜਨਮੇਗੀ ਉਥੇ ਪਾਖ਼ੰਡੀ ਮੁਖੌਟਾਵਾਦੀਆਂ ਦੀਆਂ ਦੁਕਾਨਦਾਰੀਆਂ ਨੂੰ ਵੀ ਠੱਲ੍ਹ ਪਵੇਗੀ।
ਜਦੋਂ ਮਾਨਵੀ-ਮਨ ਅੰਦਰ ਇਹ ਗੱਲ ਪੱਕੀ ਤਰ੍ਹਾਂ ਬੈਠ ਜਾਵੇਗੀ ਕਿ ਬਾਹਰ ਦੀ ਪੂਰੀ ਚੋਪੜੀ ਰੋਟੀ ਨਾਲ਼ੋਂ ਆਪਣੇ ਘਰ ਦੀ ਖ਼ੁਸ਼ਕ ਬੁਰਕੀ ਕਿਤੇ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ ਤਾਂ ਉਦੋਂ ਲੋਕ ਆਪਣੇ-ਆਪ ਹੀ ਸਰੀਰਕ ਅਤੇ ਮਾਨਸਿਕ ਸੁੱਖਾਂ ਦੀ ਕੁੱਤੇ-ਝਾਕ ਵਿਚ ਪਾਖ਼ੰਡੀ ਮੁਖੌਟਾਧਾਰੀਆਂ ਦੇ ਪਿੱਛੇ ਲੱਗ ਕੇ ਘਰ ਫ਼ੂਕ ਤਮਾਸ਼ਾ ਵੇਖਣ ਵਾਲ਼ੇ ਚਸਕੇ ਤੋਂ ਖਹਿੜਾ ਛੁਡਾ ਲੈਣਗੇ। ਫਿਰ ਬੱਚਿਆਂ ਦੇ ਮੂੰਹੋਂ ਦੁੱਧ-ਘਿਉ ਖੋਹ ਕੇ ਪੱਥਰਾਂ ਦੀ ਨੁਹਾਈ-ਧੁਆਈ ਕਰਨੀ, ਘਰ-ਪਰਿਵਾਰ ਨੂੰ ਸਿੜ੍ਹੀ-ਸਿਆਪਾ ਸਮਝਦਿਆਂ ਹੋਇਆਂ ਬ੍ਰਹਮਚਾਰੀ ਹੋਣ ਦਾ ਢਕਵੰਜ ਸਹਿਜੇ ਹੀ ਉਡਨ-ਛੂਅ ਹੋ ਜਾਵੇਗਾ।
ਸਲੇਮਪੁਰਾ,
ਸਿਧਵਾਂ ਬੇਟ (ਲੁਧਿਆਣਾ)
ਫੋਨ: 9872727789


0 comments:
Speak up your mind
Tell us what you're thinking... !