Headlines News :
Home » » ਹਿੰਦੁਸਤਾਨ ਦੇ ਗ਼ੌਰਵਮਈ ਵਿਰਸੇ ਦੇ ਜਾਨਸ਼ੀਨੋ ਜਾਗੋ!! -ਜਸਵੰਤ ਭਾਰਤੀ

ਹਿੰਦੁਸਤਾਨ ਦੇ ਗ਼ੌਰਵਮਈ ਵਿਰਸੇ ਦੇ ਜਾਨਸ਼ੀਨੋ ਜਾਗੋ!! -ਜਸਵੰਤ ਭਾਰਤੀ

Written By Unknown on Monday, 21 October 2013 | 07:36

ਰੂਸ ਦੇ ਸਿਰਮੌਰ ਲੇਖਕ ਰਸੂਲ ਹਮਜ਼ਾਤੋਵ ਦੇ ਮਹਾਨ ਗ੍ਰੰਥ ‘ਮੇਰਾ ਦਾਗ਼ਿਸਤਾਨ’ ਅੰਦਰ ਅਬੂ ਤਾਲਿਬ ਦਾ ਕਥਨ ਹੈ,“ਜੇਕਰ ਤੁਸੀਂ ਬੀਤੇ ਉਪਰ ਪਿਸਤੌਲ਼ ਨਾਲ਼ ਗੋਲ਼ੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ਼ ਫੁੰਡ ਦਏਗਾ।” ਸਪੱਸ਼ਟ ਹੈ ਕਿ ਸੂਝਵਾਨ ਰਾਸ਼ਟਰਾਂ ਨੂੰ ਸਦਾ ਆਪਣੇ ਇਤਿਹਾਸਕ ਪਿਛੋਕੜ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਬੀਤੇ ਸਮੇਂ ਵਿਚ ਕੀਤੇ ਗਏ ਗੌਰਵਮਈ ਕੰਮਾਂ ਨੂੰ ਹੋਰ ਵੀ ਸੁਚੱਜੇ ਤਰੀਕੇ ਅਤੇ ਖ਼ੂਬਸੂਰਤੀ ਨਾਲ਼ ਜਾਰੀ ਰੱਖਦਿਆਂ ਹੋਇਆਂ ਹੋ ਚੁੱਕੀਆਂ ਭੁੱਲਾਂ ਨੂੰ ਦੁਬਾਰਾ ਨਾ ਦੁਹਰਾਉਣ ਦਾ ਦ੍ਰਿੜ ਸੰਕਲਪ ਲੈ ਕੇ ਵਿਕਾਸ ਦੇ ਮਾਰਗ ਉਪਰ ਬੜੀ ਚੇਤੰਨਤਾ ਨਾਲ਼ ਗਤੀਸ਼ੀਲ ਹੋਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਵਰਤਮਾਨ ਨੂੰ ਸ਼ਿੰਗਾਰਦਿਆਂ ਹੋਇਆਂ ਗੌਰਵਮਈ ਹੋਣ ਦੇ ਅਹਿਸਾਸ ਦੇ ਨਾਲ਼-ਨਾਲ਼ ਨਰੋਏ ਭਵਿੱਖ ਦੀ ਮਜ਼ਬੂਤ ਉਸਾਰੀ ਵੀ ਕੀਤੀ ਜਾ ਸਕੇ। ਵਿਸ਼ਵ-ਇਤਿਹਾਸ ਦੇ ਪੰਨੇ ਫ਼ਰੋਲ਼ਿਆਂ ਸਹਿਜੇ ਹੀ ਪ੍ਰਤੱਖ ਹੋ ਜਾਂਦਾ ਹੈ ਕਿ ਅਜਿਹੇ ਨਿੱਗਰ ਨੀਂਹਾਂ ਵਾਲ਼ੇ ਰਾਸ਼ਟਰਾਂ ਜਾਂ ਕੌਮਾਂ ਨੂੰ ਹੀ ਸੰਸਾਰ ਬਾ-ਅਦਬ ਸਲਾਮ ਕਰਦਾ ਰਿਹਾ ਹੈ, ਵਰਤਮਾਨ ਵਿਚ ਵੀ ਕਰ ਰਿਹਾ ਹੈ ਅਤੇ ਅਗਾਂਹ ਵੀ ਇਹ ਸਿਲਸਿਲਾ ਜਾਰੀ ਰਹੇਗਾ। ਇਸ ਦੇ ਉਲਟ ਜਿਹੜੀਆਂ ਕੌਮਾਂ ਆਪਣੇ ਇਤਿਹਾਸਕ ਵਿਰਸੇ ਤੋਂ ਟੁੱਟ ਕੇ ਆਪਣੀ ਖ਼ੁਦਮੁਖ਼ਤਿਆਰ ਹਸਤੀ ਕਾਇਮ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਉਨ੍ਹਾਂ ਨੂੰ ਜੜ੍ਹੋਂ ਟੁੱਟੇ ਹੋਏ ਬਿਰਖ਼ ਵਾਂਗ ਸਿਵਾਇ ਸੋਕੇ ਅਤੇ ਬਰਬਾਦੀ ਦੇ ਕੁਝ ਵੀ ਹਾਸਿਲ ਨਹੀਂ ਹੁੰਦਾ। 
ਤਵਾਰੀਖ਼ ਸਪੱਸ਼ਟ ਬੋਲਦੀ ਹੈ ਕਿ ਬੀਤੇ ਸਮਿਆਂ ’ਚ ‘ਸੋਨੇ ਦੀ ਚਿੜੀ’ ਕਹਾਉਣ ਵਾਲ਼ੇ ਹਿੰਦੁਸਤਾਨ ਨੂੰ ਪੂਰੇ ਵਿਸ਼ਵ ਵਿਚ ਗਿਆਨ-ਵਿਗਿਆਨ, ਧਰਮ, ਕਲ਼ਾ, ਦਰਸ਼ਨ ਦੀ ਜਨਮ-ਭੂਮੀ ਵਜੋਂ ਯਾਦ ਕੀਤਾ ਜਾਂਦਾ ਰਿਹਾ ਹੈ। ਸੰਸਾਰ ਦਾ ਸਭ ਤੋਂ ਪੁਰਾਤਨ ਅਤੇ ਅਜ਼ੀਮ ਗ੍ਰੰਥ ‘ਰਿਗਵੇਦ’ ਇਸੇ ਹੀ ਸਰਜ਼ਮੀਨ ਉਪਰ ਰਚਿਆ ਗਿਆ। ਦਸ ਮੰਡਲਾਂ ਵਿਚ ਵੰਡੇ ਹੋਏ ਇਸ ਗ੍ਰੰਥ ਵਿਚ 10552 ਮੰਤਰ ਅਤੇ 1028 ਸੂਕਤ ਹਨ। ਇਸ ਤੋਂ ਇਲਾਵਾ ਸਾਮਵੇਦ, ਅਥਰਵਵੇਦ ਅਤੇ ਯਜੁਰਵੇਦ ਵੀ ਇਸੇ ਧਰਤੀ ਉਪਰ ਰੱਬੀ ਪਿਆਰਿਆਂ ਦੁਆਰਾ ਰਚੇ ਗਏ ਜਿਨ੍ਹਾਂ ਅੰਦਰ ਆਤਮਾ, ਪਰਮਾਤਮਾ, ਸ੍ਰਿਸ਼ਟੀ ਅਤੇ ਇਸ ਧਰਤੀ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਬੜੇ ਵਿਸਥਾਰ ਨਾਲ ਬਿਆਨੀਆਂ ਗਈਆਂ ਹਨ। ਨਾਲੰਦਾ ਅਤੇ ਤਕਸ਼ਿਲਾ ਦੇ ਰੂਪ ਵਿਚ ਸੰਸਾਰ ਦੀਆਂ ਸਰਵਪ੍ਰਥਮ ਯੂਨੀਵਰਸਿਟੀਆਂ ਇਸੇ ਹੀ ਧਰਤੀ ਉਪਰ ਉਸਾਰੀਆਂ ਗਈਆਂ ਸਨ, ਜਿਥੋਂ ਦੂਰ-ਦੁਰਾਡੇ ਮੁਲਕਾਂ ਤੋਂ ਹਜ਼ਾਰਾਂ ਮੀਲਾਂ ਦਾ ਪੈਂਡਾ ਤੈਅ ਕਰਕੇ ਜਗਿਆਸੂ ਆਪਣੀਆਂ ਖ਼ਾਲੀ ਝੋਲ਼ੀਆਂ ਨੂੰ ਗਿਆਨ ਦੇ ਬੇਸ਼ਕੀਮਤੀ ਮੋਤੀਆਂ ਨਾਲ਼ ਨੱਕੋ-ਨੱਕ ਭਰ ਕੇ ਲਿਜਾਇਆ ਕਰਦੇ ਸਨ। ਵਿਆਕਰਣ ਦੇ ਰਚੈਤਾ ਪਾਣਿਨੀ, ਯੋਗ-ਸਾਧਨਾ ਵਿਗਿਆਨੀ ਪਤੰਜਲੀ, ਔਖ਼ਧੀ ਵਿਗਿਆਨੀ ਚਰਕ, ਸ਼ਿਲਪ-ਕਲ਼ਾ ਦੇ ਪਿਤਾਮਾ ਬਾਬਾ ਵਿਸ਼ਵਕਰਮਾ, ਤਮਾਮ ਉਮਰ ਆਪਣੀ ਕਠੋਰ ਪ੍ਰਤਿੱਗਿਆ ਅਤੇ ਸੰਜਮ ਤੇ ਪਹਿਰਾ ਦੇਣ ਵਾਲ਼ੇ ਪਿਤਾਮਾ ਭੀਸ਼ਮ, ਧਰਮ-ਪੁੱਤਰ ਯੁਧਿਸ਼ਟਰ, ਸਰਵਸ਼੍ਰੇਸ਼ਠ ਧਨੁਖ਼ਧਾਰੀ ਅਰਜਨ, ਸੂਰਜ-ਪ੍ਰਤਾਪੀ ਮਹਾਂਦਾਨੀ ਕਰਨ, ਮਹਾਂਬਲੀ ਭੀਮ ਸੈਨ ਵਰਗੇ ਪਰਬਤਾਂ ਜਿਹੇ ਹੌਸਲਿਆਂ ਵਾਲ਼ੇ ਆਪੋ-ਆਪਣੇ ਖ਼ੇਤਰਾਂ ਵਿਚ ਸਿੱਕਾ ਜਮਾਉਣ ਵਾਲ਼ੇ ਦੁਨੀਆ ਦੇ ਪਹਿਲੇ ਚੀੜ੍ਹੇ ਮਨੁੱਖ ਇਥੇ ਹੀ ਪੈਦਾ ਹੋਏ ਹਨ। ਮਹਾਂਰਿਸ਼ੀ ਵਾਲਮੀਕ, ਮੁਨੀ ਵੇਦ ਵਿਆਸ, ਮਹਾਂਰਿਸ਼ੀ ਵਿਸ਼ਿਸ਼ਟ, ਜੈਮਿਨੀ ਰਿਸ਼ੀ, ਸੁਕਦੇਵ ਮੁਨੀ, ਭਗਤ ਤੁਲਸੀ ਦਾਸ, ਪਾਰਾਸੁਰ ਰਿਸ਼ੀ, ਬਕਤਾਲਬਧ ਜੀ ਵਰਗੇ ਭਗਵਾਨ ਦੇ ਪਿਆਰੇ ਭਗਤਾਂ ਨੇ ਇੱਥੋਂ ਦੀਆਂ ਨਦੀਆਂ ਦੇ ਕਿਨਾਰੇ ਕੁਦਰਤ ਦੀ ਸ਼ਾਂਤ ਗੋਦ ’ਚ ਬੈਠ ਕੇ ਰਾਮਾਇਣ, ਮਹਾਂਭਾਰਤ, ਗੁਰੂ ਗਰੰਥ ਸਾਹਿਬ, ਪੁਰਾਣਾਂ, ਅਸ਼ਟਪਦੀਆਂ, ਸਿਮ੍ਰਤੀਆਂ ਵਰਗੇ ਪਵਿੱਤਰ ਗ੍ਰੰਥਾਂ ਦੀ ਸਿਰਜਣਾ ਕਰਕੇ ਸੰਤ-ਫਲਸਫੇ ਨੂੰ ਅਮਰਤਾ ਪ੍ਰਦਾਨ ਕੀਤੀ।
ਮਹਾਂਰਿਸ਼ੀ ਵਾਲਮੀਕ ਜੀ ਨੇ ਦਸ ਹਜ਼ਾਰ ਵਰ੍ਹੇ ਪਹਿਲਾਂ ਹੀ ਆਪਣੇ ਅਨੁਭਵ-ਪ੍ਰਕਾਸ਼ ਜ਼ਰੀਏ ਸਭ ਕੁਝ ਪ੍ਰਤੱਖ ਵੇਖ ਕੇ ਤੱਤਕਾਲੀ ਵਕਤ ਦੇ ਪੈਗ਼ੰਬਰ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ-ਚਰਿੱਤਰ ਅਤੇ ਸਿੱਖਿਆਵਾਂ ਨੂੰ ਪਵਿੱਤਰ ਮਹਾਂਕਾਵਿ ‘ਰਾਮਾਇਣ’ ਦੇ ਰੂਪ ਵਿਚ ਰਚਿਆ। ਸਵਾਮੀ ਵੇਦ ਵਿਆਸ ਜੀ ਨੇ ਸੁਦਰਸ਼ਨ-ਚੱਕਰਧਾਰੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਅਤੇ ਕੌਰਵਾਂ-ਪਾਂਡਵਾਂ ਦੀ ਕਥਾ ਨੂੰ ਇਕ ਲੱਖ ਤੋਂ ਵੀ ਵੱਧ ਸਲੋਕਾਂ ਵਾਲੇ ਹਿੰਦੁਸਤਾਨ ਦੇ ਸਭ ਤੋਂ ਅਜ਼ੀਮ ਮਹਾਂਕਾਵਿ ‘ਮਹਾਂਭਾਰਤ’ ਦੇ ਰੂਪ ਵਿਚ ਸਿਰਜਿਆ। ਸੰਤ ਕਾਲੀਦਾਸ ਜੀ ਨੇ ਮੇਘਦੂਤ, ਸ਼ਕੁੰਤਲਾ, ਮਾਲਵਿਕਾਗਨੀਮਿਤ੍ਰ ਵਰਗੀਆਂ ਮਨੁੱਖੀ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਕਿਰਤਾਂ ਰਚ ਕੇ ਇਸ ਸਰਜ਼ਮੀਨ ਦੀ ਸ਼ੋਭਾ ’ਚ ਹੋਰ ਵੀ ਵਾਧਾ ਕੀਤਾ ਹੈ। ਰਿਸ਼ੀਆਂ-ਮੁਨੀਆਂ ਦੇ ਆਸ਼ੀਰਵਾਦਾਂ ਨਾਲ ਸਜੀ-ਸੰਵਰੀ ਹਿੰਦੁਸਤਾਨ ਦੀ ਧਰਤੀ ਸਬੰਧੀ ਹੁਣ ਤੀਕ ਦੇ ਉਪਲਬਧ ਇਤਿਹਾਸ ਨੂੰ ਗਹੁ ਨਾਲ ਪੜ੍ਹਿਆਂ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਜਾਂਦਾ ਹੈ ਕਿ ਅਨੇਕਾਂ ਕੁਦਰਤੀ ਕਰੋਪੀਆਂ ਅਤੇ ਹੈਵਾਨੀ ਆਫ਼ਤਾਂ ਦੇ ਬਾਵਜੂਦ ਵੀ ਇਸ ਧਰਤੀ ਉਪਰ ਪ੍ਰਕਿਰਤੀ ਅਤੇ ਮਨੁੱਖੀ ਜੀਵਨ ਲਗਾਤਾਰ ਵਧ-ਫੁੱਲ ਕੇ ਵਿਕਸਿਤ ਹੁੰਦਾ ਰਿਹਾ ਹੈ। ਪਰਮਾਤਮਾ ਨੇ ਸੁੰਦਰ ਕੁਦਰਤੀ ਬਨਸਪਤੀ, ਜਰਖ਼ੇਜ਼ ਮਿੱਟੀ ਅਤੇ ਇਲਾਹੀ ਬਖ਼ਸ਼ਿਸ਼ਾਂ ਦੀ ਇਥੇ ਕੋਈ ਘਾਟ ਨਹੀਂ ਛੱਡੀ। ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ ਅਤੇ ਪੈਗ਼ੰਬਰਾਂ ਦੀ ਚਰਨ-ਛੋਹ ਪ੍ਰਾਪਤ ਇਸ ਧਰਤੀ ’ਤੇ ਅਕਾਲ ਪੁਰਖ਼ ਦੀ ਰਜ਼ਾਅ ਮੁਤਾਬਿਕ ਸਮੇਂ-ਸਮੇਂ ਅਨੇਕਾਂ ਰੱਬੀ ਮਹਾਂਪੁਰਖਾਂ ਅਤੇ ਕਾਮਿਲ ਮੁਰਸ਼ਿਦਾਂ ਨੇ ਜਨਮ ਲੈ ਕੇ ਕਾਮ, ਕ੍ਰੋਧ, ਮੋਹ, ਲੋਭ ਅਤੇ ਅਹੰਕਾਰ ਦੇ ਚੱਕਰਵਿਊਆਂ ’ਚ ਗੋਤੇ ਖਾਂਦੀ ਖ਼ਲਕਤ ਨੂੰ ਇਲਾਹੀ ਚਾਨਣ ਪ੍ਰਦਾਨ ਕਰਕੇ ਗੁਰਮਤਿ ਦੀ ਰੰਗਤ ’ਚ ਰੰਗੀ ਗੁਣਵਾਨ ਅਤੇ ਪਰਉਪਕਾਰੀ ਜ਼ਿੰਦਗੀ ਜਿਊਣ ਦਾ ਸਹਿਜ ਮਾਰਗ ਦੱਸਿਆ ਹੈ। 
ਜਿੱਥੋਂ ਤੀਕ ਪੈਗ਼ੰਬਰਾਂ ਦੀ ਛਤਰ-ਛਾਇਆ ਹੇਠ ਸਲਾਮਤ ਰੱਬੀ ਭਗਤਾਂ ਦਾ ਸਵਾਲ ਹੈ, ਤ੍ਰੇਤਾ ਯੁੱਗ ’ਚ ਜਿੱਥੇ ਪਾਪ ਦੇ ਹੱਕ ’ਚ ਮਹਾਂਬਲੀ ਅਤੇ ਰਿੱਧੀਆਂ-ਸਿੱਧੀਆਂ ਦੇ ਮਾਲਿਕ ਲੰਕਾ-ਨਰੇਸ਼ ਰਾਵਣ ਦੇ ਸਭ ਸਾਥੀ ਅਤੇ ਹਿਮਾਇਤੀ ਭਿਆਨਕ ਮੌਤ ਦੇ ਮੂੰਹ ’ਚ ਚਲੇ ਗਏ, ਉਥੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਰਹਿਮਤ ਦੇ ਪਾਤਰਾਂ ਨੇ ਜਿੱਥੇ ਧਰਤ-ਲੋਕ ਦੇ ਸਾਰੇ ਸੁੱਖ ਮਾਣੇ, ਉਥੇ ਆਪਣਾ ਪਰਲੋਕ ਵੀ ਸੁਹੇਲਾ ਕਰ ਲਿਆ। ਅੱਜ ਵੀ ਭਗਵਾਨ ਰਾਮ ਦੇ ਪਿਆਰੇ ਮੁਰੀਦਾਂ ਛਬਰੀ, ਭੀਲਣੀ, ਸੁਗਰੀਵ, ਹਨੂਮਾਨ, ਨਲ, ਨੀਲ ਨੂੰ ਬੜੇ ਅਦਬ ਨਾਲ ਸਿਮਰਿਆ ਜਾਂਦਾ ਹੈ। ਦੁਆਪਰ ’ਚ ਜਿੱਥੇ ਬੁਰਾਈ ਦੇ ਸਮੱਰਥਕ ਦੁਰਯੋਧਨ, ਦੁਸ਼ਾਸ਼ਨ ਸਮੇਤ ਸਭ ਮੱਦਦਗਾਰਾਂ ਨੂੰ ਯਮਰਾਜ ਦਾ ਨਿਵਾਲਾ ਬਣਨਾ ਪਿਆ, ਉਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਛਤਰ-ਛਾਇਆ ਹੇਠ ਪੰਜਾਂ ਪਾਂਡਵਾਂ ਦਾ ਇਸ ਭਿਆਨਕ ਯੁੱਧ ਦੀ ਤੱਤੀ ਹਵਾ ਵਾਲ਼ ਵੀ ਵਿੰਗਾ ਨਾ ਕਰ ਸਕੀ। ਇਸ ਮਹਾਂਯੁੱਧ ਵੇਲੇ ਕੁਰੂਕਸ਼ੇਤਰ ਦੇ ਮੈਦਾਨੇ-ਜੰਗ ’ਚ 45 ਲੱਖ ਯੋਧਿਆਂ ਦਾ ਆਹਮਣੇ-ਸਾਹਮਣਿਓਂ ਟਾਕਰਾ ਹੋਇਆ ਸੀ। ਇਨ੍ਹਾਂ ਯੋਧਿਆਂ ਦੀ ਗਿਣਤੀ ਨੂੰ 18 ਖੂਹਣੀਆਂ ਵੀ ਸੱਦਿਆ ਜਾਂਦਾ ਹੈ। ਕਰਮਾਂ-ਕਾਂਡਾਂ ਦੇ ਝਮੇਲਿਆਂ ਅਤੇ ਗ਼ੈਬੀ ਤਾਕਤਾਂ ਦੇ ਭੰਵਰਾਂ ਵਿਚ ਉਲਝਿਆ ਹੋਇਆ ਮਨੁੱਖ ਦਿਨੋ-ਦਿਨ ਪਤਨ ਵੱਲ ਨੂੰ ਜਾਣ ਲੱਗਾ। ਸਮੇਂ ਨੇ ਕਰਵਟਾਂ ਬਦਲੀਆਂ। ਮਹਾਤਮਾ ਬੁੱਧ ਜੀ ਅਤੇ ਉਨ੍ਹਾਂ ਤੋਂ ਪਿੱਛੋਂ ਮਹਾਂਵੀਰ ਸੁਆਮੀ ਜੀ ਨੇ ਆਪਣੀ ਕਠਿਨ ਤਪੱਸਿਆ ਅਤੇ ਨੇਕ-ਕਰਮਾਂ ਸਦਕਾ ਮਾਇਆ ਰੂਪੀ ਅੱਗ ਦੇ ਸਾਗਰ ਤੋਂ ਖ਼ੁਦ ਨੂੰ ਮੁਕਤ ਕੀਤਾ ਅਤੇ ਜਗ੍ਹਾ-ਜਗ੍ਹਾ ਜਾ ਕੇ ਕੁਰਾਹੇ ਪਈ ਖ਼ਲਕਤ ਨੂੰ ਰੱਬੀ ਗਿਆਨ ਸਦਕਾ ਸਿੱਧੇ ਰਸਤੇ ਪਾਉਣ ਦੇ ਯਤਨ ਕੀਤੇ । 
ਸ਼ਾਂਤ ਅਤੇ ਖ਼ੁਸ਼ਹਾਲ਼ ਹਿੰਦੁਸਤਾਨ ਦੀ ਹਾਲਤ ਨੂੰ ਬਾਹਰੀ ਹਮਲਾਵਰਾਂ ਨੇ ਤੂਫ਼ਾਨਾਂ ਦੀ ਮਾਰ ਹੇਠ ਆਏ ਖ਼ਸਤਾ ਮਕਾਨ ਵਰਗਾ ਬਣਾ ਕੇ ਇਸ ਅੰਦਰਲੀ ਖ਼ੁਸ਼ਹਾਲ਼ੀ ਨੂੰ ਉਘੱੜ-ਦੁੱਘੜ ਖ਼ਿਲਾਰ ਦਿੱਤਾ। ਬਰਬਾਦੀਆਂ ਦਾ ਇਹ ਸਿਲਸਿਲਾ ਮੁਗ਼ਲਾਂ ਦੇ ਹਮਲਿਆਂ ਨਾਲ ਸ਼ੁਰੂ ਹੋਇਆ। ਇਸ ਹਨੇਰਗ਼ਰਦੀ ਦੇ ਪਿਤਾਮੇ ਅਫ਼ਗਾਨਿਸਤਾਨ ਦੇ ਰਾਜਸੀ ਖ਼ਾਨਦਾਨ ਨਾਲ ਸਬੰਧ ਰੱਖਣ ਵਾਲੇ ਅਲਪਤਗ਼ੀਨ ਅਤੇ ਸਬੁਕਤਦੀਨ ਸਨ ਜਿਨ੍ਹਾਂ ਨੇ ਖ਼ੂਬਸੂਰਤ ਹਿੰਦੁਸਤਾਨ ਨੂੰ ਉਜੜੇ ਥੇਹਾਂ ਵਾਂਗ ਵੀਰਾਨ ਕਰ ਦਿੱਤਾ। ਇਤਿਹਾਸਕਾਰਾਂ ਦਾ ਮਤ ਹੈ ਕਿ ਪੰਜਾਬ ਵਾਸੀ ਅਣਖ਼ ਅਤੇ ਸਵੈ-ਮਾਣ ਵਰਗੇ ਅਣਮੁੱਲੇ ਗੁਣ ਵਿਸਾਰ ਕੇ ਢਹਿੰਦੀਆਂ ਕਲਾਂ ਵੱਲ ਜਾ ਰਹੇ ਸਨ ਅਤੇ ਇਹ ਸਾਰੀ ਗਿਰਾਵਟ ਰਾਜਾ ਹਰਸ਼ ਵਰਧਨ ਦੇ ਵੇਲੇ ਤੋਂ ਹੀ ਸ਼ੁਰੂ ਹੋ ਚੁੱਕੀ ਸੀ। ਜ਼ਾਤ-ਪਾਤ ਦੇ ਕੱਟੜ ਬੰਧਨ ਆਪਸੀ ਮੇਲ-ਜੋਲ ਦੀ ਘਾਟ ਅਤੇ ਅੰਧ-ਵਿਸ਼ਵਾਸੀ ਲੋਕਾਂ ਦੁਆਰਾ ਕਰਮ-ਕਾਂਡਾਂ ਦੇ ਕਰੜੇ ਜਾਲ ਕਾਰਨ ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ। ਇਸ ਹਨੇਰਗ਼ਰਦੀ ਦੇ ਮਾਹੌਲ ਬਾਰੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅੰਦਰ ਸਪੱਸ਼ਟ ਪ੍ਰਮਾਣ ਮਿਲਦੇ ਹਨ। ਭਾਵੇਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਰੂਹਾਨੀ ਜਲਾਲ ਸਦਕਾ ਬਾਬਰ, ਹੁਮਾਯੂੰ ਅਤੇ ਅਕਬਰ ਵਰਗੇ ਮੁਗ਼ਲ ਸਮਰਾਟਾਂ ਨੇ ਨਿਮਰਤਾ ਧਾਰੀ ਅਤੇ ਜਨਤਾ ਦੀ ਭਲਾਈ ਵਾਸਤੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਪਰ ਜਹਾਂਗੀਰ, ਸ਼ਾਹਜਹਾਨ ਅਤੇ ਔਰੰਗਜ਼ੇਬ ਵਰਗੇ ਮੁਗ਼ਲ ਬਾਦਸ਼ਾਹਾਂ ਨੇ ਕੱਟੜਤਾ ਅਧੀਨ ਗੁਰੂਆਂ ਨਾਲ ਵੀ ਟੱਕਰ ਲੈਣੋਂ ਗੁਰੇਜ਼ ਨਹੀਂ ਕੀਤਾ। ਹਿੰਦੁਸਤਾਨੀਆਂ ਦੀ ਦਿਨੋ-ਦਿਨ ਕਮਜ਼ੋਰ ਹੁੰਦੀ ਜਾ ਰਹੀ ਅੰਦਰੂਨੀ ਅਤੇ ਬਾਹਰੀ ਤਾਕਤ ਦੇ ਚੱਲਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਮਨੋਹਰ ਵਚਨਾਂ ਨੇ ਹਿੰਦੁਸਤਾਨੀਆਂ ਨੂੰ ਆਤਮਿਕ ਤੌਰ ਤੇ ਇੰਨਾ ਮਜ਼ਬੂਤ ਅਤੇ ਦ੍ਰਿੜ ਬਣਾਈ ਰੱਖਿਆ ਕਿ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਲਲਕਾਰ ’ਤੇ 13 ਅਪ੍ਰੈਲ 1699 ਈਸਵੀ ਨੂੰ ਆਨੰਦਪੁਰ ਵਿਖੇ ਵਿਸਾਖੀ ਵਾਲੇ ਦਿਨ ਠਾਠਾਂ ਮਾਰਦੇ ਇਕੱਠ ’ਚੋਂ ਭਾਈ ਦਇਆ ਰਾਮ ਲਾਹੌਰ, ਭਾਈ ਧਰਮ ਦਾਸ ਦਿੱਲੀ, ਹਿੰਮਤ ਰਾਇ ਜਗਨਨਾਥਪੁਰੀ, ਮੋਹਕਮ ਚੰਦ ਗੁਜਰਾਤ ਅਤੇ ਸਾਹਿਬ ਚੰਦ ਮੈਸੂਰ ਗੁਰਮਤਿ ਦੀ ਕਸਵੱਟੀ ਉਪਰ ਖ਼ਰੇ ਸਾਬਿਤ ਹੋਏ। ਉਸ ਦਿਨ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਗਏ ਸਿੱਖ ਧਰਮ ਦੇ ਪੈਰੋਕਾਰਾਂ ਅੰਦਰ ਇਕ ਨਵੀਂ ਰੂਹ ਦਾ ਸੰਚਾਰ ਹੋਇਆ। ਜਿੱਥੇ ਗੁਰੂ ਜੀ ਨੇ ‘ਗੋਬਿੰਦ ਰਾਏ’ ਤੋਂ ‘ਗੋਬਿੰਦ ਸਿੰਘ’ ਬਣ ਕੇ ਬ੍ਰਹਮ-ਗਿਆਨ ਸਦਕਾ ਆਪਣੇ ਪੈਰੋਕਾਰਾਂ ਨੂੰ ਨਿਰੰਕਾਰ ਪਰਮੇਸ਼ਵਰ ਨਾਲ ਜੋੜਿਆ, ਉਥੇ ਬਤੌਰ ਇਕ ਉਚ ਕੋਟੀ ਦੇ ਕਮਾਂਡਰ ਦੇ ਮਜ਼ਲੂਮਾਂ ਨੂੰ ਸੰਗਠਿਤ ਕਰਕੇ ਗਿੱਦੜਾਂ ਤੋਂ ਸ਼ੇਰਾਂ ਦੀ ਸ਼ਕਤੀਸ਼ਾਲੀ ਫ਼ੌਜ ਤਿਆਰ ਕੀਤੀ ਅਤੇ ਖ਼ੁਦ ਸ਼ਸਤਰ ਧਾਰ ਕੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ। ਮਹਾਂਰਾਜਾ ਰਣਜੀਤ ਸਿੰਘ ਨੇ ਖਿੱਲਰੇ ਟੁਕੜਿਆਂ ਨੂੰ ਬੜੀ ਸਿਆਣਪ ਨਾਲ਼ ਇਕੱਤਰਿਤ ਕਰਕੇ ਮਜ਼ਬੂਤ ਰਾਸ਼ਟਰ ਦੀ ਸਥਾਪਨਾ ਕੀਤੀ। ਅੰਦਰੂਨੀ ਫ਼ੁੱਟ ਅਤੇ ਲਾਲਚੀ ਮਨੁੱਖਾਂ ਨੇ ਸਮੇਂ-ਸਮੇਂ ਬਾਹਰੀ ਹਮਲਾਵਰਾਂ ਨੂੰ ਹਮਲਿਆਂ ਵਾਸਤੇ ਖੁੱਲ੍ਹੀ ਪ੍ਰੇਰਣਾ ਅਤੇ ਸ਼ਹਿ ਦਿੱਤੀ। ਕਦੇ ਸਿਕੰਦਰ, ਕਦੇ ਮਹਿਮੂਦ ਗ਼ਜ਼ਨਵੀ, ਕਦੇ ਅਹਿਮਦ ਸ਼ਾਹ ਅਬਦਾਲੀ, ਕਦੇ ਚੰਗ਼ੇਜ਼ ਖ਼ਾਂ ਅਤੇ ਕਦੇ ਫ਼ਿਰੰਗੀ ਹਕੂਮਤ ਨੇ ਇਥੋਂ ਦੀ ਅਣਮੋਲ਼ ਪੂੰਜੀ ਨੂੰ ਲੁੱਟਣ ਦੇ ਨਾਲ਼-ਨਾਲ਼ ਇਥੋਂ ਦੀ ਗੌਰਵਮਈ ਵਿਰਾਸਤ ਨੂੰ ਪੈਰਾਂ ਹੇਠ ਮਸਲ਼ਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਕੋਈ ਵੀ ਹਿੰਦੁਸਤਾਨ ਦੀ ਹਸਤੀ ਨੂੰ ਮਿਟਾਉਣ ਵਿਚ ਕਾਮਯਾਬ ਨਹੀਂ ਹੋ ਸਕਿਆ। 
ਬੇਹੱਦ ਅਫ਼ਸੋਸ ਅਤੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਲੱਖ਼ਾਂ ਸ਼ਸਤਰਧਾਰੀ ਯੋਧਿਆਂ ਦੇ ਲਸ਼ਕਰ ਜਿਸ ਸ਼ਕਤੀਸ਼ਾਲ਼ੀ ਮੁਲਕ ਦਾ ਵਾਲ਼ ਵੀ ਵਿੰਗਾ ਨਹੀਂ ਕਰ ਸਕੇ, ਉਸ ਦੇ ਆਪਣੇ ਧੀਆਂ-ਪੁੱਤਰਾਂ ਨੇ ਹੀ ਉਸ ਦੀ ਪੱਤ ਨੂੰ ਸ਼ਰੇਆਮ ਰੋਲ਼ਣ ’ਤੇ ਲੱਕ ਬੰਨ੍ਹਿਆ ਹੋਇਆ ਹੈ। ਗੱਲ ਹੁਕਮਰਾਨਾਂ ਦੀ ਕਰੀਏ, ਨੌਜੁਆਨਾਂ ਦੀ ਜਾਂ ਆਮ ਇਨਸਾਨਾਂ ਦੀ, ਤ੍ਰਾਸਦੀ ਇਹ ਹੈ ਕਿ ਹਿੰਦੁਸਤਾਨ ਦੇ ਮਾਣ-ਮੱਤੇ ਇਤਿਹਾਸਕ ਵਿਰਸੇ ਨੂੰ ਅਣਗ਼ੌਲਿਆਂ ਕਰ ਕੇ ਸਭ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਦਿਆਂ ਹੋਇਆਂ ਅੰਨ੍ਹੇਵਾਹ ਦੂਜੇ ਮੁਲਕਾਂ ਦੀ ਤਰਜ਼ ਉਪਰ ਜੀਵਨ ਚਲਾਉਣ ਲਈ ਮਹਿਜ਼ ਧਨ ਅਤੇ ਭੌਤਿਕਤਾ ਨੂੰ ਹੀ ਪ੍ਰਮੁੱਖ਼ਤਾ ਦਿੱਤੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਉਚ ਸੰਸਕਾਰਾਂ, ਪਵਿੱਤਰ ਰਿਸ਼ਤਿਆਂ-ਨਾਤਿਆਂ, ਨੇਕ ਆਦਰਸ਼ਾਂ ਅਤੇ ਭਾਈਚਾਰਕ ਸਾਂਝਾਂ ਦੀ ਸੰਘੀ ਘੁਟਣ ਕਾਰਨ ਅਜੋਕਾ ਹਿੰਦੁਸਤਾਨੀ ਮਨੁੱਖ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਪੱਖੋਂ ਪੂਰੀ ਤਰ੍ਹਾਂ ਘੋਰ ਨਿਰਾਸ਼ਾਮਈ ਸਥਿਤੀ ਦਾ ਸ਼ਿਕਾਰ ਹੈ। ਹਾਲਾਤ ਇਹ ਹਨ ਕਿ ਮੱਕੜੀ ਵਾਂਗ ਬੁਣੇ ਗਏ ਗੁੰਝਲਦਾਰ ਜਾਲ਼ ਅੰਦਰ ਅਸੀਂ ਖ਼ੁਦ ਹੀ ਫ਼ਸਦੇ ਜਾ ਰਹੇ ਹਾਂ। ਅੰਤਰ-ਰਾਸ਼ਟਰੀ ਦ੍ਰਿਸ਼ਟੀਕੋਣ ਅਨੁਸਾਰ ਦੁਨੀਆ ਦਾ ਕੋਈ ਵੀ ਮੁਲਕ, ਭਾਸ਼ਾ ਜਾਂ ਸਭਿਆਚਾਰ ਮਾੜਾ ਨਹੀਂ ਹੁੰਦਾ। ਦੂਜਿਆਂ ਦੇਸ਼ਾਂ ਦੀਆਂ ਭਾਸ਼ਾਵਾਂ, ਸਾਰਥਕ ਦ੍ਰਿਸ਼ਟੀਕੋਣਾਂ ਅਤੇ ਚੰਗੀਆਂ ਰਵਾਇਤਾਂ ਨੂੰ ਅਪਣਾਉਣਾ ਕੋਈ ਬੁਰੀ ਗੱਲ ਨਹੀਂ ਪਰ ਆਪਣੇ ਅਤੀਤ, ਸੰਸਕ੍ਰਿਤੀ, ਕਦਰਾਂ ਕੀਮਤਾਂ ਅਤੇ ਵਿਰਾਸਤ ਨੂੰ ਬਿਲਕੁਲ਼ ਹੀ ਵਿਸਾਰ ਕੇ ਉਸ ਦੀ ਕਬਰ ਉੱਪਰ ਨਵੇਂ ਮਹਿਲ਼ ਉਸਾਰਨੇ ਬੇਹੱਦ ਸ਼ਰਮਨਾਕ ਗੱਲ ਹੋਇਆ ਕਰਦੀ ਹੈ। ਰਾਮਾਇਣ ਅੰਦਰ ਜ਼ਿਕਰ ਹੈ ਕਿ ਰਾਮਸੇਤੂ ਦੇ ਨਿਰਮਾਣ ਤੋਂ ਪਹਿਲਾਂ ਲ਼ੰਕਾ ਵਿਚ ਸੀਤਾ ਮਾਤਾ ਦੀ ਖ਼ੈਰ-ਖ਼ਬਰ ਲਿਆਉਣ ਵਾਸਤੇ ਜਾਮਵੰਤ ਜੀ ਦੁਆਰਾ ਮਹਾਂਬਲੀ ਹਨੂਮਾਨ ਨੂੰ ਉਸ ਦੀਆਂ ਵਿੱਸਰੀਆਂ ਤਾਕਤਾਂ ਦਾ ਪੁਨਰ-ਚੇਤਾ ਕਰਵਾਇਆ ਗਿਆ ਸੀ ਜਿਸ ਦੀ ਬਦੌਲਤ ਉਹ ਹਰ ਮੈਦਾਨ ਬੜੀ ਪੁਖ਼ਤਗੀ ਅਤੇ ਸੌਖ਼ ਨਾਲ਼ ਫ਼ਤਹਿ ਕਰਦਾ ਗਿਆ ਸੀ। ਹਿੰਦੁਸਤਾਨ ਦੇ ਗੌਰਵਮਈ ਇਤਿਹਾਸਕ ਵਿਰਸੇ ਤੋਂ ਬਿਲਕੁਲ਼ ਕੋਰੇ ਹਿੰਦੁਸਤਾਨੀਆਂ ਨੂੰ ਮੁੜ ਤੋਂ ਆਪਣੇ ਮਾਣਮੱਤੇ ਪਿਛੋਕੜ ਨੂੰ ਚੇਤੇ ਕਰਵਾਉਣ ਦੀ ਭਰਵੀਂ ਜ਼ਰੂਰਤ ਹੈ। 
ਵਿਗਿਆਨਕ ਖੇਤਰ ਦੀ ਗੱਲ ਕਰੀਏ ਤਾਂ ਆਰੀਆ ਭੱਟ, ਹਰਗੋਬਿੰਦ ਖ਼ੁਰਾਣਾ, ਸੀ.ਵੀ.ਰਮਨ, ਸਤੀਸ਼ ਚੰਦਰ ਧਵਨ, ਏ.ਪੀ.ਜੇ. ਅਬਦੁਲ਼ ਕਲਾਮ ਆਦਿ ਵਿਗਿਆਨੀ ਪ੍ਰਾਪਤੀਆਂ ਪੱਖੋਂ ਕਿਸੇ ਨਾਲ਼ੋਂ ਘੱਟ ਨਹੀਂ ਹਨ। ਸੰਗੀਤ ਅਤੇ ਕਲਾ ਦੇ ਖਿੱਤੇ ਵਿਚ ਤਾਨਸੈਨ, ਬੈਜੂ ਬਾਵਰਾ, ਬੜੇ ਗ਼ੁਲਾਮ ਅਲੀ ਖ਼ਾਂ, ਬਰਕਤ ਅਲੀ ਖ਼ਾਂ, ਪੰਡਿਤ ਰਵੀ ਸ਼ੰਕਰ, ਅੱਲਾ ਰੱਖ਼ਾ ਰਹਿਮਾਨ, ਮੁਹੰਮਦ ਰਫ਼ੀ, ਭੀਮ ਸੈਨ ਜੋਸ਼ੀ, ਹਰੀ ਪ੍ਰਸਾਦ ਚੌਰਸੀਆ, ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ, ਆਸ਼ਾ ਭੋਂਸਲੇ, ਐੱਸ.ਡੀ. ਬਰਮਨ, ਲਕਸ਼ਮੀ ਕਾਂਤ-ਪਿਆਰੇ ਲਾਲ, ਕਲਿਆਣ ਜੀ-ਆਨੰਦ ਜੀ, ਸਾਹਿਰ ਲੁਧਿਆਣਵੀ, ਗੁਲਜ਼ਾਰ, ਮਕਬੂਲ਼ ਫ਼ਿਦਾ ਹੁਸੈਨ, ਸੋਭਾ ਸਿੰਘ, ਸਤੀਸ਼ ਗੁਜਰਾਲ ਆਦਿ ਇਸੇ ਹੀ ਸਰਜ਼ਮੀਨ ਦੀ ਪੈਦਾਇਸ਼ ਨੇ ਜਿਨ੍ਹਾਂ ਦੀ ਕਲਾ ਸਾਹਵੇਂ ਸਮੁੱਚਾ ਵਿਸ਼ਵ ਨਤਮਸਤਕ ਹੋ ਰਿਹਾ ਹੈ। ਖੇਡਾਂ ਦਾ ਜ਼ਿਕਰ ਛੇੜੀਏ ਤਾਂ ਸਹਿਜੇ ਹੀ ਧਿਆਨ ਚੰਦ, ਧਨਰਾਜ ਪਿੱਲੇ, ਪ੍ਰਗਟ ਸਿੰਘ, ਭਲਵਾਨ ਕਿੱਕਰ ਸਿੰਘ, ਦਾਰਾ ਸਿੰਘ, ਕਰਤਾਰ ਸਿੰਘ, ਕਪਿਲ ਦੇਵ, ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਪੀ.ਟੀ. ਊਸ਼ਾ, ਮਿਲਖ਼ਾ ਸਿੰਘ, ਮੇਜਰ ਰਾਠੌਰ, ਅਭਿਨਵ ਬਿੰਦ੍ਰਾ, ਜਸਪਾਲ ਰਾਣਾ, ਸਾਇਨਾ ਨੇਹਵਾਲ਼, ਸਾਨੀਆ ਮਿਰਜ਼ਾ, ਵਿਸ਼ਵਾਨਾਥਨ ਆਨੰਦ ਆਦਿ ਸਿਰਮੌਰ ਖਿਡਾਰੀਆਂ ਦੇ ਨਾਮ ਅੱਖਾਂ ਦੇ ਰੂਬਰੂ ਹੋ ਜਾਂਦੇ ਹਨ। ਸੁਪਰ ਸ਼ੋਅਮੈਨ ਰਾਜ ਕਪੂਰ, ਦਿਲੀਪ ਕੁਮਾਰ, ਦੇਵ ਆਨੰਦ, ਰਾਜਿੰਦਰ ਕੁਮਾਰ, ਧਰਮਿੰਦਰ, ਸੁਨੀਲ ਦੱਤ, ਮਨੋਜ ਕੁਮਾਰ, ਪ੍ਰਾਣ, ਮੀਨਾ ਕੁਮਾਰੀ, ਹੇਮਾ ਮਾਲਿਨੀ, ਰੇਖਾ, ਐਸ਼ਵਰਿਆ ਰਾਏ ਬੱਚਨ, ਰਾਜੇਸ਼ ਖੰਨਾ, ਅਮਿਤਾਭ ਬੱਚਨ, ਸ਼ਾਹਰੁਖ਼ ਖ਼ਾਨ, ਅਮੀਰ ਖ਼ਾਨ, ਬਲਦੇਵ ਰਾਜ ਚੋਪੜਾ, ਯਸ਼ ਚੋਪੜਾ, ਰਾਮਾਨੰਦ ਸਾਗਰ, ਵਿਜੇ ਆਨੰਦ, ਕਰਨ ਜੌਹਰ, ਸੰਜੇ ਲੀਲਾ ਬੰਸਾਲੀ ਵਰਗੀਆਂ ਨਾਯਾਬ ਫ਼ਿਲਮੀ ਹਸਤੀਆਂ ਨੂੰ ਦੁਨੀਆ ਦਾ ਹਰ ਬੱਚਾ-ਬੱਚਾ ਜਾਣਦਾ ਹੈ। ਭਾਰਤ ਨੂੰ ਆਰਥਿਕ ਪੱਖੋਂ ਮਜ਼ਬੂਤੀ ਪ੍ਰਦਾਨ ਕਰਨ ਵਿਚ ਡਾ. ਅਮਰਿਤਯਾ ਸੈਨ, ਲਕਸ਼ਮੀ ਨਿਵਾਸ ਮਿੱਤਲ, ਜੇ.ਆਰ.ਡੀ. ਟਾਟਾ, ਧੀਰੂ ਭਾਈ ਅੰਬਾਨੀ ਵਰਗਿਆਂ ਅਰਥ-ਸ਼ਾਸਤਰੀਆਂ ਅਤੇ ਉਦਯੋਗਪਤੀਆਂ ਦੇ ਯੋਗਦਾਨ ਨੂੰ ਅੱਖੋਂ ਪਰੋਖ਼ਿਆਂ ਨਹੀਂ ਕੀਤਾ ਜਾ ਸਕਦਾ। ਆਪਣੀ ਤਵਾਰੀਖ਼ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਪੂਰੀ ਅਕੀਦਤ ਅਤੇ ਸੁਹਿਰਦਤਾ ਨਾਲ਼ ਸੰਭਾਲਣ ਦਾ ਹੁਨਰ ਸਿੱਖਣਾ ਹੋਵੇ ਤਾਂ ਭਾਰਤੀਆਂ ਨੂੰ ਰੂਸ, ਜਪਾਨ ਅਤੇ ਬਰਤਾਨੀਆ ਦੇ ਲੋਕਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਤਾਂ ਹੀ ਆਪਣੇ ਮਾਣਮੱਤੇ ਇਤਿਹਾਸਕ ਵਿਰਸੇ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਹਿੰਦੁਸਤਾਨੀ ਆਪਣੇ ਖੀਣ ਹੋ ਰਹੇ ਵੱਕਾਰ ਦੀ ਪੁਨਰ-ਸਥਾਪਤੀ ਵੱਲ ਪੂਰੀ ਸੰਜੀਦਗੀ ਅਤੇ ਨਿੱਗਰਤਾ ਨਾਲ਼ ਚੱਲਣ ਦੇ ਕਾਬਿਲ ਹੋ ਸਕਣਗੇ ਅਤੇ ਸਹੀ ਅਰਥਾਂ ਵਿਚ ਅਸੀਂ ਤਰੱਕੀ ਪਸੰਦ ਮੁਲਕਾਂ ਦੀ ਕਤਾਰ ਵਿਚ ਖੜ੍ਹਣ ਜੋਗੇ ਹੋ ਸਕਦੇ ਹਾਂ। 

ਜਸਵੰਤ ਭਾਰਤੀ
ਸਲੇਮਪੁਰਾ, 
ਸਿਧਵਾਂ ਬੇਟ (ਲੁਧਿਆਣਾ)  
ਫੋਨ: 9872727789 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template