ਨਿੱਕਾ ਜਿਹਾ ਹਰਵੀਰ ਜਦੋਂ ਸਵੇਰੇ ਉੱਠਦਾ ਹੈ ਤਾਂ ਆਪਣੀ ਮੰਮੀ ਨੂੰ ਝੱਟ ਬਾਹਰ ਜਾਣ ਲਈ ਆਖਦਾ ਹੈ।ਉਸ ਕੋਲ ਅੰਤਾਂ ਦੇ ਖਿਡਾਉਣੇ ਹਨ।ਉਸਦਾ ਮਨ ਬਹੁਤ ਥੋੜ੍ਹਾ ਸਮਾਂ ਹੀ ਉਹਨਾਂ ਨਾਲ ਪਰਚਦਾ ਹੈ।ਉਸਦੀ ਇਹੀ ਇੱਛਾ ਰਹਿੰਦੀ ਹੈ ਕਿ ਘਰੋਂ ਬਾਹਰ ਜਾਂ ਘਰ ਦੇ ਵਿਹੜੇ ਵਿਚ ਖੇਡਿਆ ਜਾਵੇ।
ਉਸਦਾ ਵੱਡਾ ਵੀਰ ਤਨਵੀਰ ਉਸਦਾ ਮਨ ਖੁਸ਼ ਕਰਨ ਲਈ ਉਸ ਅੱਗੇ ਕਦੀ ਟਪੂਸੀਆਂ ਮਾਰਦਾ ਹੈ ਤੇ ਕਦੀ ਘੋੜਾ ਬਣਕੇ ਉਸਨੂੰ ਆਪਣੀ ਪਿੱਠ ਉੱਪਰ ਬੈਠਾ ਲੈਂਦਾ ਹੈ।ਹਰਵੀਰ ਵੀ ਉਸਦੇ ਕੰਨ ਫੜ ਕੇ ਇੰਜ ਖਿੱਚਦਾ ਹੈ ਜਿਵੇਂ ਕੋਈ ਘੋੜੇ ਦੀ ਲਗਾਮ ਖਿੱਚ ਰਿਹਾ ਹੋਵੇ।ਵਾਲਾਂ ਤੋਂ ਵੀ ਫੜ ਲੈਂਦਾ ਹੈ।ਲੱਤਾਂ ਮਾਰਦਾ ਹੋਇਆ ਉਸਨੂੰ ਤੇਜ਼ ਤੁਰਨ ਦੀ ਹਦਾਇਤ ਕਰਦਾ ਹੈ।ਜਦੋਂ ਸਾਰਾ ਪਰਿਵਾਰ ਉਸਦੀ ਟਹਿਲ ਸੇਵਾ ਵਿਚ ਹੁੰਦਾ ਹੈ ਤਾਂ ਇਹ ਮਰਜ਼ੀ ਨਾਲ ਕਿਸੇ ਕੋਲ ਜਾਂਦਾ ਹੈ।ਦਾਦੀ ਮਾਂ ਦੀਆਂ ਲੋਰੀਆਂ ਸੁਣਕੇ ਉਸ ਨੂੰ ਨੀਂਦ ਆਉਂਦੀ ਹੈ।ਹਰ ਕਿਸੇ ਨਾਲ ਲਾਡ ਲਡਾਉਂਦਾ ਹੋਇਆ ਸਾਰਿਆਂ ਦਾ ਪ੍ਰੇਮੀ ਬਣਿਆ ਹੋਇਆ ਹੈ।
ਇਕ ਦਿਨ ਪਰਿਵਾਰ ਦੇ ਸਾਰੇ ਮੈਂਬਰ ਘਰੋਂ ਬਾਹਰ ਗਏ ਹੋਏ ਸਨ।ਮੰਮੀ ਉਸਨੂੰ ਖਿਡਾਉਣਿਆਂ ਨਾਲ ਪਰਚਾਉਣਾ ਚਾਹੁੰਦੀ ਸੀ ਅਤੇ ਆਪਣੇ ਕੰਮ ਨਿਬੇੜਨਾ ਚਾਹੂੰਦੀ ਸੀ।ਪਰ ਉਹ ਕਿਤੇ ਵੀ ਟਿਕ ਨਹੀਂ ਸੀ ਰਿਹਾ।ਟੀ.ਵੀ. ਦੇਖਣ ਵਿਚ ਵੀ ਉਸਦਾ ਦਿਲ ਨਹੀਂ ਸੀ ਲੱਗਦਾ।ਇੰਨੇ ਨੂੰ ਉਸਦੀ ਵੱਡੀ ਭੈੇਣ ਪ੍ਰੀਤੀ ਅਤੇ ਨੀਤੂ ਆਈਆਂ ਤਾਂ ਉਹ ਉਹਨਾਂ ਦੇ ਗਲ ਨਾਲ ਚਿੰਬੜਆਿ।ਉਹ ਦੋਵੇਂ ਜਾਣੀਆ ਬਾਹਰ ਵਿਹੜੇ ਵਿਚ ਉਸਨੂੰ ਨਿੰਮ ਦੇ ਦਰੱਖਤ ਹੇਠ ਲੈ ਗਈਆਂ।ਦਰੱਖਤ ਉਤੇ ਬੈਠੈ ਕਾਂ ,ਕਬੂਤਰ ਅਤੇ ਘੂੱਗੀਆਂ ਆਪਣੀ ਮਸਤੀ ਵਿਚ ਗੀਤ ਗਾ ਰਹੀਆਂ ਸਨ।ਉਹ ਉਹਨਾਂ ਦੀ ਅਵਾਜ਼ ਸੁਣਕੇ ਲੁੱਡੀਆਂ ਪਾਉਣ ਲੱਗ ਪਿਆ।ਇੰਨੇ ਨੂੰ ਇਕ ਕਤੂਰਾ ਵੀ ਉਥੇ ਆ ਗਿਆ।ਉਹ ਉਸਦੀ ਪੂਛ ਅਤੇ ਕੰਨਾਂ ਵੱਲ ਗਹੁ ਨਾਲ ਵੇਖਦਾ।ਜਦੋਂ ਉਥੇ ਬਿੱਲੀ ਆਈ ਤਾਂ ਉਹ ਉਸਨੂੰ ਭੌੋਂਕਦਾ ਹੋਇਆ ਉਸ ਮਗਰ ਭੱਜਿਆ ਤਾਂ ਹਰਵੀਰ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।
ਹੁਣ ਹਰਵੀਰ ਦਾ ਇਹ ਨਿਯਮ ਹੀ ਬਣ ਗਿਆ ਸੀ ਕਿ ਘਰੋਂ ਬਾਹਰ ਨਿੰਮ ਹੇਠ ਪੰਛੀਆਂ ਨਾਲ ਖੇਡਣਾ।ਉਹਨਾਂ ਦੇ ਗੀਤ ਸੁਣਨੇ।ਜਦੋਂ ਪੰਛੀ ਉਡਾਰੀਆਂ ਮਾਰਦੇ ਤਾਂ ਉਹ ਵੀ ਆਪਣੀਆਂ ਨਿੱਕੀਆਂ ਬਾਹਾਂ ਨੂੰ ਖੰਭਾਂ ਵਾਂਗ ਉਲਾਰਦਾ ਉਹਨਾਂ ਮਗਰ ਉਡਣ ਦਾ ਯਤਨ ਕਰਦਾ।
ਉਸਦੀ ਮਾਤਾ ਨੂੰ ਹੁਣ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਸੀ ਰਹੀ।ਉਸਦੀ ਪਰੇਸ਼ਾਨੀ ਦੂਰ ਹੋ ਗਈ ਸੀ।ਜਦੋਂ ਉਹ ਕਿਸੇ ਵੀ ਚੀਜ਼ ਨਾਲ ਨਾ ਪਰਚਦਾ ਤਾਂ ਉਸਦੀ ਚਿੰਤਾ ਵਧਦੀ ਹੀ ਜਾਂਦੀ ਸੀ।ਉਹ ਹਰਵੀਰ ਦੇ ਡੈਡੀ ਨੂੰ ਆਖਦੀ,” ਇਸਨੂੰ ਕਿਸੇ ਮਾਹਿਰ ਡਾਕਟਰ ਨੂੰ ਦਿਖਾਉ।ਇਹ ਕਿਤੇ ਨਹੀਂ ਟਿਕਦਾ।ਨਾ ਟੀ ਵੀ ਦੇਖਦਾ ਤੇ ਨਾ ਹੀ ਖਿਡਾਉਣਿਆ ਨਾਲ ਖੇਡਦਾ”।
ਹਰਵੀਰ ਦੇ ਡੈੇਡੀ ਜਾਣਦੇ ਸਨ ਕਿ ਬੱਚੇ ਦਾ ਕੁਦਰਤ ਨਾਲ ਮੋਹ ਜ਼ਿਆਦਾ ਹੁੰਦਾ ਹੈ।ਇਸ ਲਈ ਇਸਨੂੰ ਜਿੰਨਾ ਕੁਦਰਤ ਦੇ ਨੇੜੇ ਰੱਖਾਂਗੇ ਉਨਾਂ ਹੀ ਖੁਸ਼ ਰਹੇਗਾ।ਜੇ ਖੁਸ਼ ਰਹੇਗਾ ਤਾਂ ਤੰਦਰੁਸਤੀ ਸਦਾ ਉਸ ਦੇ ਨਾਲ ਰਹੇਗੀ।
ਹੁਣ ਹਰਵੀਰ ਨੂੰ ਉਸਦੀ ਮੰਮੀ ਕਦੀ ਨਹੀਂ ਜਗਾਉਂਦੀ ।ਅਸਲ ਵਿਚ ਪੰਛੀਆਂ ਦੇ ਚਹਿ ਚਹਾਉਣ ਦੀ ਅਵਾਜ਼ ਹੀ ਉਸਨੂੰ ਰੋਜ਼ਾਨਾ ਸਮੇਂ ਸਿਰ ਜਗਾ ਦਿੰਦੀ ਹੈ।ੳਸਦਾ ਕੁਦਰਤ ਦੇ ਨਾਲ ਜੁੜ ਕੇ ਰਹਿਣਾ ਮਾਪਿਆਂ ਅਤੇ ਪਰਿਵਾਰ ਲਈ ਖੁਸ਼ੀ ਦਾ ਵਸੀਲਾ ਵੀ ਬਣ ਗਿਆ ਅਤੇ ਹਰਵੀਰ ਦੀ ਚੰਗੀ ਸਿਹਤ ਦਾ ਰਾਜ਼ ਵੀ।ਉਹ ਮੰਮੀ ਕੋਲੋਂ ਦਾਣੇ ਅਤੇ ਹੋਰ ਚੋਗਾ ਲੈ ਕੇ ਪੰਛੀਆ ਨੂੰ ਪਾਉਂਦਾ ਤਾਂ ਉਹ ਉਸ ਦੁਆਲੇ ਝੁਰਮਟ ਪਾ ਕੇ ਦਾਣੇ ਖਾਂਦੇ ਅਤੇ ਆਪੋ ਆਪਣੀ ਆਵਾਜ਼ ਵਿਚ ਉਸਦਾ ਧੰਨਵਾਦ ਕਰਦੇ।ਕਦੀ ਕਦਾਈਂ ਉਹ ਆਖਦਾੇ ਕਿ ਕੁੱਤੇ ਅਤੇ ਬਿੱਲੀ ਨੂੰ ਵੀ ਰੋਟੀ ਖਵਾਓ।ਜਦੋਂ ਉਹ ਆਪਸ ਵਿਚ ਲੜਦੇ ਤਾਂ ਉਸਨੂੰ ਚਿੰਤਾ ਹੋ ਜਾਂਦੀ।ਪਰ ਜਦੋਂ ਪੰਛੀ ਸਾਰੇ ਇਕੱਠੇ ਇਕੋ ਥਾਂ ਚੱਗਾ ਚੁਗਦੇ ਤਾਂ ਉਸਦੀ ਖੁਸ਼ੀ ਲੁੱਡੀਆਂ ਵਿਚ ਬਦਲ ਜਾਂਦੀ।ਫਿਰ ਉਸਨੂੰ ਕਿਸੇ ਦੀ ਲੋੜ ਮਹਿਸੂਸ ਹੀ ਨਾ ਹੁੰਦੀ।ਤੇ ਇੰਜ ਆਖਦਾ ਪ੍ਰਤੀਤ ਹੁੰਦਾ ਕਿ ਇਹ ਹੈ ਮੇਰੀ ਦੁਨੀਆ।
ਬਲਜਿੰਦਰ ਮਾਨ
ਸੰਪਾਦਕ ਨਿੱਕੀਆਂ ਕਰੂੰਬਲਾਂ
ਕਰੂੰਬਲਾਂ ਭਵਨ ਮਾਹਿਲਪੁਰ
ਜ਼ਿਲਾ :ਹੁਸ਼ਿਆਰਪੁਰ 146105
ਮੋਬ :9815018947

0 comments:
Speak up your mind
Tell us what you're thinking... !