ਸਾਹਿਤ, ਸਭਿਆਚਾਰ, ਸਿੱਖਿਆ ਤੇ ਸੰਗੀਤ ਨਾਲ ਜੁੜੀਆਂ ਵੱਖ ਵੱਖ ਸ਼ਖਸ਼ੀਅਤਾਂ ਨੇ ਕੀਤਾ ਇਸ ਗੱਲ ਦਾ ਪ੍ਰਗਟਾਵਾ
ਰਾਜਸਥਾਨ ਤੇ ਬੀਕਾਨੇਰ (ਉਸ ਵੇਲੇ ਦੀ ਰਿਆਸਤ) ਦੇ ਲੋਹਗੜ੍ਹ ਪਿੰਡ ਵਿੱਚ ਪੈਦਾ ਹੋਣ ਵਾਲੀ ਵਣਜਾਰੇ ਕਬੀਲੇ ਦੀ ਇਹ ਬਾਲੜੀ
ਸੰਨ 1947 ਦੇ ਮੁੱਢਲੇ ਦਿਨਾਂ ਵਿੱਚ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਚਲੀ ਗਈ । ਊਠਾਂ, ਬੱਕਰੀਆਂ ਦੇ ਵਪਾਰੀ ਉਸ ਦੇ ਪਿਤਾ ਹਾਜ਼ੀ ਮੁਹਮੰਦ ਮੁਸ਼ਤਾਕ ਨੂੰ ਇਸ ਗੱਲ ਦਾ ਕੋਈ ਇਲਮ ਹੀ ਨਾ ਹੋਇਆ ਕਿ ਉਸਦੀ ਧੀ ਕਿਸ ਸਮੇਂ ਗਾਉਣ ਦੇ ਰਾਹ ਪੈ ਗਈ । ਪੰਜਾਬੀ ਦੇ ਪ੍ਰਸਿੱਧ ਗੀਤਕਾਰ ਦੇਵ ਥਰੀਕਿਆ ਵਾਲੇ ਨੇ ਉਸਦੇ ਸਦੀਵੀ ਰੂਪ ਵਿੱਚ ਤੁਰ ਜਾਣ ਦੀ ਖਬਰ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਸਦੇ ਪਰਿਵਾਰਕ ਜੀਵਨ ਬਾਰੇ ਸੰਖੇਪ ਚਰਚਾ ਕਰਦਿਆਂ ਕਿਹਾ ਕਿ ਰੇਸ਼ਮਾ ਦੇ ਮਾਪੇ ਰਾਜਸਥਾਨ ਦੇ ਵਣਜਾਰਾ ਕਬੀਲੇ ਨਾਲ ਸਬੰਧਤ ਸਨ । ਪਰ ਦੋਵਾਂ ਮੁਲਕਾਂ ਦੀ ਵੰਡ ਦੌਰਾਨ ਉਨ੍ਹਾਂ ਦੇ ਪਰਿਵਾਰ ਵੱਲੋਂ ਪਾਕਿਸਤਾਨ ਚਲੇ ਜਾਣ ਕਾਰਨ ਉਨ੍ਹਾਂ ਨੂੰ ਇਸਲਾਮ ਧਰਮ ਅਪਨਾਉਣਾ ਪਿਆ । ਸੱਠਵਿਆਂ ਦੇ ਦਹਾਕੇ ਵਿੱਚ ਪਾਕਿਸਤਾਨ ਰੇਡੀਉ ਅਤੇ ਟੈਲੀਵੀਜਨ ਦੀ ਹਰਮਨ ਪਿਆਰੀ ਗਾਇਕਾ ਦੀ ਆਵਾਜ ਦੇ ਜਾਦੂ ਬਾਰੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਰੇਸ਼ਮਾ ਭਾਵੇਂ ਪਾਕਿਸਤਾਨ ਦੀ ਨਾਗਰਿਕ ਸੀ ਪਰ ਉਸਦੀ ਬੁਲੰਦ ਆਵਾਜ ਨੂੰ ਮੁਲਕ ਦੀ ਸਰਹੱਦ ਵੀ ਨਾ ਰੋਕ ਸਕੀ ਜਿਸ ਸਦਕਾ ਭਾਰਤੀ ਤੇ ਪਾਕਿਸਤਾਨੀ ਫਿਲਮਾਂ ਵਿੱਚ ਉਸਦੀ ਗਾਇਕੀ ਦਾ ਜਾਦੂ ਸਿਰ ਚੜ ਕੇ ਬੋਲਦਾ ਰਿਹਾ । ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਹੀਆਂ ਮੈਨੂੰ ਯਾਦ ਆਂਵਦਾ, ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ, ਹਾਇਓ ਰੱਬਾ ਨਹੀਂ ਲੱਗਦਾ ਦਿੱਲ ਮੇਰਾ ਅਤੇ ਵੇ ਮੈਂ ਚੋਰੀ ਚੋਰੀ ਸੈਂਕੜੇ ਗੀਤ ਗਾਉਣ ਵਾਲੀ ਰੇਸ਼ਮਾ ਵੱਲੋਂ ਆਪਣੀ ਬਹੁਤ ਤਰੰਨਮ ਭਰੀ ਆਵਾਜ ਵਿੱਚ ਛੱਲਾ ਗਾਏ ਜਾਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਗਾਇਕ ਦੀ ਆਵਾਜ਼ ਵਿੱਚ ਉਸ ਦੀ ਆਵਾਜ਼ ਵਰਗਾ ਛੱਲਾ ਹੀ ਨਹੀਂ ਗਾਇਆ ਗਿਆ । ਪਾਕਿਸਤਾਨ ਸਰਕਾਰ ਵੱਲੋਂ ਸਿਤਾਰਾ-ਏ-ਇਮਤਿਆਜ਼ ਅਤੇ ਲੈਜੇਡਜ਼ ਆਫ ਪਾਕਿਸਤਾਨ ਦਾ ਐਵਾਰਡ ਹਾਸਿਲ ਕਰਨ ਵਾਲੀ ਰੇਸ਼ਮਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰਿੰ: ਡਾ. ਮਹਿੰਦਰ ਕੌਰ ਗਰੇਵਾਲ ਨੇ ਕਿਹਾ ਕਿ ਸੰਨ ਸੰਤਾਲੀ ਤੋਂ ਬਾਅਦ ਪਹਿਲੀ ਵਾਰ ਸਾਲ 2006 ਵਿੱਚ ਭਾਰਤ ਪਾਕਿਸਤਾਨ ਵਿਚਕਾਰ ਸ਼ੁਰੂ ਹੋਈ ਲਾਹੌਰ ਅੰਮ੍ਰਿਤਸਰ ਬੱਸ ਸੇਵਾ ਦੇ ਪਹਿਲੇ ਮੁਸਾਫਿਰ ਵਜੋਂ ਭਾਰਤ ਦੋਸਤੀ ਦਾ ਸਨੇਹਾ ਲੈ ਕੇ ਆਉਣ ਵਾਲੀ ਰੇਸ਼ਮਾ ਨੂੰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਵੀ ਭਾਰਤ ਸਰਕਾਰ ਵੱਲੋਂ ਉਸਦੀ ਤਰੰਨਮ ਭਰੀ ਆਵਾਜ ਸਦਕਾ ਹੀ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਸੀ । ਨੈਸ਼ਨਲ ਐਵਾਰਡੀ ਕਰਮਜੀਤ ਸਿੰਘ ਗਰੇਵਾਲ ਨੇ ਅਮੀਰ ਵਿਰਾਸਤ ਦੀ ਫਕੀਰੀ ਵਿੱਚ ਵਿਚਰਨ ਵਾਲੀ ਸੰਤ ਸੁਭਾਅ ਲੋਕ ਗਾਇਕਾ ਰੇਸ਼ਮਾ ਦੇ ਗੁਣਾਂ ਦਾ ਗੁਣਗਾਨ ਕਰਦਿਆਂ ਕਿਹਾ ਕਿ ਰੇਸ਼ਮਾਂ ਦਾ ਸੰਗੀਤ ਅਸਲ ਵਿੱਚ ਬੰਦ ਅੱਖਾਂ ਦੀ ਇਬਾਦਤ ਸੀ । ਉਸਦੇ ਚਾਹੁਣ ਵਾਲੇ ਪਾਕਿਸਤਾਨ ਤੋਂ ਵੀ ਕਿਤੇ ਜਿਆਦਾ ਭਾਰਤ ਵਿੱਚ ਹੋਣ ਦੀ ਗੱਲ ਕਰਦਿਆਂ ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕਿ ਰੇਸ਼ਮਾ ਦੀ ਆਵਾਜ਼ ਵਿੱਚ ਇੱਕ ਮਖਮਲੀ ਬੋਲਾਂ ਦਾ ਅਹਿਸਾਸ, ਕਿਸੇ ਜਾਦੂ ਦੇ ਝਰਨੇ, ਤੇ ਸ਼ਹਿਦ ਘੁਲੇ ਮਿਸ਼ਰੀ ਬੋਲਾਂ ਵਰਗਾ ਸੀ ਉਸਦੀ ਗਾਇਕੀ ਨੂੰ ਮਿਹਨਤ, ਫਕੀਰੀ, ਕਲਾਸੀਕਲ ਤੇ ਲੋਕ ਗਾਇਕੀ ਦਾ ਅਨੂਠਾਂ ਸੁਮੇਲ ਦੱਸਦੇ ਹੋਏ ਉਨ੍ਹਾਂ ਉਸਦੀ ਆਵਾਜ ਦਾ ਜਾਦੂ ਸਿਰ ਚੜ ਕੇ ਬੋਲਣ ਦੀ ਗੱਲ ਵੀ ਕਹੀ । ਪ੍ਰੋਜੈਕਟ ਅਫਸਰ ਸੁਜਾਨ ਸਿੰਘ ਰਾਜਪੂਤ ਨੇ ਉਸ ਨੂੰ ਰੇਗਿਸਤਾਨ ਦਾ ਸੁਨਹਿਰੀ ਫੁੱਲ ਦੱਸਦਿਆਂ ਕਿਹਾ ਕਿ ਉਹ ਇੱਕ ਅਜਿਹਾ ਮਹਿਕਾਉਂਦਾ ਫੁੱਲ ਸੀ ਜੋ ਰੇਗਿਸਤਾਨ ਵਿੱਚ ਖਿੜਿਆ ਤੇ ਆਪਣੀ ਆਵਾਜ ਦੀ ਮਹਿਕ ਨਾਲ ਪੂਰੀ ਦੁਨੀਆਂ ਨੂੰ ਖੁਸ਼ਬੂ ਨਾਲ ਸਰਸ਼ਾਰ ਕਰ ਗਿਆ । ਅਧਿਆਪਕਾਂ ਦੀ ਚਹੇਤੀ ਲੋਕ ਗਾਇਕਾ ਅਮਰਦੀਪ ਕੌਰ ਢਿੱਲੋਂ ਨੇ ਰੇਸ਼ਮਾਂ ਨੂੰ ਸ਼ਾਂਤੀ, ਧੀਰਜ ਤੇ ਪਿਆਰ ਦਾ ਪ੍ਰਤੀਕ ਦੱਸਦੇ ਹੋਏ ਕਿਹਾ ਕਿ ਉਹ ਇੱਕ ਗਾਇਕਾ ਹੀ ਨਹੀਂ ਸੀ ਬਲਕਿ ਪੰਜਾਬੀ ਲੋਕ ਗਾਇਕੀ ਦੀ ਇੱਕ ਸੰਸਥਾ ਸੀ । ਇਸ ਖੇਤਰ ਵਿੱਚ ਉਸਦੀਆਂ ਪਾਈਆਂ ਪੈੜਾਂ ਦੇ ਨਿਸ਼ਾਨ ਜਿਥੇ ਸਦੀਆਂ ਤੀਕ ਗੀਤ ਸੰਗੀਤ ਦੇ ਕਦਰਦਾਨਾਂ ਦੀ ਰਹਿਨੁਮਾਈ ਕਰਦੇ ਰਹਿਣਗੇ ਉਥੇ ਹੀ ਸਰੀਰਕ ਰੂਪ ਵਿੱਚ ਵਿੱਚ ਸਦੀਵੀ ਰੂਪ ਵਿੱਚ ਤੁਰ ਗਈ ਬੁਲੰਦ ਆਵਾਜ਼ ਦੀ ਮਾਲਿਕ ਰੇਸ਼ਮਾ ਸੰਗੀਤ ਪ੍ਰੇਮੀਆਂ ਦੇ ਮਨਾਂ ਵਿੱਚ ਸਦਾ ਜਿਉਂਦੀ ਰਹੇਗੀ ।
ਅਮਨਦੀਪ ਦਰਦੀ
ਗੁਰੂਸਰ ਸੁਧਾਰ



0 comments:
Speak up your mind
Tell us what you're thinking... !