ਸਵਰਗਵਾਸੀ ਨੰਬਰਦਾਰ ਪ੍ਰੇਮ ਸਿੰਘ ਦਾ ਲੜਕਾ ਬੰਤਾ ਸਿੰਹੁ ਪਲੱਸ ਟੂ ਪਾਸ ਕਰਕੇ ਨੌਕਰੀ ਦੀ ਤਲਾਸ਼ ਵਿੱਚ ਫਿਰਦਾ ਰਿਹਾ ਪਰ ਕਿਤੇ ਨੌਕਰੀ ਨਾ ਮਿਲੀ।ਇਕ ਦਿਨ ਉਸਦਾ ਅੰਮ੍ਰਿਤਧਾਰੀ ਮਾਮਾ ਮਿਲਣ ਆਇਆ।ਉਸਨੇ ਬੰਤਾ ਸਿਹੁੰ ਨੂੰ ਸਿੱਖ ਮਿਸ਼ਨਰੀ ਕਾਲਜ ਦਾ ਦੋ ਸਾਲਾ ਕੋਰਸ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ “ਜੇ ਤੂੰ ਦਿੱਲ ਲਾਕੇ ਪੜ੍ਹੇਂਗਾ ਤੇ ਚੰਗੇ ਨੰਬਰ ਲੈਕੇ ਪਾਸ ਹੋ ਜਾਏਂਗਾ ਤਾਂ ਮੈਂ ਤੈਨੂੰ,ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਵਿੱਚ ਸੈਟ ਕਰਵਾਦੂੰ।ਧਰਮ ਪ੍ਰਚਾਰ ਕਮੇਟੀ ਦਾ ਹੈਡ ਪ੍ਰਚਾਰਕ ਮੇਰਾ ਸਾਂਢੂ ਐ,ਤਨਖਾਹ ਵੀ ਸਰਕਾਰੀ ਨੌਕਰੀਆਂ ਜਿੰਨੀ ਮਿਲਦੀਐ।”
ਬੰਤਾ ਸਿੰਹੁ ਨੇ ਅਪਣੇ ਮਾਮੇ ਦੀ ਗੱਲ ਮੰਨਕੇ ਲੁਧਿਆਣੇ ਮਿਸ਼ਨਰੀ ਕਾਲਜ ਵਿੱਚ ਦੋ ਸਾਲਾ ਕੋਰਸ ਲਈ ਨਾਂ ਦਾਖਲ ਕਰਵਾ ਲਿਆ।ਇਸ ਕਾਲਜ ਦੇ ਪੇਪਰ ਤਿੰਨ ਮਹੀਨੇ ਬਾਅਦ ਹੁੰਦੇ ਹਨ,ਕੁੱਲ ਅੱਠ ਪੇਪਰ ਹੁੰਦੇ ਹਨ, ਦੋ ਸਾਲਾਂ ਵਿੱਚ ਉਸਨੇ ਕਾਲਜ ਤੋਂ ਲਿਟਰੇਚਰ ਮੰਗਵਾਕੇ ਪੜ੍ਹਾਈ ਸੁਰੂ ਕਰ ਦਿੱਤੀ,ਬੰਤਾ ਸਿੰਹੁ ਨੇ ਅੱਠ ਪੇਪਰਾਂ ਵਿੱਚੋਂ ਫਸਟ ਡਵੀਜ਼ਨ ਹਾਸਲ ਕਰ ਲਈ ਅਤੇ ਕਾਲਜ਼ ਵੱਲੋਂ ਉਸਨੂੰ ਸਰਟੀਫੀਕੇਟ ਵੀ ਮਿਲ ਗਿਆ।ਜਿਸ ਦੇ ਅਧਾਰ ਉੱਤੇ ਉਸਦੇ ਮਾਮੇ ਨੇ ਉਸਨੂੰ ਅੰਮ੍ਰਿਤਸਰ ਦੀ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਵਿੱਚ ਪੱਕੀ ਨੌਕਰੀ ਦਿਵਾ ਦਿੱਤੀ।
ਬੰਤਾਂ ਸਿਹੁੰ ਅੰਮ੍ਰਿਤਸਰ ਤੋਂ ਦੂਰ ਦੂਰ ਪਿੰਡਾਂ ਵਿੱਚ ਧਰਮ ਪ੍ਰਚਾਰ ਕਰਨ ਜਾਂਦਾਂ।ਜਿਸ ਵਿੱਚ ਉਹ ਲੋਕਾਂ ਨੂੰ ਅੰਮ੍ਰਿਤ ਛੱਕਣ ਲਈ ਆਖਦਾ,ਗੁਰਬਾਣੀ ਪੜ੍ਹਣ ਸੁਨਣ ਲਈ ਆਖਦਾ,ਨਸ਼ੇ ਤਿਆਗਣ ਦੀ ਗੱਲ ਕਰਦਾ,ਭਰੂਣ ਹੱਤਿਆ ਅਤੇ ਦਾਜ-ਦਹੇਜ ਦੇ ਵਿਰੋਧ ਵਿੱਚ ਵੀ ਕਾਫੀ ਲੈਕਚਰ ਦਿੰਦਾ,ਘੱਟ ਤੋਂ ਘੱਟ ਬਰਾਤ ਲਿਉਣ ਲਈ ਆਖਦਾ।
ਜ਼ਮੀਨ ਜਾਇਦਾਦ ਚੰਗੀ ਹੋਣ ਕਰਕੇ ਹੁਣ ਉਸਦਾ ਵਿਆਹ ਵੀ ਇਕ ਅੰਮ੍ਰਿਤਧਾਰੀ ਲੜਕੀ ਨਾਲ ਹੋ ਗਿਆ।ਸਾਲ ਕੁ ਬਾਅਦ ਉਸਦੇ ਇਕ ਲੜਕੀ ਹਰਪ੍ਰੀਤ ਕੌਰ ਨੇ ਜਨਮ ਲਿਆ।ਉਸ ਤੋਂ ਦੋ ਕੁ ਸਾਲ ਮਗਰੋਂ ਇਕ ਲੜਕਾ ਪੈਦਾ ਹੋਇਆ ਜਿਸਦਾ ਨਾਂਉ ਜੋਬਨਪ੍ਰੀਤ ਸਿੰਘ ਰੱਖਿਆ।
ਉਸਨੇ ਅਪਣੇ ਬੱਚਿਆਂ ਨੂੰ ਵਧੀਆ ਸਕੂਲਾਂ ਵਿੱਚ ਪੜ੍ਹਾਇਆ ਅਤੇ ਅਕਾਲੀ ਸਰਕਾਰ ਵਿੱਚ ਪਹੁੰਚ ਹੋਣ ਕਰਕੇ ਦੋਵਾਂ ਨੂੰ ਨੌਕਰੀਆਂ ਵੀ ਵਧੀਆ ਮਿਲ ਗਈਆਂ।
ਬੰਤਾ ਸਿਹੁੰ ਨੇ ਅਪਣੀ ਲੜਕੀ ਹਰਪ੍ਰੀਤ ਕੌਰ ਦਾ ਵਿਆਹ ਇਕ ਹੋਰ ਧਰਮ ਪ੍ਰਚਾਰਕ ਦੇ ਮੁੰਡੇ ਨਾਲ ਬਿਨ੍ਹਾਂ ਦਾਜ ਦਹੇਜ ਤੋਂ ਕਰ ਦਿੱਤਾ ।ਹਰਪ੍ਰੀਤ ਕੌਰ ਦਾ ਸਹੁਰਾ ਪ੍ਰਰਿਵਾਰ ਵੀ ਅੰਮ੍ਰਿਤਧਾਰੀ ਸੀ। ਉਸਦਾ ਪਤੀ ਵੀ ਸਰਕਾਰੀ ਨੌਕਰੀ ਕਰਦਾ ਸੀ।ਉਹਨਾਂ ਨੇ ਕਦੇ ਵੀ,ਕਿਸੇ ਗੱਲੋ ਹਰਪ੍ਰੀਤ ਕੌਰ ਨੂੰ ਤੰਗ ਪ੍ਰੇਸਾਨ ਨਹੀਂ ਸੀ ਕੀਤਾ। ਸਾਰਾ ਟੱਬਰ ਬੜਾ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ।
ਹੁਣ ਜੋਬਨਪ੍ਰੀਤ ਸਿੰਘ ਨੂੰ ਵੀ ਕਈ ਥਾਵਾਂ ਤੋਂ ਰਿਸ਼ਤੇ ਆਉਣ ਲੱਗ ਪਏ ਸਨ, ਪਰ ਬੰਤਾ ਸਿਹੁੰ ਕੋਈ ਨਾ ਕੋਈ ਨੁਕਸ ਕੱਢਕੇ ਹਾਂ ਨਹੀਂ ਸੀ ਕਰਦਾ। ਇਕ ਦਿਨ ਇਕ ਵਿਚੋਲੇ ਦੇ ਰਾਹੀਂ ਇਕ ਫੌਜ ਦਾ ਬ੍ਰੀਗੇਡ ਅਫਸਰ ਅਪਣੀ ਲੜਕੀ ਦਾ ਰਿਸ਼ਤਾ ਕਰਨ ਆਇਆ ਤਾਂ ਉਸਨੇ ਜੋਬਨਪ੍ਰੀਤ ਸਿੰਘ ਦੀ ਲਿਆਕਤ,ਨੌਕਰੀ ਅਤੇ ਵੀਹ ਕਿਲੇ ਜ਼ਮੀਨ ਨੂੰ ਦੇਖਦੇ ਹੋਏ ਰਿਸ਼ਤਾ ਪੱਕਾ ਕਰਨ ਦਾ ਮਨ ਬਣਾ ਲਿਆ।ਉਸ ਫੌਜੀ ਅਫਸਰ ਨੇ ਬੰਤਾ ਸਿੰਘ ਨੂੰ ਪੁੱਛਿਆ ਕਿ “ਸਰਦਾਰ ਸਾਹਿਬ ਤੁਹਾਡੀ ਕੋਈ ਮੰਗ ਹੈ ਤਾਂ ਦੱਸੋ”
“ਬੱਸ ਜੀ ਮੰਗ ਮੁੰਗ ਤਾਂ ਸਾਡੀ ਕੋਈ ਐਡੀ ਹੈ ਨਹੀਂ,ਬੱਸ ਤੁਸੀਂ ਆਪੇ,ਸਾਡੀ ਜਾਇਦਾਦ ਅਤੇ ਮੁੰਡੇ ਦੀ ਨੌਕਰੀ ਦੇ ਹਿਸਾਬ ਨਾਲ ਦੇਖ ਲਿਓ,ਤੁਸੀਂ ਕਿਹੜਾ ਨਿਆਣੇ ਹੋ, ਜੀ ਜੋ ਕੁਝ ਦੇਣਾ ਹੈ ਤੁਸੀਂ ਅਪਣੀ ਲੜਕੀ ਨੂੰ ਹੀ ਦੇਣੈ,ਕਿਹੜਾ ਕਿਸੇ ਹੋਰ ਨੂੰ ਦੇਣੈ।ਮੇਰੀ ਤਾਂ ਇਕੋ ਮੰਗ ਐ ਜੀ ਬਈ ਬਰਾਤ ਦੀ ਸੇਵਾ ਵੱਧ ਤੋਂ ਵੱਧ ਹੋਣੀ ਚਾਹੀਦੀ ਐ,ਵਿਆਹ ਮੈਰਿਜ਼ ਪੈਲੇਸ਼ ਵਿੱਚ ਹੋਵੇ,ਬਾਕੀ ਤੁਸੀਂ ਆਪ ਸਿਆਣੇ ਹੋ।” ਇਹ ਕਹਿਕੇ ਬੰਤਾ ਸਿੰਘ ਚੁੱਪ ਕਰ ਗਿਆ।
ਸ਼ਰਦਾਰ ਜੀ, ਮੈਂ ਫੌਜੀ ਬੰਦਾ ਹਾਂ, ਬਰਾਤ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਰਹਿਣ ਦੇਵਾਂਗਾ,ਪਰ ਇਹ ਤਾਂ ਦੱਸੋ ਬਰਾਤ ਹੋਊ ਕਿੰਨੀ ਕੁ।” ਬ੍ਰੀਗੇਡੀਅਰ ਸਾਹਿਬ ਨੇ ਪੁੱਛਿਆ।
“ਬੱਸ ਜੀ, ਆਹੀ3 ਕੁੱਲ ਮਿਲਾਕੇ ਪੰਜ ਕੁ ਸੌ ਦੇ ਖੱਬੇ ਸੱਜੇ ਤਾਂ ਹੋ ਹੀ ਜਾਊ, ਕਿਉਂਕਿ ਮੇਰੀ ਬਹੁਤ ਦੂਰ ਦੂਰ ਤੱਕ ਲੋਕਾਂ ਨਾਲ ਜਾਣ ਪਛਾਣ ਹੈ ਜਿਹਨਾਂ ਦੇ ਵਿਆਹਾਂ ਵਿੱਚ ਮੈਂ ਜਾਂਦਾ ਰਹਿਨਾ,ਉਹਨਾਂ ਤੋਂ ਹੁਣ ਮੂੰਹ ਤਾਂ ਲਕੋਇਆ ਨਹੀਂ ਜਾਣਾ” ਬੰਤਾ ਸਿਹੁੰ ਨੇ ਬਰਾਤ ਵਾਰੇ ਅੰਦਾਜਾ ਲਾਕੇ ਦੱਸ ਦਿੱਤਾ।
ਬ੍ਰੀਗੇਡੀਅਰ ਸਾਹਿਬ ਨੇ ਗੱਲ ਪੱਕੀ ਕਰਕੇ ਵਿਆਹ ਵੀ ਪੰਦਰਾਂ ਦਿਨਾਂ ਦੇ ਵਿੱਚ ਕਰਨ ਲਈ ਤਾਰੀਕ ਬੰਨ੍ਹ ਦਿੱਤੀ ਕਿਉਂਕਿ ਉਹਨਾਂ ਦੀ ਛੁੱਟੀ ਵੀ ਥੋੜੀ ਰਹਿ ਗਈ ਸੀ।ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਜੁੱਟ ਗਏ।
ਵਿਆਹ ਵਾਲੇ ਦਿਨ ਬੰਤਾ ਸਿਹੁੰ ਛੇ ਕੁ ਸੌ ਦੇ ਲੱਗ ਪੱਗ ਪੁਰਸ਼ਾਂ ਅਤੇ ਜ਼ਨਾਨੀਆਂ ਦੀ ਬਰਾਤ ਲੈਕੇ ਮੈਰਜ਼ ਪੈਲਿਸ ਵਿੱਚ ਪਹੁੰਚ ਗਿਆ।ਕੁੜੀ ਵਾਲਿਆਂ ਨੇ ਬਰਾਤ ਦਾ ਸਵਾਗਤ ਕੀਤਾ। ਰੀਬਨ ਕੱਟਿਆ ਭਾਵ ਸਾਰੀਆਂ ਰਸਮਾਂ ਕਰਨ ਤੋਂ ਬਾਅਦ ਖਾਣ ਪੀਣ ਵੱਲ ਹੋ ਗਏ।ਹਲਵਾਈਆਂ ਨੇ ਬੜੇ ਵਧੀਆ ਪਕਵਾਨ ਤਿਆਰ ਕੀਤੇ ਹੋਏ ਸਨ,ਮਠਿਆਈਆਂ,ਪਕੌੜੇ,ਮੱਛੀ ਦੇ ਪਕੌੜੇ, ਜੂਸ ਅਤੇ ਹੋਰ ਬਹੁਤ ਕਿਸਮ ਦੀਆਂ ਵਰਾਇਟੀਆਂ ਪਰੋਸੀਆਂ ਹੋਈਆਂ ਸਨ।ਬਹਿਰੇ ਕੁਰਸੀਆਂ ਤੇ ਬੈਠਿਆਂ ਨੂੰ ਥਾਂ ਥਾਂ ਜਾਕੇ ਵੀ ਵਰਤਾ ਰਹੇ ਸਨ।
ਦੋਵਾ ਪਰਿਵਾਰਾ ਦੇ ਕੁੱਝ ਬੰਦੇ ਲੜਕੇ ਅਤੇ ਲੜਕੀ ਨੂੰ ਨਾਲ ਲਿਜਾਕੇ,ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਅਨੰਦ ਕਾਰਜ ਕਰਕੇ ਮੁੜੇ ਤਾਂ ਗਾਉਣ ਵਾਲਿਆਂ ਨੇ ਸਟੇਜ ਤੇ ਲੱਚਰ ਗੀਤਾਂ ਦੀ ਛਹਿਬਰ ਲਾ ਦਿੱਤੀ,ਦਾਰੂ ਪਿਆਲੇ ਦਾ ਦੌਰ ਸੁਰੂ ਹੋ ਗਿਆਂ,ਪੈਲਿਸ ਦੇ ਇਕ ਪਾਸੇ ਨਵੀਂ ਲਗਜ਼ਰੀ ਕਾਰ ਵੀ ਖੜੀ ਸੀ।ਜਿਸ ਉੱਤੇ ਫੁੱਲਕਾਰੀ ਪਾਈ ਹੋਈ ਸੀ।ਇਸ ਤੋਂ ਇਲਾਵਾ ਬ੍ਰੀਗੇਡੀਅਰ ਸਾਹਿਬ ਨੇ ਕਪੜੇ ਲੀੜੇ ਅਤੇ ਸੋਨੇ ਦੇ ਗਹਿਣਿਆਂ ਵਿੱਚ ਵੀ ਕੋਈ ਕਮੀ ਨਹੀਂ ਸੀ ਰਹਿਣ ਦਿੱਤੀ।
ਇਹ ਸਭ ਕੁੱਝ ਵੇਖਕੇ ਬੰਤਾ ਸਿਹੁੰ ਦਾ ਕੁੜਮ,ਭਾਵ ਹਰਪ੍ਰੀਤ ਕੌਰ ਦਾ ਸਹੁਰਾ ਕਹਿਣ ਲੱਗਿਆ ਕਿ “ ਪ੍ਰਚਾਰਕ ਸਾਹਿਬ,ਮੈਂ ਇਹ ਸਭ ਕੁੱਝ ਕੀ ਦੇਖ ਰਿਹਾਂ3?”
“ਬੱਸ ਜੀ,ਕੁੱਝ ਤਾਂ ਰਿਸ਼ਤੇਦਾਰਾਂ ਤੇ ਮੁੰਡੇ ਦੀ ਮਾਂ ਦੀ ਮੰਨਣੀ ਪਈ,ਬਾਕੀ ਬ੍ਰਗੇਡੀਅਰ ਸਾਹਿਬ ਨੇ ਅਪਣੀ ਮਰਜ਼ੀ ਨਾਲ ਹੀ ਕੀਤੈ ਸਭ ਕੁੱਝ,ਅਸੀਂ ਤਾਂ ਕੁੱਝ ਨਹੀਂ ਮੰਗਿਆ,ਨਾਲੇ ਮੇਰੇ ਵਾਰੇ ਤਾਂ ਤੁਹਾਨੂੰ ਪਤਾ ਹੀ ਹੈ।” ਬੰਤਾ ਸਿੰਹ ਨੇ ਮੁਸ਼ਕੜੀਏਂ ਹੱਸਦੇ ਹੋਏ ਕਿਹਾ।
ਇਹ ਸੁਣਕੇ ਹਰਪ੍ਰੀਤ ਦੇ ਸਹੁਰਾ ਸਾਹਿਬ ਨੇ ਸਿਰ ਜਿਹਾ ਹਿੱਲਾਕੇ ਕਿਹਾ, “ਬੱਸ ਕਰ,ਬੰਤਾ ਸਿੰਹਾਂ ਬੱਸ ਕਰ,ਮੈਂ ਸਭ ਕੁੱਝ ਜਾਣਦਾ,ਸਿਆਣੇ ਸੱਚ ਕਹਿੰਦੇ ਨੇ ਕਿ ‘ਹਾਥੀ ਦੇ ਦੰਦ ਦਿਖਾਉਣ ਦੇ ਹੋਰ ਅਤੇ ਖਾਣ ਦੇ ਹੋਰ ਹੁੰਦੇ ਨੇ।ਹੁਣ ਮੈਂ ਤੈਨੂੰ ਹੋਰ ਕੀ ਕਹਾਂ,ਮੈਨੂੰ ਖ਼ੁਦ ਨੂੰ ਸ਼ਰਮ ਆਉਂਦੀਐ।ਬੰਤਾ ਸਿੰਹਾਂ-ਤੂੰ ਤਾਂ ਆਪਣੇ ਘਰ ਨੂੰ ਬਹੁਤਾ ਸਿਆਣੈਂ।
ਜਰਨੈਲ ਸਿੰਘ ‘ਮਾਂਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453


0 comments:
Speak up your mind
Tell us what you're thinking... !